ਹਾਏ ਨਾਰੀ! ਤੇਰੀ ਯਹੀ ਕਹਾਨੀ ਆਂਚਲ ਮੇਂ ਹੈ ਦੂਧ…

-ਜਸਵੰਤ ਸਿੰਘ ‘ਅਜੀਤ’

ਕਾਫੀ ਸਮਾਂ ਹੋਇਐ ਹਿੰਦੀ ਦੇ ਇੱਕ ਕਵੀ ਦੀ ਦਿੱਲ ਦੀਆਂ ਗਹਿਰਾਈਆਂ ਤਕ ਨੂੰ ਛਹੁ ਜਾਣ ਵਾਲੀ ਕਵਿਤਾ, ‘ਹਾਏ ਨਾਰੀ ਤੇਰੀ ਯਹੀ ਕਹਾਨੀ, ਆਂਚਲ ਮੇਂ ਹੈ ਦੂਧ, ਆਂਖੋਂ ਮੇਂ ਪਾਨੀ’ ਪੜ੍ਹੀ ਸੀ। ਜਿਸ ਵਿੱਚ ਉਸਨੇ ਬਹੁਤ ਹੀ ਦਰਦ ਭਰੇ ਸ਼ਬਦਾਂ ਵਿੱਚ ਨਾਰੀ ਦੇ ਜੀਵਨ ਦੇ ਇੱਕ ਅਜਿਹੇ ਅੰਗ ਦਾ ਚਿਤਰਣ ਕੀਤਾ ਸੀ, ਜਿਸਨੂੰ ਪੜ੍ਹਦਿਆਂ-ਪੜ੍ਹਦਿਆਂ ਅੱਖਾਂ ਦੇ ਸਾਹਮਣੇ ਭਾਰਤੀ ਨਾਰੀ ਦਾ ਉਹ ਜੀਵਨ ਚਲ-ਚਿਤਰ ਵਾਂਗ ਉਭਰ ਸਾਹਮਣੇ ਆ ਜਾਂਦਾ, ਜੋ ਉਸਨੂੂੰ ਅਪਣੇ ਹੀ, ਉਸ ਦੇਸ਼ ਵਿੱਚ ਜੀਉਣਾ ਪੈ ਰਿਹਾ ਹੈ, ਜਿਸ ਦੇਸ਼ ਵਿੱਚ ਸਦੀਆਂ ਤੋਂ ਨਾਰੀ ਨੂੰ ਅਨੇਕਾਂ ਹੀ ਦੇਵੀਆਂ ਦੇ ਰੂਪ ਸਵੀਕਾਰਿਆ ਅਤੇ ਪੂਜਿਆ ਜਾਂਦਾ ਚਲਿਆ ਆ ਰਿਹਾ ਹੈ। ਇਤਨਾ ਹੀ ਨਹੀਂ ਸਿੱਖ ਧਰਮ, ਸਣੇ ਦੇਸ਼ ਵਿੱਚ ਪ੍ਰਚਲਤ ਸਾਰੇ ਹੀ ਧਰਮਾਂ ਦੇ ਪੈਰੋਕਾਰਾਂ ਵਲੋਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਉਨ੍ਹਾਂ ਦਾ ਧਰਮ ਨਾਰੀ ਨੂੰ ਨਾ ਕੇਵਲ ਮਰਦ ਦੇ ਬਰਾਬਰ ਦਰਜਾ ਅਤੇ ਅਧਿਕਾਰ ਦਿੰਦਾ ਹੈ, ਸਗੋਂ ਉਸ ਨਾਲੋਂ ਕਿਤੇ ਵੱਧ ਉਸਦਾ ਸਨਮਾਨ ਵੀ ਕਰਦਾ ਹੈ। ਕਵੀ ਵਲੋਂ ਇਸ ਕਵਿਤਾ ਵਿੱਚ ਨਾਰੀ ਦੇ ਜੀਵਨ ਜੋ ਚਿਤਰਣ ਪੇਸ਼ ਕੀਤਾ ਗਿਆ ਹੈ, ਭਾਵੇਂ ਉਹ ਕਈ ਦਹਾਕੇ ਪਹਿਲਾਂ, ਦੇ ਉਸ ਸਮੇਂ ਦਾ ਹੈ, ਜਦੋਂ ਉਸਨੇ ਇਸ ਕਵਿਤਾ ਦੀ ਰਚਨਾ ਕੀਤੀ ਸੀ। ਪ੍ਰੰਤੂ ਸੱਚਾਈ ਇਹ ਵੀ ਹੈ ਕਿ ਜੇ ਇਸ ਚਿਤਰਣ ਨਾਲ ਅੱਜ ਦੀ ਨਾਰੀ ਦੇ ਉਸ ਜੀਵਨ ਦੀ, ਜੋ ਉਹ ਜੀਅ ਰਹੀ ਹੈ, ਤਸਵੀਰ ਦੀ ਤੁਲਨਾ ਕੀਤੀ ਜਾਏ ਤਾਂ ਉਸ ਵਿੱਚ ਕੋਈ ਬਹੁਤਾ ਅੰਤਰ ਨਜ਼ਰ ਨਹੀਂ ਆਉਂਦਾ, ਕੇਵਲ ਇਤਨੇ-ਕੁ ਦੇ ਕਿ ਦੇਸ਼ ਦੇ ਸੰਵਿਧਾਨ ਰਾਹੀਂ ਨਾਰੀ ਨੂੰ ਮਰਦ ਦੇ ਬਰਾਬਰ ਦਰਜਾ ਦੇ ਦਿੱਤਾ ਗਿਆ ਹੋਇਆ ਹੈ ਅਤੇ ਅੱਜ ਉਹ ਕਾਨੂੰਨਨ ਮਰਦ ਦੇ ਮੌਢੇ ਨਾਲ ਮੌਢਾ ਜੋੜ ਅੱਗੇ ਵੱਧ ਸਕਦੀ ਹੈ। ਇਥੋਂ ਤਕ ਕਿ ਰਾਜਨੀਤੀ ਵਿੱਚ ਅਤੇ ਸਰਕਾਰੀ ਤੇ ਗੈਰ-ਸਰਕਾਰੀ ਨੌਕਰੀਆਂ ਵਿੱਚਲੇ ਮਹੱਤਵਪੂਰਣ ਅਹੁਦਿਆਂ ਪੁਰ ਬੈਠ ਜ਼ਿਮੇਂਦਾਰੀਆਂ ਵੀ ਨਿਭਾ ਸਕਦੀ ਹੈ। ਇਸ ਵਿੱਚ ਕੋਈ ਸ਼ਕ ਵੀ ਨਹੀਂ ਕਿ ਅੱਜ ਦੀ ਨਾਰੀ ਨੇ ਇਨ੍ਹਾਂ ਜ਼ਿਮੇਂਦਾਰੀ ਭਰੇ ਅਹੁਦਿਆਂ ਪੁਰ ਰਹਿੰਦਿਆਂ ਤੇ ਖੇਡਾਂ ਦੇ ਮੈਦਾਨ ਵਿੱਚ ਕਈ ਪ੍ਰਸ਼ੰਸਾਯੋਗ ਪ੍ਰਦਰਸ਼ਨ ਕਰ ਵਾਹ! ਵਾਹ! ਖੱਟੀ ਹੈ, ਇਸਦੇ ਬਾਵਜੂਦ ਜੇ ਸਮੁਚੇ ਰੂਪ ਵਿੱਚ ਵੇਖਿਆ ਜਾਏ ਤਾਂ ਇਸ ਗਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅੱਜ ਦੀ ਆਮ ਨਾਰੀ ਜੋ ਜੀਵਨ ਬਤੀਤ ਕਰਨ ਤੇ ਮਜਬੂਰ ਹੋ ਰਹੀ ਹੈ, ਉਹ ਕਈ ਦਹਾਕੇ ਪਹਿਲਾਂ ਬਤੀਤ ਕਰਦੀ ਰਹੀ ਜ਼ਿੰਦਗੀ ਦੀ ਤਸਵੀਰ ਤੋਂ ਕੋਈ ਬਹੁਤੀ ਵਖਰੀ ਨਹੀਂ।
ਅੱਜਕਲ ਸਵੇਰੇ ਉਠਦਿਆਂ ਕੋਈ ਵੀ ਅਖਬਾਰ ਚੁਕ, ਵੇਖ ਲਓ, ਉਸਦਾ ਕੋਈ ਵੀ ਪੰਨਾ ਤੁਹਾਨੂੰ ਅਜਿਹਾ ਨਹੀਂ ਮਿਲੇਗਾ, ਜਿਸ ਵਿੱਚ ਮੋਟੀਆਂ-ਮੋਟੀਆਂ ਸੁਰਖੀਆਂ ਵਿੱਚ ਲਗੀਆਂ ਅਜਿਹੀਆਂ ਘਟ-ਵੱਧ ਖਬਰਾਂ ਨਾ ਮਿਲਣ, ਜਿਨ੍ਹਾਂ ਵਿੱਚ ਔਰਤ ਨੂੰ ਦਾਜ ਨਾ ਲਿਆਣ ਕਾਰਨ ਸਾੜਿਆ ਗਿਆ ਹੋਵੇ, ਸਮੂਹਕ ਬਲਾਤਕਾਰ ਕਰ, ਉਸਦੀ ਹਤਿਆ ਕਰ ਦਿੱਤੀ ਗਈ ਹੋਵੇ, ਉਸਨੂੰ ਨੰਗਿਆਂ ਕਰ ਉਸਦਾ ਜਲੂਸ ਕਢ ਘੁਮਾਇਆ ਗਿਆ ਹੋਵੇ, ਸਹੁਰਿਆਂ ਤੇ ਪਤੀ ਦੇ ਜ਼ੁਲਮ ਤੋਂ ਤੰਗ ਆ ਉਸਦੇ ਆਤਮ ਹਤਿਆ ਕਰ ਲੈਣ, ਆਪਣੇ ਮਾਤਾ-ਪਿਤਾ ਵਲੋਂ ਦਾਜ ਦਾ ਪ੍ਰਬੰਧ ਨਾ ਕਰ ਸਕਣ ਕਾਰਣ ਸੜ ਮਰਨ ਜਾਂ ਮਾਤਾ–ਪਿਤਾ ਵਲੋਂ ਬਚੀਆਂ ਨੂੰ ਜ਼ਹਿਰ ਦੇ ਆਪ ਵੀ ਆਤਮ ਹਤਿਆ ਕਰ ਲੈਣ ਦਾ ਜ਼ਿਕਰ ਕੀਤਾ ਗਿਆ ਹੋਵੇ।
ਅਜਿਹੀਆਂ ਖਬਰਾਂ ਹਰ ਰੋਜ਼ ਛਪਦੀਆਂ ਹਨ, ਜਿਨ੍ਹਾਂ ਨੂੰ ਅਸੀਂ ਪੜ੍ਹਦੇ ਹਾਂ, ਪਰ ਬਹੁਤਾ ਗੋਲਦੇ ਨਹੀਂ। ਸ਼ਾਇਦ ਇਸਦਾ ਕਾਰਣ ਇਹ ਹੁੰਦਾ ਹੈ ਕਿ ਅਜਿਹੀਆਂ ਘਟਨਾਵਾਂ, ਜਿਹੜੀਆਂ ਨਿਤ ਸਾਡੇ ਆਲੇ-ਦੁਆਲੇ ਵਾਪਰਦੀਆਂ ਹਨ, ਦੀਆਂ ਖਬਰਾਂ ਰੋਜ਼ ਦਿਨ ਪੜ੍ਹਨ ਦੇ ਅਸੀਂ ਆਦੀ ਹੋ ਚੁਕੇ ਹਾਂ। ਇਹ ਗਲ ਵੇਖਣ ਅਤੇ ਸਮਝਣ ਵਾਲੀ ਹੈ ਕਿ ਅਜਿਹੀਆਂ ਘਟਨਾਵਾਂ ਕੇਵਲ ਸਾਡੇ ਦੇਸ਼, ਭਾਰਤ ਵਿੱਚ ਹੀ ਨਹੀਂ, ਸਗੋਂ ਦੂਸਰੇ, ਦਖਣੀ ਏਸ਼ੀਆ ਦੇ ਦੇਸ਼ਾਂ ਵਿੱਚ ਵੀ ਵਾਪਰ ਰਹੀਆਂ ਹਨ। ਜਿਥੋਂ ਤਕ ਪਛਮੀ ਦੇਸ਼ਾਂ, ਜੋ ਆਪਣੇ ਨੂੰ ਬਹੁਤ ਹੀ ਵਿਕਸਤ ਤੇ ਅਗਾਂਹ-ਵੱਧੂ ਦੇਸ਼ ਮੰਨਦੇ ਹਨ, ਦੀ ਗਲ ਹੈ, ਉਨ੍ਹਾਂ ਵਿੱਚ ਔਰਤਾਂ ਨੂੰ ਨਾ ਤਾਂ ਦਾਜ ਦੀ ਬਲੀ ਚੜ੍ਹਾਇਆ ਜਾਂਦਾ ਹੈ ਅਤੇ ਨਾ ਹੀ ਉਥੋਂ ਦੀਆਂ ਔਰਤਾਂ ਪ੍ਰੇਸ਼ਾਨ ਹੋ ਆਤਮ ਹਤਿਆ ਕਰਨ ਤੇ ਮਜਬੂਰ ਕੀਤਾ ਜਾਂਦਾ ਹੈ, ਉਥੋਂ ਦੀਆਂ ਔਰਤਾਂ ਨਾਲ ਬਲਾਤਕਾਰ ਹੋਣ ਦੀਆਂ ਖਬਰਾਂ ਵੀ ਸ਼ਾਇਦ ਹੀ ਪੜ੍ਹਨ-ਸੁਣਨ ਨੂੰ ਮਿਲਦੀਆਂ ਹੋਣ, ਪਰ ਉਥੇ ਵੀ ਔਰਤ ਨੂੰ ਕੋਈ ਸਨਮਾਨ ਪ੍ਰਾਪਤ ਨਹੀਂ, ਉਥੇ ਉਸਨੂੰ ਇਸ਼ਤਿਹਾਰੀ ਸਭਿਅਤਾ ਦਾ ਇਕ ਹਿਸਾ ਮੰਨ, ਉਸਦੇ ਸ਼ਰੀਰ ਦੀ ਨੁਮਾਇਸ਼ ਕੀਤੀ ਜਾਂਦੀ ਹੈ। ਕੋਈ ਵੀ ਇਸ਼ਤਿਹਾਰ, ਭਾਵੇਂ ਸਾਬਣ ਦਾ ਹੋਵੇ ਜਾਂ ਫਿਰ ਸਿਗਰਟ ਦਾ, ਅਜਿਹਾ ਨਹੀਂ ਹੁੰਦਾ, ਜੋ ਔਰਤ ਦੇ ਸਰੀਰਕ ਨੰਗੇਜ ਦੇ ਪ੍ਰਦਰਸ਼ਨ ਤੋਂ ਬਿਨਾ ਹੋਵੇ। ਜੇ ਵੇਖਿਆ ਜਾਏ ਤਾਂ ਇਹੀ ਸਭਿਅਤਾ ਅੱਜ ਭਾਰਤ ਤੇ ਹੋਰ ਦਖਣੀ ਏਸ਼ੀਆਈ ਦੇਸ਼ਾਂ ਵਿੱਚ ਵੀ ਭਾਰੂ ਹੁੰਦੀ ਚਲੀ ਜਾ ਰਹੀ ਹੈ। ਇਸ ਉਦੇਸ਼ ਵਿੱਚ ਭਾਰਤ ਸਹਿਤ ਹੋਰ ਵੀ ਕਈ ਦੇਸ਼ਾਂ ਵਿੱਚ ਲਗਾਤਾਰ ਵੱਧਦੇ ਜਾ ਰਹੇ ‘ਸੁੰਦਰਤਾ ਦੇ ਮੁਕਾਬਲੇ’ ਮਦਦਗਾਰ ਸਾਬਤ ਹੋ ਰਹੇ ਹਨ। ਇਨ੍ਹਾਂ ਮੁਕਾਬਲਿਆਂ ਰਾਹੀਂ ਹੀ ਸੁੰਦਰਤਾ ਦਾ ਸਾਮਾਨ ਬਣਾਉਣ ਵਾਲੀਆਂ ਕੰਪਨੀਆਂ ਅਤੇ ਵੱਡੇ-ਵੱਡੇ ਫੈਸ਼ਨ ਹਾਊਸ, ਭਾਰਤ ਤੇ ਹੋਰ ਏਸ਼ੀਆਈ-ਅਫਰੀਕੀ ਦੇਸ਼ਾਂ ਦਾ ਸ਼ੋਸ਼ਣ ਕਰਨ ਵਿੱਚ ਸਫਲ ਹੋ ਰਹੇ ਹਨ।
ਚਿਤਾਵਨੀ ਭਰੀਆਂ ਕੁਝ ਖਬਰਾਂ: ਕੁਝ ਹੀ ਸਮਾਂ ਪਹਿਲਾਂ ਕਈ ਅਜਿਹੀਆਂ ਖਬਰਾਂ ਆਈਆਂ ਸਨ, ਜਿਨ੍ਹਾਂ ਰਾਹੀਂ ਭਵਿਖ-ਬਾਣੀ ਕੀਤੀ ਗਈ ਹੋਈ ਸੀ ਕਿ ‘ਭਾਰਤ ਦਾ ਦਿੱਲੀ ਸ਼ਹਿਰ ਅਗਲੇ ਕੁਝ ਵਰ੍ਹਿਆਂ ਵਿੱਚ ਔਰਤਾਂ ਲਈ ਸਭ ਤੋਂ ਵੱਧ ਅਸੁਰਖਿਅਤ ਸ਼ਹਿਰ ਬਣ ਜਾਇਗਾ’। ਇਸਦਾ ਕਾਰਣ ਇਹ ਦਸਿਆ ਗਿਆ ਸੀ ਕਿ ਇਸ ਸਮੇਂ ਔਰਤਾਂ ਨੂੰ ਅਗਵਾ ਅਤੇ ਉਨ੍ਹਾਂ ਨਾਲ ਬਲਾਤਕਾਰ ਕਰਨ ਸਹਿਤ ਔਰਤਾਂ ਵਿਰੋਧੀ ਜੁਰਮ ਦੀਆਂ ਸਭ ਤੋਂ ਵੱਧ ਘਟਨਾਵਾਂ ਦਿੱਲੀ ਵਿੱਚ ਹੀ ਵਾਪਰਦੀਆਂ ਹਨ। ਭਾਵੇਂ ਮੱਧ ਪ੍ਰਦੇਸ਼, ਉਤਰ ਪ੍ਰਦੇਸ਼ ਅਤੇ ਬਿਹਾਰ ਵੀ ਇਸਤੋਂ ਕੋਈ ਬਹੁਤੇ ਪਿਛੇ ਨਹੀਂ ਹਨ! ਜਾਣਕਾਰ ਹਲਕਿਆਂ ਦਾ ਮੰਨਣਾ ਹੈ ਕਿ ਇਸ ਵਿੱਚ ਕੋਈ ਸ਼ਕ ਨਹੀਂ ਕਿ ਬਹੁਤ ਹੀ ਘਟ ਲੋਕੀ, ਅਜਿਹੇ ਹਨ, ਜੋ ਬਲਾਤਕਾਰ ਹੋਣ ਦੀ ਘਟਨਾ ਦੀ ਰਿਪੋਰਟ ਦਰਜ ਕਰਵਾਉਣ ਲਈ ਪੁਲਿਸ ਪਾਸ ਜਾਂਦੇ ਹਨ, ਉਨ੍ਹਾਂ ਦੀ ਮਾਨਤਾ ਹੈ ਕਿ ਬਲਾਤਕਾਰ ਦੇ ਮੁੱਦੇ ਨੂੰ ਲੈ ਕੇ ਅਦਾਲਤਾਂ ਵਿੱਚ ਜੋ ਬਹਿਸ ਹੁੰਦੀ ਹੈ, ਉਹ ਪੀੜਤ ਔਰਤ ਲਈ ਬਲਾਤਕਾਰ ਨਾਲੋਂ ਵੀ ਕਿਤੇ ਵੱਧ ਪੀੜਾਦਾਇਕ ਹੂੰਦੀ ਹੈ।
ਔਰਤਾਂ ਨਾਲ ਹੋਣ ਵਾਲੇ ਅਪਰਾਧਾਂ ਬਾਰੇ ਸਰਵੇ ਕਰਨ ਵਾਲੀ ਇੱਕ ਅੰਤਰ-ਰਾਸ਼ਟਰੀ ਸੰਸਥਾ ਵਲੋਂ ਭਾਰਤ ਦੇ ਕੁਝ ਚੋਣਵੇਂ ਸਹਿਰਾਂ ਵਿੱਚ ਕੀਤੇ ਗਏ ਸਰਵੇ ਅਨੁਸਾਰ ਇਸ ਦੇਸ਼ ਦੇ ਘਰਾਂ ਵਿੱਚ ਵੀ ਔਰਤ ਨਾਲ ਬਹੁਤ ਮਾੜਾ ਵਰਤਾਉ ਕੀਤਾ ਜਾਂਦਾ ਹੈ। ਇਥੋਂ ਤਕ ਕਿ ਉਸਨੂੰ ਮਾਰ-ਕੁਟ ਤਕ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਸ ਸੰਸਥਾ ਦੀ ਰਿਪੋਰਟ ਅਨੁਸਾਰ 40 ਪ੍ਰਤੀਸ਼ਤ ਤੋਂ ਵੱਧ ਔਰਤਾਂ ਨੂੰ ਘਰਾਂ ਵਿੱਚ, ਮਰਦਾਂ, ਜਿਨ੍ਹਾਂ ਵਿੱਚ ਪਤੀ, ਪਿਤਾ, ਭਰਾ, ਪੁਤਰ ਤੇ ਹੋਰ ਰਿਸ਼ਤੇਦਾਰ ਸ਼ਾਮਲ ਹੁੰਦੇ ਹਨ, ਹਥੋਂ ਮਾਰ-ਕੁਟ ਸਹਿਣੀ ਪੈਂਦੀ ਹੈ ਤੇ ਇਹ ਮਾਰ-ਕੁਟ ਕੇਵਲ ਥਪੜਾਂ-ਮੁਕਿੱਆਂ ਆਦਿ ਤਕ ਹੀ ਸੀਮਤ ਨਹੀਂ ਹੁੰਦੀ। ਇਸੇ ਰਿਪੋਰਟ ਅਨੁਸਾਰ ਕੰਮ-ਕਾਜੀ ਔਰਤਾਂ ਵੀ ਇਸ ਕੁਟ-ਮਾਰ ਤੋਂ ਵਿਰਵੀਆਂ ਨਹੀਂ ਰਹਿੰਦੀਆਂ। ਅਜਿਹੀ ਕੁਟ-ਮਾਰ ਦਾ ਸ਼ਿਕਾਰ ਹੋਣ ਵਾਲੀਆਂ ਬਹੁਤੀਆਂ ਕੰਮ-ਕਾਜੀ ਔਰਤਾਂ ਉਹ ਹੁੰਦੀਆਂ ਹਨ, ਜਿਨ੍ਹਾਂ ਦੇ ਪਤੀ ਬੇ-ਰੁਜ਼ਗਾਰ ਹੁੰਦੇ ਹਨ ਤੇ ਕਮਾ ਕੇ ਘਰ ਚਲਾਣ ਵਾਲੀ ਔਰਤ ਨੂੰ ਉਹ ਇਸਲਈ ਕੁਟਦੇ-ਮਰਦੇ ਹਨ ਕਿ ਉਹ ਇਹ ਬਰਦਾਸ਼ਤ ਨਹੀਂ ਪਾਂਦੇ ਕਿ ਉਨ੍ਹਾਂ ਦੀ ਕਮਾਉ ਪਤਨੀ ਦਬਾਉ ਬਣਾ, ਉਨ੍ਹਾਂ ਨੂੰ ਅਪਣਾ ਦਬੇਲ ਬਣਾਉਣ ਵਿੱਚ ਸਫਲ ਹੋ ਜਾਏ ਜਾਂ ਅਜਿਹਾ ਕਰਨ ਦੀ ਕੌਸ਼ਿਸ਼ ਹੀ ਕਰੇ। ਇਸ ਮਾਰ-ਕੁਟ ਦੇ ਸਿਲਸਿਲੇ ਦੇ ਚਲਦਿਆਂ ਇਹ ਭੁਲੇਖਾ ਵੀ ਟੁੱਟ ਜਾਂਦਾ ਹੈ ਕਿ ਕਮਾਊ ਔਰਤ ਨੂੰ ਘਰ ਵਿੱਚ ਮਾਣ-ਸਤਿਕਾਰ ਮਿਲਦਾ ਹੈ।
…ਅਤੇ ਅੰਤ ਵਿੱਚ : ਇੱਕ ਸਰਵੇ ਅਨੁਸਾਰ ਭਾਰਤ ਇੱਕ ਅਜਿਹਾ ਦੇਸ਼ ਹੈ ਜਿਸ ਵਿੱਚ ਔਰਤ ਦੇ ਮਾਮਲੇ ਵਿੱਚ ਕਈ ਸਦੀਆਂ ਇਕਠੀਆਂ ਚਲ ਰਹੀਆਂ ਹਨ। ਇਨ੍ਹਾਂ ਵਿਚੋਂ ਇੱਕ ਸਦੀ ਅਜਿਹੀ ਹੈ, ਜਿਸ ਵਿੱਚ ਔਰਤ ਨੂੰ ਜੰਮਦਿਆਂ ਹੀ ਘਰ ਦੀ ਅਜਿਹੀ ਚਾਰ-ਦੀਵਾਰੀ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ, ਜਿਸ ਵਿੱਚ ਉਸਨੂੰ ਬਾਹਰ ਦੀ ਹਵਾ ਤਕ ਵੀ ਲਗਣ ਨਹੀਂ ਦਿੱਤੀ ਜਾਦੀ, ਇਸੇ ਦੇਸ਼ ਵਿੱਚ ਇੱਕ ਸਦੀ ਉਹ ਵੀ ਚਲ ਰਹੀ ਹੈ ਜਿਸ ਵਿੱਚ ਵਿਧਵਾ ਹੋ ਜਾਣ ਵਾਲੀ ਔਰਤ ਨੂੰ ਇੱਕ ਅਜਿਹੀ ਕਾਲ-ਕੋਠੜੀ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ, ਜਿਸ ਵਿੱਚ ਉਸਨੂੰ ਪਤਾ ਤਕ ਨਹੀਂ ਚਲਦਾ ਕਿ ਦੁਨੀਆਂ ਵਿੱਚ ਤਾਂ ਕੀ, ਉਸਦੇ ਘਰ ਵਿਚਲੀ ਉਸ ਕਾਲ ਕੋਠੜੀ, ਤੋਂ ਬਾਹਰ ਕੀ ਹੋ ਰਿਹਾ ਹੈ, ਜਿਸ ਵਿੱਚ ਉਹ ਬੰਦ ਹੈ । ਇਨ੍ਹਾਂ ਦੋ ਸਦੀਆਂ ਤੋਂ ਇਲਾਵਾ ਇੱਕ ਸਦੀ ਉਹ ਵੀ ਹੈ ਜਿਸ ਵਿੱਚ ਔਰਤ ਹਵਾਈ ਜਹਾਜ਼ ਉੱਡਾ ਰਹੀ ਹੈ, ਪੁਲਾੜ ਦੀ ਖੋਜ ਵਿੱਚ ਮਰਦ ਦੇ ਮੌਢੇ ਨਾਲ ਮੌਢਾ ਜੋੜ ਉਸਦੀ ਮਦਦਗਾਰ ਸਾਬਤ ਹੋਣ ਦੇ ਨਾਲ ਹੀ ਵਿਗਿਆਨ, ਤਕਨੀਕੀ ਅਤੇ ਸਰੀਰਕ ਇਲਾਜ (ਡਾਕਟਰੀ) ਆਦਿ ਦੇ ਖੇਤਰਾਂ ਵਿੱਚ ਨਾਮਣਾ ਖਟ ਮੀਲ ਪੱਥਰ ਸਥਾਪਤ ਕਰਨ ਵਿੱਚ ਸਫਲ ਹੋ ਰਹੀ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *