ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦੇਣ : ਆਤਮ-ਵਿਸ਼ਵਾਸ

-ਜਸਵੰਤ ਸਿੰਘ ‘ਅਜੀਤ’

ਆਮ ਤੋਰ ਤੇ ਕਿਹਾ ਜਾਂਦਾ ਹੈ ਕਿ ਜਦੋਂ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ, ਉਸ ਸਮੇਂ ਸੰਸਾਰ ਵਿੱਚ ਪਹਿਲਾਂ ਤੋਂ ਹੀ ਅਨੇਕਾਂ ਧਰਮ ਪ੍ਰਚਲਤ ਸਨ, ਫਿਰ ਅਜਿਹੀ ਕਿਹੜੀ ਲੋੜ ਪੈ ਗਈ ਸੀ ਕਿ ਉਨ੍ਹਾਂ ਨੇ ਇੱਕ ਨਵੇਂ ਧਰਮ ਦੀ ਨੀਂਹ ਰਖ ਦਿੱਤੀ। ਪ੍ਰੰਤੂ ਜਦੋਂ ਅਸੀਂ ਉਸ ਸਮੇਂ ਦੇ ਹਾਲਾਤ ਅਤੇ ਉਸ ਸਮੇਂ ਦੇ ਪ੍ਰਚਲਤ ਧਰਮਾਂ ਦੀ ਦਸ਼ਾ ਦੀ ਘੋਖ ਕਰਦੇ ਹਾਂ, ਤਾਂ ਸਾਨੂੰ ਇਉਂ ਮਹਿਸੂਸ ਹੁੰਦਾ ਹੈ ਕਿ ਉਸ ਸਮੇਂ ਇੱਕ ਅਜਿਹੇ ਸ਼ਾਂਝੇ ਧਰਮ ਮਾਰਗ ਦੀ ਬਹੁਤ ਲੋੜ ਸੀ, ਜੋ ਧਾਰਮਕ ਵਿਸ਼ਵਾਸਾਂ ਦੀ ਨਿਘਰਦੀ ਜਾ ਰਹੀ ਸਥਿਤੀ ਵਿਚੋਂ ਸੱਚੇ ਧਾਰਮਕ ਵਿਸ਼ਵਾਸ ਨੂੰ ਉਭਾਰ ਸਕੇ ਅਤੇ ਅਖੌਤੀ ਧਾਰਮਕ ਅਗੂਆਂ ਦੇ ਸੁਆਰਥ ਦਾ ਸ਼ਿਕਾਰ ਹੋ ਰਹੇ ਲੋਕਾਂ ਨੂੰ ਬਚਾ ਸਕੇ।
ਉਸ ਸਮੇਂ ਦੇ ਪ੍ਰਚਲਤ ਧਰਮਾਂ ਦੀ ਨਿਘਰਦੀ ਦਸ਼ਾ, ਕੇਵਲ ਭਾਰਤ ਵਿੱਚ ਹੀ ਨਹੀਂ ਸੀ, ਸਗੋਂ ਸੰਸਾਰ ਭਰ ਵਿੱਚ ਫੈਲੀ ਹੋਈ ਸੀ। ਹਰ ਧਰਮ ਦੇ ਪੈਰੋਕਾਰ ਆਪਣੇ ਧਰਮ ਨੂੰ ਸਰਬ-ਸ੍ਰੇਸ਼ਟ ਮੰਨਦੇ ਅਤੇ ਦੂਸਰੇ ਦੇ ਧਰਮ ਨੂੰ ਕਾਫਰਾਂ ਦਾ ਧਰਮ ਪ੍ਰਚਾਰ ਉਸ ਵਿਰੁਧ ਨਫਰਤ ਪੈਦਾ ਕਰਨ ਵਿੱਚ ਰੁਝੇ ਹੋਏ ਸਨ। ਇਸੇ ਸੋਚ ਨੇ ਤਾਕਤਵਰ ਸ਼ਕਤੀਆਂ ਦੇ ਹੱਥ ਵਿੱਚ ਤਲਵਾਰ ਫੜਾ ਦਿੱਤੀ, ਜਿਸ ਨਾਲ ਉਨ੍ਹਾਂ ਨੇ ਕਮਜ਼ੋਰਾਂ ਦੇ ਸਿਰ ਲਾਹੁਣੇ ਸ਼ੁਰੂ ਕਰ ਦਿੱਤੇ। ਨਤੀਜਾ ਇਹ ਹੋਇਆ ਕਿ ਜ਼ੁਲਮ ਦਾ ਦੌਰ ਸ਼ੁਰੂ ਹੋ ਗਿਆ। ਕਮਜ਼ੋਰ ਲਈ ਜਾਨ ਬਚਾਉਣ ਦਾ ਇੱਕੋ-ਇੱਕ ਰਾਹ ਰਹਿ ਗਿਆ ਕਿ ਉਹ ਆਪਣੇ ਧਰਮ ਤਿਆਗ, ਸੱਤਾਧਾਰੀਆਂ / ਤਾਕਤਵਰਾਂ ਦੇ ਧਰਮ ਨੂੰ ਅਪਨਾ ਲਏ।
ਇਸੇ ਕਮਜ਼ੋਰੀ ਅਤੇ ਬੁਜ਼ਦਿਲੀ ਦੇ ਕਾਰਣ ਹੀ ਇਨਸਾਨ ਲਈ ਸਿਰ ਚੁਕ ਕੇ ਟੁਰਨਾ ਅਤੇ ਅਣਖ ਨਾਲ ਜੀਉਣਾ ਮੁਹਾਲ ਹੋ ਗਿਆ ਹੋਇਆ ਸੀ। ਉਸਦੇ ਸਿਰ ਤੇ ਜ਼ਾਲਮ ਹਾਕਮਾਂ ਦੇ ਜ਼ੁਲਮ ਦੀ ਤਲਵਾਰ ਹਰ ਸਮੇਂ ਲਟਕਦੀ ਰਹਿੰਦੀ, ਜਿਸਦੇ ਸਹਿਮ ਹੇਠ ਉਹ ਜੀਵਨ ਦੀਆਂ ਘੜੀਆਂ ਗਿਣਦਿਆਂ ਦਿਨ-ਕਟੀ ਕਰਨ ਤੇ ਮਜਬੂਰ ਹੋਏ ਰਹਿੰਦੇ। ਪਠਾਣਾਂ, ਮੁਗਲਾਂ ਆਦਿ ਜਿਨ੍ਹਾਂ ਵੀ ਲੁਟੇਰਿਆਂ ਨੇ ਹਿੰਦੁਸਤਾਨ ਤੇ ਹਮਲਾ ਕੀਤਾ, ੳਨ੍ਹਾਂ ਦੀ ਹਮੇਸ਼ਾ ਇਹੀ ਕੌਸ਼ਿਸ਼ ਰਹੀ ਕਿ ਉਹ ਜਿਥੇ ਹਿੰਦੁਸਤਾਨ ਦੀ ਦੌਲਤ ਲੁਟ ਆਪਣੇ ਦੇਸ਼ ਲੈ ਜਾਣ, ਉਥੇ ਹੀ ਉਹ ਹਿੰਦੁਸਤਾਨ ਦੀ ਇਜ਼ਤ (ਔਰਤਾਂ) ਵੀ ਲੁਟ, ਆਪਣੇ ਦੇਸ਼ ਦੇ ਬਾਜ਼ਾਰਾਂ ਵਿੱਚ ਲਿਜਾ ਜਾ ਵੇਚਣ। ਜਦੋਂ ਮੁਗਲਾਂ ਨੇ ਹਿੰਦੁਸਤਾਨ ਤੇ ਹਮਲਾ ਕੀਤਾ, ਅਰੰਭ ਵਿੱਚ ਭਾਵੇਂ ਉਨ੍ਹਾਂ ਦਾ ਉਦੇਸ਼ ਸੋਨੇ ਦੀ ਚਿੜੀ ਹਿੰਦੁਸਤਾਨ ਨੂੰ ਲੁਟ, ਤਬਾਹ ਤੇ ਬਰਬਾਦ ਕਰਨਾ ਹੀ ਸੀ, ਪਰ ਬਾਅਦ ਵਿੱਚ ਉਨ੍ਹਾਂ ਹਿੰਦੁਸਤਾਨ ਨੂੰ ਜਿੱਤ, ਆਪਣੀ ਹਕੂਮਤ ਦੇ ਪੈਰ ਪੱਕੇ ਕਰਨ ਲਈ, ਇਥੋਂ ਦੇ ਵਾਸੀਆਂ, ਜੋ ਕਿ ਮੁੱਖ ਰੂਪ ਵਿੱਚ ਹਿੰਦੂ ਸਨ, ਜਿਨ੍ਹਾਂ ਨੂੰ ਉਹ ਕਾਫਰ ਕਹਿੰਦੇ ਸਨ, ਨੂੰ ਆਪਣੇ ਧਰਮ, ਇਸਲਾਮ ਵਿੱਚ ਲਿਆਉਣ ਲਈ, ਤਲਵਾਰ ਦੇ ਜ਼ੋਰ ਨਾਲ ਧਰਮ-ਪ੍ਰੀਵਰਤਨ ਦੀ ਮੁਹਿੰਮ ਛੇੜ ਦਿੱਤੀ।
ਆਪਣੇ ਇਸ ਉਦੇਸ਼ ਦੀ ਪੂਰਤੀ ਲਈ ਉਨ੍ਹਾਂ ਹਿੰਦੁਸਤਾਨੀਆਂ ਪੁਰ ਬੇ-ਬਹਾ ਜ਼ੁਲਮ ਢਾਹੇ, ਉਨ੍ਹਾਂ ਦੇ ਧਰਮ-ਅਸਥਾਨਾਂ ਦਾ ਅਪਮਾਨ ਕੀਤਾ। ਪਰ ਹਿੰਦੁਸਤਾਨੀ ਉਨ੍ਹਾਂ ਦਾ ਜ਼ੁਲਮ ਦਾ ਢੁਕਵਾਂ ਜਵਾਬ ਦੇਣ ਦੀ ਬਜਾਏ ਚੁਪਚਾਪ ਸਹਿਣ ’ਤੇ ਮਜਬੂਰ ਜਾਪਣ ਲਗੇ। ਜਿਸਦਾ ਕਾਰਣ ਇਹ ਸੀ ਕਿ ਬੁੱਧ ਅਤੇ ਜੈਨ ਮਤ ਦੇ ਪ੍ਰਚਾਰਕਾਂ ਨੇ ਅਹਿੰਸਾ ਦਾ ਪ੍ਰਚਾਰ ਕਰ, ਉਨ੍ਹਾਂ ਨੂੰ ਇਤਨਾ ਬੁਜ਼ਦਿਲ ਬਣਾ ਕੇ ਰਖ ਦਿੱਤਾ ਸੀ ਕਿ ਉਹ ਆਪਣੇ ਪੁਰ ਹੋ ਰਹੇ ਜ਼ੁਲਮ ਦਾ ਵਿਰੋਧ ਕਰਨਾ ਤਾਂ ਦੂਰ ਰਿਹਾ ‘ਆਹ!’ ਦਾ ਨਾਹਰਾ ਤਕ ਮਾਰਨ ਦਾ ਹੀਆ ਵੀ ਨਹੀਂ ਸੀ ਕਰ ਪਾ ਰਹੇ। ਦੂਸਰੇ ਪਾਸੇ ਜ਼ੁਲਮ ਦਾ ਸ਼ਿਕਾਰ ਹੋ ਰਹੇ ਲੋਕਾਂ ਵਲੋਂ ਕੋਈ ਵਿਰੋਧ ਨਾ ਹੁੰਦਾ ਵੇਖ, ਜ਼ਾਲਮਾਂ ਦੇ ਹੌਂਸਲੇ ਲਗਾਤਾਰ ਵਧਦੇ ਜਾ ਰਹੇ ਸਨ। ਉਨ੍ਹਾਂ ਆਪਣੇ ਮੰਨੋਰੰਜਨ ਲਈ ਜ਼ੁਲਮ ਦੇ ਨਵੇਂ-ਨਵੇਂ ਢੰਗ ਅਪਨਾਣੇ ਸ਼ੁਰੂ ਕਰ ਦਿੱਤੇ। ਜ਼ੁਲਮ ਦਾ ਸ਼ਿਕਾਰ ਲੋਕਾਂ ਨੂੰ ਤੜਪਦਿਆਂ ਵੇਖ, ਉਨ੍ਹਾਂ ਵਲੋਂ ਕਿਲਕਾਰੀਆਂ ਮਾਰੀਆਂ ਜਾਂਦੀਆਂ, ਨਚ-ਗਾ ਜਸ਼ਨ ਮਨਾਏ ਜਾਂਦੇ।
ਅਜਿਹੇ ਜ਼ੁਲਮਾਂ ਨੇ ਦੇਸ਼ ਨੂੰ ਦੋ ਸ਼੍ਰੇਣੀਆਂ, ਜ਼ਾਲਮ ਤੇ ਮਜ਼ਲੂਮ ਵਿੱਚ ਵੰਡ ਕੇ ਰੱਖ ਦਿੱਤਾ। ਨਾ ਤਾਂ ਜ਼ਾਲਮ ਹਾਕਮ ਨੂੰ ਆਪਣੇ ਧਰਮ ਦੇ ਮੁਲਾਂ ਅਤੇ ਮਾਨਤਾਵਾਂ ਦਾ ਕੋਈ ਪਾਸ ਰਿਹਾ ਅਤੇ ਨਾ ਹੀ ਜ਼ੁਲਮ ਦਾ ਸ਼ਿਕਾਰ ਹੋ ਰਹੇ ਮਜ਼ਲੂਮ ਨੂੰ ਆਪਣੇ ਧਰਮ ਦੇ ਅਸੂਲਾਂ ਦੀ ਸਮਝ ਰਹਿ ਗਈ। ਇੱਕ ਤਰ੍ਹਾਂ ਦੇਸ਼ ਦਾ ਪੂਰਾ ਸਮਾਜ ਹੀ ਦੋ ਸ਼੍ਰੇਣੀਆਂ, ਜ਼ਾਲਮ ਤੇ ਮਜ਼ਲੂਮ ਵਿੱਚ ਵੰਡਿਆ ਗਿਆ।
ਅਜਿਹੇ ਨਾਜ਼ੁਕ ਸਮੇਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਹੋਇਆ। ਉਨ੍ਹਾਂ ਆਪਣੇ ਚਹੁੰ ਪਾਸੇ ਨਜ਼ਰ ਦੌੜਾਈ, ਸੰਸਾਰ ਦੀ ਤਰਸਯੋਗ ਹਾਲਤ ਵੇਖੀ ਤਾਂ ਉਨ੍ਹਾਂ ਮਜ਼ਲੂਮ ਨੂੰ ਜ਼ੁਲਮ ਦੀ ਜਿਲ੍ਹਣ ਵਿੱਚੋਂ ਕਢ, ਉਸਨੂੰ ਮਨੁਖਤਾ ਦੇ ਰਾਹ ਤੇ ਚਲਾਣ ਦਾ ਤਹੱਈਆ ਕਰ ਲਿਆ। ਉਨ੍ਹਾਂ ਮਜ਼ਲੂਮ ਨੂੰ ਇਹ ਸੰਦੇਸ਼ ਦੇ ਕੇ ਝਿੰਜੋੜਿਆ, ਕਿ ਜ਼ੁਲਮ ਸਹਿਣਾ ਜ਼ੁਲਮ ਕਰਨ ਨਾਲੋਂ ਵੀ ਕਿਤੇ ਵੱਡਾ ਗੁਨਾਹ ਹੈ। ਅਣਖ ਅਤੇ ਆਤਮ-ਸਨਮਾਨ ਨਾਲ ਜੀਉਣ ਲਈ, ਜ਼ੁਲਮ ਦਾ ਵਿਰੋਧ ਕਰਦਿਆਂ ਮਰ ਜਾਣਾ ਅਣਖ-ਹੀਨ ਜੀਵਨ ਨਾਲੋਂ ਕਿਤੇ ਹਜ਼ਾਰ ਦਰਜੇ ਬੇਹਤਰ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਦਿੱਤੇ ਇਸ ਸੰਦੇਸ਼ ਤੋਂ ਸਪਸ਼ਟ ਸੀ ਕਿ ਸਿੱਖੀ ਦਾ ਰਾਹ ਸੌਖਾ ਨਹੀਂ ਤੇ ਨਾ ਹੀ ਇਹ ਕੋਈ ਖੇਡ ਹੈ। ਇਹੀ ਕਾਰਣ ਸੀ ਕਿ ਗੁਰੂ ਸਾਹਿਬ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇ ਉਨ੍ਹਾਂ ਨਾਲ ਜੁੜਨਾ ਤੇ ਉਨ੍ਹਾਂ ਦੇ ਦਸੇ ਮਾਰਗ ਤੇ ਚਲਣਾ ਹੈ ਤਾਂ ਸਿਰ ਤਲੀ ਤੇ ਰਖ ਅਤੇ ਸਿਰ ਦੇਣ ਲਈ ਆਪਣੇ ਆਪ ਨੂੰ ਤਿਆਰ ਕਰ, ਉਨ੍ਹਾਂ ਨਾਲ ਆਉਣਾ ਹੋਵੇਗਾ।
ਇਸਦਾ ਕਾਰਣ ਉਨ੍ਹਾਂ ਇਹ ਦਸਿਆ ਕਿ ਇਸ ਰਾਹ ਤੇ ਤੁਰਦਿਆਂ ਇੱਕ ਪਾਸੇ ਜ਼ੁਲਮ ਨੂੰ ਵੰਗਾਰਨਾ ਹੋਵੇਗਾ ਅਤੇ ਦੂਜੇ ਪਾਸੇ ਮਜ਼ਲੂਮ ਦੇ ਦਿੱਲ ਵਿੱਚ ਆਤਮ-ਸਨਮਾਨ ਅਤੇ ਆਤਮ-ਵਿਸ਼ਵਾਸ ਦੀ ਭਾਵਨਾ ਭਰ, ਉਸਨੂੰ ਅਣਖ ਨਾਲ ਜੀਣ ਲਈ ਤਿਆਰ ਕਰਨਾ ਹੋਵੇਗਾ। ਜ਼ਾਲਮ ਭਾਵੇਂ ਬਾਦਸ਼ਾਹ ਹੀ ਕਿਉਂ ਨਾ ਹੋਵੇ ਅਤੇ ਉੇਸਦੇ ਅਹਿਲਕਾਰ ਭਾਵੇਂ ਕਿਤਨੇ ਹੀ ਤਾਕਤਵਰ ਕਿਉਂ ਨਾ ਹੋਣ, ਉਨ੍ਹਾਂ ਨੂੰ ‘ਰਾਜੇ ਸ਼ੀਂਹ ਮੁਕਦਮ ਕੁਤੇ’ ਕਹਿਣ ਦੀ ਹਿੰਮਤ ਜੁਟਾਣੀ ਹੋਵੇਗੀ। ਜਿਸਦਾ ਸਪਸ਼ਟ ਮਤਲਬ ਇਹ ਸੀ ਕਿ ਧਰਮ ਅਤੇ ਆਤਮ-ਸਨਮਾਨ ਦੀ ਰਖਿਆ ਲਈ ਜਦੋਂ ਆਤਮ-ਵਿਸ਼ਵਾਸ ਨਾਲ ਭਰਿਆ ਕਦਮ ਅੱਗੇ ਵਧੇਗਾ ਤਾਂ ਜ਼ਾਲਮ ਦਾ ਅਹੰਕਾਰ, ਉਸਨੂੰ ਦਬਾਣ ਲਈ ਆਪਣੀ ਸਮੁੱਚੀ ਤਾਕਤ ਝੌਂਕ ਦੇਵੇਗਾ। ਫਲਸਰੂਪ ਅਨੇਕਾਂ ਜ਼ੁਲਮ ਸਹਿਣੇ ਪੈਣਗੇ। ਤਰ੍ਹਾਂ-ਤਰ੍ਹਾਂ ਦੇ ਤਸੀਹੇ ਦਿੱਤੇ ਜਾਣਗੇ ਤੇ ਸ਼ਰੀਰ ਨੂੰ ਜੰਬੂਰਾਂ ਨਾਲ ਨੋਚਿਆ ਤਕ ਜਾਇਗਾ। ਜੇ ਅਜਿਹੇ ਜ਼ੁਲਮ ਨੂੰ ਸਹਿੰਦਿਆਂ ਡੋਲ ਗਏ ਜਾਂ ਕਮਜ਼ੋਰ ਪੈ ਗਏ ਤਾਂ ਬਚਿਆ ਧਾਰਮਕ ਵਿਸ਼ਵਾਸ ਵੀ ਟੁੱਟ ਜਾਇਗਾ। ਜੇ ਨਿਰ-ਸੰਕੋਚ ਹੋ ਜਾਨ ਤਲੀ ਤੇ ਰਖ ਅੱਗੇ ਵਧੇ ਤਾਂ ਮਜ਼ਲੂਮਾਂ ਵਾਂਗ ਜੀਵਨ ਬਤੀਤ ਕਰ ਰਿਹਾਂ ਦੀ ਆਤਮਾ ਵਿੱਚ ਨਵ-ਜੀਵਨ ਦਾ ਸੰਚਾਰ ਹੋਵੇਗਾ ਅਤੇ ਉਨ੍ਹਾਂ ਦਾ ਆਤਮ-ਵਿਸ਼ਵਾਸ ਉਨ੍ਹਾਂ ਦੇ ਆਤਮ–ਸਨਮਾਨ ਦੀ ਰਖਿਆ ਪ੍ਰਤੀ ਦ੍ਰਿੜ੍ਹ ਹੋ ਜਾਇਗਾ, ਫਲਸਰੂਪ ਉਹ ਵੱਡੀ ਤੋਂ ਵੱਡੀ ਸ਼ਕਤੀ ਨੂੰ ਚੁਨੌਤੀ ਦੇਣ ਦੇ ਸਮਰਥ ਹੋ ਜਾਣਗੇ।
ਬੀਤੀਆਂ ਪੰਜ ਸਦੀਆਂ ਤੋਂ ਵੱਧ ਸਮੇਂ ਦਾ ਇਤਿਹਾਸ ਗੁਆਹ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਸੇ ਇਸ (ਸਿੱਖੀ ਦੇ) ਰਾਹ ਤੇ ਚਲਣ ਵਾਲਿਆਂ ਨੂੰ ਕਿਤਨੀਆਂ ਹੀ ਮੁਸੀਬਤਾਂ ਅਤੇ ਚੁਨੌਤੀਆਂ ਦਾ ਸਾਹਮਣਾ ਕਰਨਾ ਪਿਆ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਵਿੱਖੇ ਅਨੇਕਾਂ ਅਸਹਿ ਅਤੇ ਅਕਹਿ ਤਸੀਹੇ ਦੇ, ਸ਼ਹੀਦ ਕੀਤਾ ਗਿਆ, ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਉਨ੍ਹਾਂ ਨਾਲ ਦਿੱਲੀ ਆਏ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਇਆਲਾ ਨੂੰ ਬੇ-ਬਹਾ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਇਨ੍ਹਾਂ ਸ਼ਹੀਦੀਆਂ ਨੇ ਸਿੱਖਾਂ ਵਿੱਚ ਡਰ-ਭਉ ਅਤੇ ਨਿਰਾਸ਼ਾ ਪੈਦਾ ਕਰਨ ਦੀ ਬਜਾਏ, ਨਵਜੀਵਨ, ਉਤਸਾਹ ਅਤੇ ਜੋਸ਼ ਭਰਿਆ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਿੱਚ ਉਨ੍ਹਾਂ ਮੁਗਲਾਂ ਦੀਆਂ ਅਜਿਤ ਫੌਜਾਂ ਨਾਲ ਲੋਹਾ ਲਿਆ, ਚੁਨੌਤੀ ਦਿੱਤੀ ਅਤੇ ਜਿਤਾਂ ਪ੍ਰਾਪਤ ਕਰ, ਉਨ੍ਹਾਂ ਦੀ ਤਾਕਤ ਦਾ ਭਾਂਡਾ ਚੁਰਾਹੇ ਵਿੱਚ ਭੰਨਿਆ। ਇਸਤੋਂ ਬਾਅਦ ਕਈ ਹੋਰ ਸਿੱਖ ਜਰਨੈਲਾਂ ਦੀ ਅਗਵਾਈ ਵਿੱਚ ਸਿੱਖਾਂ ਨੇ ਆਪਣੇ ਜੀਵਨ-ਉਦੇਸ਼ ਦੀ ਪ੍ਰਾਪਤੀ ਲਈ ਲਗਾਤਾਰ ਘੋਲ ਜਾਰੀ ਰਖਿਆ। ਕਦਮ-ਕਦਮ ਤੇ ਉਨ੍ਹਾਂ ਨੂੰ ਚੁਨੌਤੀਆਂ ਦਾ ਸਾਹਮਣਾ ਕਰਨਾ ਪਿਆ, ਸ਼ਹੀਦੀਆਂ ਦੇਣੀਆਂ ਪਈਆਂ, ਕਈ ਛੋਟੇ-ਵੱਡੇ ਘਲੂਘਾਰੇ ਵਾਪਰੇ. ਜਿਨ੍ਹਾਂ ਵਿੱਚ ਲਖਾਂ ਸਿੰਘ ਸ਼ਹੀਦ ਹੋਏ, ਜੰਗਲਾਂ-ਬੇਲ਼ਿਆਂ ਵਿੱਚ ਸਿਰ ਛੁਪਾ, ਦਿਨ ਕਟਣ ਤੇ ਮਜਬੂਰ ਹੋਣਾ ਪਿਆ। ਇਨ੍ਹਾਂ ਅਸਹਿ ਤੇ ਅਕਹਿ ਸੰਕਟਾਂ ਵਿੱਚ ਵੀ ਉਨ੍ਹਾਂ ਦੇ ਕਦਮ ਡਗਮਗਾਏ ਨਹੀਂ। ਮਜ਼ਲੂਮ ਤੇ ਆਤਮ-ਸਨਮਾਨ ਦੀ ਰਖਿਆ ਲਈ ਉਨ੍ਹਾਂ ਅਜਿਤ ਪਹਾੜਾਂ ਨਾਲ ਵੀ ਟੱਕਰ ਲੈਣੋਂ ਸੰਕੋਚ ਨਹੀਂ ਕੀਤਾ।
ਅਨੇਕਾਂ ਮੁਸ਼ਕਲਾਂ ਅਤੇ ਮੁਸੀਬਤਾਂ ਵਿੱਚ ਵੀ ਜਿਥੇ ਉਨ੍ਹਾਂ ਨੇ ਆਪਣੇ ਸਿੱਖ ਧਰਮ ਦਾ ਪਾਲਣਾ ਅਤੇ ਧਾਰਮਕ ਵਿਸ਼ਵਾਸ ਦੀ ਰਖਿਆ ਕੀਤੀ, ਉਥੇ ਹੀ ਉਨ੍ਹਾਂ ਦੂਸਰੇ ਧਰਮਾਂ ਪ੍ਰਤੀ ਆਪਣੀ ਸਤਿਕਾਰ-ਭਾਵਨਾ ਨੂੰ ਵੀ ਆਪਣੇ ਦਿਲ ਵਿੱਚ ਬਣਾਈ ਰਖਿਆ। ਮਜ਼ਲੂਮ ਭਾਵੇਂ ਹਿੰਦੂ ਸੀ ਜਾਂ ਮੁਸਲਮਾਨ, ਉਨ੍ਹਾਂ ਉਸਦੀ ਰਖਿਆ ਕਰਨ ਵਿੱਚ ਕਿਸੇ ਤਰ੍ਹਾਂ ਦਾ ਭੇਦਭਾਵ ਜਾਂ ਵਿਤਕਰਾ ਨਹੀਂ ਕੀਤਾ। ਉਨ੍ਹਾਂ ਜਦੋਂ ਤਾਕਤ ਫੜ ਰਾਜ ਕਮਾਇਆ ਤਦ ਵੀ ਕਿਸੇ ਨੂੰ ਧਰਮ ਪ੍ਰੀਵਰਤਨ ਲਈ ਮਜਬੂਰ ਨਹੀਂ ਕੀਤਾ ਅਤੇ ਨਾ ਹੀ ਕਿਸੇ ਦੇ ਸਿਰ ਤੇ ਜ਼ੁਲਮ ਦੀ ਤਲਵਾਰ ਲਟਕਾਈ। ਉਨ੍ਹਾਂ ਸਾਹਮਣੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਕਿ ਸਾਰੇ ਧਰਮ ਆਪੋ-ਆਪਣੀ ਥਾਂ ਚੰਗੇ ਹਨ, ਉਨ੍ਹਾਂ ਦੇ ਉਪਦੇਸ਼ ਅਤੇ ਅਸੂਲ ਚੰਗੇ ਹਨ, ਜੋ ਲੋੜ ਹੈ ਤਾਂ ਉਨ੍ਹਾਂ ਨੂੰ ਦਿਲੋਂ ਅਪਨਾਣ ਅਤੇ ਉਨ੍ਹਾਂ ਦੀਆਂ ਮਾਨਤਾਵਾਂ ਦੇ ਪਾਲਣ ਪ੍ਰਤੀ ਈਮਾਨਦਾਰ ਹੋਣ ਦੀ। ਇਸੇ ਲਈ ਗੁਰੂ ਸਾਹਿਬ ਨੇ ਅਕਾਲ ਪੁਰਖ ਦੇ ਚਰਨਾਂ ਵਿਚ ਜੋਦੜੀ ਕੀਤੀ ਕਿ ‘ਜਗਤ ਜਲੰਦਾ ਰਾਖਿ ਪ੍ਰਭ ਅਪਨੀ ਕਿਰਪਾ ਧਾਰਿ .. ਜਿਤੁ ਦੁਆਰੇ ਉਭਰੇ ਤਿਤੈ ਲੇਹੁ ਉਬਾਰਿ’।

Geef een reactie

Het e-mailadres wordt niet gepubliceerd. Vereiste velden zijn gemarkeerd met *