ਅਕਾਲ ਤਖਤ ਅਜ਼ਾਦ : ਪੰਥ ਅਜ਼ਾਦ

ਮੁਹਿੰਮ ਸ਼ੁਰੂ ਕਰਨ ਦੀ ਲੋੜ – ਸਾਧੂ
ਨਵੀਂ ਦਿੱਲੀ : 3, ਦਸੰਬਰ, 2017:
ਸਮਾਂ ਆ ਗਿਆ ਹੈ ਕਿ ਪੰਥ ਦੇ ਮਾਣ-ਸਤਿਕਾਰ ਦੀ ਰਖਿਆ ਲਈ ‘ਅਕਾਲ ਤਖਤ ਅਜ਼ਾਦ : ਪੰਥ ਅਜ਼ਾਦ’ ਦੇ ਉਦੇਸ਼ ਦੀ ਪੂਰਤੀ ਲਈ ਇੱਕ ਜ਼ੋਰਦਾਰ ਮੁਹਿੰਮ ਸ਼ੁਰੂ ਕੀਤੀ ਜਾਏ। ਇਹ ਵਿੱਚਾਰ ਦਿੱਲੀ ਦੇ ਇੱਕ ਪ੍ਰਮੁਖ ਆਗੂ ਸ. ਭੂਪਿੰਦਰ ਸਿੰਘ ਸਾਧੂ, ਜੋ ਇਸ ਸਮੇਂ ਕਨਾਡਾ ਵਿੱਖੇ ਹਨ, ਨੇ ਜਾਰੀ ਆਪਣੇ ਇੱਕ ਬਿਆਨ ਵਿੱਚ ਪ੍ਰਗਟ ਕੀਤੇ। ਉਨ੍ਹਾਂ ਆਪਣੇ ਬਿਆਨ ਵਿੱਚ ਦਸਿਆ ਕਿ ਜਦ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ), ਸਰਵੁਚ ਧਾਰਮਕ ਸਿੱਖ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਪੁਰ ਕਾਬਜ਼ ਹੋਇਆ ਹੈ, ਤਦ ਤੋਂ ਹੀ ਸੀਨੀਅਰ ਅਤੇ ਜੂਨੀਅਰ ਬਾਦਲ ਵੱਡੇ ਪੰਥਕ ਹਿਤਾਂ ਨੂੰ ਕੁਰਬਾਨ ਕਰ, ਨਿਜ ਰਾਜਸੀ ਸੁਆਰਥ ਦੀ ਪੂਰਤੀ ਲਈ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਨੂੰ ਵਰਤਦੇ ਚਲੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤਕ ਉਨ੍ਹਾਂ ਦੀ ਇਹ ਸੱਤਾ ਕਾਇਮ ਰਹੇਗੀ ਉਹ ਇਸੇਤਰ੍ਹਾਂ ਨਿਜ ਰਾਜਸੀ ਹਿਤਾਂ ਲਈ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਨੂੰ ਵਰਤ ਪੰਥਕ ਹਿਤਾਂ, ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਦੇ ਮਾਣ ਸਤਿਕਾਰ ਨੂੰ ਢਾਹ ਲਾਉਂਦੇ ਰਹਿਣਗੇ, ਇਸਲਈ ਹੁਣ ਸਮਾਂ ਆ ਗਿਆ ਹੈ ਕਿ ਸ੍ਰੀ ਅਕਾਲ ਤਖਤ ਅਤੇ ਪੰਥਕ ਮਾਣ ਸਤਿਕਾਰ ਦੀ ਰਖਿਆ ਲਈ ‘ਅਕਾਲ ਤਖਤ ਅਜ਼ਾਦ : ਪੰਥ ਅਜ਼ਾਦ’ ਦੇ ਉਦੇਸ਼ ਦੀ ਪੂਰਤੀ ਲਈ ਇੱਕ ਜ਼ੋਰਦਾਰ ਮੁਹਿੰਮ ਸ਼ੁਰੂ ਕੀਤੀ ਜਾਏ। ਸ. ਸਾਧੂ ਨੇ ਕਿਹਾ ਕਿ ਬਾਦਲ ਅਕਾਲੀ ਦਲ ਦੀ ਸੱਤਾ ਦੌਰਾਨ ਅਕਾਲ ਤਖਤ ਦੇ ਜਥੇਦਾਰ ਦੇ ਅਹੁਦੇ ਦੀਆਂ ਜ਼ਿਮੇਂਦਾਰੀਆਂ ਜਿਸ ਕਿਸੇ ਨੇ ਵੀ ਸੰਭਾਲੀਆਂ. ਬਾਦਲਾਂ ਨੇ ਨਾ ਤਾਂ ਉਸਦੀ ਅਤੇ ਨਾ ਹੀ ਅਕਾਲ ਤਖਤ ਦੀ ਸੁਤੰਤਰ ਹੈਸੀਅਤ ਕਾਇਮ ਰਹਿਣ ਦਿੱਤੀ ਤੇ ਨਾ ਹੀ ਉਹ ਆਪ ਆਪਣੇ ਅਹੁਦੇ ਤੇ ਅਕਾਲ ਤਖਤ ਦਾ ਮਾਣ-ਸਤਿਕਾਰ ਤੇ ਉਨ੍ਹਾਂ ਦੀ ਨਿਰਪੱਖਤਾ ਕਾਇਮ ਰਖ ਸਕਿਆ।
ਸ. ਸਾਧੂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਚੁਣੇ ਗਏ ਪ੍ਰਧਾਨ ਸ. ਗੋਬਿੰਦ ਸਿੰਘ ਲੌਂਗੋਵਾਲ ਪੁਰ ਪੰਥ ਨਾਲ ਧ੍ਰੋਹ ਕਮਾਉਣ ਦਾ ਦੋਸ਼ ਲਾਂਦਿਆ ਕਿਹਾ ਕਿ ਜੋ ਵਿਅਕਤੀ ਰਾਜਸੀ ਸੱਤਾ ਲਈ ਸਮਰਥਨ ਹਾਸਲ ਕਰਨ ਵਾਸਤੇ ਉਸ ਸਾਧ ਦੇ ਡੇਰੇ ਜਾ ਸਕਦਾ ਹੈ, ਜਿਸਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਂਗ ਰੱਚ ਪਵਿਤ੍ਰ ਅੰਮ੍ਰਿਤ ਦਾ ਮਜ਼ਾਕ ਉਡਾਇਆ ਹੋਵੇ, ਉਸਤੋਂ ਕਿਵੇਂ ਇਹ ਆਸ ਰਖੀ ਜਾ ਸਕਦੀ ਹੈ ਕਿ ਉਹ ਸਿੱਖ ਧਰਮ ਦੀ ਸਰਵੁਚ ਸੰਸਥਾ ਦੇ ਮੁੱਖੀ ਵਜੋਂ ਸਿੱਖੀ ਦੀਆਂ ਧਾਰਮਕ, ਸਮਾਜਕ, ਇਤਿਹਾਸਕ ਤੇ ਰਾਜਸੀ ਮਾਨਤਾਵਾਂ ਅਤੇ ਪਰੰਪਰਾਵਾਂ ਦੀ ਰਖਿਆ ਕਰਨ ਪ੍ਰਤੀ ਈਮਾਨਦਾਰ ਰਹਿ ਸਕੇਗਾ। ਸ. ਸਾਧੂ ਨੇ ਕਿਹਾ ਕਿ ਅਕਾਲ ਤਖਤ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਅਨੁਸਾਰ ਭਾਵੇਂ ਉਸਨੇ ਅਕਾਲ ਤਖਤ ਤੋਂ ਲਗੀ ਤਨਖਾਹ (ਸੇਵਾ) ਪੁਰੀ ਕਰ, ਮੁਆਫੀ ਹਾਸਲ ਕਰ ਹੀ ਲਈ ਹੋਵੇ, ਦੇ ਬਾਵਜੂਦ ਉਸ ਵਲੋਂ ਕੀਤਾ ਗਿਆ ਗੁਨਾਹ, ਇਤਨਾ ਬਜਰ ਹੈ ਕਿ ਉਹ ਇਸਦੀ ਆਗਿਆ ਨਹੀਂ ਦੇ ਸਕਦਾ ਕਿ ਉਸਨੂੰ ਪੰਥ ਦੀ ਸਰਵੁਚ ਧਾਰਮਕ ਸੰਸਥਾ ਦੇ ਮੁੱਖੀ ਦੀਆਂ ਜ਼ਿਮੇਂਦਾਰੀ ਸੌਂਪ ਦਿੱਤੀਆਂ ਜਾਣ।

Geef een reactie

Het e-mailadres wordt niet gepubliceerd. Vereiste velden zijn gemarkeerd met *