ਨਹਿਰ ਵਿੱਚ ਪਾੜ ਕਾਰਨ ਖੇਤਾਂ ਵਿੱਚ ਵੜਿਆ ਗੰਦਾ ਪਾਣੀ

ਫਗਵਾੜਾ 4 ਦਸੰਬਰ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਨਹਿਰੀ ਵਿਭਾਗ ਵਲੋਂ ਬੇ-ਰੁੱਤਾ ਪਾਣੀ ਪਿੰਡ ਪਲਾਹੀ ਕੋਲ ਦੀ ਲੰਘਦੀ ਨਹਿਰ ‘ਚ ਛੱਡਣ ਨਾਲ ਪਹਿਲਾਂ ਤਾਂ ਨਹਿਰ ਦਾ ਪਾਣੀ ਪੁਲੀਆਂ ਦੇ ਉਪਰ ਦੀ ਵੱਗ ਤੁਰਿਆ, ਪਰ ਫਿਰ ਪਿੰਡ ਦੀ ਆਬਾਦੀ ਦੇ ਕੋਲ ਪਿਆਰਾ ਸਿੰਘ ਦੇ ਖੂਹ ਦੇ ਕੋਲ ਵੱਡਾ ਪਾੜ ਪੈ ਗਿਆ, ਜਿਸ ਨਾਲ ਆਲੇ-ਦੁਆਲੇ ਦੇ ਕਿਸਾਨਾਂ ਦੀ ਬੀਜੀ ਫਸਲ ਬਰਬਾਦ ਹੋ ਗਈ। ਪਾਣੀ ਦਾ ਵਹਾਅ ਜ਼ਿਆਦਾ ਤੇਜ਼ ਸੀ। ਨੱਕੋ-ਨੱਕ ਭਰੀ ਨਹਿਰ ਦਾ ਪਾਣੀ ਕਈ ਘੰਟੇ ਆਬਾਦੀ ਵੱਲ ਵੱਗਦਾ ਰਿਹਾ ਅਤੇ ਪਿੰਡ ਵਾਸੀਆਂ ਵੱਲੋਂ ਮਹਿਕਮੇ ਦੇ ਕਰਮਚਾਰੀਆਂ ਦੀ ਸਹਾਇਤਾ ਨਾਲ ਇਸ ਕੰਕਰੀਟ ਵਾਲੀ ਨਹਿਰ ‘ਚ ਪਾੜ ਨੂੰ ਪੂਰਨ ਦੇ ਯਤਨ ਵੀ ਕੀਤੇ ਗਏ, ਪਰ ਪਾਣੀ ਕਾਬੂ ‘ਚ ਨਹੀਂ ਆਇਆ। ਪ੍ਰਭਾਵਤ ਕਿਸਾਨਾਂ ਨੇ ਦੱਸਿਆ ਕਿ ਹੁਣ ਜਦ ਪਾਣੀ ਦੀ ਲੋੜ ਹੀ ਨਹੀਂ ਨਹਿਰੀ ਮਹਿਕਮੇ ਵਲੋਂ ਪਾਣੀ ਛੱਡਿਆ ਜਾਣਾ ਹੈਰਾਨੀਜਨਕ ਹੈ। ਨਹਿਰੀ ਵਿਭਾਗ ਦੇ ਕਾਰਜਕਾਰੀਆਂ ਦਾ ਕਹਿਣਾ ਸੀ ਕਿ ਉਹਨਾ ਤਾਂ ਮਸਾਂ 25 ਫੀਸਦੀ ਪਾਣੀ ਦੀ ਮੰਗ ਕੀਤੀ ਸੀ, ਪਰ ਪਾਣੀ 50 ਫੀਸਦੀ ਤੋਂ ਵੀ ਜ਼ਿਆਦਾ ਆਗਿਆ, ਜਦਕਿ ਨਹਿਰ ਵਿੱਚ ਵੱਡੀ ਮਾਤਰਾ ‘ਚ ਕੂੜਾ ਕਰਕਟ ਹੋਣ ਕਾਰਨ ਇਸਦੀ ਥਾਂ ਥਾਂ ਰੁਕਾਵਟ ਹੋ ਗਈ। ਮੌਕੇ ‘ਤੇ ਫਗਵਾੜਾ ਦੀ ਐਸ.ਡੀ.ਐਮ, ਸ਼੍ਰੀਮਤੀ ਮੱਟੂ, ਅਤੇ ਜਿਲਾ ਕਾਂਗਰਸ ਪ੍ਰਧਾਨ ਜੋਗਿੰਦਰ ਸਿੰਘ ਮਾਨ ਪੁੱਜੇ। ਉਹਨਾ ਨੇ ਮੌਕਾ ਵੇਖਿਆ ਅਤੇ ਨਹਿਰੀ ਵਿਭਾਗ ਨੂੰ ਤੁਰੰਤ ਇਸ ਸਥਿਤੀ ਉਤੇ ਕਾਬੂ ਪਾਉਣ ਦੇ ਹੁਕਮ ਦਿੱਤੇ।

Geef een reactie

Het e-mailadres wordt niet gepubliceerd. Vereiste velden zijn gemarkeerd met *