ਗੰਭੀਰ ਬੀਮਾਰੀਆਂ ਤੋਂ ਬਚਾਉਂਦਾ ਹੈ ਟੀਕਾਕਰਨ – ਡਾ. ਆਸ਼ਾ ਮਾਂਗਟ

ਸਹੀ ਸਮੇਂ ਤੇ ਮੀਸਲਜ ਦਾ ਇਲਾਜ ਜਰੂਰੀ – ਡਾ. ਰਿਸ਼ੀ ਸ਼ਰਮਾ
ਟੀਕਾਕਰਨ ਤੇ ਇੱਕ ਦਿਨ੍ਹਾਂ ਵਰਕਸ਼ਾਪ ਦਾ ਆਯੋਜਨ

ਫਗਵਾੜਾ-ਕਪੂਰਥਲਾ 5 ਦਸੰਬਰ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸਿਹਤ ਵਿਭਾਗ ਕਪੂਰਥਲਾ ਵੱਲੋਂ ਸਿਵਲ ਸਰਜਨ ਡਾ. ਹਰਪ੍ਰੀਤ ਸਿੰਘ ਕਾਹਲੋਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੀਸਲਜ – ਰੂਬੇਲਾ ਸਰਵੀਲੈਂਸ ਅਤੇ ਵੀ.ਪੀ.ਡੀ. ( ਵੈਕਸੀਨ ਪ੍ਰੀਵੈਂਟਿਬਲ ਡਿਜੀਜ) ਤੇ ਇੱਕ ਦਿਨ੍ਹਾਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਬਲਾਕਾਂ ਤੋਂ ਆਏ ਸੀਨੀਅਰ ਮੈਡੀਕਲ ਅਫਸਰ, ਮੈਡੀਕਲ ਅਫਸਰ ਤੇ ਪੈਰਾਮੈਡੀਕਲ ਸਟਾਫ ਨੇ ਭਾਗ ਲਿਆ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਸੁਰਿੰਦਰ ਕੁਮਾਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁਗੱਲ, ਜਿਲਾ ਸਿਹਤ ਅਫਸਰ ਡਾ. ਕੁਲਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਸ ਮੌਕੇ ਤੇ ਜਿਲਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ ਨੇ ਕਿਹਾ ਕਿ ਬੱਚਿਆਂ ਨੂੰ ਗੰਭੀਰ ਬੀਮਾਰੀਆਂ ਤੋਂ ਬਚਾਅ ਲਈ ਉਨ੍ਹਾਂ ਦਾ ਟੀਕਾਕਰਨ ਹੋਣਾ ਜਰੂਰੀ ਹੈ। ਉਨ੍ਹਾਂ ਆਏ ਹੋਏ ਮੈਡੀਕਲ ਤੇ ਪੇਰਾਮੈਡੀਕਲ ਸਟਾਫ ਨੂੰ ਕਿਹਾ ਕਿ ਕੋਈ ਵੀ ਬੱਚਾ ਟੀਕਾਕਰਨ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ਤੇ ਜੇਕਰ ਟੀਕਾ ਲਗਾਉਣ ਤੋਂ ਬਾਅਦ ਕੋਈ ਦਿੱਕਤ ਆਉਂਦੀ ਹੈ ਤੇ ਅਜਿਹੇ ਕੇਸ ਨੂੰ ਤੁਰੰਤ ਰਿਪੋਰਟ ਕਰਨਾ ਚਾਹੀਦਾ ਹੈ।ਵਿਸ਼ਵ ਸਿਹਤ ਸੰਗਠਨ ਤੋਂ ਆਏ ਸਰਵੀਲੈਂਸ ਮੈਡੀਕਲ ਅਫਸਰ ਡਾ. ਰਿਸ਼ੀ ਸ਼ਰਮਾ ਨੇ ਦੱਸਿਆ ਕਿ ਮੀਸਲਜ ਅਤੇ ਰੂਬੇਲਾ ਸੰਕ੍ਰਾਮਕ (ਲਾਗ ਨਾਲ ਹੋਣ ਵਾਲੇ ) ਰੋਗ ਹਨ ਤੇ ਹਵਾ ਰਾਹੀਂ, ਜੁਕਾਮ ਹੋਣ ਨਾਲ ਇੱਕ ਤੋਂ ਦੂਸਰੇ ਵਿਅਕਤੀ ਤੱਕ ਫੈਲਦੇ ਹਨ। ਤੇਜ ਬੁਖਾਰ ਹੋਣਾ, ਸ਼ਰੀਰ ਤੇ ਧੱਬੇ ਪੈਣਾ, ਜੁਕਾਮ, ਲਾਲ ਅੱਖਾਂ ਇਸ ਦੇ ਲੱਛਣ ਹਨ। ਉਨ੍ਹਾਂ ਦੱਸਿਆ ਕਿ ਮੀਸਲਜ ਦਾ ਜੇਕਰ ਸਹੀ ਸਮੇਂ ਤੇ ਇਲਾਜ ਨਾ ਕੀਤਾ ਜਾਏ ਤੇ ਇਹ ਜਾਨਲੇਵਾ ਸਿੱਧ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਟੀਕਾਕਰਨ ਨਾਲ ਇਸ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ। ਡਾ. ਹਰਪ੍ਰੀਤ ਮੋਮੀ ਨੇ ਡੀ.ਪੀ.ਟੀ. ਬੀਮਾਰੀਆਂ ਦੇ ਲੱਛਣ ਤੇ ਉਨ੍ਹਾਂ ਦੇ ਇਲਾਜ ਤੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਉਕਤ ਬੀਮਾਰੀਆਂ ਦੇ ਸ਼ੱਕੀ ਕੇਸ ਹੋਣ ਦੇ ਹਾਲਤ ਵਿੱਚ ਤੁਰੰਤ ਟੈਸਟ ਕਰਵਾਉਣੇ ਚਾਹੀਦੇ ਹਨ ਤਾਂ ਕਿ ਸਮੇਂ ਰਹਿੰਦਿਆਂ ਬੀਮਾਰੀ ਤੇ ਕਾਬੂ ਪਾਇਆ ਜਾ ਸਕੇ। ਇਸ ਮੌਕੇ ਤੇ ਡਿਪਟੀ ਮਾਸ ਮੀਡੀਆ ਅਫਸਰ ਪਰਮਜੀਤ ਕੌਰ, ਸ਼ਸ਼ੀ ਬਾਲਾ,ਜਿਲਾ ਪ੍ਰੋਗਰਾਮ ਮੈਨੇਜਰ ਡਾ. ਸੁਖਵਿੰਦਰ ਕੌਰ, ਜਿਲਾ ਮੌਨਿਟਰਿੰਗ ਐਂਡ ਇਵੈਲੂਏਸ਼ਨ ਅਫਸਰ ਰਾਮ ਸਿੰਘ,ਰਣਜੀਤ ਕੌਰ, ਜੋਤੀ ਆਨੰਦ, ਰਜਨੀ ਤੇ ਹੋਰ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *