ਲੇਖ-( 14 ਜਨਵਰੀ ਮਾਘੀ ‘ਤੇ ਵਿਸ਼ੇਸ਼ )

ਖਿਦਰਾਣੇ ਦੀ ਢਾਬ ਦਾ ਇਤਿਹਾਸਕ ਤੇ ਭੂਗੋਲਿਕ ਮਹੱਤਵ
ਮਾਘ ਦਾ ਮਹੀਨਾ ਸ਼ੁਰੂ ਹੁੰਦਿਆਂ ਹੀ ਮੁਕਤਸਰ ਸ਼ਹਿਰ ਪ੍ਰਤੀ ਸਿੱਖ ਮਨਾਂ ਅੰਦਰ ਵਿਸ਼ੇਸ਼ ਖਿੱਚ ਦੇਖਣ ਨੂੰ ਮਿਲਦੀ ਹੈ।ਮੁਕਤਸਰ ਦਾ ਪਹਿਲਾ ਨਾਂ ‘ਖਿਦਰਾਣੇ ਦੀ ਢਾਬ’ ਸੀ।ਇਤਿਹਾਸਕ ਲਿਖਤਾਂ ਅਨੁਸਾਰ ਫਿਰੋਜ਼ਪੁਰ ਜ਼ਿਲੇ ਦੇ ਕਸਬੇ ਜਲਾਲਾਬਾਦ ਦੇ ਰਹਿਣ ਵਾਲੇ ਤਿੰਨ ਭਰਾ ਸਨ ਖਿਦਰਾਣਾ, ਰੁਪਾਣਾ ਅਤੇ ਧਿੰਗਾਣਾ।ਇਹ ਤਿੰਨੇ ਭਰਾ ਧਾਰਮਿਕ ਬਿਰਤੀ ਵਾਲੇ ਅਤੇ ਪੈਸੇ ਪੱਖੋਂ ਕਾਫ਼ੀ ਅਮੀਰ ਸਨ।ਇਹ ਇਲਾਕਾ ਖੁਸ਼ਕ ਤੇ ਰੇਤਲਾ ਸੀ।ਲੋਕਾਂ ਨੂੰ ਪਾਣੀ ਦੀ ਭਾਰੀ ਕਿੱਲਤ ਸੀ।ਇਹਨਾਂ ਤਿੰਨਾਂ ਭਰਾਵਾਂ ਨੇ ਪਾਣੀ ਦੀ ਸੌਖ ਲਈ ਨੇ ਆਪੋ ਆਪਣੇ ਨਾਂ ਤਿੰਨ ਢਾਬਾਂ ਖੁਦਵਾਈਆਂ ਜਿੰਨਾਂ ਵਿੱਚ ਸਾਉਣ ਦੇ ਮੀਹਾਂ ਦਾ ਪਾਣੀ ਭਰ ਜਾਂਦਾ। ਹੌਲੀ ਹੌਲੀ ਇਹਨਾਂ ਢਾਬਾਂ ਦੇ ਦੁਆਲੇ ਪਿੰਡ ਵਸ ਗਏ।
ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਤੋਂ ਉੱਚ ਦੇ ਪੀਰ ਬਣ ਕੇ ੧੩ ਪੋਹ ਨੂੰ ਆਲਮਗੀਰ ਪਹੁੰਚਦੇ ਹਨ।ਇਥੇ ਭਾਈ ਮਨੀ ਸਿੰਘ ਦਾ ਵੱਡਾ ਭਰਾ ‘ਭਾਈ ਨਿਹਾਗੀਆ’ ਗੁਰੂ ਜੀ ਨੂੰ ਘੋੜਾ ਭੇਂਟ ਕਰਦਾ ਹੈ।ਆਲਮਗੀਰ ਤੋਂ ਗੁਰੂ ਸਾਹਿਬ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਦੇ ਨਾਲ ‘ਹੇਹਰ’ ਪਿੰਡ ਇੱਕ ਉਦਾਸੀ ਮਹੰਤ ਦੇ ਡੇਰੇ ਰਾਤ ਰਹਿ ਕੇ ਅਗਲੇ ਦਿਨ ‘ਸੀਲੋਆਣੀ’ ਆ ਰੁਕੇ ਇੱਥੇ ਰਾਇਕੋਟ ਦਾ ਚੌਧਰੀ ਰਾਇ ਕੱਲਾ ਆਪ ਨਾਲ ਭੇਂਟ ਕਰਦਾ ਹੈ।ਰਾਇ ਕੱਲੇ ਵੱਲੋਂ ਭੇਜਿਆ ਨੂਰਾ ਮਾਹੀ ਸਰਹਿੰਦ ਤੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਲਿਆ ਕੇ ਗੁਰੂ ਸਾਹਿਬ ਜੀ ਨੂੰ ਸੁਣਾਉਂਦਾ ਹੈ।ਰਾਇ ਕੱਲਾ ਤੋਂ ਵਿਦਾ ਹੋ ਕੇ ਗੁਰੂ ਸਾਹਿਬ ਰਾਇ ਜੋਧ ਦੇ ਪੋਤਰੇ ਸ਼ਮੀਰ ਕੋਲ ‘ਦੀਨਾ’ ਪਿੰਡ ਆ ਗਏ।ਤਿੰਨੇ ਭਰਾਵਾਂ ਸ਼ਮੀਰ, ਲਖਮੀਰ ਤੇ ਤੱਖ਼ਤ ਮੱਲ ਨੇ ਗੁਰੂ ਸਾਹਿਬ ਦੀ ਰੱਜ ਕੇ ਸੇਵਾ ਕੀਤੀ। ਗੁਰੂ ਸਾਹਿਬ ਦੇ ਦੀਨੇ ਪਿੰਡ ਹੋਣ ਦੀ ਖ਼ਬਰ ਸੂਬੇ ਸਮੇਤ ਮਾਝੇ ਤੇ ਮਾਲਵੇ ਦੇ ਸਾਰੇ ਸਿੱਖਾਂ ਵਿੱਚ ਫ਼ੈਲ ਗਈ।ਸੂਬਾ ਸਰਹੰਦ ਤਿੰਨਾਂ ਭਰਾਵਾਂ ਨੂੰ ਧਮਕੀ ਭਰਿਆ ਪੱਤਰ ਲਿਖ ਕੇ ਗੁਰੂ ਸਾਹਿਬ ਨੂੰ ਹਕੂਮਤ ਦੇ ਹਵਾਲੇ ਕਰਨ ਲਈ ਆਖਿਆ।ਤਿੰਨਾਂ ਭਰਾਵਾਂ ਨੇ ਇਸ ਧਮਕੀ ਦੀ ਪ੍ਰਵਾਹ ਨਹੀਂ ਕੀਤੀ ਤੇ ਮੋੜਵਾਂ ਜਵਾਬ ਘੱਲਿਆ।ਸੂਬੇ ਨੇ ਫੌਜਦਾਰ ਹਸਨ ਖਾਂ ਨੂੰ ਚੜਾ੍ਹਈ ਦੀ ਤਿਆਰੀ ਕਰਨ ਲਈ ਕਿਹਾ।ਗੁਰੂ ਸਾਹਿਬ ਨੂੰ ਦੀਨੇ ਦਾ ਇਲਾਕਾ ਯੁੱਧ ਦੇ ਦ੍ਰਿਸ਼ਟੀਕੋਣ ਤੋਂ ਸੁਰੱਖਿਅਤ ਨਹੀਂ ਲੱਗ ਰਿਹਾ ਸੀ।ਗੁਰੂ ਸਾਹਿਬ ਕੁਝ ਦਿਨ ਦੀਨੇ ਰਹਿ ਕੇ ‘ਕਾਂਗੜ’ ਆ ਗਏ।ਕਾਂਗੜ ਤੋਂ ਹੀ ਆਪ ਔਰੰਗਜ਼ੇਬ ਨੂੰ ‘ਜ਼ਫਰਨਾਮਾ’ ਭੇਜਦੇ ਹਨ।
ਕਿਸੇ ਚੰਗੇ ਟਿਕਾਣੇ ਦੀ ਭਾਲ ਵਿੱਚ ਗੁਰੂ ਜੀ ਕੋਟਕਪੂਰੇ ਆਣ ਪਹੁੰਚੇ।ਗੁਰੂ ਸਾਹਿਬ ਨੇ ਮਹਿਸੂਸ ਕੀਤਾ ਕਿ ਕਪੂਰਾ ਅੰਦਰੋਂ ਮੁਗਲਾਂ ਤੋਂ ਡਰਦਾ ਹੈ।ਇਸ ਲਈ ਦੋ ਤਿੰਨ ਦਿਨ ਕੋਟਕਪੂਰੇ ਰਹਿ ਕੇ ਆਪ ਢਿਲਵਾਂ ਕਲਾਂ ਪੁੱਜਦੇ ਹਨ।ਇਤਿਹਾਸਕ ਲਿਖਤਾਂ ਅਨੁਸਾਰ ਇੱਥੇ ਹੀ ਗੁਰੂ ਸਾਹਿਬ ਨੇ ਨੀਲਾ ਬਾਣਾ ਉਤਾਰ ਕੇ ਸਫੈਦ ਬਸਤਰ ਪਾਏ ਸਨ।ਇੱਥੋਂ ਅਗਲਾ ਪੜਾਅ ਜੈਤੋ, ਚੌਂਤੜਾ ਤੇ ਫਿਰ ਸੁਨੀਅਰ ਦਾ ਕੀਤਾ।ਇਥੇ ਕਪੂਰੇ ਦਾ ਸੁਨੇਹਾ ਮਿਲਦਾ ਹੈ ਕਿ ਕਸੂਰ ਦਾ ਨਵਾਬ ਹਸਨ ਖ਼ਾਨ ਸਾਹਮਣਿਉਂ ਹਮਲਾ ਕਰਨ ਦੀ ਵਿਉਂਤ ਬਣਾ ਕੇ ਚੜਦਾ ਆ ਰਿਹਾ ਹੈ ਅਤੇ ਉਸਦੇ ਪਿੱਛੇ ਵਜੀਰ ਖ਼ਾਨ ਵੀ ਫੌਜਾਂ ਲਈ ਆ ਰਿਹਾ ਹੈ।ਦਿਨ ਢਲਦੇ ਤੱਕ ਗੁਰੂ ਜੀ ਰਾਮੇਆਣਾ ਪਿੰਡ ਪਹੁੰਚ ਜਾਂਦੇ ਹਨ।ਇਥੇ ਰਾਤ ਠਹਿਰ ਕੇ ਸਵੇਰੇ ਰੁਪਾਣੇ ਵੱਲ ਕੂਚ ਕਰ ਜਾਂਦੇ ਹਨ।ਵੈਸਾਖ ਦਾ ਮਹੀਨਾ ਚਲ ਰਿਹਾ ਸੀ।ਯੁੱਧ ਨੀਤੀ ਦੇ ਮਾਹਰ ਗੁਰੂ ਸਾਹਿਬ ਇਸ ਮੌਸਮ ਵਿੱਚ ਲੜਨ ਵਾਲੀਆਂ ਫੌਜਾਂ ਲਈ ਪਾਣੀ ਦੀ ਅਹਿਮੀਅਤ ਤੋਂ ਚੰਗੀ ਤਰਾਂ ਸਮ੍ਹਝਦੇ ਸਨ।ਇਸ ਪੱਖੋਂ ‘ਖ਼ਿਦਰਾਣੇ ਦੀ ਢਾਬ’ ਸਭ ਤੋਂ ਵਧੀਆ ਥਾਂ ਜਾਪੀ।
ਉਧਰ ਦੀਨੇ ਤੋਂ ਗੁਰੂ ਸਾਹਿਬ ਦੁਆਰਾ ਮਾਝੇ ਵੱਲ ਭੇਜੇ ਗਏ ਹੁਕਮਨਾਮੇ ਪਾ ਕੇ ਅਨੇਕਾਂ ਸਿੱਖ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਕਾਂਗੜ ਦੇ ਇਲਾਕੇ ਵੱਲ ਵਹੀਰਾਂ ਘੱਤਣ ਲੱਗੇ।ਇਹਨਾਂ ਵਿੱਚ ਮਾਝੇ ਇਲਾਕੇ ਦੀ ਉਹ ਪੰਚਾਇਤ ਵੀ ਸ਼ਾਮਿਲ ਸੀ ਜੋ ਇਹ ਮਤਾ ਪਕਾ ਕੇ ਆ ਰਹੀ ਸੀ ਕਿ ਉਹ ਗੁਰੂ ਸਾਹਿਬ ਨੂੰ ਮੁਗਲਾਂ ਨਾਲ ਹੋਰ ਟਕਰਾਉ ਵਿੱਚ ਪੈਣ ਤੋਂ ਵਰਜਣਗੇ। ਮਾਝੇ ਦੇ ਇਹ 40 ਸਿੰਘ ਤੇ ਇਕਤਾਲਵੀਂ ਮਾਈ ਭਾਗ ਕੌਰ ਰੁਪਾਣੇ ਦੇ ਰਾਹ ਵਿੱਚ ਹੀ ਗੁਰੂ ਸਾਹਿਬ ਨੂੰ ਮਿਲ ਪਏ।ਇਹਨਾਂ ਮਝੈਲ ਸਿੱਖਾਂ ਨੇ ਗੁਰੂ ਸਾਹਿਬ ਨਾਲ ਪਰਿਵਾਰ ਬਾਰੇ ਅਫਸੋਸ ਕਰਨ ਤੋਂ ਬਾਅਦ ਕਿਹਾ ਕਿ “ਅਸੀਂ ਤੁਹਾਡਾ ਸਮਝੌਤਾ ਮੁਗਲ ਫੌਜਾਂ ਨਾਲ ਕਰਵਾ ਦਿੰਦੇ ਹਾਂ।ਆਪ ਜੀ ਜੰਗਾਂ ਜੁੱਧਾਂ ਦਾ ਰਸਤਾ ਛੱਡ ਕੇ ਅੰਮ੍ਰਿਤਸਰ ਚੱਲੋ ਅਤੇ ਸ਼ਾਂਤੀ ਨਾਲ ਧਰਮ ਦਾ ਪ੍ਰਚਾਰ ਕਰੋ”।ਮਝੈਲ ਸਿੱਖਾਂ ਦੀਆਂ ਕਾਇਰਤਾ ਵਾਲੀਆਂ ਗੱਲਾਂ ਸੁਣ ਕੇ ਗੁਰੂ ਸਾਹਿਬ ਰੋਹ ਵਿੱਚ ਆ ਗਏ ਤੇ ਕਿਹਾ ਕਿ “ਤੁਸੀ ਉੱਦੋਂ ਕਿਉਂ ਨਾ ਸੁਲਾ ਕਰਵਾਉਣ ਆਏ ਜਦੋਂ ਪੰਚਮ ਪਾਤਸ਼ਾਹ ਨੂੰ ਤੱਤੀ ਤਵੀ ਤੇ ਬਿਠਇਆ ਜਾ ਰਿਹਾ ਸੀ।ਜਦੋਂ ਗੁਰੂ ਪਿਤਾ ਤੇਗ ਬਹਾਦਰ ਨੇ ਦਿੱਲੀ ਜਾ ਕੇ ਧਰਮ ਦੀ ਰੱਖਿਆ ਲਈ ਕੁਰਬਾਨੀ ਕੀਤੀ ਤੁਸੀਂ ਉਦੋਂ ਕਿੱਥੇ ਸੀ।ਅਨੰਦਪੁਰ ਦੇ ਕਿਲੇ ਨੂੰ ਕਈ ਮਹੀਨੇ ਘੇਰਾ ਪਿਆ ਰਿਹਾ, ਤੁਸੀਂ ਉਦੋਂ ਨਾ ਆਏ।ਅੱਜ ਤੁਸੀਂ ਮੈਨੂੰ ਸਮਝੌਤੇ ਦਾ ਰਾਹ ਦਿਖਾਉਣ ਆਏ ਹੋ?
ਪ੍ਰੋ: ਪਿਆਰਾ ਸਿੰਘ ਪਦਮ ‘ਗੁਰੂ ਕੀਆਂ ਸਾਖੀਆਂ’ ਵਿੱਚ ਲਿਖਦੇ ਹਨ, “ਗੁਰੂ ਜੀ ਦੇ ਰੋਹ ਭਰੇ ਬੋਲ ਸੁਣ ਕੇ ਭਾਗ ਸਿੰਘ ਝਬਾਲੀਏ ਨੇ ਕਿਹਾ ਕਿ ਜੇ ਤੁਸੀਂ ਇਸੇ ਤਰਾਂ ਹੀ ਰਹਿਣਾ ਹੈ ਤਾਂ ਸਾਡੇ ਤੋਂ ਤੁਹਾਡੀ ਸਿੱਖੀ ਨਹੀਂ ਨਿਭ ਸਕਦੀ।ਅਸੀਂ ਵਾਪਸ ਚੱਲੇ ਹਾਂ।ਗੁਰੂ ਸਾਹਿਬ ਨੇ ਕਿਹਾ ਕਿ ਲਿਖ ਕੇ ਦੇ ਜਾਉ, ਮਾਝਾ ਦੇਸ ਗੁਰੂ ਦਾ ਸਿੱਖ ਨਹੀਂ।ਇੱਕ ਕਾਗਜ਼ ੳੁੱਤੇ ਭਾਗ ਸਿੰਘ ਝਬਾਲੀਏ, ਦਿਲਬਾਗ ਸਿੰਘ, ਘਰਬਾਰਾ ਸਿੰਘ ਅਤੇ ਗੰਡਾ ਸਿੰਘ ਨੇ ਬੇਦਾਵਾ ਲਿਖ ਕੇ ਦਸਤਖ਼ਤ ਕੀਤੇ।ਬਾਕੀਆਂ ਨੇ ਨੀਵੀਆਂ ਪਾ ਲਈਆਂ”।ਗੁਰੂ ਸਾਹਿਬ ਨੂੰ ਉਸੇ ਵੇਲੇ ਇੱਕ ਸੂਹੀਏ ਨੇ ਆ ਕੇ ਖ਼ਬਰ ਦਿੱਤੀ ਕਿ ਤੁਰਕ ਫੌਜ ਬਹੁਤ ਨੇੜੇ ਆ ਗਈ ਹੈ।ਗੁਰੂ ਸਾਹਿਬ ਨੇ ਸਥਿਤੀ ਦੀ ਗੰਭੀਰਤਾ ਨੂੰ ਭਾਂਪਦਿਆਂ ਆਪਣੇ ਸਿੰਘਾਂ ਨੂੰ ‘ਖ਼ਿਦਰਾਣੇ ਦੀ ਢਾਬ’ ਵੱਲ ਵਧਣ ਲਈ ਕਿਹਾ।
ਗੁਰੂ ਸਾਹਿਬ ਦੇ ਉੱਥੋਂ ਚਲੇ ਜਾਣ ਤੋਂ ਬਾਅਦ ਮਾਈ ਭਾਗ ਕੌਰ ਜੋ ਕਿ ਭਾਗ ਸਿੰਘ ਅਤੇ ਦਿਲਬਾਗ ਸਿੰਘ ਦੀ ਵੱਡੀ ਭੈਣ ਸੀ, ਉਹ ਉੱਠ ਕੇ ਖੜੀ ਹੋ ਗਈ ਤੇ ਕਹਿਣ ਲੱਗੀ “ਗੁਰੂ ਨਾਲੋਂ ਸਾਰੇ ਸਬੰਧ ਤੋੜ ਕੇ ਕਿਹੜਾ ਮੂੰਹ ਲੈ ਕੇ ਵਾਪਸ ਜਾਉਗੇ।ਘਰ ਵਾਪਸ ਗਿਆਂ ਨੂੰ ਸਾਰੇ ਇਲਾਕੇ ਨੇ ਲਾਹਨਤਾਂ ਪਾਉਣੀਆਂ ਹਨ ਕਿ ਚੰਗੀ ਖੈਰ ਝੋਲੀ ਪਵਾ ਕੇ ਵਾਪਸ ਆਏ ਹੋ! ਘਰ ਦੀਆਂ ਸਵਾਣੀਆਂ ਵੀ ਮਿਹਣੇ ਮਾਰਨਗੀਆਂ ਕਿ ਔਖੇ ਵੇਲੇ ਗੁਰੂ ਨੂੰ ਪਿੱਠ ਦਿਖਾ ਕੇ ਵਾਪਸ ਆ ਗਏ।ਗੁਰੂ ਨੂੰ ਇਸ ਔਖੇ ਸਮੇਂ ਵਿੱਚ ਛੱਡ ਕੇ ਜਾਣਾ ਠੀਕ ਨਹੀਂ, ਘੱਟੋ ਘੱਟ ਮੈਂ ਵਾਪਸ ਨਹੀਂ ਜਾਵਾਂਗੀ”।
ਮਾਈ ਭਾਗ ਕੌਰ ਦੀ ਇਸ ਵੰਗਾਰ ਨੇ ਮਝੈਲਾਂ ਦੀ ਸੁੱਤੀ ਅਣਖ਼ ਨੂੰ ਟੁੰਬਿਆ।ਉਹਨਾਂ ਵਿੱਚ ਗੈਰਤ ਜਾਗੀ ਤੇ ਸਭ ਨੇ ਫ਼ੈਸਲਾ ਕੀਤਾ ਕਿ ਗੁਰੂ ਸਾਹਿਬ ਦੇ ਪਿੱਛੇ ਜਾ ਕੇ ਉਹਨਾਂ ਦਾ ਸਾਥ ਦਿੱਤਾ ਜਾਵੇ।ਸਾਰੇ ਮਝੈਲ ਜੈਕਾਰੇ ਛੱਡਦੇ ਹੋਏ ਖਿਦਰਾਣੇ ਦੀ ਢਾਬ ਕੰਢੇ ਆ ਖੜੇ ਹੋਏ।ਢਾਬ ਦੇ ਆਸੇ ਪਾਸੇ ਜੰਡ, ਕਰੀਰ ਤੇ ਵੱਡੀਆਂ ਵੱਡੀਆਂ ਝਾੜੀਆਂ ਸਨ।ਪੂਰਬ ਦਿਸ਼ਾ ਵੱਲ ਜਿਧਰੋਂ ਫੌਜ ਆ ਰਹੀ ਸੀ, ਝਾੜੀਆਂ ਦਰੱਖਤਾਂ ਉਹਲੇ ਪੂਰੀ ਤਰਾਂ ਡਟ ਗਏ।ਗੁਰੂ ਸਾਹਿਬ ਦੇ ਨਾਲ ਦੇ ਸਿੰਘਾਂ ਨੇ ਝਾੜੀਆਂ ਉੱਤੇ ਆਪਣੇ ਭੂਰੇ (ਕੰਬਲ) ਤੇ ਹੋਰ ਕੱਪੜੇ ਪਾ ਦਿੱਤੇ ਜਿਸ ਨਾਲ ਦੂਰੋਂ ਕਿਸੇ ਵੱਡੀ ਫੌਜੀ ਛਾੳਣੀ ਭੁਲੇਖਾ ਪਏ।ਗੁਰੂ ਜੀ ਨੇ ਖੁਦ ਇੱਕ ਉੱਚੀ ਟਿੱਬੀ ‘ਤੇ ਮੋਰਚਾ ਸਾਂਭ ਲਿਆ।ਤੁਰਕ ਫੌਜ ਦਾ ਪਹਿਲਾ ਮੁਕਾਬਲਾ ਇਹਨਾਂ ਮਝੈਲ ਸਿੰਘਾਂ ਨੇ ਹੀ ਕੀਤਾ।ਗੁਰੂ ਜੀ ਟਿੱਬੀ ਤੋਂ ਤੀਰਾਂ ਦੀ ਵਰਖਾ ਕਰ ਰਹੇ ਸਨ।ਦੋਹਾਂ ਪਾਸਿਆਂ ਤੋਂ ਚੰਗਾ ਲੋਹਾ ਖੜਕਿਆ।ਮਾਈ ਭਾਗੋ ਵੀ ਪੂਰੀ ਬਹਾਦਰੀ ਨਾਲ ਲੜੀ।ਸਿੰਘ ਬੋਲੇ ਸੋ ਨਿਹਾਲ ਦੇ ਜੈਕਾਰੇ ਗਜਾਉਂਦੇ ਤੁਰਕਾਂ ਉੱਤੇ ਭਾਰੀ ਪੈ ਰਹੇ ਸਨ।ਅਨੇਕਾਂ ਸਿੰਘ ਲੜਦੇ ਹੋਏ ਸ਼ਹੀਦੀਆਂ ਪਾਉਣ ਲੱਗੇ ਪਰ ਸਿੰਘਾਂ ਨੇ ਢਾਬ ਦੇ ਪਾਣੀ ਦਾ ਕਿਨਾਰਾ ਮੱਲੀ ਰੱਖਿਆ।ਵੈਸਾਖ ਦਾ ਮੌਸਮ, ਤੇ ਜੰਡ, ਕਰੀਰਾਂ, ਵਣਾਂ ਤੇ ਝਾੜੀਆਂ ਵਾਲੇ ਰਤੀਲੇ ਇਲਾਕੇ ਅੰਦਰ ਕੁਝ ਘੰਟੇ ਲੜਨ ਤੋਂ ਬਾਅਦ ਹੀ ਤੁਰਕ ਫੌਜ ਪਾਣੀ ਦੀ ਤਿਹਾਈ ਮਰਨ ਲੱਗੀ।ਵੈਰੀ ਦਲ ਪਾਣੀਂ ਖੁਣੋਂ ਘਬਰਾ ਗਿਆ।ਪ੍ਰੋ: ਸਾਹਿਬ ਸਿੰਘ ਲਿਖਦੇ ਹਨ “ਕੋਟਕਪੂਰੇ ਤੋਂ ਲੰਘਦਿਆਂ ਸੂਬਾ ਚੌਧਰੀ ਕਪੂਰੇ ਨੂੰ ਵੀ ਨਾਲ ਲੈ ਆਇਆ ਸੀ।ਜਦੋਂ ਸੂਬੇ ਨੇ ਫੌਜ ਦੀ ਬੁਰੀ ਹਾਲਤ ਦੇਖ ਕੇ ਚੌਧਰੀ ਕਪੂਰੇ ਨੂੰ ਪਾਣੀ ਬਾਰੇ ਪੁੱਛਿਆ ਤਾਂ ਕਪੂਰੇ ਨੇ ਦੱਸਿਆ ਕਿ ਪਾਣੀ ਤਾਂ ਦਸ ਕੋਹਾਂ ਪਿਛਾਂਹ ਰਹਿ ਗਿਆ ਹੈ।ਇੱਥੇ ਨੇੜੇ ਕਿਤੇ ਪਾਣੀ ਨਹੀਂ ਮਿਲਣਾ।ਇਹ ਸੁਣ ਕੇ ਫੌਜਦਾਰਾਂ ਨੇ ਸਲਾਹ ਦਿੱਤੀ ਕਿ ਏਨੀ ਗਰਮੀ ਵਿੱਚ ਫੌਜ ਦਾ ਪਾਣੀ ਬਿਨਾਂ ਲੜਨਾ ਬਹੁਤ ਮੁਸ਼ਕਿਲ ਹੈ ਤੇ ਸਲਾਮਤੀ ਪਿਛਾਂਹ ਮੁੜਨ ਵਿੱਚ ਹੀ ਹੈ।
ਦੁਪਹਿਰ ਤੱਕ ਲੜਦਿਆਂ 300 ਦੇ ਕਰੀਬ ਸਿੰਘ ਸ਼ਹੀਦ ਹੋ ਚੁੱਕੇ ਸਨ।ਗੁਰੂ ਸਾਹਿਬ ਵੀ ਟਿੱਬੀ ਤੋਂ ਹੇਠਾਂ ਉੱਤਰ ਕੇ ਸਿੰਘਾਂ ਦਾ ਨੇੜੇ ਆ ਗਏ ਸਨ।ਤੁਰਕ ਫੌਜ ਪਾਣੀ ਦੀ ਤ੍ਰੇਹ ਨਾਲ ਹੌਂਕਣ ਲੱਗੀ।ਟਿੱਬੀ ਖਾਲੀ ਦੇਖ ਕੇ ਸੂਬੇ ਨੇ ਸੋਚਿਆ ਕਿ ਸ਼ਾਇਦ ਗੁਰੂ ਸਾਹਿਬ ਲੜਾਈ ਵਿੱਚ ਸ਼ਹੀਦ ਹੋ ਚੁੱਕੇ ਹਨ।ਉਸ ਨੇ ਫੌਜਾਂ ਨੂੰ ਵਾਪਸ ਚਾਲੇ ਪਾਉਣ ਲਈ ਕਿਹਾ।ਫੌਜ ਪਾਣੀ ਦੀ ਤਲਾਸ਼ ਵਿੱਚ ਭੱਜ ਉੱਠੀ।ਮੈਦਾਨ ਖਾਲੀ ਹੋਣ ਤੇ ਗੁਰੂ ਸਾਹਿਬ ਸ਼ਹੀਦਾਂ ਅਤੇ ਜ਼ਖਮੀ ਸਿੰਘਾਂ ਦੀ ਸੰਭਾਲ ਵਾਸਤੇ ਬਾਕੀ ਸਿੰਘਾਂ ਨਾਲ ਆਪ ਚਲ ਕੇ ਉੱਥੇ ਆ ਗਏ।ਗੁਰੂ ਸਾਹਿਬ ਇਕੱਲੇ ਇਕੱਲੇ ਜ਼ਖਮੀ ਸਿੰਘ ਦਾ ਚਿਹਰਾ ਰੁਮਾਲ ਨਾਲ ਸਾਫ਼ ਕਰਦੇ ਹੋਏ ਅਸੀਸਾਂ ਦਿੱਤੀਆਂ।ਕਿਸੇ ਨੂੰ ‘ਪੰਜ ਹਜਾਰੀ’ ਕਿਸੇ ਨੂੰ ‘ਦਸ ਹਜਾਰੀ’ ਕਿਸੇ ਨੂੰ ‘ਤੀਹ ਹਜਾਰੀ’ ਕਹਿ ਕੇ ਮਾਣ ਬਖਸ਼ਿਆ।ਮਾਈ ਭਾਗ ਕੌਰ ਦਾ ਪਤੀ ਨਿਧਾਨ ਸਿੰਘ ਤੇ ਭਰਾ ਸ਼ਹੀਦ ਹੋ ਚੁੱਕੇ ਸਨ ਪਰ ਆਪ ਅਜੇ ਉਹ ਜ਼ਖਮਾਂ ਦੀ ਪੀੜ ਨਾਲ ਸਹਿਕ ਰਹੀ ਸੀ।ਸਿੰਘਾਂ ਨੇ ਜਲਦੀ ਨਾਲ ਉਸਦੀ ਮੱਲਮ ਪੱਟੀ ਕਰਕੇ ਸੰਭਾਲ ਕੀਤੀ।ਭਾਈ ਮਹਾਂ ਸਿੰਘ ਵੀ ਇੱਕ ਪਾਸੇ ਪਿਆ ਮੌਤ ਦੀਆਂ ਘੜੀਆਂ ਗਿਣ ਰਿਹਾ ਸੀ।ਗੁਰੂ ਸਾਹਿਬ ਮਹਾਂ ਸਿੰਘ ਕੋਲ ਆ ਕੇ ਉਸਦਾ ਸਿਰ ਗੋਦ ਵਿੱਚ ਰੱਖਦੇ ਹਨ ਤੇ ਉਸਦੀ ਬਹਾਦਰੀ ਉੱਪਰ ਪ੍ਰਸੰਨ ਹੋ ਕੇ ਕੋਈ ਮੰਗ ਮੰਗਣ ਲਈ ਆਖ਼ਦੇ ਹਨ।ਜ਼ਖਮੀ ਹੋਇਆ ਮਹਾਂ ਸਿੰਘ ਦੋਵੇਂ ਹੱਥ ਜੋੜ ਕੇ ਅਰਜ਼ ਕਰਦਾ ਹੈ ਕਿ “ਜੇ ਤੁੱਠੇ ਹੋ ਤਾਂ ਉਹ ਬੇਦਾਵਾ ਪਾੜ ਦਿਉ ਜੋ ਮਾਝੇ ਦੀ ਪੰਚਾਇਤ ਨੇ ਲਿਖ ਕੇ ਦਿੱਤਾ ਹੈ, ਮਾਝੇ ਦੀ ਟੁੱਟੀ ਫ਼ਿਰ ਤੋਂ ਗੰਢ ਲਵੋ”।ਗੁਰੂ ਸਾਹਿਬ ਨੇ ਉਸੇ ਵੇਲੇ ਆਪਣੇ ਖੀਸੇ ਵਿੱਚੋਂ ਬੇਦਾਵੇ ਵਾਲਾ ਕਾਗਜ਼ ਕੱਢ ਮਹਾਂ ਸਿੰਘ ਦੇ ਸਾਹਮਣੇ ਪਾੜ ਦਿੱਤਾ।ਮਹਾਂ ਸਿੰਘ ਉਸੇ ਪਲ ਪ੍ਰਾਣ ਤਿਆਗ ਦਿੱਤੇ।ਗੁਰੂ ਸਾਹਿਬ ਨੇ ਚਿਖਾ ਤਿਆਰ ਕਰਵਾ ਕੇ ਆਪਣੇ ਹੱਥੀਂ ਇਹਨਾਂ ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ।ਮਾਈ ਭਾਗ ਕੌਰ ਤੰਦਰੁਸਤ ਹੋਣ ਤੋਂ ਬਾਅਦ ਕਾਫ਼ੀ ਸਮਾਂ ਗੁਰੂ ਸਾਹਿਬ ਦੀ ਸੰਗਤ ਨਾਲ ਹੀ ਰਹੀ।ਗੁਰੂ ਸਾਹਿਬ ਨੇ ਬਚਨ ਕੀਤਾ ਕਿ ਇਹਨਾਂ ਸਿੰਘਾਂ ਨੇ ਧਰਮ ਯੁੱਧ ਲਈ ਆਪਣੀਆਂ ਜਾਨਾਂ ਵਾਰੀਆਂ ਹਨ।ਇਹ 40 ਹੀ ਮੁਕਤ ਹੋਏ।ਇਹ ਅਸਥਾਨ ਮੁਕਤਿਆਂ ਦਾ ਸ਼ਹੀਦ ਗੰਜ ਹੈ ਅਤੇ ਅੱਗੇ ਤੋਂ ‘ਮੁਕਤੀਸਰ’ ਅਖ਼ਵਾਏਗਾ।ਪ੍ਰੋ: ਸਹਿਬ ਸਿੰਘ ਅਤੇ ਹੋਰ ਕਈ ਇਤਿਹਾਸਕ ਲਿਖਤਾਂ ਅਨੁਸਾਰ ਇਹ 21 ਵੈਸਾਖ ਦਾ ਦਿਨ ਸੀ।ਗੁਰੂ ਸਾਹਿਬ ਦੀ ਮੁਗਲਾਂ ਨਾਲ ਇਹ ਆਖ਼ਰੀ ਜੰਗ ਸੀ।
ਚਾਲੀ ਮੁਕਤਿਆਂ ਦੀ ਇਹ ਧਰਤੀ ਖ਼ਿਦਰਾਣੇ ਦੀ ਢਾਬ ਗੁਰੁ ਸਾਹਿਬ ਦੇ ਬਚਨਾਂ ਸਦਕਾ ‘ਮੁਕਤਸਰ’ ਦੇ ਨਾਂ ਨਾਲ ਵਿੱਚ ਜਾਣੀ ਜਾਂਦੀ ਹੈ।ਦੇਸ਼ ਵਿਦੇਸ਼ ਤੋਂ ਲੱਖਾਂ ਸੰਗਤਾਂ ਇਥੇ ਪਹੁੰਚ ਕੇ ਉਹਨਾਂ ਸ਼ਹੀਦਾਂ ਨੂੰ ਸੀਸ ਝੁਕਾਉਂਦੀਆਂ ਹਨ।ਮੌਜੂਦਾ ਸਮੇਂ ਇਸ ਪਵਿੱਤਰ ਧਰਤੀ ਨੂੰ ‘ਸ਼੍ਰੀ ਮੁਕਤਸਰ ਸਾਹਿਬ’ ਕਿਹਾ ਜਾਂਦਾ ਹੈ।
—————————-

ਸਵਰਨਦੀਪ ਸਿੰਘ ਨੂਰ

Geef een reactie

Het e-mailadres wordt niet gepubliceerd. Vereiste velden zijn gemarkeerd met *