ਰਾਜਨੀਤੀ ਵਿੱਚ ਅਪਰਾਧੀਕਰਣ : ਦੇਸ਼ ਨੂੰ ਪ੍ਰਵਾਨ…

-ਜਸਵੰਤ ਸਿੰਘ ‘ਅਜੀਤ’

ਕੋਈ ਤਿੰਨ-ਕੁ ਵਰ੍ਹੇ ਪਹਿਲਾਂ ਦੀ ਗਲ ਹੈ ਕਿ ਦੇਸ਼ ਦੀ ਸਰਵੁੱਚ ਅਦਾਲਤ, ਸੁਪ੍ਰੀਮ ਕੋਰਟ ਨੇ ਦੇਸ਼ ਦੀ ਰਾਜਨੀਤੀ ਵਿੱਚ ਅਪਰਾਧੀ ਅਨਸਰ ਦੀ ਵੱਧ ਰਹੀ ਭਾਈਵਾਲੀ ਪੁਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਸੀ ਕਿ ਰਾਜਨੀਤੀ ਵਿੱਚ ਵੱਧ ਰਿਹਾ ਅਪਰਾਧੀਕਰਣ ਦੇਸ਼ ਦੀ ਰੀੜ ਦੀ ਹੱਡੀ ਵਿੱਚ ਨਾਸੂਰ ਬਣ, ਪਨਪ ਰਿਹਾ ਹੈ, ਜੋ ਕਿ ਦੇਸ਼ ਦੇ ਲੋਕਤੰਤ੍ਰ ਦੀ ਪਵਿਤ੍ਰਤਾ ਲਈ ਭਾਰੀ ਖਤਰਾ ਹੈ, ਇਸਲਈ ਦੇਸ਼ ਦੀ ਰਾਜਨੀਤੀ ਵਿੱਚ ਵੱਧਦੇ ਜਾ ਰਹੇ ਅਪਰਾਧੀਕਰਣ ਨੂੰ ਬਹੁਤ ਹੀ ਗੰਭੀਰਤਾ ਨਾਲ ਲ਼ੈਣ ਅਤੇ ਉਸਨੂੰ ਠਲ੍ਹ ਪਾਣ ਦੀ ਲੋੜ ਹੈ। ਇਹ ਚਿੰਤਾ ਪ੍ਰਗਟ ਕਰਦਿਆਂ ਅਦਾਲਤ ਨੇ ਇਹ ਸਲਾਹ ਵੀ ਦਿੱਤੀ ਸੀ ਕਿ ਜਿਨ੍ਹਾਂ ਵਿਅਕਤੀਆਂ ਵਿਰੁਧ ਅਦਾਲਤ ਵਲੋਂ ਦੋਸ਼ ਤੈਅ ਕੀਤੇ ਜਾ ਚੁਕੇ ਹਨ, ਉਨ੍ਹਾਂ ਨੂੰ ਕੇਂਦਰੀ ਤੇ ਪ੍ਰਦੇਸ਼ਕ ਮੰਤਰੀ-ਮੰਡਲਾਂ ਵਿੱਚ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ। ਸੁਪ੍ਰੀਮ ਕੋਰਟ ਨੇ ਹੋਰ ਕਿਹਾ ਕਿ ਇਹ ਵੀ ਵੇਖਣ ਨੂੰ ਮਿਲ ਰਿਹਾ ਹੈ ਕਿ ਭਾਰਤੀ ਸਮਾਜ ਵਿੱਚ ਅਪਰਾਧੀਕਰਣ ਬਹੁਤ ਹੀ ਬੁਰੀ ਤਰ੍ਹਾਂ ਫੈਲਦਾ ਚਲਿਆ ਜਾ ਰਿਹਾ ਹੈ। ਜਿਸ ਕਾਰਣ ਹਾਲਾਤ ਬਹੁਤ ਹੀ ਗੰਭੀਰ ਹੁੰਦੇ ਜਾ ਰਹੇ ਹਨ। ਇਤਨਾ ਹੀ ਨਹੀਂ ਅਦਾਲਤ ਨੇ ਇਹ ਵੀ ਕਿਹਾ ਕਿ ਸਮਾਜ ਵਿੱਚ ਅਪਰਾਧ (ਕ੍ਰਾਈਮ) ਸਿੰਡੀਕੇਟ ਵੀ ਫੈਲਦੇ ਜਾ ਰਹੇ ਹਨ। ਕਈ ਰਾਜਸੀ ਵਿਅਕਤੀਆਂ, ਬਿਊਰੋਕ੍ਰੇਟਾਂ ਅਤੇ ਅਪਰਾਧੀਆਂ ਵਿੱਚ ਸਾਂਝ ਵੀ ਵੱਧਦੀ ਜਾ ਰਹੀ ਹੈ। ਸਮਾਜ ਵਿੱਚ ਇਸਦਾ ਅਸਰ ਲਗਾਤਾਰ ਵੱਧਦਾ ਜਾਂਦਾ ਵੇਖਣ ਨੂੰ ਮਿਲਣ ਲਗਾ ਹੈ। ਅਦਾਲਤ ਨੇ ਇਹ ਵੀ ਯਾਦ ਕਰਵਾਇਆ ਕਿ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ ਕਿ 1996 ਵਿੱਚ ਰਾਸ਼ਟਰਪਤੀ ਤਕ ਨੂੰ ਰਾਸ਼ਟਰ ਦੇ ਨਾਂ ਜਾਰੀ ਆਪਣੇ ਸੰਦੇਸ਼ ਵਿੱਚ ਇਸਦਾ ਜ਼ਿਕਰ ਕਰਨਾ ਪੈ ਗਿਆ ਸੀ। ਸੁਪ੍ਰੀਮ ਕੋਰਟ ਨੇ ਹੋਰ ਕਿਹਾ ਕਿ ‘ਸਿਸਟੇਮੈਟਿਕ ਭ੍ਰਿਸ਼ਟਾਚਾਰ’ ਅਤੇ ‘ਪ੍ਰਾਯੋਜਿਤ ਕ੍ਰਿਮਨਲਾਈਜ਼ੇਸ਼ਨ’ ਕਾਰਣ ਲੋਕਤੰਤ੍ਰ ਦੀ ਬੁਨਿਆਦ ਤਕ ਨੂੰ ਵੀ ਖਤਰਾ ਪੈਦਾ ਹੋ ਰਿਹਾ ਹੈ। ਅਦਾਲਤ ਨੇ ਕਿਹਾ ਕਿ ਇੱਕ ਲੋਕਤਾਂਤ੍ਰਿਕ ਦੇਸ਼ ਵਿੱਚ ਲੋਕਾਂ ਵਲੋਂ ਇਹ ਆਸ ਪ੍ਰਗਟ ਕੀਤੀ ਜਾਂਦੀ ਹੈ ਕਿ ਦੇਸ਼ ਪੁਰ ਜੋ ਵੀ ਸ਼ਾਸਨ (ਹਕੂਮਤ) ਕਰੇ, ਉਹ ਤੇ ਉਸਦੇ ਪ੍ਰਤੀਨਿਧੀ ਬੇਦਾਗ਼ ਹੋਣ ਅਤੇ ਕਿਸੇ ਵੀ ਤਰ੍ਹਾਂ ਦੇ ਅਪ੍ਰਾਧ ਵਿੱਚ ਲਿਪਤ ਨਾ ਹੋਣ। ਸੁਪ੍ਰੀਮ ਕੋਰਟ ਨੇ ਇਸਦੇ ਨਾਲ ਭ੍ਰਿਸ਼ਟਾਚਾਰ ਦਾ ਮੁੱਦਾ ਵੀ ਚੁਕਿਆ ਅਤੇ ਕਿਹਾ ਕਿ ਦੋਵੇਂ ਆਪਰਾਧੀ ਅਤੇ ਭ੍ਰਿਸ਼ਟਾਚਾਰੀ, ਨਾਲੋ-ਨਾਲ ਇੱਕ-ਜੁਟ ਹੋ ਚਲ ਰਹੇ ਹਨ ਤੇ ਦੇਸ਼ ਇਸਨੂੰ ਮੂਕ-ਦਰਸ਼ਕ ਬਣ ਵੇਖ ਰਿਹਾ ਹੈ। ਇਸੇ ਦਾ ਨਤੀਜਾ ਇਹ ਹੋ ਰਿਹਾ ਹੈ ਕਿ ਲੋਕਤੰਤ੍ਰ ਪ੍ਰਤੀ ਆਮ ਲੋਕਾਂ ਦੇ ਭਰੋਸੇ ਤੇ ਡੂੰਘੀ ਸੱਟ ਵੱਜ ਰਹੀ ਹੈ।
ਦੇਸ਼ ਦੀ ਰਾਜਨੀਤੀ ਵਿੱਚ ਵੱਧ ਰਹੇ ਅਪ੍ਰਾਧੀਕਰਣ ਤੇ ਭ੍ਰਿਸ਼ਟਾਚਾਰ ਅਤੇ ਉਨ੍ਹਾਂ ਵਿੱਚ ਬਣ ਰਹੀ ਸਾਂਝ ਪੁਰ ਸੁਪ੍ਰੀਮ ਕੋਰਟ ਵਲੋਂ ਇਹ ਚਿੰਤਾ ਪ੍ਰਗਟ ਕੀਤਿਆਂ ਤਿੰਨ ਵਰ੍ਹਿਆਂ ਤੋਂ ਅਤੇ ਰਾਸ਼ਟਰਪਤੀ ਵਲੋਂ ਚਿੰਤਾ ਪ੍ਰਗਟ ਕਰਿਆਂ 21 ਵਰ੍ਹਿਆਂ ਤੋਂ ਵੀ ਵੱਧ ਦਾ ਸਮਾਂ ਬੀਤ ਗਿਆ, ਪ੍ਰੰਤੂ ਇਸ ਪੁਰ ਕਿਸੇ ਵੀ ਪੱਧਰ ਤੇ ਕੋਈ ਸੁਧਾਰ ਹੋਇਆ ਹੋਵੇ? ਨਜ਼ਰ ਨਹੀਂ ਆ ਰਿਹਾ।
ਹਾਲ ਵਿੱਚ ਹੀ ਹਿਮਾਚਲ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਦੇ ਜੋ ਅੰਕੜੇ ਸਾਹਮਣੇ ਆਏ ਹਨ, ਉਨ੍ਹਾਂ ਅਨੁਸਾਰ ਵਿਧਾਨ ਸਭਾ ਲਈ ਚੁਣੇ ਗਏ 68 ਮੈਂਬਰਾਂ ਵਿਚੋਂ 22 ਅਜਿਹੇ ਹਨ, ਜਿਨ੍ਹਾਂ ਆਪ ਮੰਨਿਆ ਹੈ ਕਿ ਉਨ੍ਹਾਂ ਵਿਰੁਧ ਅਪ੍ਰਾਧਕ ਮਾਮਲੇ ਦਰਜ ਹਨ ਅਤੇ ਇਨ੍ਹਾਂ ਵਿਚੋਂ 8 ਅਜਿਹੇ ਹਨ ,ਜਿਨ੍ਹਾਂ ਆਪਣੇ ਵਿਰੁਧ ਗੰਭੀਰ ਅਪ੍ਰਾਧਕ ਮਾਮਲੇ ਦਰਜ ਹੋਣ ਦੀ ਗਲ ਸਵੀਕਾਰੀ ਹੈ। ਜਦਕਿ 2012 ਵਿੱਚ ਹੋਈਆਂ ਇਸੇ ਵਿਧਾਨ ਸਭਾ ਦੀਆਂ ਚੋਣਾਂ ਵਿੱਚ 14 ਅਜਿਹੇ ਜੇਤੂ ਸਨ, ਜਿਨ੍ਹਾਂ ਆਪਣੇ ਵਿਰੁਧ ਅਪਰਾਧਕ ਮਾਮਲੇ ਦਰਜ ਹੋਣ ਤੇ ਇਨ੍ਹਾਂ ਵਿਚੋਂ ਪੰਜ ਅਜਿਹੇ ਸਨ, ਜਿਨ੍ਹਾਂ ਆਪਣੇ ਵਿਰੁਧ ਗੰਭੀਰ ਮਾਮਲੇ ਦਰਜ ਹੋਣਾ ਮੰਨਿਆ ਸੀ।
ਇਹ ਅੰਕੜੇ 68 ਮੈਂਬਰਾਂ ਦੀ ਵਿਧਾਨ ਸਭਾ ਦੇ ਹਨ, ਜਿਸਤੋਂ ਇਹ ਅਨੁਮਾਨ ਲਾਇਆ ਜਾਣਾ ਮੁਸ਼ਕਿਲ ਨਹੀਂ ਕਿ ਦੇਸ਼ ਦੀ ਸੰਸਦ ਦੇ ਦੋਹਾਂ ਸਦਨਾਂ (ਲੋਕਸਭਾ ਅਤੇ ਰਾਜਸਭਾ) ਅਤੇ ਸਮੁਚੀਆਂ ਵਿਧਾਨ ਸਭਾ ਦੇ ਅੰਕੜਿਆਂ ਦੀ ਘੋਖ ਕੀਤੀ ਜਾਏ ਤਾਂ ਇਹ ਸਵੀਕਾਰ ਕਰਨਾ ਹੀ ਪਵੇਗਾ ਕਿ ਰਾਸ਼ਟਰਪਤੀ ਤੇ ਸੁਪ੍ਰੀਮ ਕੋਰਟ ਵਲੋਂ ਦੇਸ਼ ਵਿਚਲੇ ਅਪ੍ਰਾਧੀਆਂ ਅਤੇ ਭ੍ਰਿਸ਼ਟਾਚਾਰੀਆਂ ਵਿੱਚ ਪੈਦਾ ਸਾਂਝ ਅਤੇ ਦੇਸ਼ ਦੀ ਰਾਜਨੀਤੀ ਵਿੱਚ ਉਨ੍ਹਾਂ ਦੇ ਵੱਧ ਰਹੇ ਪ੍ਰਭਾਵ ਪੁਰ ਪ੍ਰਗਟ ਕੀਤੀ ਗਈ ਚਿੰਤਾ ਅਤੇ ਵਿਗੜ ਰਹੀ ਸਥਿਤੀ ਨੂੰ ਸੰਭਾਲਣ ਲਈ ਦਿੱਤੀਆਂ ਗਈਆਂ ਚਿਤਾਵਨੀ ਭਰੀਆਂ ਸਲਾਹਵਾਂ, ਥਿੰਦੇ ਘੜੇ ਪੁਰ ਪਾਣੀ ਵਾਂਗ ਅਸਰ ਕਰ ਰਹੀਆਂ ਹਨ ਅਤੇ ਦੇਸ਼ ਪੁਰ ਅਪ੍ਰਾਧੀਆਂ ਤੇ ਭ੍ਰਿਸ਼ਟਾਚਾਰੀਆਂ ਦਾ ਸ਼ਿਕੰਜਾ ਲਗਾਤਾਰ ਕਸਦਾ ਚਲਿਆ ਜਾ ਰਿਹਾ ਹੈ।
ਤਿੰਨ ਤਲਾਕ ਬਨਾਮ ਤਲਾਕ : ਇਕ ਪਾਸੇ ਤਾਂ ਭਾਰਤ ਸਰਕਾਰ ਮੁਸਲਿਮ ਔਰਤਾਂ ਨੂੰ ਤਿੰਨ ਤਲਾਕ ਦੇ ਸ਼ਿਕੰਜੇ ਤੋਂ ਅਜ਼ਾਦ ਕਰਾਉਣ ਲਈ ਕਾਨੂੰਨ ਬਣਾ ਰਹੀ ਹੈ, ਦੂਸਰੇ ਪਾਸੇ ਗੈਰ-ਮੁਸਲਿਮ ਔਰਤਾਂ ਪੁਰ ਤਲਾਕ ਦੇ ਨਾਂ ਤੇ ਜੋ ਜ਼ੁਲਮ ਹੋ ਰਿਹਾ ਹੈ, ਉਸ ਪਾਸੇ ਸ਼ਾਇਦ ਉਸਦਾ ਧਿਆਨ ਨਹੀਂ ਜਾ ਰਿਹਾ। ਖਬਰਾਂ ਅਨੁਸਾਰ ਕੁਝ ਹੀ ਦਿਨ ਪਹਿਲਾਂ ਦਿੱਲੀ ਦੇ ਆਦਰਸ਼ ਨਗਰ ਇਲਾਕੇ ਵਿੱਚ ਹੋਏ ਇੱਕ ਦੋਹਰੇ ਕਤਲ, ਦੀ ਜਾਂਚ ਦੌਰਾਨ ਜੋ ਗਲ ਸਾਹਮਣੇ ਆਈ, ਉਸਤੋਂ ਪਤਾ ਚਲਿਆ ਕਿ ਦੋਹਰੇ ਹਤਿਆਕਾਂਡ ਦੇ ਦੋਸ਼ੀ ਨੇ ਆਪਣੀ ਪਤਨੀ (ਸ਼ਾਲਿਨੀ) ਵਲੋਂ ਬੇਟੀ ਨੂੰ ਜਨਮ ਦੇਣ ਦਾ ‘ਗੁਨਾਹ’ ਕੀਤੇ ਜਾਣ ਤੇ, ਉਸਦੇ ਪਤੀ, ਅਜੀਤ ਨੇ ਉਸ ਪਾਸੋਂ ਤਲਾਕ ਲੈਣ ਲਈ, ਅਦਲਤ ਵਿੱਚ ਅਰਜ਼ੀ ਦਾਖਲ ਕਰ ਦਿੱਤੀ। ਹਤਿਆ ਦਾ ਸ਼ਿਕਾਰ ਹੋਈ ਪਤਨੀ (ਸ਼ਾਲਿਨੀ) ਦੇ ਪੇਕਿਆਂ ਨੇ ਪੁਲਿਸ ਨੂੰ ਦਸਿਆ ਕਿ ਫਰਵਰੀ-2010 ਵਿੱਚ ਸ਼ਾਦੀ ਹੋਣ ਤੋਂ ਬਾਅਦ ਕੁਝ ਮਹੀਨਿਆਂ ਤਕ ਤਾਂ ਸਭ-ਕੁਝ ਠੀਕ-ਠਾਕ ਚਲਦਾ ਰਿਹਾ। ਪ੍ਰੰਤੂ ਫਿਰ ਅਚਾਨਕ ਹੀ ਪਤੀ (ਅਜੀਤ) ਦੇ ਸੁਭਾਅ ਵਿੱਚ ਤਬਦੀਲੀ ਨਜ਼ਰ ਆਉਣ ਲਗ ਪਈ। ਉਹ ਪਤਨੀ (ਸ਼ਾਲਿਨੀ) ਨੂੰ ਦਾਜ ਲਿਆਣ ਲਈ ਤੰਗ ਤੇ ਪ੍ਰੇਸ਼ਾਨ ਅਤੇ ਦਾਜ ਨਾ ਲਿਆਉਣ ਦੀ ਸੂਰਤ ਵਿੱਚ ਉਹ, ਉਸ ਨਾਲ ਝਗੜਾ ਵੀ ਕਰਨ ਲਗ ਗਿਆ। ਇਸੇ ਦੌਰਾਨ ਨਵੰਬਰ-2011 ਵਿੱਚ ਸ਼ਾਲਿਨੀ (ਪਤਨੀ) ਨੇ ਬੇਟੀ ਨੂੰ ਜਨਮ ਦਿੱਤਾ। ਤਾਂ ਉਹ ਬਹੁਤ ਹੀ ਗੁੱਸੇ ਵਿਚ ਭਰ ਗਿਆ। ਪਹਿਲਾਂ ਤਾਂ ਉਸਨੇ ਪਤਨੀ ਨਾਲ ਬੁਰੀ ਤਰ੍ਹਾਂ ਝਗੜਾ ਕੀਤਾ। ਫਿਰ ਉਸਨੇ ਅਦਾਲਤ ਵਿੱਚ ਜਾ ਤਲਾਕ ਲਈ ਅਰਜ਼ੀ ਦਾਖਲ ਕਰ ਦਿੱਤੀ। ਉਸਦੀ ਇਸ ਹਰਕਤ ਤੋਂ ਦੁਖੀ ਹੋ ਸ਼ਾਲਿਨੀ ਤੇ ਉਸਦੇ ਘਰ ਵਾਲਿਆਂ ਨੇ ਦਾਜ ਲਈ ਤੰਗ ਕਰਨ ਤੇ ਮਾਰਨ ਕੁਟਣ ਦੇ ਦੋਸ਼ ਵਿੱਚ ਉੇਸ ਵਿਰੁਧ ਪਾਲਮ ਥਾਣੇ ਸ਼ਿਕਾਇਤ ਦਰਜ ਕਰਵਾ ਦਿੱਤੀ। ਸ਼ਾਲਿਨੀ ਦੇ ਪਰਿਵਾਰ ਵਾਲ਼ਿਆਂ ਅਨੁਸਾਰ, ਬਾਅਦ ਵਿੱਚ ਅਦਾਲਤ ਨੇ ਦੋਹਾਂ ਵਿੱਚਕਾਰ ਕਾਉਂਸਲਿੰਗ ਕਰਵਾ ਸਮਝੌਤਾ ਕਰਵਾ ਦਿੱਤਾ। ਇਸ ਸਮਝੌਤੇ ਤੋਂ ਬਾਅਦ ਕੋਈ ਸਵਾ-ਕੁ ਸਾਲ ਦੋਵੇਂ ਇਕੱਠੇ ਰਹੇ। ਉਸਤੋਂ ਕੁਝ ਹੀ ਦਿਨ ਬਾਅਦ ਦੋਹਰੇ ਕਤਲ ਦੀ ਘਟਨਾ ਸਾਹਮਣੇ ਆ ਗਈ।
ਸਾੜ੍ਹੀ ਬਣੀ ਤਲਾਕ ਦਾ ਬਹਾਨਾ : ਦਸਿਆ ਗਿਆ ਹੈ ਕਿ ਮੁੰਬਈ ਦੀ ਜਸਟਿਸ ਏ ਪੀ ਦੇਸ਼ਪਾਂਡੇ ਅਤੇ ਜਸਟਿਸ ਰੇਖਾ ਅਧਾਰਤ ਇੱਕ ਦੋ-ਮੈਂਬਰੀ ਡਿਵੀਜ਼ਨਲ ਬੈਂਚ ਨੇ ਹੋਮਿਊਪੈਥਿਕ ਡਾਕਟਰ ਅਲਕਾ (ਬਦਲਿਆ ਨਾਂ) ਦੀ ਤਲਾਕ ਦੀ ਪਟੀਸ਼ਨ ਖਾਰਿਜ ਕਰਦਿਆਂ, ਆਪਣੇ ਫੈਸਲੇ ਵਿੱਚ ਕਿਹਾ ਕਿ ‘ਹਿੰਦੂ ਮੈਰਿਜ ਐਕਟ’ ਅਨੁਸਾਰ ਸਹੁਰੇ ਪਰਿਵਾਰ ਵਲੋਂ ਸਾੜ੍ਹੀ ਪਹਿਨਣ ਲਈ ਦਬਾਉ ਬਨਾਣਾ, ਘਰੇਲੂ ਹਿੰਸਾ (ਜ਼ੁਲਮ) ਦੀ ਸ਼੍ਰੇਣੀ ਵਿੱਚ ਨਹੀਂ ਆਉਂਦਾ। ਦਸਿਆ ਗਿਆ ਕਿ ਅਲਕਾ ਅਤੇ ਅਨੰਦ ਦੀ ਸ਼ਾਦੀ ਜੂਨ-2003 ਵਿੱਚ ਹੋਈ ਸੀ। ਕੁਝ ਹੀ ਸਮੇਂ ਬਾਅਦ ਅਲਕਾ ਪਤੀ ਅਤੇ ਸਹੁਰਿਆਂ ਨਾਲ ਹੋਏ ਲੜਾਈ-ਝਗੜੇ ਤੋਂ ਬਾਅਦ ਪੇਕੇ ਜਾ ਰਹਿਣ ਲਗ ਪਈ। ਇਸਤੋਂ ਬਾਅਦ ਅਲਕਾ ਨੇ ਫੈਮਿਲੀ ਕੋਰਟ ਵਿੱਚ ਤਲਾਕ ਲਈ ਪਟੀਸ਼ਨ ਦਾਖਲ ਕਰ ਦਿੱਤੀ। ਤਲਾਕ ਲਈ ਦਾਖਲ ਕੀਤੀ ਗਈ ਪਟੀਸ਼ਨ ਵਿਚਲੀਆਂ ਉਸਦੀਆਂ ਸ਼ਿਕਾਇਤਾਂ ਵਿਚੋਂ ਇੱਕ ਇਹ ਸੀ ਕਿ ਸਹੁਰੇ ਸਾੜ੍ਹੀ ਪਾਣ ਲਈ ਉਸ ਪੁਰ ਦਬਾਉ ਪਾਂਦੇ ਹਨ। ਜਿਸਤੇ ਫੈਮਿਲੀ ਕੋਰਟ ਨੇ ਉਸਦੀ ਅਰਜ਼ੀ ਖਾਰਿਜ ਕਰ ਦਿਤੀ। ਜਿਸ ਵਿਰੁਧ ਅਲਕਾ ਹਈਕੋਰਟ ਜਾ ਪੁਜੀ। ਉਥੇ ਵੀ ਹਾਈਕੋਰਟ ਨੇ ਫੈਮਿਲੀ ਕੋਰਟ ਦੇ ਫੈਸਲੇ ਪੁਰ ਮੋਹਰ ਲਾਂਦਿਆਂ ਉਸਦੀ ਪਟੀਸ਼ਨ ਖਾਰਜ ਕਰ ਦਿੱਤੀ।
…ਅਤੇ ਅੰਤ ਵਿੱਚ : ਕੁਝ ਹੀ ਸਮਾਂ ਪਹਿਲਾਂ ਦੀ ਗਲ ਹੈ ਇੱਕ ਬੀਬੀ, ਮ੍ਰਿਦੁਲਾ ਸਿਨਹਾ ਲਿਖਤ ਇੱਕ ‘ਯਾਦ’ ਪੜ੍ਹਨ ਦਾ ਮੌਕਾ ਮਿਲਿਆ। ਜਿਸ ਵਿੱਚ ਉਸ ਦਸਿਆ ਕਿ ਸੰਨ-1967 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਉਹ ਕਿਸੇ ਪਾਰਟੀ ਵਿਸ਼ੇਸ਼ ਦੇ ਉਮੀਦਵਾਰ ਦੇ ਹਕ ਵਿੱਚ ਚੋਣ ਪ੍ਰਚਾਰ ਕਰਦਿਆਂ ਘਰ-ਘਰ ਘੁੰਮ ਰਹੀ ਸੀ ਕਿ ਇੱਕ ਦਿਨ ਉਸ ਸ਼ਹਿਰ ਨਾਲ ਜੁੜੇ ਪਿੰਡ ਦੇ ਇੱਕ ਘਰ ਦੇ ਦਰਵਾਜ਼ੇ ਨੂੰ ਜਾ ਖੜਕਾਇਆ। ਉਸ ਘਰ ਦੇ ਮਾਲਕ ਨੇ ਉਸਦੀ ਪਾਰਟੀ ਤੇ ਉਮੀਦਵਾਰ ਦਾ ਨਾਂ ਸੁਣ, ਉਸਦਾ ਸੁਆਗਤ ਕੀਤਾ। ਉਹ ਖੁਸ਼ੀ ਨਾਲ ਬੋਲਿਆ ਕਿ ਉਹ ਤਾਂ ਪ੍ਰੋਫੈਸਰ ਸਾਹਿਬ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ। ਸ਼ਹਿਰ ਵਿੱਚ ਜਦੋਂ ਕਦੀ ਉਹ ਪੈਦਲ ਚਲਦੇ ਮਿਲ ਜਾਂਦੇ ਹਨ ਤਾਂ ਮੈਂ ਆਪਣੀ ਸਾਈਕਲ ਤੋਂ ਉਤਰ, ਉਨ੍ਹਾਂ ਦੇ ਪੈਰ ਛਹੁ ਕੇ ਪ੍ਰਣਾਮ ਕਰਦਾ ਹਾਂ। ਅੱਜ ਦੇ ਜ਼ਮਾਨੇ ਵਿੱਚ ਅਜਿਹੇ ਗੁਣਵਾਨ ਵਿਅਕਤੀ ਕਿਥੇ ਮਿਲਦੇ ਹਨ? ਇਹ ਗਲ ਸੁਣ, ਉਹ (ਬੀਬੀ) ਬਹੁਤ ਖੁਸ਼ ਹੋਈ। ਉਸ ਕਿਹਾ ਕਿ ਫਿਰ ਤਾਂ ਤੁਸੀਂ ਉਨ੍ਹਾਂ ਨੂੰ ਜਿਤਾਣ ਵਿੱਚ ਜ਼ਰੂਰ ਮਦਦ ਕਰੋਗੇ? ਉਹ ਬੋਲੇ ‘ਨਹੀਂ! ਹੁਣ ਤੁਸੀਂ ਹੀ ਸੋਚੋ, ਇਨ੍ਹਾਂ ਕੋਲ ਸਾਈਕਲ ਵੀ ਨਹੀਂ। ਕਦੀ ਲੋੜ ਪੈ ਜਾਏ, ਤਾਂ ਉਹ ਮੈਂਨੂੰ ਆਪਣੇ ਨਾਲ ਕਿਧਰੇ ਲੈ ਕੇ ਜਾ ਵੀ ਨਹੀਂ ਸਕਦੇ। ਇਨ੍ਹਾਂ ਦੇ ਵਿਰੋਧੀ ਪਾਸ ਦਸ-ਦਸ ਗੱਡੀਆਂ ਹਨ, ਉਸਦਾ ਬੜਾ ਕਾਰੋਬਾਰ ਹੈ, ਉਹ ਕਈ ਸੰਸਥਾਵਾਂ ਦਾ ਸਰਪ੍ਰਸਤ ਵੀ ਹੈ। ਉਹ ਕਿਤਨਿਆਂ ਨੂੰ ਨੌਕਰੀਆਂ ਵੀ ਲੁਆਉਂਦਾ ਹੈ। ਤੁਹਾਡੇ ਉਮੀਦਵਾਰ ਦੀ ਕਮਾਈ ਨਾਲ ਤਾਂ ਉਸਦਾ ਆਪਣਾ ਘਰ ਵੀ ਨਹੀਂ ਚਲਦਾ। ਨੇਤਾਗਿਰੀ ਇਉਂ ਥੋੜੀ ਚਲਦੀ ਹੈ? ਆਦਰ-ਸਤਿਕਾਰ ਆਪਣੀ ਜਗ੍ਹਾ ਹੈ, ਪੇਟ ਆਪਣੀ ਜਗ੍ਹਾ!
ਇਹ ਗਲ ਸੁਣ ਉਸ ਬੀਬੀ ਪਾਸ ਕਹਿਣ ਲਈ ਕੁਝ ਵੀ ਨਹੀਂ ਸੀ, ਪਰ ਉਸਦੇ ਸੋਚਣ ਲਈ ਬਹੁਤ ਕੁਝ ਸੀ! ਤੁਸੀਂ ਵੀ ਸੋਚੋ ਕਿ ਚੋਣਾਂ ਵਿੱਚ ਅੱਜ ਦਾ ਮਤਦਾਤਾ ਆਪਣੇ ਪਸੰਸਦੀਦਾ ਉਮੀਦਵਾਰ ਵਿੱਚ ਕਿਹੋ ਜਿਹੇ ‘ਗੁਣ’ ਵੇਖਣਾ ਚਾਹੁੰਦਾ ਹੈ?

Geef een reactie

Het e-mailadres wordt niet gepubliceerd. Vereiste velden zijn gemarkeerd met *