550 ਸਾਲਾ ਪ੍ਰਕਾਸ਼ ਪੁਰਬ ਤੋਂ ਪਹਿਲਾਂ ਪਵਿੱਤਰ ਵੇਈਂ ਦੀ ਸਵੱਛਤਾ ਕੀਤੀ ਜਾਵੇਗੀ ਬਹਾਲ-ਕਾਹਨ ਸਿੰਘ ਪੰਨੂੰ

*ਸਾਲ ਦੇ ਅੰਤ ਤੱਕ ਗੰਦੇ ਪਾਣੀ ਨੂੰ ਵੇਈਂ ਵਿਚ ਜਾਣੋਂ ਰੋਕਣ ਦਾ ਕੰਮ ਹੋਵੇਗਾ ਮੁਕੰਮਲ
*ਹੁਣ ਤੱਕ 72 ’ਚੋਂ ਕਰੀਬ 50 ਪਿੰਡਾਂ ਦਾ ਗੰਦਾ ਪਾਣੀ ਵੇਈਂ ਵਿਚ ਜਾਣੋਂ ਰੋਕਿਆ
*ਚੇਅਰਮੈਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਸਵੱਛਤਾ ਬਹਾਲੀ ਦੇ ਕੰਮ ਦਾ ਲਿਆ ਜਾਇਜ਼ਾ
*ਡਿਪਟੀ ਕਮਿਸ਼ਨਰ ਅਤੇ ਸੰਤ ਸੀਚੇਵਾਲ ਦੀ ਹਾਜ਼ਰੀ ’ਚ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਕਪੂਰਥਲਾ, 1 ਫਰਵਰੀ :ਇੰਦਰਜੀਤ ਸਿੰਘ
ਪੰਜਾਬ ਸਰਕਾਰ ਵੱਲੋਂ ਇਤਿਹਾਸਕ ਪਵਿੱਤਰ ਵੇਈਂ ਦੀ ਸਵੱਛਤਾ ਬਹਾਲ ਕਰਨ ਲਈ ਵੱਡੀ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਨਵੰਬਰ 2019 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਤੋਂ ਪਹਿਲਾਂ ਇਹ ਕਾਰਜ ਨੇਪਰੇ ਚਾੜ੍ਹ ਲਿਆ ਜਾਵੇਗਾ। ਇਹ ਪ੍ਰਗਟਾਵਾ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਸ. ਕਾਹਨ ਸਿੰਘ ਪੰਨੂੰ ਨੇ ਅੱਜ ਯੋਜਨਾ ਭਵਨ ਵਿਖੇ ਪਵਿੱਤਰ ਵੇਈਂ ਦੀ ਸਵੱਛਤਾ ਬਹਾਲ ਕਰਨ ਲਈ ਹੁਣ ਤੱਕ ਕੀਤੇ ਗਏ ਕੰਮਾਂ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ। ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਅਤੇ ਪ੍ਰਸਿੱਧ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਹਾਜ਼ਰੀ ਵਿਚ ਹੋਈ ਮੀਟਿੰਗ ਦੌਰਾਨ ਸ. ਕਾਹਨ ਸਿੰਘ ਪੰਨੂੰ ਨੇ ਕਿਹਾ ਕਿ ਹੁਣ ਤੱਕ 72 ਪਿੰਡਾਂ ਵਿਚੋਂ ਕਰੀਬ 50 ਪਿੰਡਾਂ ਅਤੇ 6 ਕਸਬਿਆਂ ਦਾ ਗੰਦਾ ਪਾਣੀ ਵੇਈਂ ਵਿਚ ਜਾਣੋਂ ਰੋਕਣ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ ਅਤੇ ਇਸ ਸਾਲ ਦੇ ਅੰਤ ਤੱਕ ਗੰਦਾ ਪਾਣੀ ਪੈਣਾ ਬਿਲਕੁਲ ਬੰਦ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ 72 ਪਿੰਡਾਂ ਵਿਚ ਕਪੂਰਥਲਾ ਦੇ 52 ਅਤੇ ਹੁਸ਼ਿਆਰਪੁਰ ਦੇ 20 ਪਿੰਡ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਵੇਈਂ ਦੀ ਸਫਾਈ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਜਾਵੇਗਾ ਅਤੇ 550 ਸਾਲਾ ਪ੍ਰਕਾਸ਼ ਪੁਰਬ ਤੋਂ ਪਹਿਲਾਂ ਪਵਿੱਤਰ ਵੇਈਂ ਪੂਰੀ ਤਰ੍ਹਾਂ ਨਾਲ ਸਵੱਛ ਹੋਵੇਗੀ। ਉਨ੍ਹਾਂ ਦੱਸਿਆ ਕਿ ਵੇਈਂ ਵਿਚ ਪੈਂਦੇ ਗੰਦੇ ਪਾਣੀ ਨੂੰ ਰੋਕਣ ਲਈ ਜ਼ਿਆਦਾਤਰ ਪਿੰਡਾਂ ਵਿਚ ਛੱਪੜ ਬਣਾਏ ਗਏ ਹਨ, ਜਿਨ੍ਹਾਂ ਦੇ ਪਾਣੀ ਨੂੰ ਖੇਤਾਂ ਦੀ ਸਿੰਚਾਈ ਲਈ ਵਰਤਿਆ ਜਾਵੇਗਾ। ਇਸੇ ਤਰ੍ਹਾਂ ਹੋਰਨਾਂ ਥਾਵਾਂ ’ਤੇ ਗੰਦੇ ਪਾਣੀ ਨੂੰ ਪਾਈਪ ਲਾਈਨਾਂ ਰਾਹੀਂ ਸੀਵਰੇਜ ਟ੍ਰੀਟਮੈਂਟ ਪਲਾਟਾਂ ਵਿਚ ਲਿਜਾਣ ਸਬੰਧੀ ਕੰਮ ਕੀਤੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਬੰਦ ਪਏ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਨੂੰ ਠੀਕ ਢੰਗ ਨਾਲ ਚਲਾਉਣ ਅਤੇ ਉਨ੍ਹਾਂ ਨੂੰ ਪਾਈਪ ਲਾਈਨ ਸਿਸਟਮ ਨਾਲ ਜੋੜਨ ਦੀਆਂ ਹਦਾਇਤਾਂ ਕੀਤੀਆਂ। ਉਨ੍ਹਾਂ ਕਿਹਾ ਕਿ ਅਧਿਕਾਰੀ ਆਪਣੀ ਪੱਧਰ ’ਤੇ ਆਪਸੀ ਤਾਲਮੇਲ ਨਾਲ ਇਸ ਕੰਮ ਨੂੰ ਨੇਪਰੇ ਚਾੜ੍ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਨੇ ਦੱਸਿਆ ਕਿ ਜ਼ਿਲ੍ਹੇ ਦੇ 6 ਸ਼ਹਿਰਾਂ ਸੁਲਤਾਨਪੁਰ ਲੋਧੀ, ਕਪੂਰਥਲਾ, ਭੁਲੱਥ, ਬੇਗੋਵਾਲ, ਫਗਵਾੜਾ ਅਤੇ ਰਵਾਲ ਵਿਖੇ ਸੀਵਰੇਜ ਟ੍ਰੀਟਮੈਂਟ ਪਲਾਂਟ ਚਲਾਉਣ ਅਤੇ ਸੋਧੇ ਹੋਏ ਪਾਣੀ ਨੂੰ ਸਿੰਚਾਈ ਦੇ ਮੰਤਵ ਲਈ ਵਰਤਣ ਸਬੰਧੀ ਕਾਰਜ ਯੋਜਨਾ ਉਲੀਕੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਪਿੰਡਾਂ ਵਿਚ ਕੰਮਾਂ ਸਬੰਧੀ ਕੋਈ ਅੜਚਣ ਆ ਰਹੀ ਹੈ, ਉਨ੍ਹਾਂ ਦੀਆਂ ਪੰਚਾਇਤਾਂ ਨਾਲ ਮਿਲ ਕੇ ਇਨ੍ਹਾਂ ਮਸਲਿਆਂ ਦਾ ਹੱਲ ਕੀਤਾ ਕੀਤਾ ਜਾ ਰਿਹਾ ਹੈ। ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵੀ ਪਵਿੱਤਰ ਵੇਈਂ ਦੀ ਸਵੱਛਤਾ ਬਹਾਲ ਕਰਨ ਸਬੰਧੀ ਵਿਚਾਰ ਪ੍ਰਗਟਾਏ ਅਤੇ ਸੁਝਾਅ ਪੇਸ਼ ਕੀਤੇ। ਇਸ ਮੌਕੇ ਸੰਤ ਸੁਖਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਤਾਰ ਸਿੰਘ ਭੁੱਲਰ, ਐਸ. ਡੀ. ਐਮ ਕਪੂਰਥਲਾ ਡਾ. ਨਯਨ ਭੁੱਲਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਗੁਰਦਰਸ਼ਨ ਕੁੰਡਲ, ਸ੍ਰੀ ਪਰਵੀਨ ਵਾਲੀਆ ਅਤੇ ਸ੍ਰੀ ਸਾਹਿਲ ਓਬਰਾਏ ਤੋਂ ਇਲਾਵਾ ਸਮੂਹ ਬੀ. ਡੀ. ਪੀ. ਓਜ਼ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *