ਡਾ. ਅਮਰਜੀਤ ਟਾਂਡਾ ਨਾਲ ਮੁਲਾਕਾਤ

ਸੁਖਚੈਨ

(ਡਾ. ਅਮਰਜੀਤ ਟਾਂਡਾ ਕੀਟ-ਵਿਗਿਆਨੀ ਹੋਣ ਦੇ ਨਾਲ ਨਾਲ ਕਵਿਤਾ ਵੀ ਲਿਖਦਾ ਹੈ । ਉਸ ਦੇ ਖੋਜ ਪੱਤਰ ਅੰਤਰ-ਰਾਸ਼ਟਰੀ ਪੱਧਰ ਤੇ ਛਪ ਚੁੱਕੇ ਹਨ । ਕਵਿਤਾਵਾਂ ਵੀ ਅਨੇਕਾਂ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੇ ਰਸਾਲਿਆਂ ਵਿਚ ਛਪ ਚੁੱਕੀਆਂ ਹਨ । 1994 ਤੋਂ ਉਹ ਸਿਡਨੀ (ਆਸਟਰੇਲੀਆ) ਵਿਚ ਰਹਿ ਰਿਹਾ ਹੈ । ਉਸ ਦੇ ਵਿਚਰਨ ਦਾ ਘੇਰਾ ਵੀ ਅੰਤਰ-ਰਾਸ਼ਟਰੀ ਹੈ । ਪੇਸ਼ ਹੈ ਉਸ ਨਾਲ ਕੀਤੀ ਇੱਕ ਮੁਲਾਕਾਤ)

1. ਸੁਖਚੈਨ: ਪੰਜਾਬੀ ਵਿਚ ਤੈਨੂੰ ਕਿਹੜਾ ਕਵੀ ਚੰਗਾ ਲਗਦਾ ਹੈ ?

ਟਾਂਡਾ: ਅਸਮਾਨ ਵਰਗੀ ਕਵਿਤਾ ਟੋਲ੍ਹਣੀ ਜਾਂ ਚੰਨ ਸੂਰਜ ਵਰਗੀ ਨਜ਼ਮ ਲਿਖਣੀ ਬਹੁਤ ਹੀ ਮੁਸ਼ਕਿਲ ਹੈ । ਅਜੇ ਤੱਕ ਪੰਜਾਬੀ

ਭਾਸ਼ਾ ਮਿਰਜ਼ਾ ਗਾਲਿਬ, ਇਕਬਾਲ, ਫ਼ੈਜ ਨਹੀਂ ਪੈਦਾ ਕਰ ਸਕੀ । ਕੋਈ ਪੰਜਾਬੀ ਕਵਿਤਾ ਨੂੰ ਛਾਪਣ ਲਈ ਤਿਆਰ ਨਹੀਂ ਹੈ । ਜੇ ਆਪਾਂ ਗੱਲ ਕਰੀਏ ਬਾਵਾ ਬਲਵੰਤ ਜੀ ਦੀ, ਲਾਲ ਸਿੰਘ ਦਿਲ, ਪਾਸ਼ ਦੀ ਤਾਂ ਕਹਿ ਸਕਦੇ ਹਾਂ ਕਿ ਇਹਨਾਂ ਕਵੀਆਂ ਕੋਲ ਕੋਈ ਵੀ ਸਰਕਾਰੀ ਲੋਈ, ਸ਼ਾਲ ਜਾਂ ਟਹੂਆ ਨਹੀਂ ਹੈ, ਲੋਕ ਸ਼ੋਭਾ ਬਹੁਤ ਹੈ । ਇਹ ਹਨ ਉਹ ਕਵੀ ਜਿਹਨਾਂ ਨੇ ਲਹੂ ‘ਚ ਡੁੱਬ ਕੇ ਕਵਿਤਾ ਕਹੀ ਹੈ । ਕਵੀ ਸਨ ਗੁਰੂ ਨਾਨਕ, ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ ਵਰਗੇ । ਬਹੁਤ ਸਾਰੇ ਲੋਕ ਅਜੋਕੇ ਢਾਂਚੇ ਨੂੰ ਬਦਲਣ ਲਈ ਸੰਘਰਸ਼ ਕਰ ਰਹੇ ਹਨ । ਉੱਚੇ ਜਗਦੇ ਸੁੱਚੇ ਮੱਥੇ ਹੀ ਅਜਿਹਾ ਕਰ ਸਕੇ ਸਨ ।

2. ਸੁਖਚੈਨ: ਕੀ ਸਮਕਾਲੀ ਕਵੀ ਆਪਣੇ ਲਈ ਸ਼ਾਲ, ਟਹੂਏ ਅਤੇ ਪੈਸੇ ਇਕੱਠੇ ਮਸਰੂਫ਼ ਨਹੀਂ ਹਨ । ਕੁਝ ਨਾਂ ਲਓ ।

ਟਾਂਡਾ: ਹਾਂ ਬਹੁਤੇ ਅਜਿਹਾ ਹੀ ਕਰ ਰਹੇ ਹਨ । ਕਈਆਂ ਨੇ ਤਾਂ ਇਹ ਵਪਾਰ ਹੀ ਬਣਾ ਲਿਆ ਹੈ । ਸ਼ਾਲ, ਟਹੂਏ ਅਤੇ ਪੈਸੇ ਇਕੱਠੇ ਕਰਨ ਨਾਲ ਕੋਈ ਵੱਡਾ ਨਹੀਂ ਹੋਣ ਲੱਗਾ । ਅੱਜਕੱਲ੍ਹ ਬਹੁਤੇ ਕਵੀ ਤਾਂ ਜੁਗਾੜੂ ਹਨ । ਪੁਰਸਕਾਰ ਤਾਂ ਲੋਕਾਂ ਨਾਲ ਜੋੜਦੇ ਹਨ ਜੇ ਉਹਨਾਂ ਦੀ ਕਲਮ ਨੂੰ ਮਿਲੇ ਹੋਣ ਨਾ ਕਿ ਸਰਕਾਰੀ ਸਿਫ਼ਾਰਸ਼ ਨਾਲ ਹਥਿਆਏ ਗਏ ਹੋਣ । ਸ਼ਾਲ, ਟਹੂਏ ਅਤੇ ਪੈਸੇ ਇਕੱਠੇ ਕਰਨ ਵਾਲੇ ਤੈਨੂੰ ਕਿਹੜਾ ਨਹੀਂ ਪਤਾ ਕਿ ਕਿਹੜੇ ਹਨ- ਜੇ ਨਾਂ ਲਏ ਉਹਨਾਂ ਨੂੰ ਨੀਂਦ ਨਹੀਂ ਆਉਣੀ – ਕਿਤੇ ਦਿਲ ਦਾ ਦੌਰਾ ਹੀ ਨਾ ਪੈ ਜਾਵੇ ਉੇਹਨਾਂ ਨੂੰ, ਇਹ ਵੀ ਡਰ ਲਗਦਾ ਹੈ ।

3. ਸੁਖਚੈਨ: ਪਾਸ਼ ਅਤੇ ਉਸਦੇ ਸਮਕਾਲੀ ਇਸ ਅਭਿਆਸ ਵਿਚ ਕਿਓਂ ਰੁੱਝੇ ਹੋਏ ਨਹੀਂ ਸਨ । ਸਗੋਂ ਉਹਨਾਂ ਨੇ ਇਸ ਅਭਿਆਸ ਦੀ ਨਿੰਦਾ ਕੀਤੀ । ਕਿਓਂ ?

ਟਾਂਡਾ: ਪਾਸ਼, ਬਾਵਾ ਬਲਵੰਤ, ਦਿਲ ਵਰਗੇ ਥੋੜ੍ਹੇ ਹਨ ਜੋ ਗ਼ਰੀਬਾਂ, ਕਿਰਸਾਨਾਂ, ਮਜ਼ਦੂਰਾਂ ਦੀ ਗੱਲ ਕਰਦੇ ਹਨ । ਉਹਨਾਂ ਨੇ ਇਸ ਸਭ ਕੁਝ ਨੂੰ ਵਿਸਾਰੀ ਰੱਖਿਆ ਕਿਓਂਕਿ ਉਹਨਾਂ ਨੂੰ ਇਸ ਵਿਚ ਕੋਈ ਸ਼ੋਭਾ, ਸੋ਼ਹਰਤ ਨਹੀਂ ਦਿਖਦੀ ਸੀ । ਅੱਛੀ, ਉਮਦਾ ਕਵਿਤਾ ਆਪ ਬੋਲਦੀ ਹੈ ।

4. ਸੁਖਚੈਨ: ਬਾਵਾ ਬਲਵੰਤ ਸਨ ਸਟ੍ਰੋਕ ਨਾਲ ਮਰ ਗਿਆ । ਕੀ ਉਹ ਛੋਟਾ ਕਵੀ ਸੀ ?

ਟਾਂਡਾ: ਬਾਵਾ ਬਲਵੰਤ ਲੋਕ ਕਵੀ ਸੀ । ਜੇ ਉਹ ਸਰਕਾਰੀ ਬਣ ਜਾਂਦਾ ਤਾਂ ਉਹ ਧੁੱਪ ਦੇ ਸੇਕ ਨਾਲ ਨਾ ਮਰਦਾ । ਅਜਿਹੇ ਬੋਲਾਂ ਵਾਲੇ ਕਵੀ ਸਦਾ ਹੀ ਲੋਕ ਮਨਾਂ ‘ਚ ਜਿ਼ੰਦਾ ਰਹਿੰਦੇ ਹਨ ਤੇ ਰਹਿਣਗੇ ਵੀ । ਲੋਕ ਕਵੀਆਂ ਦਾ ਸ਼ਾਇਦ ਏਦਾਂ ਹੀ ਹੁੰਦਾ ਰਹੇਗਾ । ਉਹ ਸਰਕਾਰੀ ਛਤਰੀਆਂ ਹੇਠ ਕਦੇ ਨਹੀਂ ਆਉਣਗੇ ।

5. ਸੁਖਚੈਨ: ਮੈਨੂੰ ਅਪਣੇ ਬਚਪਨ ਦੀਆਂ ਯਾਦਾਂ ਬਾਰੇ ਦੱਸੋ; ਕਿਹੜੇ ਕਵੀ ਨੇ ਤੈਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ?

ਟਾਂਡਾ: ਅਸਲ ਨਜ਼ਮ ਖੇਤਾਂ, ਫੁੁੱਲਾਂ, ਤਿਤਲੀਆਂ ਜਾਂ ਬੱਦਲਾਂ, ਸਿਤਾਰਿਆਂ ਤੋਂ ਹੀ ਤੁਰਦੀ ਹੈ । ਅਜਿਹਾ ਮੇਰੇ ਨਾਲ ਵੀ ਬੀਤਦਾ ਰਿਹਾ- ਦੂਸਰੀ ਗੱਲ, ਜਦੋਂ ਘਰ ‘ਚ ਪੈਸੇ ਧੇਲੇ ਦੀ ਕੁਝ ਜਿ਼ਆਦਾ ਹੀ ਲਹਿਰ ਬਹਿਰ ਜਾਣੀ ਕਿ ਕਿੱਲਤ ਹੋਵੇ – ਚੰਦ ਤਾਂ ਉਦੋਂ ਦਿਨੇ ਹੀ ਨਜ਼ਰ ਆਉਣ ਲੱਗ ਜਾਂਦਾ ਹੈ। ਆਪਾਂ ਦੋਨਾਂ ਨੇ ਬਥੇਰਾ ਇਹ ਸਭ ਕੁਝ ਹੰਢਾਇਆ ਹੈ । ਅਜਿਹੀ ਅਸਲੀਅਤ ਹੀ ਕਵਿਤਾ ਲਈ ਸ਼ਬਦ ਬਣਦੀ ਹੈ । ਕਵਿਤਾ ਇਹਨਾਂ ਹੀ ਪਲਾਂ ‘ਚੋਂ ਪੈਦਾ ਹੋਈ ਹੈ ਸਦਾ । ਪਸ਼ੂ ਚਾਰਨੇ, ਪੈਰਾਂ ‘ਚ ਕਣਕ ਦੇ ਖੁੰਘੇ ਲਵਾਉਣੇ, ਭੁੱਖੇ ਪਿਆਸੇ ਮਰਨਾ ਤਾਂ ਬੇਰ ਲੱਭਣੇ, ਮਲ੍ਹੇ ਟੋਲਣੇ, ਗੁੰਮੀਆਂ ਖਾਣੀਆਂ ਤੇ ਕੰਡਿਆਂ ਨਾਲ ਜੂਝਣਾ – ਇਹੀ ਸਨ ਨਜ਼ਾਰੇ । ਆਪਾਂ ਕਿਹੜਾ ਘੱਟ ਗੁੱਥਮ ਗੁੱਥਾ ਹੋਏ ਰਹਿੰਦੇ ਸਾਂ ਹੋਸਟਲ ‘ਚ – ਯਾਦ ਹੋਣਾ ਤੈਨੂੰ । ਮੈਨੂੰ ਗੁਰੁ ਨਾਨਕ, ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ ਅਤੇ ਬਾਬਾ ਫ਼ਰੀਦ ਉੱਚੀ ਗੱਲ ਕਰਦੇ ਲਗਦੇ ਸਨ ।

5. ਸੁਖਚੈਨ: ਦਿਹਾਤੀ ਖੇਤਰ ਵਿਚ ਗੁਜ਼ਰੇ ਤੇਰੇ ਬਚਪਨ ਨੇ ਤੇਰੀਆਂ ਲਿਖਤਾਂ ਨੂੰ ਪ੍ਰਭਾਵਿਤ ਕੀਤਾ ਜਾਂ ਤੈਨੂੰ ਮਹਾਂਨਗਰੀ ਜਿ਼ੰਦਗੀ ਦਾ ਆਨੰਦ ਚੰਗਾ ਲੱਗਦਾ ਹੈ ?

ਟਾਂਡਾ: ਅਸਲ ‘ਚ ਦਿਹਾਤੀ ਖੇਤਰ ਦੀਆਂ ਘਾਲਣਾਵਾਂ ਤੇ ਬਚਪਨ ਵੀ ਕਵਿਤਾਵਾਂ ਹੀ ਹੰਦੀਆਂ । ਘਰਾਂ ਦੀਆਂ ਤੰਗੀਆਂ ਤੁਰਸ਼ੀਆਂ, ਗ਼ਰੀਬੀ, ਭੁੱਖ ਨਾਲ ਵਾਸਤਾ – ਇਹਨਾਂ ਅਵਸਥਾਵਾਂ ਨਾਲ ਜੂਝਣਾ ਹੀ ਕਵਿਤਾ ਦੀਆਂ ਪਹਿਲੀਆਂ ਸਤਰਾਂ ਹੁੰਦੀਆਂ ਹਨ । ਏਥੇ ਯੂਨੀਵਰਸਿਟੀ ‘ਚ ਕਵੀ ਦਰਬਾਰ ਸੁਣੇ, ਕਵੀਆਂ ਜਿਵੇਂ ਡਾ. ਹਰਿਭਜਨ ਸਿੰਘ, ਅੰਮ੍ਰਿਤਾ, ਪ੍ਰੋ. ਮੋਹਨ ਸਿੰਘ, ਸਿ਼ਵ, ਪਾਤਰ, ਜਗਤਾਰ, ਬਾਵਾ ਬਲਵੰਤ, ਲਾਲ ਸਿੰਘ ਦਿਲ ਅਤੇ ਪਾਸ਼ ਨੂੰ ਸੁਣਿਆ ਪੜ੍ਹਿਆ ਤਾਂ ਕੁਝ ਪਤਾ ਲੱਗਿਆ ਕਿ ਕਵਿਤਾ ਲਿਖਣਾ ਕੋਈ ਅਸਾਨ ਕੰਮ ਨਹੀਂ ਹੈ ।

6. ਸੁਖਚੈਨ: ਤੂੰ ਪੰਜਾਬੀ ਭਾਸ਼ਾ ਵਿਚ ਡਰਾਮੇ ਬਾਰੇ ਕੀ ਸੋਚਦਾ ਏਂ ? ਹੋਰ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਭਾਸ਼ਾਵਾਂ ਦੇ ਮੁਕਾਬਲੇ ਇਸਦਾ ਮਿਆਰ ਕੀ ਹੈ ?

ਟਾਂਡਾ: ਪੰਜਾਬੀ ਭਾਸ਼ਾ ਵਿਚ ਡਰਾਮੇ ਦਾ ਇਤਿਹਾਸ ਇੱਕ ਜਲਿਟ ਵਰਤਾਰਾ ਹੈ ਕਿਉਂਕਿ ਪੰਜਾਬੀ ਸਭਿਆਚਾਰ ਵਿਚ ਨਾਟਕ ਵਿਧਾ ਦੀ ਸਥਿਤੀ ਸੰਤੋਖਜਨਕ ਨਹੀਂ ਰਹੀ । ਕਈ ਕਾਰਨਾਂ ਕਰਕੇ ਨਾਟਕ ਵਿਧਾ ਵੱਕਾਰੀ ਸਥਾਨ ਗ੍ਰਹਿਣ ਨਹੀਂ ਕਰ ਸਕੀ । ਸਭਿਆਚਾਰਕ, ਲੋਕਧਾਰਾਈ ਵਿਹਾਰ ਤੇ ਮਾਨਸਿਕਤਾ ਨੂੰ ਸਮਝਣਾ ਬਹੁਤ ਜ਼ਰੂਰੀ ਹੈ । ਡਰਾਮੇ ਦੀ ਵਿਧੀਵਤ ਆਰੰਭਤਾ ਪੱਛਮ ਦੇ ਪ੍ਰਭਾਵ ਨਾਲ ਹੋਈ ਹੈ ਤੇ ਇਹ ਪੰਜਾਬੀ ਲੋਕਧਾਰਾ ਤੇ ਸਭਿਆਚਾਰ ਨਾਲ ਕਿਤੇ ਕਿਤੇ ਤੁਰਨ ਦਾ ਯਤਨ ਕਰਦਾ ਹੈ ।

ਸਰ ਵਿਲੀਅਮ ਜੋਨਜ਼ ਦੁਆਰਾ ਕੀਤੇ ‘ਸ਼ਕੁੰਤਲਾ’ ਨਾਟਕ ਦੇ ਅੰਗ੍ਰੇਜ਼ੀ ਅਨੁਵਾਦ ਰਾਹੀਂ ਇਸ ਨਾਟ ਪ੍ਰੰਪਰਾ ਦਾ ਸੰਚਾਰ ਪੱਛਮ ਤੱਕ ਹੋਇਆ । ਪੰਜਾਬੀ ਨਾਟਕ ਦੀ ਉਂਗਲੀ ਆਈ. ਸੀ. ਨੰਦਾ, ਸੰਤ ਸਿੰਘ ਸੇਖੋਂ, ਬਲਵੰਤ ਗਾਰਗੀ, ਹਰਚਰਨ ਸਿੰਘ, ਗੁਰਦਿਆਲ ਸਿੰਘ ਖੋਸਲਾ, ਗੁਰਦਿਆਲ ਸਿੰਘ ਫੁੱਲ, ਹਰਸ਼ਰਨ ਸਿੰਘ, ਸੁਰਜੀਤ ਸਿੰਘ ਸੇਠੀ, ਕਪੂਰ ਸਿੰਘ ਘੁੰਮਣ, ਅਜਮੇਰ ਸਿੰਘ ਔਲਖ, ਆਤਮਜੀਤ, ਗੁਰਸ਼ਰਨ ਸਿੰਘ, ਰਵਿੰਦਰ ਰਵੀ, ਪਾਲੀ ਭੁਪਿੰਦਰ ਅਤੇ ਸਤੀਸ਼ ਕੁਮਾਰ ਵਰਮਾ ਨੇ ਫੜੀ ਤੇ ਇਸ ਨੂੰ ਹੋਰ ਅੱਗੇ ਤੋਰਨ ਦੀ ਲੋੜ ਹੈ ।

7. ਸੁਖਚੈਨ: ਚਿੱਤਰ ਬਣਾਉਣ ਵਿਚ ਤੇਰੀ ਸਿਖਲਾਈ ਕੀ ਹੈ ? ਇਸ ਕਲਾ ਨੇ ਤੇਰਾ ਕਿਵੇਂ ਉੱਦਾਤੀਕਰਣ ਕੀਤਾ ?

ਟਾਂਡਾ: ਮੈਨੂੰ ਰੰਗਾਂ ਨਾਲ ਵੀ ਸ਼ਬਦਾਂ ਵਾਂਗ ਖੇਡਣ ਦਾ ਸ਼ੌਕ ਹੈ, ਪਰ ਨਿਪੁੰਨਤਾ ਕਿਸੇ ਕਿਸੇ ਨੂੰ ਹੀ ਮਿਲਦੀ ਹੈ । ਕਦੇ ਕਦੇ ਮੈਂ ਚਿੱਤਰ ਬਣਾਉਣ ਦਾ ਸ਼ੌਕ ਕੈਮਰੇ ਨਾਲ ਪੂਰਾ ਕਰ ਲੈਂਦਾ ਹਾਂ । ਅੱਜਕੱਲ੍ਹ ਕੰਪਿਊਟਰ ਕਈ ਕਲਾਵਾਂ ਨੂੰ ਇਕੱਠਾ ਤੋਰਦਾ ਰਹਿੰਦਾ ਹੈ । ਕੰਪਿਊਟਰ ਬੁਰਸ਼, ਸੰਗੀਤ ਤੇ ਕਲਾਵਾਂ ਨੂੰ ਤੁਰੰਤ ਸਾਂਭ ਲੈਂਦਾ ਹੈ ਅਤੇ ਇਹਨਾਂ ਕਲਾਵਾਂ ਨੂੰ ਬਹੁਤ ਹੀ ਸੌਖਾ ਕਰ ਦਿੱਤਾ ਹੈ । ਪਰਪੱਕਤਾ ਤਾਂ ਕਿਸੇ ਕਿਸੇ ਦੇ ਹੀ ਹੱਥ ਆਉਂਦੀ ਹੈ ।

8. ਸੁਖਚੈਨ: ਕੀ ਅੰਤਰ-ਰਾਸ਼ਟਰੀ ਕਲਾ ਪੱਧਰ ਦੇ ਦ੍ਰਿਸ਼ ਨੇ ਤੇਰੀ ਸੋਚ ਦਾ ਘੇਰਾ ਵਿਸ਼ਾਲ ਕੀਤਾ ਹੈ ? ਜਾਂ ਤੂੰ ਹਾਲੇ ਵੀ ਅਪਣੇ ਪਿੰਡ ਦੀਆਂ ਗਲੀਆਂ ਵਿਚ ਵਿਚਰ ਰਿਹਾ ਏਂ ?

ਟਾਂਡਾ: ਹਾਂ ਪਿੰਡ ਤੋਂ ਸ਼ਹਿਰ ਤੇ ਫਿਰ ਅੰਤਰ-ਰਾਸ਼ਟਰੀ ਸੀਨ ਦੇ ਘੇਰੇ ਵਿਚ ਆ ਕੇ ਸੋਚ ਬਦਲਦੀ ਹੈ, ਰਵੱਈਏ ਨੂੰ ਹੋਰ ਬਣਤਰ ਮਿਲਦੀ ਹੈ ਤੇ ਮਾਨਸਿਕਤਾ ਦਾ ਸੰਸਾਰ ਵੀ ਟੁੱਟਦਾ ਬਣਦਾ ਹੈ ।

9. ਸੁਖਚੈਨ: ਤੇਰੇ ਅਪਣੀ ਪਤਨੀ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਕੀ ਰਿਸ਼ਤੇ ਹਨ ? ਕੀ ਇਹ ਰਿਸ਼ਤੇ ਅਜੇ ਵੀ ਪੰਜਾਬ ਦੀਆਂ ਦਿਹਾਤੀ ਗਲੀਆਂ ਵਿਚ ਰਹਿ ਰਹੇ ਹਨ ?

ਟਾਂਡਾ: ਪਤਨੀ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਰਿਸ਼ਤੇ ਵਧੀਆ ਹਨ । ਖੜਕਾ ਦੜਕਾ ਵੀ ਹੁੰਦਾ ਰਹਿੰਦਾ ਹੈ ਆਮ ਵਾਂਗ । ਹਾਂ ਇਹ ਰਿਸ਼ਤੇ ਅਜੇ ਵੀ ਪੰਜਾਬ ਦੇ ਦਿਹਾਤੀ ਜੀਵਨ ਨੂੰ ਪੂਰਾ ਅਮੀਰ ਕਰ ਰਹੇ ਹਨ । ਵਿਰਸਾ ਉਗਮਦਾ ਵਸਦਾ ਰਹਿੰਦਾ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *