ਪਰਾਏ ਤਾਂ ਪਰਾਏ, ਆਪਣਿਆਂ ਵੀ ਘਟ ਨਹੀਂ ਗੁਜ਼ਾਰੀ

-ਜਸਵੰਤ ਸਿੰਘ ‘ਅਜੀਤ’

ਦੇਸ਼ ਦੀ ਅਜ਼ਾਦੀ ਵਿੱਚ ਸਿੱਖਾਂ ਦਾ ਜੋ ਯੋਗਦਾਨ, ਆਪਣੀ ਨਿਗੂਣੀ ਜਿਹੀ ਅਬਾਦੀ ਦੇ ਮੁਕਾਬਲੇ ਦੇਸ਼ ਦੀ ਕੁਲ ਅਬਾਦੀ ਦੀਆਂ ਕੁਰਬਾਨੀਆਂ ਤੋਂ ਕਈ ਗੁਣਾ ਵੱਧ ਕੁਰਬਾਨੀਆਂ ਕਰਨ ਦਾ ਰਿਹਾ, ਅਜ਼ਾਦੀ ਤੋਂ ਬਾਅਦ ਉਸਨੂੰ ਪਰਾਇਆ ਨੇ ਤਾਂ ਮਾਨਤਾ ਨਾ ਤਾਂ ਦੇਣੀ ਸੀ ਤੇ ਨਾ ਹੀ ਦਿੱਤੀ। ਪਰ ਅਜ਼ਾਦੀ ਤੋਂ ਬਾਅਦ ਆਪਣਿਆਂ ਨੇ ਵੀ ਪਰਾਇਆਂ ਦੀਆਂ ਪੈੜਾਂ ਦੇ ਚਲਦਿਆਂ ਸਿੱਖਾਂ ਨੂੰ ਦੂਜਿਆਂ ਨਾਲੋਂ ਅਲਗ-ਥਲਗ ਕਰਨ ਤੇ ਨਿਜ ਰਾਜਸੀ ਸੁਆਰਥ ਲਈ ਉਨ੍ਹਾਂ ਨੂੰ ਰੋਲਣ ਵਿੱਚ ਕੋਈ ਕਸਰ ਨਹੀਂ ਛੱਡੀ। ਉਸੇ ਦਾ ਹੀ ਨਤੀਜਾ ਹੋਇਆ ਕਿ ਸਿੱਖ ਅੱਜ ਵੀ ਆਪਣੇ ਹੀ ਦੇਸ਼ ਵਿੱਚ ਬੇਗਾਨਿਆ ਵਾਂਗ ਰੁਲ ਰਹੇ ਹਨ ਅਤੇ ਆਪਣੀ ਹੋਂਦ ਦੀ ਕਾਇਮੀ ਲਈ ਧਰਤੀ ਦੀ ਭਾਲ ਵਿੱਚ ਧੱਕੇ ਖਾ ਰਹੇ ਹਨ। ਉਨ੍ਹਾਂ ਦਾ ਹਰ ਕਦਮ, ਚਾਹੇ ਉਹ ਦੇਸ਼ ਦੇ ਵੱਡੇ ਹਿਤਾਂ ਵਿੱਚ ਹੀ ਕਿਉਂ ਨਾ ਹੋਵੇ ਸ਼ਕ ਦੀਆਂ ਨਜ਼ਰਾਂ ਨਾਲ ਵੇਖਿਆ ਜਾ ਰਿਹਾ ਹੈ। ਵਿਸ਼ੇਸ਼ ਰੂਪ ਵਿੱਚ ਨੀਲਾ ਤਾਰਾ ਸਾਕੇ ਅਤੇ ਨਵੰਬਰ-84 ਦੀ ਸਿੱਖ ਨਸਲਕੁਸ਼ੀ, ਜੋ ਸਿੱਖ ਇਤਿਹਾਸ ਦੀਆਂ ਅਜਿਹੀਆਂ ਦੁਖਦਾਈ ਘਟਨਾਵਾਂ ਹਨ, ਜਿਨ੍ਹਾਂ ਨੇ ਇੱਕ ਪਾਸੇ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਲੂਹ ਦਿੱਤਾ ਸੀ ਤੇ ਉਨ੍ਹਾਂ ਦੇ ਦਿਲ ਵਿੱਚ ਨਾ ਕੇਵਲ ਆਪਣੇ ਜਾਨ-ਮਾਲ ਦੀ ਸੁਰਖਿਆ ਪ੍ਰਤੀ ਵਿਸ਼ਵਾਸ ਦੀਆਂ ਜੜਾਂ ਵੀ ਹਿਲਾ ਦਿੱਤੀਆਂ, ਸਗੋਂ ਉਨ੍ਹਾਂ ਦੇ ਦਿਲ ਵਿੱਚ ਆਪਣੇ ਧਰਮ ਦੇ ਇਸ ਦੇਸ਼ ਵਿੱਚ ਸੁਰਖਿਅਤ ਹੋਣ ਤੇ ਰਹਿਣ ਪ੍ਰਤੀ ਵੀ ਸ਼ੰਕਾਵਾਂ ਨੂੰ ਜਨਮ ਦੇ ਦਿੱਤਾ। ਇਨ੍ਹਾਂ ਕਾਲਮਾਂ ਵਿੱਚ ਅਰੰਭ ਤੋਂ ਹੁਣ ਤਕ ਦੇ ਵਰਤਾਰੇ ਦੀ ਰੌਸ਼ਨੀ ਵਿੱਚ, ਸਾਰੀ ਸਥਿਤੀ ਦੀ ਸਾਰਥਕ ਸਮੀਖਿਆ ਕਰਨ ਦੀ ਕੌਸ਼ਿਸ਼ ਕੀਤੀ ਗਈ ਹੈ।
ਗਲ ਪਰਾਇਆਂ ਦੀ: ਹਿੰਦੁਸਤਾਨ-ਪਾਕਿਸਤਾਨ ਦੇ ਨਾਂ ’ਤੇ ਹੋਈ ਵੰਡ ਨਾਲ ਆਜ਼ਾਦ ਹੋਏ ਦੇਸ਼ ਦੀ ਸੱਤਾ ਪੁਰ ਬਿਰਾਜਮਾਨ ਹੋਏ ਕਾਂਗ੍ਰਸੀ ਨੇਤਾ ਦੇਸ਼ ਦੀ ਸੱਤਾ ਨੂੰ ਸਦਾ ਲਈ ਆਪਣੇ ਹੀ ਹਥਾਂ ਵਿਚ ਕੇਂਦ੍ਰਿਤ ਰਖਣ ਦੀ ਲਾਲਸਾ ਵਿਚ ਇਤਨੇ ਗ੍ਰਸੇ ਗਏ, ਕਿ ਉਨ੍ਹਾਂ ਨੇ ਸੱਤਾ ਸੰਭਾਲਦਿਆਂ ਹੀ, ਉਨ੍ਹਾਂ ਸਿੱਖਾਂ ਨੂੰ, ਜਰਾਇਮ ਪੇਸ਼ਾ ਕਰਾਰ ਦੇ, ਦੇਸ਼ ਤੇ ਮਨੁਖਤਾ ਦੇ ਦੁਸ਼ਮਣ ਸਥਾਪਤ ਕਰ, ਭਾਰਤੀ-ਸਮਾਜ ਤੋਂ ਅਲਗ-ਥਲਗ ਕਰ ਦੇਣ ਦੀ ਸਾਜ਼ਿਸ਼ ਰਚਣ ਵਿਚ ਕੋਈ ਝਿਝਕ ਜਾਂ ਦੇਰੀ ਨਹੀਂ ਵਿਖਾਈ, ਜਿਨ੍ਹਾਂ ਨੇ ਨਾ ਕਵੇਲ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਸਭ ਤੋਂ ਵਧ ਕੁਰਬਾਨੀਆਂ ਕੀਤੀਆਂ ਸਨ, ਸਗੋਂ ਆਪਣੀ ਕਿਸਮਤ ਭਾਰਤ ਨਾਲ ਜੋੜਨ ਦੇ ਕੀਤੇ ਗਏ ਫੈਸਲੇ ਲਈ ਵੀ ਉਨ੍ਹਾਂ ਨੂੰ ਸਭ ਤੋਂ ਵਧ ਕੀਮਤ ਚੁਕਾਣੀ ਪਈ ਸੀ। ਦੇਸ਼ ਦੀ ਵੰਡ ਨੇ ਅੱਧੀ ਤੋਂ ਕਿਤੇ ਵੱਧ ਸਿੱਖ ਕੌਮ ਨੂੰ ਤਬਾਹ, ਬਰਬਾਦ ਤੇ ਘਰੋਂ ਬੇਘਰ ਕਰਕੇ ਰਖ ਦਿਤਾ ਸੀ। ਉਹ ਆਪਣੀਆਂ ਜਾਨਾਂ ਤੋਂ ਵੀ ਵਧ ਪਿਆਰੇ ਗੁਰਦੁਆਰੇ, ਉਨ੍ਹਾਂ ਨਾਲ ਲਗੀਆਂ ਤੇ ਆਪਣੀਆਂ ਅਰਬਾਂ-ਖਰਬਾਂ ਰੁਪਇਆਂ ਦੀਆਂ ਜ਼ਮੀਨਾਂ-ਜਾਇਦਾਦਾਂ ਅਤੇ ਖੂਨ-ਪਸੀਨੇ ਨਾਲ ਸਿੰਜੀਆਂ ਜ਼ਮੀਨਾਂ ਆਦਿ ਛਡ, ਖਾਲੀ ਹਥ ਆਜ਼ਾਦ ਭਾਰਤ ਵਿਚ, ਇਸ ਵਿਸ਼ਵਾਸ ਨਾਲ ਆਏ ਸਨ ਕਿ ਦੇਸ਼ ਦੀ ਆਜ਼ਾਦੀ ਲਈ ਕੀਤੀ ਗਈ, ਉਨ੍ਹਾਂ ਦੀ ਕੁਰਬਾਨੀ ਦਾ ਸਨਮਾਨ ਕੀਤਾ ਜਾਇਗਾ, ਪਰ ਹੋਇਆ ਕੀ? ਇਧਰ, ਅਜ਼ਾਦ ਦੇਸ਼ ਵਿੱਚ ਪੈਰ ਰਖਦਿਆਂ ਹੀ ਉਨ੍ਹਾਂ ਨੂੰ ‘ਜਰਾਇਮਪੇਸ਼ਾ’ ਦੇ ‘ਸਰਟੀਫਿਕੇਟ’ ਨਾਲ ਨਿਵਾਜ ਦਿਤਾ ਗਿਆ।
ਇਉਂ ਜਾਪਦਾ ਹੈ ਜਿਵੇਂ ਇਹ ਸਭ-ਕੁਝ ਇਕ ਗਿਣੀ-ਮਿਥੀ ਸਾਜ਼ਸ਼ ਅਧੀਨ ਕੀਤਾ ਗਿਆ, ਜਿਸਦਾ ਉਦੇਸ਼ ਸ਼ਾਇਦ ਇਹੀ ਸੀ ਕਿ ਆਜ਼ਾਦੀ ਦੀ ਲੜਾਈ ਦੌਰਾਨ ਸਿੱਖਾਂ ਵਲੋਂ ਵਿਖਾਏ ਗਏ ਹੌਸਲੇ ਤੇ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਵੇਖਦਿਆਂ, ਆਜ਼ਾਦੀ ਤੋਂ ਬਾਅਦ ਉਨ੍ਹਾਂ ਦੇ ਸਨਮਾਨ ਨੂੰ ਕਾਇਮ ਰਖਣ ਦੇ ਜੋ ਵਾਇਦੇ ਉਨ੍ਹਾਂ ਦੇ ਨਾਲ ਕਾਂਗ੍ਰਸ ਦੇ ਜ਼ਿਮੇਂਦਾਰ ਆਗੂਆਂ ਵਲੋਂ ਕੀਤੇ ਗਏ ਸਨ, ਉਨ੍ਹਾਂ ਨੂੰ ਪੂਰਿਆਂ ਕਰਨ ਲਈ, ਉਨ੍ਹਾਂ ਪੁਰ ਦਬਾਉ ਨਾ ਬਣਾਇਆ ਜਾ ਸਕੇ।
ਦੇਸ਼ ਦੀ ਇਜ਼ਤ : ਆਜ਼ਾਦੀ ਦੀ ਲੜਾਈ ਦੇ ਇਤਿਹਾਸ ਵਿੱਚ ਸਿੱਖਾਂ ਦੀ ਭੂਮਿਕਾ, ਜਿਸਨੂੰ ਇਤਿਹਾਸ ਦੇ ਪੰਨਿਆਂ ਵਿਚੋਂ ਗਾਇਬ ਕਰ ਦਿੱਤਾ ਗਿਆ ਹੈ, ਪ੍ਰੰਤੂ, ਜਿਸ ਬਾਰੇ ਮੂਲ ਇਤਿਹਾਸ ਗੁਆਹ ਹੈ ਕਿ ਦੇਸ਼ ਦੀ ਅਜ਼ਾਦੀ ਦੀ ਲੜੀ ਜਾ ਰਹੀ ਲੜਾਈ ਦੌਰਾਨ, ਜਦੋਂ ਕਦੀ ਵੀ ਦੇਸ਼ ਅਤੇ ਕਾਂਗ੍ਰਸ ਦੀ ਇਜ਼ਤ ਦਾਅ ਤੇ ਲਗੀ, ਉਸ ਸਮੇਂ ਸਿੱਖ ਹੀ ਉਨ੍ਹਾਂ ਦੀ ਇਜ਼ਤ ਬਚਾਣ ਲਈ ਅਗੇ ਆਏ। ਇਸ ਸੰਬੰਧ ਵਿਚ ਇਥੇ ਇਕ ਘਟਨਾ ਦਾ ਜ਼ਿਕਰ ਕਰਨਾ ਕੁਥਾਉਂ ਨਹੀਂ ਹੋਵੇਗਾ। ਇਕ ਵਾਰ ਬੰਬਈ (ਹੁਣ ਮੁੰਬਈ) ਵਿਖੇ ਕਾਂਗ੍ਰਸ ਦੇ ਹੋਣ ਵਾਲੇ ਜਲਸੇ ਤੇ ਸਰਕਾਰ ਵਲੋਂ ਪਾਬੰਦੀ ਲਾ ਦਿਤੀ ਗਈ ਅਤੇ ਜਲਸੇ ਵਾਲੀ ਥਾਂ ਨੂੰ ਪੁਲਿਸ ਨੇ ਅਪਣੇ ਘੇਰੇ ਵਿਚ ਲੈ ਲਿਆ। ਕੋਈ ਵੀ ਕਾਂਗ੍ਰਸੀ ਨੇਤਾ ਜਾਂ ਵਰਕਰ ਇਸ ਪਾਬੰਦੀ ਦਾ ਵਿਰੋਧ ਕਰਨ ਦੀ ਹਿੰਮਤ ਨਹੀਂ ਸੀ ਜੁਟਾ ਪਾ ਰਿਹਾ। ਉਸ ਸਮੇਂ ਸਿੱਖਾਂ ਦੇ ਇਕ ਜਥੇ ਨੇ, ਜ. ਪ੍ਰਤਾਪ ਸਿੰਘ ਦੀ ਅਗਵਾਈ ਵਿਚ ਮੈਦਾਨ ’ਚ ਨਿਤਰ, ਅਨੇਕਾਂ ਰੋਕਾਂ ਦੇ ਬਾਵਜੂਦ ਜਲਸੇ ਵਾਲੀ ਥਾਂ ਤੇ ਪੁਜ ਕਾਂਗ੍ਰਸ ਤੇ ਦੇਸ਼ ਦੀ ਇਜ਼ਤ ਬਚਾ ਲਈ।
ਕਸ਼ਮੀਰ ਬਨਾਮ ਸਿੱਖ : ਇਤਿਹਾਸ ਵਿੱਚ ਇਹ ਵੀ ਦਸਿਆ ਗਿਆ ਹੈ ਕਿ ਅੱਜ ਜੰਮੂ-ਕਸ਼ਮੀਰ ਦਾ ਜੋ ਹਿਸਾ ਭਾਰਤ ਦਾ ਅੰਗ ਬਣਿਆ ਹੋਇਆ ਹੈ, ਉਹ ਵੀ ਸਿੱਖ ਫੌਜੀਆਂ ਦੀ ਬਦੌਲਤ ਹੀ ਬਚਿਆ ਹੈ। ਮੰਨਿਆ ਜਾਂਦਾ ਹੈ ਕਿ ਜਦੋਂ ਪਾਕਿਸਤਾਨੀ ਫੌਜਾਂ ਕਸ਼ਮੀਰ ਪੁਰ ਹਮਲਾ ਕਰ, ਰਿਆਸਤ ਦੀਆਂ ਫੌਜਾਂ ਨੂੰ ਪਿਛੇ ਧਕਦੀਆਂ ਲਗਾਤਾਰ ਅਗੇ ਵਦਧੀਆਂ ਚਲੀਆਂ ਆ ਰਹੀਆਂ ਸਨ, ਉਸ ਸਮੇਂ ਉਨ੍ਹਾਂ ਨੂੰ ਠਲ੍ਹਣ ਲਈ ਉਥੇ ਪਟਿਆਲਾ ਰਿਆਸਤ ਦੀ ਸਿੱਖ ਫੋਜੀਆਂ ਦੀ ਟੁਕੜੀ ਭੇਜੀ ਗਈ। ਸਿੱਖ ਫੌਜੀਆਂ ਨੇ ਉਥੇ ਪੁਜਦਿਆਂ ਹੀ ਮੌਰਚਾ ਸੰਭਾਲ, ਨਾ ਕੇਵਲ ਅਗੇ ਵਧਦੀ ਚਲੀ ਆ ਰਹੀ ਪਾਕਿਸਤਾਨੀ ਫੌਜ ਨੂੰ ਅੱਗੇ ਵਧਣ ਤੋਂ ਰੋਕਿਆ, ਸਗੋਂ ਉਸਨੂੰ ਪਿਛਾਂਹ ਧਕਣਾ ਵੀ ਸ਼ੁਰੂ ਕਰ ਦਿੱਤਾ। ਸਿੱਖ ਫੌਜੀ ਤਾਂ ਉਸ ਹਿਸੇ ਨੂੰ ਵੀ ਪਾਕਿਸਤਾਨੀ ਫੌਜ ਪਾਸੋਂ ਵਾਪਸ ਲੈਣ ਲਈ ਤਿਆਰ ਸਨ, ਜਿਸ ਪੁਰ ਪਾਕਿਸਤਾਨ ਨੇ ਕਬਜ਼ਾ ਕਰ ਲਿਆ ਹੋਇਆ ਸੀ ਅਤੇ ਜੋ ਅਜ ਵੀ ਪਾਕਿਸਤਾਨੀ ਕਬਜ਼ੇ ਵਿਚ ਹੋਣ ਕਾਰਣ ਭਾਰਤ ਲਈ ਕਦੀ ਵੀ ਦੂਰ ਨਾ ਹੋ ਸਕਣ ਵਾਲਾ ਸਿਰ ਦਰਦ ਬਣਿਆ ਚਲਿਆ ਆ ਰਿਹਾ ਹੈ। ਪ੍ਰੰਤੂ ਉਸ ਸਮੇਂ ਦੇ ਪ੍ਰਧਾਨ ਮੰਤਰੀ, ਪੰਡਤ ਜਵਾਹਰ ਲਾਲ ਨਹਿਰੂ, ਸਿੱਖ ਫੌਜੀਆਂ ਨੂੰ ਅਗੇ ਵਧਣ ਤੋਂ ਰੋਕ, ਮਾਮਲਾ ਯੂ ਐਨ ਓ ਵਿਚ ਲੈ ਗਏ, ਜਿਸ ਨਾਲ ਇਹ ਮਾਮਲਾ ਅਜਿਹਾ ਉਲਝਿਆ ਕਿ ਅਜੇ ਤਕ ਸੁਲਝਣ ਦਾ ਨਾਂ ਨਹੀਂ ਲੈ ਰਿਹਾ। ਭਾਰਤ ਉਸ ਉਲਝਣ ਵਿਚੋਂ ਨਿਕਲਣ ਲਈ ਲਗਾਤਾਰ ਜਾਨ-ਮਾਲ ਦੀ ਭਾਰੀ ਕੀਮਤ ਚੁਕਾਂਦਾ ਅਤੇ ਹਥ-ਪੈਰ ਮਾਰਦਾ ਚਲਿਆ ਆ ਰਿਹਾ ਹੈ।
ਦੇਸ਼ ਦੀ ਏਕਤਾ ਬਨਾਮ ਭਾਰਤੀ ਰਿਆਸਤਾਂ : ਦੇਸ਼ ਨੂੰ ਏਕਤਾ ਦੇ ਸੂਤਰ ਵਿਚ ਪਰੋਣ ਲਈ ਰਿਆਸਤਾਂ ਨੂੰ ਭਾਰਤ ਵਿਚ ਸ਼ਾਮਲ ਕਰਨ ਦਾ ਜੋ ਸਿਹਰਾ ਸਰਦਾਰ ਪਟੇਲ ਦੇ ਸਿਰ ਬੰਨ੍ਹਿਆ ਜਾਂਦਾ ਚਲਿਆ ਆ ਰਿਹਾ ਹੈ, ਉਸ ਸੰਬੰਧੀ ਸੱਚਾਈ ਇਹ ਹੈ ਕਿ ਅੰਗ੍ਰੇਜ਼ਾਂ ਨੇ ਬੜੀ ਸ਼ਾਤਰਾਨਾ ਚਾਲ ਚਲਦਿਆਂ ਦੇਸ਼ ਦੀ ਆਜ਼ਾਦੀ ਦੇ ਨਾਲ ਜਿਥੇ ਉਸਦੀ ਹਿੰਦੁਸਤਾਨ ਤੇ ਪਾਕਿਸਤਾਨ ਦੇ ਰੂਪ ਵਿੱਚ ਵੰਡ ਕੀਤੀ, ਉਥੇ ਹੀ ਉਸਨੇ ਦੇਸ਼ ਦੀਆਂ ਛੋਟੀਆਂ-ਵੱਡੀਆਂ ਰਿਆਸਤਾਂ, ਜਿਨ੍ਹਾਂ ਦੀ ਗਿਣਤੀ ਤਿੰਨ ਸੌ ਤੋਂ ਵੀ ਕਿਤੇ ਵੱਧ ਸੀ, ਨੂੰ ਵੀ ਇਹ ਅਜ਼ਾਦੀ ਦੇ ਦਿੱਤੀ ਕਿ, ਜੇ ਉਹ ਚਾਹੁਣ ਤਾਂ ਆਪਣੀ ਆਜ਼ਾਦ ਹੋਂਦ ਨੂੰ ਕਾਇਮ ਰਖ ਸਕਦੀਆਂ ਹਨ, ਜਾਂ ਪਾਕਿਸਤਾਨ-ਹਿੰਦੁਸਤਾਨ, ਦੋਹਾਂ ਵਿਚੋਂ ਕਿਸੇ ਨਾਲ ਆਪਣਾ ਨਾਤਾ ਜੋੜ ਸਕਦੀਆਂ ਹਨ। ਜਿਸਦਾ ਨਤੀਜਾ ਇਹ ਹੋਇਆ ਕਿ ਇਨ੍ਹਾਂ ਰਿਆਸਤਾਂ ਦੇ ਸਰਬਰਾਹ ਕਿਸੇ ਵੀ ਕੀਮਤ ਤੇ ਆਪਣੀਆਂ ਰਿਆਸਤਾਂ ਨੂੰ ਭਾਰਤ ਵਿਚ ਸ਼ਾਮਲ ਕਰ, ਉਨ੍ਹਾਂ ਦੀ ਹੋਂਦ ਖਤਮ ਕਰਨ ਲਈ ਤਿਆਰ ਨਹੀਂ ਸੀ ਹੋ ਰਹੇ, ਕਿਉਂਕਿ ਸਰਦਾਰ ਪਟੇਲ ਉਨ੍ਹਾਂ ਵਲੋਂ ਪ੍ਰਗਟ ਕੀਤੀਆਂ ਜਾ ਰਹੀਆਂ ਸ਼ੰਕਾਵਾਂ ਨੂੰ ਦੂਰ ਨਹੀਂ ਕਰ ਪਾ ਰਹੇ ਸਨ। ਇਸ ਪਖੋਂ ਗ੍ਰਹਿ ਮੰਤਰੀ ਸਰਦਾਰ ਵਲਭ ਭਾਈ ਪਟੇਲ ਹੀ ਨਹੀਂ, ਸਗੋਂ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਵੀ ਨਿਰਾਸ਼ ਹੋ ਚੁਕੇ ਸਨ। ਅਜਿਹੇ ਸਮੇਂ ’ਤੇ ਪਟਿਆਲਾ ਰਿਆਸਤ ਦੇ ਮਹਾਰਾਜਾ ਭੂਪਿੰਦਰ ਸਿੰਘ ਨੇ ਅਗੇ ਆ ਉਨ੍ਹਾਂ ਦੀ ਮਦਦ ਕੀਤੀ। ਸਭ ਤੋਂ ਪਹਿਲਾਂ ਉਨ੍ਹਾਂ ਆਪ, ਆਪਣੀ ਰਿਆਸਤ ਪਟਿਆਲਾ ਨੂੰ ਭਾਰਤੀ ਸੰਘ ਵਿਚ ਸ਼ਾਮਲ ਕਰਨ ਦੀ ਪੇਸ਼ਕਸ਼ ਕੀਤੀ। ਫਿਰ ਉਨ੍ਹਾਂ ਦੂਜੇ, ਆਪਣੇ ਪ੍ਰਭਾਵ ਹੇਠਲੇ ਰਾਜਿਆਂ ਨੂੰ ਭਾਰਤੀ ਸੰਘ ਵਿਚ ਸ਼ਾਮਲ ਹੋਣ ਲਈ ਪ੍ਰੇਰਿਆ। ਉਨ੍ਹਾਂ ਦੀ ਪ੍ਰੇਰਨਾ ਸਦਕਾ ਕਈ ਰਾਜੇ ਆਪਣੀਆਂ ਰਿਆਸਤਾਂ ਭਾਰਤੀ ਸੰਘ ਵਿਚ ਸ਼ਾਮਲ ਕਰਨ ਲਈ ਤਿਆਰ ਹੋ ਸਕੇ। ਹੈਦਰਾਬਾਦ ਤੇ ਜੂਨਾਗੜ੍ਹ ਰਿਆਸਤਾਂ ਦੇ ਨਵਾਬਾਂ ਨੇ ਪਾਕਿਸਤਾਨ ਨਾਲ ਆਪਣਾ ਭਵਿਖ ਜੋੜਨ ਦਾ ਐਲਾਨ ਕਰ ਦਿਤਾ। ਇਨ੍ਹਾਂ ਦੋਹਾਂ ਰਿਆਸਤਾਂ ਦੀਆਂ ਫੌਜਾਂ ਪਾਸੋਂ ਹਥਿਆਰ ਸੁਟਾ, ਇਨ੍ਹਾਂ ਦੇ ਨਵਾਬਾਂ ਨੂੰ ਭਾਰਤ ਵਿਚ ਸ਼ਾਮਲ ਹੋਣ ਤੇ ਮਜਬੂਰ ਕਰਨ ਵਿਚ ਵੀ ਸਿੱਖ ਫੌਜੀ ਟੁਕੜੀਆਂ ਦੀ ਹੀ ਮੁਖ ਭੂਮਿਕਾ ਰਹੀ ਸੀ।
ਇਸਦਾ ਮਿਲਿਆ ‘ਇਨਾਮ’ : ਅੱਜ ਵੀ ਸਿੱਖਾਂ ਨੂੰ ਇਹ ਸ਼ਿਕਵਾ ਹੈ ਕਿ ਉਨ੍ਹਾਂ ਨੇ ਇਸ ਦੇਸ਼ ਲਈ ਕੀ ਕੁਝ ਨਹੀਂ ਕੀਤਾ? ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਕਰਨ ਤੋਂ ਬਾਅਦ ਮਿਲੇ ‘ਜਰਾਇਮਪੇਸ਼ਾ’ ਦੇ ਇਨਾਮ ਦੇ ਬਾਵਜੂਦ ਦੁਸ਼ਮਣਾਂ ਪਾਸੋਂ ਦੇਸ਼ ਦੀਆਂ ਸਰਹਦਾਂ ਦੀ ਰਖਿਆ ਲਈ ਵੀ ਸਭ ਤੋਂ ਵਧ ਕੁਰਬਾਨੀਆਂ ਉਨ੍ਹਾਂ ਦਿੱਤੀਆਂ। ਦੇਸ਼ ਲਈ ਇਤਨੀਆਂ ਕੁਰਬਾਨੀਆਂ ਕਰਨ ਬਦਲੇ ਵਿੱਚ ਉਨ੍ਹਾਂ ਨੂੰ ਮਿਲਿਆ ਕੀ? ‘ਜਰਾਇਮਪੇਸ਼ਾ’ ਹੋਣ ਦਾ ‘ਸਰਟੀਫਿਕੇਟ’! ਦੇਸ਼ ਦੇ ਕਰਣਧਾਰਾਂ ਨੇ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਸਨਮਾਨ ਕਰਨਾ ਤਾਂ ਦੂਰ ਰਿਹਾ, ਉਨ੍ਹਾਂ ਨਾਲ ਇਨਸਾਫ ਕਰਨਾ ਵੀ ਉਨ੍ਹਾਂ ਨੂੰ ਗਵਾਰਾ ਨਹੀਂ ਹੋਇਆ।
…ਅਤੇ ਅੰਤ ਵਿੱਚ : ਉਸ ਪੰਜਾਬ ਵਿਚ, ਜੋ ਕਦੀ ਗੁਰਾਂ ਦੇ ਨਾਂ ਤੇ ਜੀਂਦਾ ਸੀ ਤੇ ਜਿਥੇ ਸਦਾ ਹੀ ਪਿਆਰ ਤੇ ਆਪਸੀ ਸਾਂਝ ਦੇ ਗੀਤ ਗੂੰਜਦੇ ਸਨ, ਵੈਰ ਤੇ ਨਫਰਤ ਦੇ ਬੀਜ ਬੀਜੇ ਜਾਣ ਲਗੇ। ਗੁਆਂਢੀ, ਗੁਆਂਢੀ ਨੂੰ ਸ਼ਕ ਦੀਆਂ ਨਜ਼ਰਾਂ ਨਾਲ ਵੇਖਣ ਲਗਾ। ਸਿੱਖਾਂ ਨੂੰ ਬੇਗੁਨਾਹਾਂ ਦੇ ਕਾਤਲ ਠਹਿਰਾ, ਪੂਰੇ ਵਿਸ਼ਵ ਵਿੱਚ ਬਦਨਾਮ ਕਰ ਅਲਗ-ਥਲਗ ਕਰ ਦਿੱਤਾ ਗਿਆ। ਨੀਲਾ ਤਾਰੇ ਸਾਕੇ (ਸ੍ਰੀ ਦਰਬਾਰ ਸਾਹਿਬ ਪੁਰ ਫੋਜਾਂ ਚਾੜ੍ਹ ਅਕਾਲ ਤਖਤ ਢਾਹ ਢੇਰੀ ਅਤੇ ਪਿਆਰ ਤੇ ਸਦਭਾਵਨਾ ਦੇ ਸੋਮੇਂ ਦਰਬਾਰ ਸਾਹਿਬ ਦੀਆਂ ਦੀਵਾਰਾਂ ਨੂੰ ਗੋਲੀਆਂ ਨਾਲ ਛਲਨੀ ਕਰ) ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਬੁਰੀ ਤਰ੍ਹਾਂ ਲੂਹਿਆ ਗਿਆ। ਇਤਨਾ ਹੀ ਨਹੀਂ ਇਸਦੇ ਛੇ ਮਹੀਨਿਆਂ ਬਾਅਦ ਹੀ ਇੰਦਰਾ ਗਾਂਧੀ (ਸਮੇਂ ਦੀ ਪ੍ਰਧਾਨ ਮੰਤਰੀ) ਦੇ ਹੋਏ ਕਤਲ ਤੋਂ ਬਾਅਦ ਸਾਰੇ ਦੇਸ਼ ਵਿੱਚ ਬੇਗੁਨਾਹ ਸਿੱਖਾਂ ਪੁਰ ਜਿਸਤਰ੍ਹਾਂ ਕਹਿਰ ਬਰਪਾਇਆ ਗਿਆ। ਸਿੱਖਾਂ ਨਾਲ ਇਹ ਕੁਝ ਸੰਸਾਰ ਭਰ ਦੇ ਲੋਕਾਂ ਨੇ ਵੇਖਿਆ ਅਤੇ ਸੁਣਿਆ। ਪ੍ਰੰਤੂ ਸੰਸਾਰ ਦੇ ਕਿਸੇ ਇੱਕ ਵੀ ਕੋਨੇ ਤੋਂ ਸਿੱਖਾਂ ਪ੍ਰਤੀ ਹਮਦਰਦੀ ਦੇ ਦੋ ਸ਼ਬਦ ਤਕ ਸੁਣਨ ਨੂੰ ਨਹੀਂ ਮਿਲੇ।

Geef een reactie

Het e-mailadres wordt niet gepubliceerd. Vereiste velden zijn gemarkeerd met *