ਬਾਦਲ ਅਕਾਲੀ ਦਲ ਨੇ ਪੰਜਾਬੋਂ ਬਾਹਰ ਪੈਰ ਪਸਾਰੇ?

ਜਸਵੰਤ ਸਿੰਘ ‘ਅਜੀਤ’

ਬੀਤੇ ਦਿਨੀਂ ਆਈਆਂ ਖਬਰਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪੰਜਾਬ ਤੋਂ ਬਾਹਰ ਦਲ ਕੇ ਪ੍ਰਭਾਵ ਖੇਤ੍ਰ ਦਾ ਵਿਸਥਾਰ ਕਰਨ ਦੇ ਉਦੇਸ਼ ਨਾਲ ਦੇਸ਼ ਦੇ ਲਗਭਗ ਸਾਰੇ ਹੀ ਰਾਜਾਂ ਲਈ ਇੰਚਾਰਜ ਥਾਪ ਉਨ੍ਹਾਂ ਨੂੰ ਆਪਣੇ-ਆਪਣੇ ਅਧਿਕਾਰ ਵਿਚਲੇ ਰਾਜਾਂ ਵਿੱਚ ਪਾਰਟੀ ਦੀਆਂ ਇਕਾਈਆਂ ਦਾ ਗਠਨ ਕਰ, ਉਨ੍ਹਾਂ ਨੂੰ ਸਰਗਰਮ ਕਰਨ ਦੀ ਜ਼ਿਮੇਂਦਾਰੀ ਸੌਂਪਣ ਦੀ ਪ੍ਰਕ੍ਰਿਆ ਨੂੰ ਅੰਤਿਮ ਰੂਪ ਦੇ ਦਿੱਤਾ। ਮੰਨਿਆ ਜਾਂਦਾ ਹੈ ਕਿ ਹਰ ਇੱਕ ਪਾਰਟੀ, ਜਥੇਬੰਦੀ ਅਤੇ ਉਸਦੀ ਲੀਡਰਸ਼ਿਪ ਦਾ ਅਧਿਕਾਰ ਸੁਰਖਿਅਤ ਹੁੰਦਾ ਹੈ ਕਿ ਉਹ ਆਪਣੇ ਪ੍ਰਭਾਵ ਖੇਤ੍ਰ ਦਾ ਵਿਸਥਾਰ ਕਰਨ ਲਈ ਪੈਰ ਪਸਾਰਣ ਅਤੇ ਉਨ੍ਹਾਂ ਨੂੰ ਪਕਿਆਂ ਕਰਨ। ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਅਲਗ ਅਤੇ ਦੂਜੀਆਂ ਪਾਰਟੀਆਂ ਨਾਲੋਂ ਕੁਝ ਵਖਰੀ ਹੀ ਹੈ, ਇਸਦਾ ਕਾਰਣ ਇਹ ਹੈ ਕਿ ਕੌਮੀ ਰਾਜਸੀ ਪਾਰਟੀਆਂ ਦਾ ਏਜੰਡਾ ਕੌਮੀ ਪੱਧਰ ਅਧਾਰਤ ਹੁੰਦਾ ਹੈ ਇਸਲਈ ਉਨ੍ਹਾਂ ਨੂੰ ਆਪਣਾ ਵਿਸਥਾਰ ਕਰਨ ਲਈ ਖੁਲ੍ਹਾ ਮੈਦਾਨ ਮਿਲ ਜਾਂਦਾ ਹੈ। ਪ੍ਰੰਤੂ ਬੀਤੇ ਵਿੱਚ ਇਹ ਗਲ ਪ੍ਰਤੱਖ ਹੋ ਸਾਹਮਣੇ ਆਉਂਦੀ ਰਹੀ ਕਿ ਪ੍ਰਦੇਸ਼ਕ ਅਰਥਾਤ ਰਾਜ-ਪਧਰੀ ਪਾਰਟੀਆਂ ਵਿਚੋਂ ਜਿਸ ਕਿਸੇ ਨੇ ਵੀ ਆਪਣੇ ਪ੍ਰਦੇਸ਼ ਤੋਂ ਬਾਹਰ ਪੈਰ ਫੈਲਾਏ ਜਾਂ ਇਸ ਪਾਸੇ ਕੌਸ਼ਿਸ਼ ਕੀਤੀ ਉਸਨੂੰ ਮਨ-ਇਛਤ ਸਫਲਤਾ ਨਹੀਂ ਮਿਲ ਸਕੀ। ਇਸਦਾ ਕਾਰਣ ਇਹ ਹੈ ਉਸਦਾ ਨਿਸ਼ਾਨਾ ਆਪਣੇ ਰਾਜ (ਪ੍ਰਦੇਸ) ਅਤੇ ੳੋਥੋਂ ਨਾਲ ਸੰਬੰਧਤ ਆਪਣੇ ਹਿਤਾਂ ਨੂੰ ਹੀ ਸੁਰਖਿਅਤ ਰਖਣ ਤੋਂ ਬਾਹਰ ਨਹੀਂ ਨਿਕਲ ਪਾਂਦੀ, ਜਿਸ ਕਾਰਣ ਉਹ ਦੂਸਰੇ ਰਾਜਾਂ ਜਾਂ ਕੌਮੀ ਹਿਤਾਂ ਦੀ ਰਖਿਆ ਨਾਲ ਇਨਸਾਫ ਨਹੀਂ ਕਰ ਪਾਂਦੀ। ਅਰੰਭ ਵਿੱਚ, ਵਿਸ਼ੇਸ਼ ਰੂਪ ਵਿੱਚ ਮਾਸਟਰ ਤਾਰਾ ਸਿੰਘ ਦੇ ਸਮੇਂ ਸ਼੍ਰੋਮਣੀ ਅਕਾਲੀ ਦਲ ਦੀਆਂ ਦੇਸ ਦੇ ਲਗਭਗ ਸਾਰੇ ਹੀ ਰਾਜਾਂ ਵਿੱਚ ਇਕਾਈਆਂ ਕਾਇਮ ਕਰ, ਉਨ੍ਹਾਂ ਨੂੰ ਇਹ ਅਧਿਕਾਰ ਦਿੱਤਾ ਗਿਆ ਸੀ ਕਿ ਉਹ ਦਲ ਦੇ ਕੇਂਦ੍ਰੀ ਸੰਗਠਨ ਨਾਲ ਜੁੜਿਆਂ ਰਹਿ, ਆਪਣੇ ਸਥਾਨਕ ਰਾਜਸੀ ਹਿੱਤਾਂ ਦੇ ਅਧਾਰ ’ਤੇ ਆਪਣੀ ਰਾਜਸੀ ਰਣਨੀਤੀ ਘੜਨ ਲਈ ਸੁਤੰਤਰ ਹਨ। ਇਸੇ ਨੀਤੀ ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਤੋਂ ਬਾਹਰ ਦੇ ਸਿੱਖਾਂ ਪੁਰ ਆਪਣੀ ਪਕੜ ਬਣਾਈ ਰਖੀ। ਇਸੇ ਨੀਤੀ ਦੇ ਫਲਸਰੂਪ ਅਕਾਲੀ ਦਲ ਵਲੋਂ ਲਾਏ ਗਏ ਹਰ ਮੋਰਚੇ ਲਈ ਪੰਜਾਬ ਤੋਂ ਬਾਹਰ ਦੇ ਸਿੱਖਾਂ ਦਾ ਭਰਪੂਰ ਸਹਿਯੋਗ ਮਿਲਦਾ ਰਿਹਾ।
ਮਾਸਟਰ ਤਾਰਾ ਸਿੰਘ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਇਸ ਨੀਤੀ ਵਿੱਚ ਬਦਲਾਉ ਆ ਗਿਆ। ਪੰਜਾਬ ਤੋਂ ਬਾਹਰ ਦੀਆਂ ਦਲ ਦੀਆਂ ਇਕਾਈਆਂ ਦੇ ਆਗੂਆਂ ਵਾਲ ਵਿਚਾਰ-ਵਟਾਂਦਰਾ ਕੀਤੇ ਬਿਨਾ ਹੀ, ਉਨ੍ਹਾਂ ਨੂੰ ਪੰਜਾਬ ਚਿਲੇ ਆਪਣੇ ਰਾਜਸੀ ਹਿੱਤਾਂ ਦੇ ਅਧਾਰ ’ਤੇ ਹਿਦਾਇਤਾਂ ਜਾਰੀ ਕੀਤੀਆਂ ਜਾਣ ਲਗ ਪਈਆਂ– ‘ਤੁਸਾਂ ਫਲਾਂ ਪਾਰਟੀ ਨਾਲ ਨਹੀਂ, ਫਲਾਂ ਪਾਰਟੀ ਨਾਲ ਚਲਣਾ ਹੈ’। ‘ਉਸਦਾ ਨਹੀਂ ਇਸਦਾ ਸਮਰਥਨ ਕਰਨਾ ਹੇ’। ਇਸਦਾ ਨਤੀਜਾ ਇਹ ਹੋਇਆ ਕਿ ਪੰਜਾਬ ਤੋਂ ਬਾਹਰ ਦੇ ਸਿੱਖਾਂ ਦੇ ਹਿੱਤ ਨਜ਼ਰ-ਅੰਦਾਜ਼ ਕੀਤੇ ਜਾਣ ਲਗੇ ਅਤੇ ਇਸ ਸਥਿਤੀ ਦੇ ਚਲਦਿਆਂ ਪ੍ਰਦੇਸ਼ਕ (ਰਾਜ) ਇਕਾਈਆਂ ਵਿੱਚ ਫੁਟ ਪੈਣ ਲਗ ਪਈ। ਫਿਰ ਇੱਕ ਸਮਾਂ ਅਜਿਹਾ ਆ ਗਿਆ ਕਿ ਜਦੋਂ ਕੇਂਦ੍ਰੀ ਲੀਡਰਸ਼ਿਪ ਵਲੋਂ ਮਿਲਣ ਵਾਲੀਆਂ ਹਿਦਾਇਤਾਂ ਨੂੰ ਪੂਰੀ ਅਣਗੋਲਿਆਂ ਕੀਤਾ ਜਾਣ ਲਗ ਪਿਆ।
ਦਿੱਲੀ ਦੀ ਉਦਾਹਰਣ ਸਾਹਮਣੇ ਹੈ, ਉਥੇ ਜੱਥੇਦਾਰ ਸੰਤੋਖ ਸਿੰਘ, ਪੰਜਾਬ ਦੀ ਅਕਾਲੀ ਲੀਡਰਸ਼ਿਪ ਦੇ ਵਿਰੋਧ ਉਭਰੇ ਸੁਰਾਂ ਵਿਚੋਂ ਚੁਨੌਤੀ ਦੇ ਰੂਪ ਵਿੱਚ ਸਾਹਮਣੇ ਆਏ। ਉਨ੍ਹਾਂ ਨੇ ‘ਦਿੱਲੀ ਦੇ ਸਿੱਖਾਂ ਦੀ ਸੁਤੰਤਰ ਹੋਂਦ ਅਤੇ ਉਨ੍ਹਾਂ ਦੀ ਸੁਤੰਤਰ ਰਾਜਨੀਤੀ’ ਦਾ ਨਾਹਰਾ ਦਿੱਤਾ ਅਤੇ ਇਸਦੇ ਨਾਲ ਹੀ ਸਪਸ਼ਟ ਕਰ ਦਿੱਤਾ ਕਿ ਦਿੱਲੀ ਦੇ ਸਿੱਖ ਆਪਣੇ ਰਾਜਸੀ ਫੈਸਲੇ ਆਪਣੇ ਸਥਾਨਕ ਹਿੱਤਾਂ ਦੇ ਅਧਾਰ ਪੁਰ ਆਪ ਕਰਿਆ ਕਰਨਗੇ ਅਤੇ ਆਪਣੇ ਫੈਸਲਿਆਂ ਵਿੱਚ ਕਿਸੇ ਵੀ ਬਾਹਰਲੇ ਦਖਲ ਨੂੰ ਸਹਿਣ ਨਹੀਂ ਕਰਨਗੇ। ਇਸਦਾ ਨਤੀਜਾ ਇਹ ਹੋਇਆ ਕਿ ਜਿਥੇ ਉਹ ਦਿੱਲੀ ਦੀ ਸਿੱਖ ਰਾਜਨੀਤੀ ਵਿੱਚ ‘ਬੇਤਾਜ ਬਾਦਸ਼ਾਹ’ ਵਜੋਂ ਸਵੀਕਾਰੇ ਗਏ ਉਥੇ ਹੀ ਉਨ੍ਹਾਂ ਦੀ ਇੱਛਾ ਅਤੇ ਉਨ੍ਹਾਂ ਦੇ ਸਹਿਯੋਗ ਬਿਨਾ ਕੋਈ ਵੀ ਬਾਹਰੀ ਸਿੱਖ/ਅਕਾਲੀ ਲੀਡਰਸ਼ਿਪ ਉਨ੍ਹਾਂ ਦੇ ਜੀਵਨ-ਕਾਲ ਦੌਰਾਨ ਦਿੱਲੀ ਵਿੱਚ ਆਪਣੇ ਪੈਰ ਜਮਾਣ ਤਾਂ ਕੀ ਪੈਰ ਰਖਣ ਵਿੱਚ ਵੀ ਸਫਲ ਨਹੀਂ ਸੀ ਹੋ ਸਕੀ। ਉਨ੍ਹਾਂ ਤੋਂ ਬਾਅਦ ਪੰਜਾਬ ਦੀ ਲੀਡਰਸ਼ਿਪ ਜਿਸਤਰ੍ਹਾਂ ਸਾਮ-ਦਾਮ-ਦੰਡ ਦੀ ਨੀਤੀ ਅਪਨਾ, ਦਿੱਲੀ ਦੀ ਸਿੱਖ/ਅਕਾਲੀ ਰਾਜਨੀਤੀ ਪੁਰ ਹਾਵੀ ਹੋਈ ਉਸਦੀ ਇੱਕ ਵਕਰੀ ਹੀ ਕਹਾਣੀ ਹੈ, ਜਿਸ ਪੁਰ ਫਿਰ ਕਿਸੇ ਸਮੇਂ ਇਨ੍ਹਾਂ ਹੀ ਕਾਲਮਾਂ ਵਿੱਚ ਚਰਚਾ ਕਰਾਂਗੇ।
ਇਨ੍ਹਾਂ ਹੀ ਦਿਨਾਂ ਵਿੱਚ ਦਸਿਆ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਸੰਬੰਧਤ ਹਰਿਆਣਾ ਦੇ ਕੁਝ ਅਕਾਲੀ ਮੁਖੀਆਂ ਨੇ ਪੰਜਾਬ-ਹਰਿਆਣਾ ਵਿੱਚਕਾਰ ਚਲ ਰਹੇ ਪਾਣੀਆਂ ਦੀ ਵੰਡ ਦੇ ਵਿਵਾਦ ਦੇ ਮੁੱਦੇ ਨੂੰ ਲੈ, ਹਰਿਆਣਾ ਦੇ ਵਿਰੁਧ ਅਤੇ ਪੰਜਾਬ ਦੇ ਹਕ ਵਿੱਚ ਅਵਾਜ਼ ਉਠਾਣ ਦੀ ਕੁ-ਦਲੇਰੀ ਕੀਤੀ, ਤਾਂ ਉਨ੍ਹਾਂ ਨੂੰ ਆਪਣੇ ਹੀ ਹਰਿਆਣਾ ਵਿਚਲੇ ਸਾਥੀਆਂ, ਵਿਸ਼ੇਸ਼ ਕਰ, ਅਕਾਲੀਆਂ ਤੇ ਹੋਰ ਪੰਜਾਬੀਆਂ ਤੇ ਸਥਾਨਕ ਲੋਕਾਂ ਪਾਸੋਂ ਖੂਬ ਖਰੀਆਂ-ਖੋਟੀਆਂ ਸੁਣਨੀਆਂ ਪਈਆ। ਇੱਹ ਅਤੇ ਬੀਤੇ ਸਮੇਂ ਦੀਆਂ ਕਈ ਹੋਰ ਘਟਨਾਵਾਂ, ਅਜਿਹੀਆਂ ਹਨ ਜੋ ਇਸ ਗਲ ਦਾ ਸੰਕੇਤ ਹਨ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕੇਂਦ੍ਰੀ ਲੀਡਰਸ਼ਿਪ ਨੇ ਜੇ ਪੰਜਾਬ ਤੋਂ ਬਾਹਰ ਦੇ ਰਾਜਾਂ (ਪ੍ਰਦੇਸ਼ਾਂ) ਵਿੱਚ ਪੈਰ ਪਸਾਰਨੇ ਅਤੇ ਜਮਾਣੇ ਹਨ ਤਾਂ ਉਸਨੂੰ ਪੰਜਾਬ ਤੋਂ ਬਾਹਰ ਦੀਆਂ ਪਾਰਟੀ ਇਕਾਈਆਂ ਦੇ ਮੁੱਖੀਆਂ ਨੂੰ ਇਹ ਅਧਿਕਾਰ ਦੇਣਾ ਹੀ ਹੋਵੇਗਾ ਕਿ ਉਹ ਆਪਣੇ ਸਥਾਨਕ ਹਿੱਤਾਂ ਦੇ ਅਧਾਰ ’ਤੇ ਆਪਣੇ ਰਾਜਸੀ ਫੈਸਲੇ ਆਪ ਕਰਨ ਲਈ ਸੁਤੰਤਰ ਹਨ। ਜਦੋਂ ਕਦੀ ਵੀ ਪੰਜਾਬ ਅਧਾਰਤ ਫੈਸਲੇ ਉਨ੍ਹਾਂ ਪੁਰ ਠੋਸਣ ਦੀ ਕੌਸ਼ਿਸ਼ ਕੀਤੀ ਗਈ ਤਾਂ ਉਹ ਮੰਨ ਲੈਣ ਕਿ ਉਸੇ ਸਮੇਂ ਪੰਜਾਬੋਂ ਬਾਹਰ ਦੀ ਉਨ੍ਹਾਂ ਦੇ ਪੈਰਾਂ ਹੇਠਲੀ ਜ਼ਮੀਨ, ਖਿਸਕਣੀ ਸ਼ੁਰੂ ਹੋ ਜਾਇਗੀ!
ਮੋਦੀ ਬਨਾਮ ਸੰਘ : ਬੀਬੀਸੀ ਦੇ ਇੱਕ ਜਰਨਲਿਸਟ ਰਾਜੇਸ਼ ਜੋਸ਼ੀ ਨੇ ਦਸਿਆ ਕਿ ਐਨਡੀਏ ਦੀ ਸੰਨ-2004 ਵਿੱਚ ਹੋਈ ਹਾਰ ਤੋਂ ਬਾਅਦ ਆਰਐਸਐਸ ਪੂਰੇ ਦਸ ਵਰ੍ਹੇ ਰਾਜਸੀ ਬਨਬਾਸ ਵਿੱਚ ਚਲਾ ਗਿਆ ਸੀ। ਸੰਨ-2014 ਦੀਆਂ ਲੋਕਸਭਾ ਚੋਣਾਂ ਵਿੱਚ ਉਸਦੇ ਕਾਰਜਕਰਤਾ (ਵਰਕਰ) ਅਤੇ ਪ੍ਰਚਾਰਕ ਨਰੇਂਦਰ ਮੋਦੀ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਸੱਤਾ ਦਾ ਕੁੰਡਾ ਇੱਕ ਵਾਰ ਫਿਰ ਸੰਘ ਦੀ ਪਹੁੰਚ ਵਿੱਚ ਆ ਗਿਆ ਹੈ। ਪਰ ਸੰਘ ਦੇ ਮੁਖੀ ਇਸ ਵਾਰ ਇਸ ਕੁੰਡੇ ਨੂੰ ਆਪਣੇ ਹੱਥਾਂ ਵਿੱਚ ਕੇਂਦ੍ਰਿਤ ਕਰਨ ਵਿੱਚ ਜਲਦਬਾਜ਼ੀ ਨਹੀਂ ਵਿਖਾ ਰਹੇ। ਇਸਦਾ ਕਾਰਣ ਇਹ ਦਸਿਆ ਗਿਐ ਕਿ ਸੰਨ-1998 ਵਿੱਚ ਸੰਘ ਦੇ ਮੁਖੀਆਂ ਨੇ ਸੱਤਾ ਦਾ ਕੁੰਡਾ ਆਪਣੇ ਹੱਥਾਂ ਵਿੱਚ ਕੇਂਦ੍ਰਿਤ ਕਰਨ ਵਿੱਚ ਜਲਦਬਾਜ਼ੀ ਉਸ ਸਮੇਂ ਵਿਖਾਈ ਸੀ, ਜਦੋਂ ਉਸਦੇ ਇੱਕ ਕਾਰਜਕਰਤਾ (ਸਵੈਸੇਵਕ) ਅਟਲ ਬਿਹਾਰੀ ਵਾਜਪਈ ਨੇ ਸਹਿਯੋਗੀ ਪਾਰਟੀਆਂ ਦੀ ਮਦਦ ਨਾਲ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁਕੀ ਸੀ। ਇਸ ਜਲਦਬਾਜ਼ੀ ਕਾਰਣ ਸੰਘ ਅਤੇ ਵਾਜਪਈ ਸਰਕਾਰ ਵਿੱਚ ਲਗਭਗ ਰੋਜ਼ ਹੀ ਵਿਵਾਦ-ਝਗੜਾ, ਘਰ ਵਿੱਚ, ਸੜਕਾਂ ਪੁਰ ਅਤੇ ਖੁਲ੍ਹੇ ਮੈਦਾਨ ਵਿੱਚ, ਹੁੰਦਾ ਰਹਿੰਦਾ ਸੀ। ਇੱਕ ਪਾਸੇ ਸੰਘ ਦੇ ਸੀਨੀਅਰ ਵਿਚਾਰਕ ਅਤੇ ਭਾਰਤੀ ਮਜ਼ਦੂਰ ਸੰਘ ਦੇ ਸੰਸਥਾਪਕ ਦੱਤੋਪੰਤ ਠੇਂਗੜੀ, ਵਾਜਪਈ ਮੰਤਰੀ ਮੰਡਲ ਵਿੱਚ ਖਜ਼ਾਨਾ ਮੰਤਰੀ ਯਸ਼ਵੰਤ ਸਿਨਹਾ ਨੂੰ ਖੁਲ੍ਹੀ ਸਭਾ ਵਿੱਚ ‘ਅਪਰਾਧੀ’ ਗਰਦਾਨਦੇ ਰਹੇ ਅਤੇ ਦੂਸਰੇ ਪਾਸੇ ਵਿਸ਼ਵ ਹਿੰਦੂ ਪ੍ਰੀਸ਼ਦ ਜਿਹੇ ਸੰਗਠਨਾਂ ਨੇ ਵਾਜਪਈ ਲਈ ਚੈਨ ਨਾਲ ਸਰਕਾਰ ਚਲਾਣਾ ਵੀ ਮੁਸ਼ਕਲ ਕੀਤੀ ਰਖਿਆ। ਸੰਘ ਦੇ ਅੰਦਰ ਪਹੁੰਚ ਰਖਣ ਵਾਲੇ ਲੋਕੀ ਦਸਦੇ ਹਨ ਕਿ ਆਰਐਸਐਸ ਵਲੋਂ ਨਰੇਂਦਰ ਮੋਦੀ ਨੂੰ ਫਿਲਹਾਲ ਕੋਈ ਚੁਨੌਤੀ ਨਹੀਂ ਮਿਲੇਗੀ, ਕਿਉਂਕਿ ਪਿਛਲੀ ਵਾਰ ਨਾਲੋਂ ਸੰਘ ਦੇ ਮੁਖੀ ਕਾਫੀ ਸੁਘੜ-ਸਿਆਣੇ ਹੋ ਗਏ ਹੋਏ ਹਨ। ਉਸਦੇ ਆਗੂਆਂ ਨੂੰ ਇਹ ਚੰਗੀ ਤਰ੍ਹਾਂ ਅਹਿਸਾਸ ਹੋ ਚੁਕਾ ਹੈ ਕਿ ਜਿਸ ਪਾਰਟੀ ਨੂੰ ਸੱਤਾ ਵਿੱਚ ਲਿਆਉਣ ਲਈ ਉਸਦੇ ਕਾਰਜਕਰਤਾ ਜੀ-ਜਾਨ ਲਾ ਦਿੰਦੇ ਹਨ, ਉਸੇ ਦੀ ਕਬਰ ਖੋਦਣਾ ਆਪਣੇ ਲਈ ਬੀਆਬਾਨ ਜੰਗਲ ਦਾ ਟਿਕਟ ਕਟਾਣ ਵਰਗਾ ਹੋਵੇਗਾ।
ਗਲ ‘ਆਨਰ ਕਿਲਿੰਗ’ ਦੀ: ਬੀਤੇ ਦਿਨੀਂ ਸੁਪ੍ਰੀਮ ਕੋਰਟ ਦਾ ਇੱਕ ਫੈਸਲਾ ਸਾਹਮਣੇ ਆਇਆ, ਜਿਸ ਵਿੱਚ ਕਿਹਾ ਗਿਆ ਹੋਇਆ ਸੀ ਕਿ ‘ਆਨਰ ਕਿਲਿੰਗ’ ਦੇਸ਼ ਪੁਰ ਇੱਕ ਬਦਨੁਮਾ ਧੱਬਾ ਹੈ’। ਇਸਦੇ ਨਾਲ ਹੀ ਅਦਾਲਤ ਨੇ ਇਹ ਵੀ ਕਿਹਾ ਕਿ ਉਸਦੀ ਰਾਇ ਵਿੱਚ ਭਾਵੇਂ ਕਿਸੇ ਵੀ ਕਾਰਣ ਕਰਕੇ ‘ਆਨਰ ਕਿਲਿੰਗ’ ਹੋਵੇ, ਉਹ ‘ਰੇਅਰੇਸਟ ਆਫ ਰੇਅਰ’ ਅਪਰਾਧ ਦੀ ਸ਼੍ਰੇਣੀ ਵਿੱਚ ਆਉਂਦੀ ਹੈ। ਅਜਿਹੇ ਗੁਨਾਹਾਂ ਦੇ ਅਪਰਾਧੀਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਜਸਟਿਸ ਮਾਰਕੰਡੇ ਕਾਟਜੂ ਅਤੇ ਜਸਟਿਸ ਗਿਆਨ ਸੁਧਾ ਮਿਸਰਾ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਇਸਤਰ੍ਹਾਂ ਦੇ ਅਣ-ਮਨੁਖੀ ਕਾਰਿਆਂ ਲਈ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ।
…ਅਤੇ ਅੰਤ ਵਿੱਚ : ਕੁਝ ਹੀ ਸਮਾਂ ਹੋਇਐ ਇਸੇਤਰ੍ਹਾਂ ਦੀ ਇੱਕ ਖਬਰ ਆਈ ਸੀ, ਜਿਸ ਅਨੁਸਾਰ ਇੱਕ ਬੀਐਸਸੀ ਦੀ ਵਿਦਿਆਰਥਣ ਆਪਣੇ ਪ੍ਰੇਮੀ ਨਾਲ ਆਪਣਾ ਘਰ ਅਤੇ ਸ਼ਹਿਰ ਛੱਡ ਕਿਸੇ ਦੂਸਰੇ ਸ਼ਹਿਰ ਵਿੱਚ ਜਾ ਵਸੀ। ਜਦੋਂ ਉਸਦੇ ਮਾਤਾ-ਪਿਤਾ ਉਸਨੂੰ ਸਮਝਾ-ਬੁਝਾ ਘਰ ਵਾਪਸ ਲਿਜਾਣ ਪੁਜੇ ਤਾਂ ਵਿਦਿਆਰਥਣ ਨੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚ ਦਖਲ ਨਾ ਦੇਣ ਦੀ ਚਿਤਾਵਨੀ ਦਿੰਦਿਆਂ ਨਾ ਕੇਵਲ ਉਨ੍ਹਾਂ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ, ਸਗੋਂ ਪ੍ਰੇਮੀ ਨਾਲ ਕੋਤਵਾਲੀ ਜਾ, ‘ਆਨਰ ਕਿਲਿੰਗ’ ਦੀ ਸ਼ੰਕਾ ਪ੍ਰਗਟਾਉਂਦਿਆਂ ਆਪਣੇ ਮਾਤਾ-ਪਿਤਾ ਵਿਰੁਧ ਲਿਖਤੀ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ। ਜਦੋਂ ਉਸਦੇ ਮਾਤਾ-ਪਿਤਾ ਲੜਕੀ ਦੀ ਵਾਪਸੀ ਦੀ ਗੁਹਾਰ ਲੈ, ਕੋਤਵਾਲੀ ਪੁਜੇ ਤਾਂ ਪੁਲਿਸ ਨੇ ਉਸਦੇ ਬਾਲਿਗ ਹੋਣ ਦੀ ਗਲ ਆਖ ਹੱਥ ਖੜੇ ਕਰ ਦਿੱਤੇ।

Geef een reactie

Het e-mailadres wordt niet gepubliceerd. Vereiste velden zijn gemarkeerd met *