ਚੀਫ ਖਾਲਸਾ ਦੀਵਾਨ ਦੀ ਚੋਣ ਬਨਾਮ ਅਕਾਲ ਤਖਤ

ਨਵੀਂ ਦਿੱਲੀ : 12 ਅਪ੍ਰੈਲ, 2018 :
ਬੀਤੇ ਦਿਨੀਂ ਸਿੱਖਾਂ ਦੀ ਸਮਾਜਕ ਅਤੇ ਵਿਦਿਅਕ ਖੇਤ੍ਰ ਵਿੱਚ ਸਾਰਥਕ ਭੂਮਿਕਾ ਨਿਭਾ ਰਹੀ ਸੰਸਥਾ ਚੀਫ ਖਾਲਸਾ ਦੀਵਾਨ ਦੇ ਅਹੁਦੇਦਾਰਾਂ ਦੀ ਜੋ ਚੋਣ ਹੋਈ, ਉਸ ਵਿੱਚ ਡਾ. ਸੰਤੋਖ ਸਿੰਘ ਚੇਅਰਮੈਨ ਅਤੇ ਉਨ੍ਹਾਂ ਦੇ ਕਈ ਸਾਥੀ ਚੋਣ ਜਿਤਣ ਵਿੱਚ ਸਫਲ ਹੋ ਗਏ। ਦਸਿਆ ਗਿਆ ਹੈ ਕਿ ਦੀਵਾਨ ਵਿਚਲੀ ਵਿਰੋਧੀ ਧਿਰ ਇਸ ਚੋਣ ਨੂੰ ਇਸ ਅਧਾਰ ’ਤੇ, ਕਿ ਇਸ ਵਿੱਚ ‘ਪਤੱਤ’ ਮੈਂਬਰਾਂ ਪਾਸੋਂ ਮਤਦਾਨ ਕਰਵਾਇਆ ਗਿਆ ਹੈ ਜਾਂ ਉਨ੍ਹਾਂ ਨੇ ਆਪ ਮਤਦਾਨ ਕੀਤਾ ਹੈ, ਚੁਨੌਤੀ ਦੇਣ ਲਈ ਇੱਕ ਪਾਸੇ ਅਦਾਲਤ ਵਿੱਚ ਜਾ ਰਹੀ ਹੈ ਅਤੇ ਦੂਸਰੇ ਪਾਸੇ ਉਹ ਇਸੇ ਚੋਣ ਦੇ ਵਿਰੁਧ ਅਕਾਲ ਤਖਤ ਪੁਰ ਵੀ ਕੇ ਪੁਜ ਗਈ ਹੈ। ਇਸ ਸਥਿਤੀ ਪੁਰ ਸਵਾਲ ਉਠਾਂਦਿਆਂ ਸ. ਜੋਗਿੰਦਰ ਸਿੰਘ ਪ੍ਰਧਾਨ ਸਿੱਖ ਧਰਮ ਪ੍ਰਚਾਰਕ ਸਭਾ ਨੇ ਕਿਹਾ ਕਿ ਜੇ ਅਜਿਹਾ ਦੀਵਾਨ ਦੇ ਨਿਯਮਾਂ ਦੇ ਵਿਰੁਧ ਹੋਇਆ ਹੈ ਤਾਂ ਵਿਰੋਧੀ ਧਿਰ ਦੀ ਸ਼ਿਕਾਇਤ ਜਾਇਜ਼ ਹੈ, ਪ੍ਰੰਤੂ ਜੇ ਦੀਵਾਨ ਦੇ ਨਿਯਮਾਂ ਵਿੱਚ ਅਜਿਹਾ ਕੋਈ ਪ੍ਰਾਵਧਾਨ ਨਹੀਂ ਤਾਂ ਇਹ ਸ਼ਿਕਾਇਤ ਜਾਇਜ਼ ਨਹੀਂ। ਇਸਲਈ ਅਕਾਲ ਤਖਤ ਨੂੰ ਇਸ ਮਾਮਲੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਕਿਉਂਕਿ ਜੇ ਅਦਾਲਤ ਨੇ ਦੀਵਾਨ ਦੇ ਨਿਯਮਾਂ-ਉਪਨਿਯਮਾਂ ਦੇ ਅਧਾਰ ਤੇ ਵਿਰੋਧੀ ਧਿਰ ਦੀ ਸ਼ਿਕਾਇਤ ਨੂੰ ਰੱਦ ਕਰ, ਚੋਣ ਨੂੰ ਜਾਇਜ਼ ਕਰਾਰ ਦੇ ਦਿੱਤਾ ਤਾਂ ਅਕਾਲ ਤਖਤ ਦੀ ਸਥਿਤੀ ਹਾਸੋਹੀਣੀ ਹੋ ਜਾਇਗੀ। ਸ. ਜੋਗਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਅਨਸਾਰ ਜਿਨ੍ਹਾਂ ਮੈਂਬਰਾਂ ਨੇ ਇਸ ਚੋਣ ਵਿੱਚ ਮਤਦਾਤਾ ਵਜੋਂ ਹਿਸਾ ਲਿਆ ਹੈ, ਉਹ ਸਾਰੇ ਹੀ ਦੀਵਾਨ ਦੇ ਅਧਕਾਰਤ ਮੈਂਬਰ ਹਨ। ਜਿਸ ਕਾਰਣ ਉਨ੍ਹਾਂ ਨੂੰ ਚੀਫ ਖਾਲਸਾ ਦੀਵਾਨ ਦੀ ਹੋਣ ਵਾਲੀ ਹਰ ਚੋਣ ਵਿੱਚ ਹਿਸਾ ਲੈਣ ਤੇ ਮਤਦਾਨ ਕਰਨ ਦਾ ਅਧਿਕਾਰ ਪ੍ਰਾਪਤ ਹੈ। ਕਿਉਂਕਿ ਇਸ ਹਾਲਤ ਵਿੱਚ ਉਨ੍ਹਾਂ ਨੂੰ ਕਿਸੇ ਵੀ ਹਾਲਤ ਵਿੱਚ ਮਤਦਾਨ ਕਰਨ ਤੋਂ ਨਹੀਂ ਸੀ ਰੋਕਿਆ ਜਾ ਸਕਦਾ। ਉਨ੍ਹਾਂ ਨੂੰ ਮਤਦਾਨ ਕਰਨ ਤੋਂ ਰੋਕਣਾ ਜਾਂ ਉਨ੍ਹਾਂ ਵਲੋਂ ਕੀਤੇ ਮਤਦਾਨ ਨੂੰ ਗਲਤ ਠਹਿਰਾਉਣਾ ਤਾਂ ਹੀ ਜਾਇਜ਼ ਸੀ ਜਾਂ ਹੈ, ਜੇ ਦੀਵਾਨ ਦੇ ਮੈਂਬਰ ਬਣਾਏ ਜਾਣ ਦੇ ਨਿਯਮਾਂ ਵਿੱਚ ਇਹ ਪ੍ਰਾਵਧਾਨ ਹੁੰਦਾ ਕਿ ਕੋਈ ‘ਪਤਤ’ ਦੀਵਾਨ ਦਾ ਮੈਂਬਰ ਨਹੀਂ ਬਣ ਸਕਦਾ ਜਾਂ ਇਹ ਨਿਸ਼ਚਿਤ ਕੀਤਾ ਗਿਆ ਹੁੰਦਾ ਕਿ ‘ਪਤਤ’ ਦੀਵਾਨ ਦਾ ਮੈਂਬਰ ਤਾਂ ਬਣ ਸਕਦਾ ਹੈ, ਪਰ ਚੀਫ ਖਾਲਸਾ ਦੀਵਾਨ ਨਾਲ ਸੰਬੰਧਤ ਕਿਸੇ ਵੀ ਚੋਣ ਵਿੱਚ ਮਤਦਾਨ ਕਰਨ ਦਾ ਉਸਨੂੰ ਅਧਿਕਾਰ ਨਹੀਂ। ਜੇ ਅਜਿਹਾ ਕੋਈ ਪ੍ਰਾਵਧਾਨ ਨਿਯਮਾਂ ਵਿੱਚ ਨਹੀਂ ਤਾਂ ‘ਪਤਤ’ ਮੈਂਬਰਾਂ ਵਲੋਂ ਕੀਤੇ ਗਏ ਮਤਦਾਨ ਪੁਰ ਉਂਗਲ ਉਠਾਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ।

Geef een reactie

Het e-mailadres wordt niet gepubliceerd. Vereiste velden zijn gemarkeerd met *