ਦਿੱਲੀ ਗੁਰਦੁਆਰਾ ਕਮੇਟੀ ਦੀ ਸਾਖ ਨੂੰ ਸੁਧਾਰਨ ਦੇ ਜਤਨ

ਜਸਵੰਤ ਸਿੰਘ ‘ਅਜੀਤ’

ਬੀਤੇ ਦਿਨੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਜਨਰਲ ਮੈਨੇਜਰ ਅਤੇ ਦੋ ਡਿਪਟੀ ਜਨਰਲ ਮੈਨੇਜਰਾਂ ਪੁਰ ਇੱਕ ਲੜਕੀ ਵਲੋਂ ਆਪਣੇ ਨਾਲ ਛੇੜ-ਛਾੜ ਕਰਨ ਅਤੇ ਨੌਕਰੀ ਲੈਣ ਲਈ ਉਨ੍ਹਾਂ ਨਾਲ ‘ਕੰਪ੍ਰੋਮਾਈਜ਼’ ਕਰਨ ਦਾ ਜੋ ਕਥਤ ਦੋਸ਼ ਲਾਇਆ ਗਿਆ, ਉਹ ਮੋਟੀਆਂ-ਮੋਟੀਆਂ ਸੁਰਖੀਆਂ ਨਾਲ ਰਾਜਧਾਨੀ ਦੇ ਮੀਡੀਆ ਦਾ ਸ਼ਿੰਗਾਰ ਬਣ ਗਿਆ। ਜਿਸਦੇ ਚਲਦਿਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕਤੱਰ ਅਤੇ ਸੀਨੀਅਰ ਮੀਤ ਪ੍ਰਧਾਨ, ਜੋ ਕਿ ਪ੍ਰਧਾਨ ਦੇ ਵਿਦੇਸ਼ ਵਿੱਚ ਹੋਣ ਕਾਰਣ ਐਕਟਿੰਗ ਪ੍ਰਧਾਨ ਦੇ ਰੂਪ ਵਿੱਚ ਜ਼ਿਮੇਂਦਾਰੀ ਨਿਭਾ ਰਹੇ ਸਨ, ਵਿੱਚ ਅਧਿਕਾਰਾਂ ਨੂੰ ਲੈ, ਜੋ ਵਾਕ-ਯੁੱਧ ਹੋਇਆ, ਉਸ ਨਾਲ ਹਰ ਸਿੱਖ ਦਾ ਦਿਲ ਨਾ ਕੇਵਲ ਦੁਖੀ ਹੀ ਹੋਇਆ, ਸਗੋਂ ਉਹ ਖੂਨ ਦੇ ਅਥਰੂ ਰੋਣ ਤਕ ਲਈ ਵੀ ਮਜਬੂਰ ਹੋ ਗਿਆ। ਸਮਾਂ ਰਹਿੰਦਿਆਂ ਜਿਸ ਗਲ ਨੂੰ ਜਨਰਲ ਸਕਤੱਰ ਅਤੇ ਸੀਨੀਅਰ ਮੀਤ ਪ੍ਰਧਾਨ ਮਿਲ-ਬੈਠ ਅੰਦਰ ਖਾਤੇ ਹੀ ਇਸ ਢੰਗ ਨਾਲ ਨਿਪਟਾ ਸਕਦੇ ਸਨ, ਕਿ ਉਸਦਾ ਧੂਆਂ ਤਕ ਵੀ ਬਾਹਰ ਨਾ ਨਿਕਲਦਾ, ਉਸਨੂੰ ਉਨ੍ਹਾਂ ਨੇ ਆਪਸੀ ਅਧਿਕਾਰਾਂ ਦੀ ਲੜਾਈ ਦਾ ਅਖਾੜਾ ਬਣਾ, ਅਜਿਹਾ ਰੂਪ ਦੇ ਦਿੱਤਾ ਕਿ ਪੁਛੋ ਨਾਂਹ! ਉਨ੍ਹਾਂ ਦੇ ਆਪਸੀ ਟਕਰਾਅ ਦੇ ਚਲਦਿਆਂ ਇਸ ਕਥਤ ਦੋਸ਼ ਦੀਆਂ ਖਬਰਾਂ ਜਦੋਂ ਸੁਰਖੀਆਂ ਬਣ ਆਮ ਲੋਕਾਂ ਤਕ ਪੁਜੀਆਂ ਅਤੇ ਕਮੇਟੀ ਦੇ ਪ੍ਰਬੰਧਕਾਂ ਪੁਰ ਦੋਸ਼ੀਆਂ ਦੀ ਸਰਪ੍ਰਸਤੀ ਕਰਨ ਦੇ ਦੋਸ਼ ਲਗਣ ਲਗੇ, ਤਾਂ ਜਾ ਕੇ ਜਨਰਲ ਸਕੱਤਰ ਨੇ ਕਥਤ ਦੋਸ਼ੀਆਂ ਨੂੰ ਸੇਵਾ ਤੋਂ ਮੁਅਤਲ ਕਰ, ਉਨ੍ਹਾਂ ਵਿਰੁਧ ਜਾਂਚ ਲਈ ਇੱਕ ਚਾਰ-ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ। ਜਿਸਦਾ ਮੁਖੀ ਉਨ੍ਹਾਂ ਨੇ ਗੁਰਦੁਆਰਾ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਦੀਆਂ ਜ਼ਿਮੇਂਦਾਰੀਆਂ ਨਿਭਾ ਰਹੇ, ਸੀਨੀਅਰ ਮੀਤ ਪ੍ਰਧਾਨ ਨੂੰ ਥਾਪ ਦਿੱਤਾ। ਜਿਸ ਪੁਰ ਸੀਨੀਅਰ ਮੀਤ ਪ੍ਰਧਾਨ ਨੇ ਝਟ ਹੀ ਇਤਰਾਜ਼ ਕਰ ਦਿੱਤਾ, ਫਲਸਰੂਪ ਜਨਰਲ ਸਕਤੱਰ ਨੇ ਉਸਦਾ ਨਾਂ ਹਟਾ, ਉਸਦੀ ਥਾਂ ਗੁਰਦੁਆਰਾ ਕਮੇਟੀ ਦੇ ਹੀ ਇੱਕ ਸੀਨੀਅਰ ਮੈਂਬਰ ਦਾ ਨਾਂ ਸ਼ਾਮਲ ਕਰ ਦਿੱਤਾ। ਪਤਾ ਨਹੀਂ ਕਿਉਂ? ਸ਼ਾਇਦ ਕਾਰਜਕਾਰੀ ਪ੍ਰਧਾਨ ਹੋਣ ਕਾਰਣ, ਸੀਨੀਅਰ ਮੀਤ ਪ੍ਰਧਾਨ ਨੇ ਜਨਰਲ ਸਕੱਤਰ ਦੇ ਇਸ ਕਦਮ ਨੂੰ ਆਪਣੇ ਅਧਿਕਾਰ-ਖੇਤ੍ਰ ਵਿੱਚ ਦਖਲ ਮੰਨ ਲਿਆ ’ਤੇ ਉਸਨੇ ਬਿਨਾ ਸੋਚੇ-ਸਮਝੇ ਜਨਰਲ ਸਕਤੱਰ ਦੇ ਆਦੇਸ਼ ਦੇ ਅਮਲ ਪੁਰ ਰੋਕ ਲਾ ਦਿੱਤੀ। ਉਸਨੇ ਇਹ ਵੀ ਸੋਚਣ ਦੀ ਲੋੜ ਨਹੀਂ ਸਮਝੀ ਕਿ ਉਸਦੇ ਇਸ ਕਦਮ ਨਾਲ ਲੋਕਾਂ ਵਿੱਚ ਗਲਤ ਸੰਦੇਸ਼ ਜਾ ਸਕਦਾ ਹੈ। ਉਹੀ ਹੋਇਆ, ਆਮ ਸਿੱਖਾਂ ਦੇ ਨਾਲ ਗੈਰ-ਸਿੱਖਾਂ ਤਕ ਵਿੱਚ ਇਹ ਸੰਦੇਸ਼ ਚਲਾ ਗਿਆ ਕਿ ਜਨਰਲ ਸਕਤੱਰ ਤਾਂ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜਿਆਂ ਕਰਨਾ ਚਾਹੁੰਦਾ ਹੈ, ਪ੍ਰੰਤੂ ਐਕਟਿੰਗ ਪ੍ਰਧਾਨ ਉਨ੍ਹਾਂ ਨੂੰ ਬਚਾਣ ਲਈ ਉਸਦੇ ਕੰਮ ਵਿੱਚ ਰੁਕਾਵਟਾਂ ਪੈਦਾ ਕਰ ਰਿਹਾ ਹੈ। ਇਸੇ ਤਰ੍ਹਾਂ ਜਨਰਲ ਸਕਤੱਰ ਵਲੋਂ ਗਠਤ ਜਾਂਚ ਕਮੇਟੀ ਨੇ ਅਜੇ ਆਪਣਾ ਕੰਮ ਸ਼ੁਰੂ ਵੀ ਨਹੀਂ ਸੀ ਕੀਤਾ ਕਿ ਜਨਰਲ ਮੈਨੇਜਰ ਨੇ ਉਸ ਤੋਂ ਪਹਿਲਾਂ ਹੀ ਪਤ੍ਰਕਾਰਾਂ ਨੂੰ ਬੁਲਾ ਆਪਣੇ-ਆਪਨੂੰ ਬੇਗੁਨਾਹ ਕਰਾਰ ਦੇ, ਆਪਣੇ ਪੁਰ ਦੋਸ਼ ਲਾਏ ਜਾਣ ਨੂੰ ਸੱਤਾਧਾਰੀ ਪਾਰਟੀ ਦੇ ਵਿਰੋਧੀਆਂ ਦੀ ਸਾਜ਼ਸ਼ ਕਰਾਰ ਦੇ ਦਿੱਤਾ। ਉਸਨੇ ਵੀ ਇਹ ਨਹੀਂ ਸੋਚਿਆ ਕਿ ਜਾਂਚ ਹੋਣ ਅਤੇ ਉਸਦਾ ਨਤੀਜਾ ਆਉਣ ਤੋਂ ਪਹਿਲਾਂ ਹੀ ਅਜਿਹਾ ਬਿਆਨ ਦੇ, ਉਹ ਆਪਣੇ ਨੂੰ ਆਪ ਹੀ ਦੋਸ਼ੀਆਂ ਦੇ ਕਟਹਿਰੇ ਵਿੱਚ ਖੜਾ ਕਰ ਰਿਹਾ ਹੈ। ਇਹ ਤਾਂ ਚੰਗਾ ਹੋਇਆ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਨੇ ਆਪਣਾ ਵਿਦੇਸ਼ੀ ਦੌਰਾ ਵਿੱਚੇ ਛੱਡ, ਵਾਪਸ ਆ, ਟਕਰਾਅ ਵਿੱਚ ਉਲਝਦੀ ਜਾ ਰਹੀ ਸਥਿਤੀ ਨੂੰ ਸੰਭਾਲ ਲਿਆ। ਉਨ੍ਹਾਂ ਕਥਤ ਦੋਸ਼ੀਆਂ ਦੀ ਮੁਅਤਲੀ ਨੂੰ ਕਾਇਮ ਰਖਦਿਆਂ, ਉਨ੍ਹਾਂ ਵਿਰੁਧ ਦੋਸ਼ਾਂ ਦੀ ਜਾਂਚ ਕਰਨ ਦਿੱਲੀ ਹਾਈਕੋਰਟ ਦੇ ਸੇਵਾ-ਮੁਕਤ ਜੱਜ, ਜਸਟਿਸ ਆਰ ਐਸ ਸੋਢੀ ਨੂੰ ਅਤੇ ਉਨ੍ਹਾਂ (ਜਸਟਿਸ ਸੋਢੀ) ਨੂੰ ਸਹਿਯੋਗ ਕਰਨ ਅਤੇ ਜਾਂਚ ਲਈ ਲੋੜੀਂਦੇ ਦਸਤਾਵੇਜ਼ ਉਪਲਬੱਧ ਕਰਵਾਏ ਜਾਣ ਦੀ ਜ਼ਿਮੇਂਦਾਰੀ, ਗੁਰਦੁਆਰਾ ਕਮੇਟੀ ਦੇ ਮੁੱਖ ਸਲਾਹਕਾਰ ਸ. ਕੁਲਮੋਹਨ ਸਿੰਘ ਨੂੰ ਸੌਂਪ ਦਿੱਤੀ।
ਇਸ ਸਾਰੀ ਸਿਥਤੀ ਦੀ ਘੋਖ ਕਰ, ਇਸ ਪੁਰ ਚਰਚਾ ਕਰਦਿਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕਤੱਰ ਅਤੇ ਵਰਤਮਾਨ ਮੈਂਬਰ ਸ. ਗੁਰਮੀਤ ਸਿੰਘ ਸ਼ੰਟੀ ਨੇ ਕਿਹਾ ਕਿ ਇਨ੍ਹੀਂ ਦਿਨੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਜੋ ਕੁਝ ਵੀ ਵਾਪਰਿਆ ਹੈ, ਉਹ ਬਹੁਤ ਹੀ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਮੈਨੇਜਰ ਅਤੇ ਡਿਪਟੀ ਜਨਰਲ ਮੈਨੇਜਰਾਂ ਪੁਰ ਇੱਕ ਲੜਕੀ ਨਾਲ ਛੇੜਛਾੜ ਕਰਨ, ਅਰਥਾਤ ਆਚਰਣ ਤੋਂ ਗਿਰਿਆ ਵਿਹਾਰ ਕੀਤੇ ਜਾਣ ਦੇ ਜੋ ਦੋਸ਼ ਲਗੇ ਹਨ, ਉਹ ਉਨ੍ਹਾਂ ਦੇ ਸੰਬੰਧ ਵਿੱਚ ਇਸ ਸਮੇਂ ਇਸਲਈ ਕੁਝ ਵੀ ਕਹਿਣ ਦੀ ਸਥਿਤੀ ਵਿੱਚ ਨਹੀਂ, ਕਿਉਂਕਿ ਇੱਕ ਤਾਂ ਇਹ ਮਾਮਲਾ ਅਦਾਲਤ ਵਿੱਚ ਹੈ ਅਤੇ ਦੂਜਾ ਇਹ ਜਾਂਚ ਲਈ ਇੱਕ ਸਨਿੀਅਰ ਅਤੇ ਜ਼ਿਮੇਂਦਾਰ ਸਾਬਕਾ ਜਸਟਿਸ ਪਾਸ ਪਹੁੰਚ ਚੁਕਾ ਹੈ। ਇਸਦੇ ਬਾਵਜੂਦ ਉਹ ਇਹ ਕਹੇ ਬਿਨਾ ਨਹੀਂ ਰਹਿ ਸਕਦੇ ਕਿ ਇਸ ਕਾਂਡ ਕਾਰਣ ਸਮੁਚੇ ਰੂਪ ਵਿੱਚ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਪੁਰ ਡੂੰਘੀ ਸੱਟ ਵਜੀ ਹੈ। ਉਨ੍ਹਾਂ ਕਿਹਾ ਕਿ ਇਸ ਕਾਂਡ ਕਾਰਣ ਨਾ ਸਿਰਫ ਆਮ ਸਿੱਖਾਂ ਦੇ ਸੰਬੰਧ ਵਿੱਚ, ਸਗੋਂ ਸਰਵੁੱਚ ਧਾਰਮਕ ਸਿੱਖ ਸੰਸਥਾਵਾਂ ਦੇ ਪ੍ਰਬੰਧ ਅਤੇ ਪ੍ਰਬੰਧਕਾਂ ਦੇ ਸੰਬੰਧ ਵਿੱਚ ਵੀ ਬਹੁਤ ਹੀ ਗ਼ਲਤ ਸੰਦੇਸ਼ ਆਮ ਲੋਕਾਂ ਵਿੱਚ ਚਲਾ ਗਿਆ ਹੈ, ਜਿਸਦੇ ਚਲਦਿਆਂ ਸਿੱਖ ਗੈਰ-ਸਿੱਖਾਂ ਨਾਲ ਅੱਖਾਂ ਨਾਲ ਅੱਖਾਂ ਮਿਲਾ, ਗਲ ਕਰਨ ਤੋਂ ਵੀ ਕਤਰਾਉਣ ਲਗੇ ਹਨ। ਸ. ਸ਼ੰਟੀ ਨੇ ਕਿਹਾ ਕਿ ਇਸ ਸਥਿਤੀ ਵਿੱਚੋਂ ਜਲਦੀ ਕੀਤੇ ਉਭਰ ਪਾਣਾ ਸਹਿਜ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸੱਚਾਈ ਤਾਂ ਇਹ ਹੈ ਕਿ ਇਸ ਸਥਿਤੀ ਵਿਚੋਂ ਉਭਰਨ ਲਈ ਲੰਮੇਂ ਸਮੇਂ ਤਕ ਸਖਤ ਸੰਘਰਸ਼ ਕਰਨਾ ਹੋਵੇਗਾ। ਇਸਦੇ ਨਾਲ ਹੀ ਉਨ੍ਹਾਂ ਨੇ ਚਿਤਾਵਨੀ ਭਰੇ ਸ਼ਬਦਾਂ ਵਿੱਚ ਕਿਹਾ ਕਿ ਜੇ ਇਸ ਮੁੱਦੇ ਨੂੰ ਲੈ ਕੇ ਰਾਜਨੀਤੀ ਕੀਤੀ ਗਈ ਤਾਂ ਸਮੁਚੇ ਸਿੱਖ ਜਗਤ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਅਨੁਸਾਰ ਇਸ ਮੁੱਦੇ ਪੁਰ ਰਾਜਨੀਤੀ ਨਾ ਕਰ, ਇੱਕ-ਦੂਜੇ ਨੂੰ ਨੀਵਾਂ ਵਿਖਾਏ ਜਾਣ ਦੀ ਸੋਚ ਤਿਆਗ, ਇਸ ਵਿਚੋਂ ਉਭਰਨ ਦਾ ਰਾਹ ਤਲਾਸ਼ਣਾ ਹੋਵੇਗਾ। ਉਨ੍ਹਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀਆਂ ਨੂੰ ਵੀ ਸਲਾਹ ਦਿੱਤੀ ਕਿ ਉਹ ਇਸ ਮੁੱਦੇ, ਜੋ ਉਨ੍ਹਾਂ ਦੀ ਆਪਸੀ ‘ਕਿੜ’ ਦੇ ਚਲਦਿਆਂ ਗੰਭੀਰ ਰੂਪ ਧਾਰਣ ਕਰ ਗਿਆ ਹੈ, ਨੂੰ ਸੁਲਝਾਂਦਿਆਂ ਇਸਨੂੰ ਆਪਣੀ ਨਿਜੀ ਹਊਮੈ ਨਾਲ ਨਾ ਜੋੜਨ। ਇਸਦੇ ਨਾਲ ਹੀ ਉਨ੍ਹਾਂ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਗੁਰਦੁਆਰਾ ਕਮੇਟੀ ਦੇ ਜਿਨ੍ਹਾਂ ਅਧਿਕਾਰੀਆਂ ਪੁਰ ਇੱਕ ਲੜਕੀ ਨਾ ਛੇੜ-ਛਾੜ ਕਰਨ ਦੇ ਗੰਭੀਰ ਦੋਸ਼ ਲਗੇ ਹਨ, ਉਹ ਭਾਵੇਂ ਜਾਂਚ ਵਿੱਚ ਬੇਗੁਨਾਹ ਹੀ ਸਾਬਤ ਕਿਉਂ ਨਾ ਹੋ ਜਾਣ, ਉਨ੍ਹਾਂ ਨੂੰ ਪਹਿਲੇ ਅਹੁਦਿਆਂ ਪੁਰ ਬਹਾਲ ਨਹੀਂ ਕੀਤਾ ਜਾਣਾ ਚਾਹੀਦਾ। ਕਿਉਂਕਿ ਜਿਸ ਤਰ੍ਹਾਂ ਇਸ ਘਟਨਾ ਦਾ ਮੀਡੀਆ ਵਿੱਚ ਦੁਸ਼-ਪ੍ਰਚਾਰ ਹੋਇਆ ਹੈ, ਉਸ ਨਾਲ ਆਮ ਲੋਕਾਂ ਵਿੱਚ ਇਨ੍ਹਾਂ ਦੀ ਛੱਬੀ ਬਹੁਤ ਹੀ ਖਰਾਬ ਹੋ ਗਈ ਹੈ। ਅਜਿਹੀ ਸਥਿਤੀ ਵਿੱਚ ਜੇ ਇਨ੍ਹਾਂ ਨੂੰ ਮੁੜ ਪਹਿਲੇ ਹੀ ਅਹੁਦਆਂ ਪੁਰ ਬਹਾਲ ਕੀਤਾ ਜਾਂਦਾ ਹੈ ਤਾਂ ਆਮ ਲੋਕਾਂ, ਖਾਸ ਕਰਕੇ ਸਿੱਖਾਂ ਵਿੱਚ ਪ੍ਰਬੰਧਕਾਂ ਦੇ ਸੰਬੰਧ ਵਿੱਚ ਵੀ ਗਲਤ ਸੰਦੇਸ਼ ਚਲਿਆ ਜਾਇਗਾ।
ਬਾਦਲ ਅਕਾਲੀ ਦਲ ਨੂੰ ਕੌਮੀ ਪਾਰਟੀ ਬਣਾਏ ਜਾਣ ਦੀ ਲਾਲਸਾ : ਜਦੋਂ ਤੋਂ ਸ. ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਦੀਆਂ ਜ਼ਿਮੇਂਦਾਰੀਆਂ ਸੰਭਾਲੀਆਂ ਹਨ, ਤਦ ਤੋਂ ਹੀ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਕੌਮੀ ਪਾਰਟੀ ਦੇ ਰੂਪ ਵਿੱਚ ਸਥਾਪਤ ਕਰਨ ਦੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਹੱਥ-ਪੈਰ ਮਾਰ ਰਹੇ ਹਨ। ਪਹਿਲਾਂ ਉਨ੍ਹਾਂ ਦਲ ਦੀ ਜੰਬੋ ਵਰਕਿੰਗ ਕਮੇਟੀ ਦਾ ਗਠਨ ਕਰਦਿਆਂ, ਉਸ ਵਿੱਚ ਵੱਡੀ ਗਿਣਤੀ ਵਿੱਚ ਗੈਰ-ਸਿੱਖਾਂ ਨੂੰ ਸਨਮਾਨਤ ਅਹੁਦੇ ਦਿੰਦਿਆਂ ਹੋਇਆਂ ਵਰਕਿੰਗ ਕਮੇਟੀ ਵਿੱਚ ਸ਼ਾਮਲ ਕੀਤਾ। ਇਸਦੇ ਬਾਵਜੂਦ ਉਹ ਆਪਣੇ ਉਦੇਸ਼ ਵਿੱਚ ਸਫਲ ਨਹੀਂ ਹੋ ਸਕੇ। ਇਸਦਾ ਕਾਰਣ ਸ਼ਾਇਦ ਇਹ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਉਸਦੇ ਅਤੀਤ ਦਾ ਜੋ ਇਤਿਹਾਸ ਜੁੜਿਆ ਹੋਇਆ ਹੈ, ਉਹ ਸਿੱਖ ਸੰਘਰਸ਼ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਦੂਜਾ, ਇਸਦੇ ਨਾਂ ਨਾਲ ‘ਅਕਾਲੀ’ ਸ਼ਬਦ ਦਾ ਜੁੜਿਆ ਹੋਣਾ ਵੀ, ਇਸਨੂੰ ‘ਸਿੱਖ’ ਘੇਰੇ ਤੋਂ ਬਾਹਰ ਨਹੀਂ ਨਿਕਲਣ ਦਿੰਦਾ। ਤੀਜਾ, ਸਭ ਤੋਂ ਮਹਤੱਤਾ ਪੂਰਣ ਕਾਰਣ, ਅਕਾਲੀ ਦਲ ਦੀ ਲੀਡਰਸ਼ਿਪ ਦਾ ਗੁਰਦੁਆਰਾ ਕਮੇਟੀਆਂ ਦੀ ਸੱਤਾ ਨੂੰ ਆਪਣੇ ਹੱਥੋਂ ਨਾ ਨਿਕਲਣ ਦੇਣਾ ਹੈ। ਜਦ ਕਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਆਉਂਦੀਆਂ ਹਨ ਤਾਂ ਅਕਾਲੀ ਨੇਤਾ, ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਾਥੀ ਇਹ ਦਾਅਵਾ ਕੀਤੇ ਬਿਨਾ ਨਹੀਂ ਰਹਿੰਦੇ ਕਿ ਉਨ੍ਹਾਂ ਲਈ ਇਨ੍ਹਾਂ ਸਰਵੁੱਚ ਧਾਰਮਕ ਸੰਸਥਾਵਾਂ ਦੀਆਂ ਚੋਣਾਂ ਜਿਤਣਾ ਜਿਤਨਾ ਮਹਤੱਤਾ ਪੂਰਣ ਹਨ, ਉਤਨਾ ਮਹਤੱਤਾ ਪੂਰਣ ਲੋਕਸਭਾ ਜਾਂ ਵਿਧਾਨ ਸਭਾ ਦੀਆਂ ਚੋਣਾਂ ਨਹੀਂ। ਜੋ ਕਿ ਇਸ ਗਲ ਦਾ ਸਬੂਤ ਹੈ ਕਿ ਸੀਨੀਅਰ ਅਤੇ ਜੁਨੀਅਰ ਬਾਦਲ ਸ਼੍ਰੋਮਣੀ ਅਕਾਲੀ ਦਲ ਨੂੰ ਕੌਮੀ ਪਾਰਟੀ ਦੇ ਰੂਪ ਵਿੱਚ ਸਥਾਪਤ ਕਰਨ ਦੀ ਖਾਹਿਸ਼ ਰਖਦਿਆਂ ਹੋਇਆਂ ਵੀ ਗੁਰੂ ਗੋਲਕ ਨੂੰ ਹੱਥੋਂ ਨਿਕਲਣ ਦੇਣਾ ਨਹੀਂ ਚਾਹੁੰਦੇ।
…ਅਤੇ ਅੰਤ ਵਿੱਚ : ਸ. ਸੁਖਬੀਰ ਸਿੰਘ ਬਾਦਲ ਨੇ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਕੌਮੀ ਪਾਰਟੀ ਦੇ ਰੂਪ ਵਿੱਚ ਸਥਾਪਤ ਕਰਨ ਦੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਦੇ ਉਦੇਸ਼ ਨਾਲ ਪੰਜਾਬ ਤੋਂ ਬਾਹਰ ਦੇ ਰਾਜਾਂ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਇੰਨਚਾਰਜ (ਪ੍ਰਭਾਰੀ) ਥਾਪ ਉਨ੍ਹਾਂ ਨੂੰ ਸੰਬੰਧਤ ਰਾਜਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਇਕਾਈਆਂ ਗਠਿਤ ਕਰਨ ਦੀ ਜ਼ਿਮੇਂਦਾਰੀ ਸੌਂਪੀ ਹੈ, ਪ੍ਰੰਤੂ ਉਨ੍ਹਾਂ ਅਜੇ ਤਕ ਇਹ ਸਪਸ਼ਟ ਨਹੀਂ ਕੀਤਾ ਕਿ ਇਸ ਵਾਰ ਉਹ ਅਜਿਹਾ ਕਰਦਿਆਂ ਗੁਰੂ ਗੋਲਕ ਪੁਰ ਆਪਣਾ ਦਾਅਵਾ ਬਣਾਈ ਰਖਣਗੇ ਜਾਂ ਛੱਡ ਦੇਣਗੇ! ਅਜਿਹੀ ਸਥਿਤੀ ਦੇ ਚਲਦਿਆਂ ਵੇਖਣਾ ਹੋਵੇਗਾ ਕਿ ਇਸ ਵਾਰ ਉਹ ਆਪਣੇ ਉਦੇਸ਼ ਵਿੱਚ ਕਿਥੋਂ ਤਕ ਸਫਲ ਹੁੰਦੇ ਹਨ?

Geef een reactie

Het e-mailadres wordt niet gepubliceerd. Vereiste velden zijn gemarkeerd met *