ਬੈਲਜ਼ੀਅਮ ਵਿੱਚ ਗਲ ਕੱਟ ਕੇ ਕਤਲ ਕੀਤੀ ਪੰਜਾਬਣ ਮਾਂ ਅਤੇ ਤਿੰਨ ਬੱਚਿਆਂ ਦੇ ਦੋਸ਼ੀ ਬੰਗਲਾਦੇਸੀ ਨੂੰ ਉਮਰ ਕੈਦ


ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) 28 ਸਤੰਬਰ 2012 ਨੂੰ ਬੈਲਜ਼ੀਅਮ ਦੀ ਰਾਜਧਾਨੀ ਬਰੱਸਲਜ਼ ਦੇ ਇਲਾਕੇ ਇਤਰਬੀਕ ਵਿੱਚ ਵਾਪਰੇ ਕਤਲ ਕਾਂਡ ਨੇ ਯੂਰਪ ਵਸਦੇ ਪੰਜਾਬੀ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਇੱਕ ਰੈਸਟੋਰੈਂਟ ਵਿੱਚ ਅਪਣੇ ਨਾਲ ਕੰਮ ਕਰਦੇ ਬੰਗਲਾਦੇਸੀ ਰਫਿਊਜੀ ਖੁਰਸੀਦ ਆਲਮ ਨਾਲ ਹੋਈ ਕੋਈ ਬਹਿਸ ਜਸਵੀਰ ਸਿੰਘ ਦੀ ਦੁਨੀਆਂ ਉਜਾੜ ਦੇਵੇਗੀ ਇਸ ਦਾ ਕਿਆਸ ਖੁਦ ਜਸਵੀਰ ਸਿੰਘ ਨੂੰ ਵੀ ਨਹੀ ਸੀ। 28 ਸਤੰਬਰ ਨੂੰ ਜਦ ਜਸਵੀਰ ਸਿੰਘ ਕੰਮ ਤੋਂ ਘਰ ਪਰਤਿਆ ਤਾਂ ਅੰਦਰ ਵੜਦੇ ਸਾਰ ਭਿਆਨਕ ਦ੍ਰਿਸ ਦੇਖ ਸੁੰਨ ਹੋ ਗਿਆ। ਹੱਸਦੇ-ਖੇਡਦੇ ਛੱਡਕੇ ਗਏ ਤਿੰਨ ਫੁੱਲਾਂ ਵਰਗੇ ਪੁੱਤਰ ਅਤੇ ਪਤਨੀ ਦੇ ਚਾਕੂ ਨਾਲ ਕੱਟੇ ਗਲ ਅੱਜ ਵੀ ਜਸਵੀਰ ਸਿੰਘ ਦੀ ਨੀਦ ਉਡਾ ਦਿੰਦੇਂ ਹਨ। ਰਾਜਵੀਰ ਕੌਰ ਦੀ ਉਮਰ ਉਸ ਸਮੇਂ 30 ਕੁ ਸਾਲ ਸੀ ਤੇ ਬੱਚਿਆਂ ਮਨਰਾਜ ਸਿੰਘ 6 ਸਾਲ, ਕਰਮਨਵੀਰ ਸਿੰਘ 5 ਸਾਲ ਤੇ ਸਭ ਤੋਂ ਛੋਟਾ ਨਵਜੋਤ ਸਿੰਘ ਸਿਰਫ ਢਾਈ ਸਾਲ ਦਾ ਹੀ ਸੀ। ਘਟਨਾ ਸਥਾਨ ‘ਤੋਂ ਮਿਲੇ ਡੀ ਐਨ ਨੇ ਦੇ ਅਧਾਰ ‘ਤੇ ਅਤੇ ਖੁਰਸੀਦ ਆਲਮ ਵੱਲੋਂ ਅਗਲੇ ਦਿਨ ਅਪਣੇ ਗੁਆਂਢੀ ਨੂੰ ਫੋਨ ਕਰਕੇ ਇਹ ਪੁੱਛਣਾ ਕਿ ਚਾਰੇ ਮਰ ਗਏ ਸੀ? ਇਹ ਸਬੂਤ ਖੁਰਸੀਦ ਨੂੰ ਚਾਰਾਂ ਦਾ ਕਾਤਲ ਦਰਸਾਉਦੇਂ ਹਨ। ਗੁਆਂਢੀ ਵੱਲੋਂ ਇਹ ਪੁੱਛਣ ਤੇ ਕਿ ਤੂਂ ਇਹ ਕਾਰਾ ਕਿਉਂ ਕੀਤਾ ਤਾਂ ਖੁਰਸੀਦ ਦਾ ਜਵਾਬ ਸੀ ਕਿ ਇਹ ਅੱਲਾ ਦੀ ਮਰਜੀ ਸੀ। ਕਾਤਲ ਦਾ ਇਹ ਬੇਹੂਦਾ ਜਵਾਬ ਬੈਲਜ਼ੀਅਮ ਭਰ ਦੀਆਂ ਅਖ਼ਬਾਰਾਂ, ਰੇਡੀਓੁ ਅਤੇ ਟੀ ਵੀ ਚੈਨਲਾਂ ਤੇ ਕਈ ਦਿਨ ਚਲਦਾ ਰਿਹਾ। ਤਕਰੀਬਨ ਛੇ ਸਾਲ ਚੱਲੇ ਮੁਕੱਦਮੇ ਬਾਅਦ ਉੱਚ ਅਦਾਲਤ ਨੇ ਖੁਰਸੀਦ ਆਲਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਦਾ ਕਹਿਣਾ ਹੈ ਕਿ ਕਾਤਲ ਦੇ ਬੰਗਲਾਦੇਸ ਵਿੱਚ ਹੋਣ ਦੀ ਪੂਰੀ ਸੰਭਾਵਨਾ ਹੈ ਪਰ ਉਥੋਂ ਦੀ ਸਰਕਾਰ ਨੇ ਬੈਲਜ਼ੀਅਮ ਵੱਲੋਂ ਉਸ ਨੂੰ ਲੱਭਣ ਅਤੇ ਸਪੁਰਦ ਕਰਨ ਦੀ ਕੀਤੀ ਬੇਨਤੀ ਦਾ ਕੋਈ ਤਸੱਲੀਬਖ਼ਸ ਜਵਾਬ ਨਹੀ ਦਿੱਤਾ। ਬੇਰਹਿਮੀ ਦੀਆਂ ਹੱਦਾਂ ਪਾਰ ਕੀਤੇ ਇਹਨਾਂ ਕਤਲਾਂ ਦੇ ਰੋਸ ਵਜੋਂ ਯੂਰਪ ਭਰ ਵਿੱਚ ਵਸਦੇ ਪੰਜਾਬੀ ਭਾਈਚਾਰੇ ਨੇ ਬਰੱਸਲਜ਼ ਪਹੁੰਚ ਕੇ ਇੱਕ ਰੋਸ ਪ੍ਰਦਰਸ਼ਨ ਵੀ ਕੀਤਾ ਸੀ ਜਿਸ ਵਿੱਚ ਇਥੇ ਵਸਦੇ ਵੱਖ-ਵੱਖ ਦੇਸਾਂ ਦੇ ਲੋਕਾਂ ਨੇ ਵੀ ਵੱਧ-ਚੜ ਕੇ ਸਮੂਲੀਅਤ ਕੀਤੀ ਸੀ।

Geef een reactie

Het e-mailadres wordt niet gepubliceerd. Vereiste velden zijn gemarkeerd met *