ਜਨਮ ਦਿਨ ਤੇ ਵਿਸ਼ੇਸ਼-ਮਹਾਨ ਸਿੱਖ-ਨਾਇਕ – ਸਰਦਾਰ ਜੱਸਾ ਸਿੰਘ ਜੀ ਰਾਮਗੜ੍ਹੀਆ

Image result for jassa singh ramgarhia

ਸਿੱਖ ਇਤਿਹਾਸ ਦੇ ਨਾਇਕਾਂ ਵਿਚ ਸ. ਜੱਸਾ ਸਿੰਘ ਜੀ ਰਾਮਗੜੀਆ ਅਜਿਹੇ ਜੋਧੇ ਸਨ ਜਿਹਨਾਂ ਮੁੱਠੀ ਭਰ ਸਿੰਘਾਂ ਦੀ ਮੱਦਦ ਨਾਲ ਵੱਖ-ਵੱਖ ਇਲਾਕਿਆਂ ਉੱਤੇ ਬੇਮਿਸਾਲ ਜਿੱਤਾਂ ਪ੍ਰਾਪਤ ਕੀਤੀਆਂ ਅਤੇ ਸਿੱਖ ਰਾਜ ਦੀ ਸਥਾਪਤੀ ਵਿਚ ਆਪਣਾ ਵੱਡਮੁਲਾ ਯੋਗਦਾਨ ਪਾਇਆ। ਉਹ ਅਜਿਹੇ ਜਰਨੈਲ ਸੀ ਜੋ ਹਾਰ ਨੂੰ ਜਿੱਤ ਵਿਚ ਬਦਲ ਦੇਣ ਦੀ ਹਿੰਮਤ ਅਤੇ ਦਲੇਰੀ ਰੱਖਦੇ ਸਨ। ਸ. ਜੱਸਾ ਸਿੰਘ ਜੀ ਰਾਮਗੜ੍ਹੀਆ ਕਿਸੇ ਇਕ ਬਰਾਦਰੀ ਨਾਲ ਨਹੀਂ ਸਗੋਂ ਸਮੁੱਚੇ ਸਿੱਖ ਜਗਤ ਨਾਲ ਸੰਬੰਧਿਤ ਹਨ। ਉਹਨਾਂ ਦਾ ਨਾਂ ਹਿੰਦੁਸਤਾਨ ਦੇ ਅਠਾਰਵੀਂ ਸਦੀ ਦੇ ਮਹਾਨ ਜਰਨੈਲਾਂ ਵਿਚ ਆਉਂਦਾ ਹੈ। ਅੱਜ ਸਿੱਖ ਹੋਣਾ ਕੁਝ ਵਿਅਕਤੀਆਂ ਵਾਸਤੇ ਦਿਖਾਵੇ ਦੀ ਗੱਲ ਹੋ ਸਕਦੀ ਹੈ, ਪਰ ਸਤਾਰਵੀਂ ਅਤੇ ਅਠਾਰਵੀਂ ਸਦੀ ਵਿਚ ਸਿੱਖ ਸਜਣਾ ਮੌਤ ਨੂੰ ਬੁਲਾਵਾ ਦੇਣ ਦੇ ਬਰਾਬਰ ਸੀ। ਇਹ ਉਹ ਸਮਾਂ ਸੀ ਜਦ ਮੁਗਲੀਆਂ ਸਰਕਾਰ ਦੇ ਹੁਕਮਾਂ ‘ਤੇ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਦੇ ਸੀ।

ਸਰਦਾਰ ਜੱਸਾ ਸਿੰਘ ਜੀ ਰਾਮਗੜ੍ਹੀਏ ਦਾ ਜਨਮ 1723 ਈ: ਵਿਚ ਅੰਮ੍ਰਿਤਸਰ ਦੇ ਨਜ਼ਦੀਕ ਪਿੰਡ ਇਛੋ-ਗਿਲ ਦਾ ਹੈ। 1761 ਤੋਂ 1733 ਦਾ ਸਮਾਂ ਸਿੱਖਾਂ ਵਾਸਤੇ ਹਨ੍ਹੇਰਾ ਕਾਲ ਮੰਨਿਆ ਗਿਆ ਹੈ। ਉਨ੍ਹਾਂ ਦੇ ਪਿਤਾ ਸ. ਭਗਵਾਨ ਸਿੰਘ ਜੀ 1739 ਈ: ਵਿਚ ਨਾਦਰਸ਼ਾਹੀ ਹਮਲੇ ਦਾ ਟਾਕਰਾ ਕਰਦੇ ਹੋਏ ਸ਼ਹੀਦੀ ਪਾ ਗਏ ਸਨ। ਨਾਦਰਸ਼ਾਹ ‘ਖੁਰਾਸ਼ਾਨ’ ਦਾ ਇਕ ਡਾਕੂ ਸੀ ਜੋ ਸਾਰੇ ਏਸ਼ੀਆ ਲਈ ਭੈ ਅਤੇ ਖਤਰਾ ਬਣਿਆ ਹੋਇਆ ਸੀ। ਸ. ਭਗਵਾਨ ਸਿੰਘ ਜੀ ਨੂੰ ਪਰਮਾਤਮਾ ਨੇ 5 ਪੁੱਤਰਾਂ ਦੀ ਦਾਤ ਬਖਸ਼ੀ ਸੀ – ਜੱਸਾ ਸਿੰਘ, ਜੈ ਸਿੰਘ, ਖੁਸ਼ਹਾਲ ਸਿੰਘ, ਮਾਲੀ ਸਿੰਘ ਅਤੇ ਤਾਰਾ ਸਿੰਘ। ਆਪਜੀ ਦੇ ਬਾਬਾ ਜੀ ਗਿਆਨੀ ਹਰਦਾਸ ਸਿੰਘ ਜੀ (1670-1761) ਨੇ ਗੁਰੂ ਸਾਹਿਬ ਦੇ ਹੱਥੀਂ ਅੰਮ੍ਰਿਤ ਛਕਿਆ ਸੀ ਅਤੇ ਸਾਰੀ ਉਮਰ ਗੁਰੂ ਘਰ ਦੀ ਸੇਵਾ ਵਿਚ ਲਗਾਈ। ਜੰਗਾਂ ਵਿਚ ਵੀ ਹਿੱਸਾ ਲਿਆ, ਗੁਰੂ ਸਾਹਿਬ ਦੇ ਨਿੱਜੀ ਸੁਰੱਖਿਅਕ ਵੀ ਰਹੇ। ਜੱਦੀ ਪਿੰਡ ਸੁਰਸਿੰਘ ਸੀ, ਜੱਦੀ ਕੰਮ ਤਰਖਾਣਾ ਸੀ, ਪ੍ਰੰਤੂ ਮੁਗਲ ਸਰਕਾਰ ਦੀਆਂ ਨਜ਼ਰਾਂ ਵਿਚ ਰੜਕਣ ਕਾਰਨ ‘ਇਛੋ-ਗਿਲ’ ਆ ਕੇ ਵਸ ਗਏ ਸਨ। ਸ. ਭਗਵਾਨ ਸਿੰਘ ਜੀ ਦੀ ਸ਼ਹੀਦੀ ਪਿੱਛੋਂ 17 ਸਾਲਾਂ ਦੀ ਉਮਰ ਵਿਚ ਆਪਜੀ ਨੂੰ ਘਰ ਦੀ ਜਿੰਮੇਵਾਰੀ ਅਤੇ ਰਸਾਲਦਾਰੀ ਸਾਂਭਣੀ ਪੈ ਗਈ।

1740 ਈ: ਨੂੰ ਕੇਵਲ 22 ਸਾਲਾਂ ਦੀ ਉਮਰ ਵਿਚ ਆਪਜੀ ਨੂੰ ਰਾਮਗੜ੍ਹੀਆ ਮਿਸਲ ਦਾ ਜਥੇਦਾਰ ਬਣਾਇਆ ਗਿਆ। ਆਪਜੀ ਨੇ ਆਜ਼ਾਦੀ ਦੀ ਜੱਦੋ-ਜਹਿਦ ਵਿਚ ਵਧ ਚੜ੍ਹ ਕੇ ਹਿੱਸਾ ਪਾਉਣਾ ਸ਼ੁਰੂ ਕਰ ਦਿੱਤਾ। ਆਪਣੇ ਬਾਪ ਦਾਦਿਆਂ ਵਾਂਗ ਆਪ ਬਹੁਤ ਹੀ ਬਹਾਦਰ ਯੋਧੇ ਸਨ। ਸਿੱਖੀ ਲਈ ਧਰਮ ਯੁੱਧ ਕਰਨਾ ਆਪ ਦਾ ਆਦਰਸ਼ ਬਣ ਗਿਆ ਸੀ। ਜਦੋਂ ਸਰਬਤ ਖਾਲਸੇ ਨੇ ਸ਼੍ਰੀ ਦਰਬਾਰ ਸਾਹਿਬ ਦੀ ਰੱਖਿਆ ਵਾਸਤੇ ਤਰਨਤਾਰਨ ਵਲ ‘ਬਿਬੇਕਸਰ’ ਦੇ ਨੇੜੇ ਰਾਮ ਰੌਣੀ ਬਣਾਉਣ ਦਾ ਫੈਸਲਾ ਕੀਤਾ ਅਤੇ ਸ. ਸੁੱਖਾ ਸਿੰਘ ‘ਮਾੜੀ ਕੰਬੋਕੇ’ ਨੇ ਇਸ ਸਕੀਮ ਦੀ ਪ੍ਰੋੜਤਾ ਕੀਤੀ, ਖਾਲਸੇ ਨੇ ਜਿੰਮੇਵਾਰੀ ਆਪਜੀ ਨੂੰ ਸੌਂਪ ਦਿੱਤੀ। 1748 ਈ: ਨੂੰ ਇਸ ਰਾਮਰੌਣੀ ਨੂੰ ਪੱਕਿਆਂ ਕਰਕੇ ਰਾਮਗੜ੍ਹ ਕਿਲ੍ਹਾ ਬਣਾ ਦਿੱਤਾ। ਉਧਰ ਲਾਹੌਰ ਦੇ ਜ਼ਾਲਮ ਸੂਬੇਦਾਰ ਜ਼ਕਰੀਆ ਖਾਨ ਦੀ ਮੌਤ ਪਿੱਛੋਂ ਜਲੰਧਰ ਦੇ ਅਦੀਨਾ ਵੇਗ ਨੇ ਆਪਣੀ ਤਾਕਤ ਵਧਾਉਣੀ ਸ਼ੁਰੂ ਕਰ ਦਿੱਤੀ ਅਤੇ ਸਿੱਖਾਂ ਵੱਲ ਦੋਸਤੀ ਦਾ ਹੱਥ ਵਧਾਇਆ, ਖਾਲਸੇ ਨੇ ਆਪਜੀ ਨੂੰ ਅਦੀਨਾ ਬੇਗ ਨਾਲ ਗੱਲਬਾਤ ਵਾਸਤੇ ਭੇਜਿਆ। ਇਤਿਹਾਸਕਾਰ ‘ਕਨ੍ਹਈਆ ਲਾਲ’ ਲਿਖਦਾ ਹੈ ਕਿ ਸਰਦਾਰ ਜੱਸਾ ਸਿੰਘ ਦੀ ਚਤੁਰਾਈ, ਸਿਆਣਪ, ਮਿੱਠੀ ਗੱਲਬਾਤ ਅਤੇ ਸਤਿਕਾਰਭਰਿਆ ਮੁੱਖ ਵੇਖ ਕੇ ਜਲੰਧਰ ਦਾ ਅਦੀਨਾ ਬੇਗ ਪ੍ਰਭਾਵਿਤ ਹੋਇਆ। ਖਾਲਸੇ ਨੇ ਆਪਜੀ ਨੂੰ ਘੋੜ ਸਵਾਰਾਂ ਸਮੇਤ ਅਦੀਨਾ ਬੇਗ ਪਾਸ ਭੇਜ ਦਿੱਤਾ। ਤਿੰਨ ਸਾਲਾਂ ਬਾਅਦ ਅਦੀਨੇ ਦੀ ਨੀਅਤ ‘ਤੇ ਸ਼ੱਕ ਹੋਣ ਕਾਰਨ ਆਪਜੀ ਨੂੰ ਵਾਪਸ ਅੰਮ੍ਰਿਤਸਰ ਮੰਗਵਾ ਲਿਆ। ਖਾਲਸੇ ਦੇ ਦਿਲ ਵਿਚ ਆਪ ਦਾ ਸਤਿਕਾਰ ਵਧ ਗਿਆ।

1762 ਈ: ਦੇ ਵੱਡੇ ਘੱਲੂਘਾਰੇ ਸਮੇਂ ਵੀ ਆਪ ਨੇ ਵੱਧ ਚੜ੍ਹ ਕੇ ਹਿੱਸਾ ਪਾਇਆ ਤੇ ਸੱਟਾਂ ਖਾਧੀਆਂ ਸਨ। 50,000 ਅਫਗਾਨੀ ਫੌਜੀ ਮਾਰੇ ਗਏ ਅਤੇ 20,000 ਸਿੱਖਾਂ ਨੇ ਸ਼ਹੀਦੀਆਂ ਪਾਈਆਂ। 1767 ਵਿਚ ਅਹਿਮਦਸ਼ਾਹ ਅਬਦਾਲੀ ਨੇ ਮੁੜ ਪੰਜਾਬ ਵਲ ਕੂਚ ਕੀਤਾ, ਖਾਲਸਾ ਦਲ ਵਲੋਂ ਆਪ ਅਤੇ ਸ. ਜੱਸਾ ਸਿੰਘ ਜੀ ਆਹਲੂਵਾਲੀਏ ਨੇ ਬਿਆਸ ਪਾਰ ਹੋ ਕੇ ਅਬਦਾਲੀ ਦੀ ਫੌਜ ‘ਤੇ ਜਬਰਦਸਤ ਹਮਲਾ ਕੀਤਾ। ਲੜਾਈ ਵਿਚ ਜਦ ਸ. ਜੱਸਾ ਸਿੰਘ ਜੀ ਆਹਲੂਵਾਲੀਏ ਨੂੰ ਡੂੰਘਾ ਜ਼ਖਮ ਲੱਗਾ, ਤਦ ਸਾਰੀ ਖਾਲਸਾ ਫੌਜ ਦੀ ਅਗਵਾਈ ਆਪ ਨੇ ਕੀਤੀ। ਆਪ ਨੇ 18 ਘੰਟੇ ਲਗਾਤਾਰ ਬਿਨਾਂ ਖਾਣ-ਪੀਣ ਜਾਂ ਅਰਾਮ ਦੇ ਤਲਵਾਰ ਚਲਾਈ, ਜਦੋਂਕਿ ਅਬਦਾਲੀ ਤਿੰਨ ਵਾਰ ਮੈਦਾਨ ਛੱਡ ਕੇ ਕੈਂਪ ਵਿਚ ਗਿਆ। ਖਾਲਸਾ ਦਲ ਦੇ ਨੌਜਵਾਨ ਸਿਪਾਹੀਆਂ ਨੇ ਅਫਗਾਨੀ ਫੌਜ ਦੇ ਪੈਰ ਉਖਾੜ ਕੇ ਭਾਜੜਾਂ ਪਵਾ ਦਿੱਤੀਆਂ। ਇਸ ਢਿੱਲਵਾਂ ਦੀ ਲੜਾਈ ਪਿੱਛੋਂ ਆਪ ਦਲ ਖਾਲਸਾ ਸਮੇਤ ਨਾਹਨ ਦੀ ਪਹਾੜੀ ਰਿਆਸਤ ਦੇ ਇਲਾਕੇ ਵਲ ਚਲੇ ਗਏ।

ਅਬਦਾਲੀ ਨੂੰ ਭਜਾਉਣ ਪਿੱਛੋਂ ਆਪ ਨੇ ਦੂਜੀਆਂ ਮਿਸਲਾਂ ਵਾਂਗ ਤਾਕਤ ਵਧਾਉਣੀ ਸ਼ੁਰੂ ਕਰ ਦਿੱਤੀ। ਆਪ ਮੈਦਾਨੀ ਅਤੇ ਗੁਰੀਲਾ ਜੰਗ ਦੇ ਮਾਹਿਰ ਸੀ। ਜਦੋਂ ਕੋਈ ਬਾਹਰੀ ਦੁਸ਼ਮਣ ਟਕਰਾਉਂਦਾ, ਆਪ ਦੂਜੇ ਮਿਸਲਾਂ ਦੇ ਸਰਦਾਰਾਂ ਨਾਲ ਝੱਟ ਮੋਢਾ ਡਾਹ ਲੈਂਦੇ ਸੀ। 12 ਸਿੱਖ ਮਿਸਲਾਂ ‘ਚੋਂ 4 ਮਿਸਲਾਂ – ਸ਼ੁਕਰਚਕੀਆ, ਆਹਲੂਵਾਲੀਆ, ਰਾਮਗੜ੍ਹੀਆ ਅਤੇ ਕਨ੍ਹਈਆ ਜਿ਼ਆਦਾ ਤਾਕਤਵਰ ਅਤੇ ਮਸ਼ਹੂਰ ਸਨ। ਰਾਮਗੜ੍ਹੀਆ ਮਿਸਲ ਦੀ ਰਾਜਧਾਨੀ ਸ੍ਰੀ ਹਰਗੋਬਿੰਦਪੁਰ ਸੀ। ਇਸ ਵਿਚ ਬਟਾਲਾ, ਕਲਾਨੌਰ, ਮਿਆਣੀ ਖਾਸ, ਟਾਂਡਾ, ਤਲਵਾੜਾ, ਅੰਮ੍ਰਿਤਸਰ ਦਾ ਦੱਖਣ, ਰਾਵੀ ਤੇ ਬਿਆਸ ਦਰਿਆ ਵਿਚਲਾ ਇਲਾਕਾ, ਜਲੰਧਰ ਦਾ ਇਲਾਕਾ, ਕਾਂਗੜਾ ਦਾ ਪਹਾੜੀ ਇਲਾਕਾ ਸ਼ਾਮਿਲ ਸੀ। ਦੱਖਣ-ਪੂਰਬ ਵਿਚ ਆਹਲੂਵੀਆ ਮਿਸ਼ਲ, ਪੱਛਮ ਵਲ ਕਨ੍ਹਈਆ ਮਿਸਲ ਅਤੇ ਦੱਖਣ ਵਲ ਭੰਗੀ ਮਿਸਲਾਂ ਮੌਜੂਦ ਸਨ। ਰਾਮਗੜ੍ਹੀਆ ਮਿਸਲ ਕੋਲ 360 ਕਿਲ੍ਹੇ, ਬੁਰਜ ਅਤੇ ਦਮਦਮੇ ਸਨ, ਤੇ ਚੰਗੇ ਲਿਖਾਰੀ ਵੀ ਸਨ, ਮਿਸਲ ਦੀ ਆਮਦਨ ਕਰੋੜਾਂ ਰੁਪਏ ਸੀ। ਇਸ ਮਿਸਲ ਦੇ ਫੌਜੀ ਇੰਜੀਨੀਅਰਿੰਗ ਅਤੇ ਦਸਤਕਾਰੀ ਦੇ ਮਾਹਿਰ ਹੋਣ ਕਾਰਨ ਕਿਲ੍ਹੇ, ਫਸੀਲਾਂ, ਦਮਦਮੇ, ਸ਼ਸਤਰ, ਤੋਪਾਂ, ਘੋੜਿਆਂ ਦੇ ਨਲ, ਬੇੜੀਆਂ, ਪੁਲ, ਖੇਤੀ ਦੇ ਸੰਦ ਆਪ ਹੀ ਤਿਆਰ ਕਰ ਲੈਂਦੇ ਸਨ। ਗੁਰੂ ਰਾਮਦਾਸ ਜੀ ਦਾ ਅਥਾਹ ਪਿਆਰ ਇਨ੍ਹਾਂ ਦੇ ਰੋਮ-ਰੋਮ ਅਤੇ ਤਨ-ਮਨ ਵਿਚ ਵਸਿਆ ਹੋਣ ਕਾਰਨ, ਹਰੇਕ ਚੀਜ਼ ਗੁਰੂ ਰਾਮਦਾਸ ਜੀ ਦੀ ਦਾਤ ਮੰਨਦੇ ਸਨ, ਕਿਲੇ ਦਾ ਨਾਂ ਰਾਮਗੜ੍ਹ, ਫਸੀਲ ਦਾ ਨਾਂ ਰਾਮਰਾਉਣੀ, ਅਮੁਕ ਲੰਗਰ ਦਾ ਨਾਂ ਰਾਮਰੋਟੀ ਅਤੇ ਜਗਤ ਪ੍ਰਸਿੱਧ ਮਿਸਲ ਦਾ ਨਾਂ ਰਾਮਗੜ੍ਹੀਆ-ਮਿਸਲ ਰੱਖਿਆ ਸੀ। ਇਸ ਮਿਸਲ ਵਿਚ ਹੋਰ ਸਭ ਬਰਾਦਰੀਆਂ ਵੀ ਸ਼ਾਮਿਲ ਸਨ।

1780 ਈ: ਨੂੰ ਹਿਸਾਰ ਦੇ ਮੁਸਲਮਾਨ ਹਾਕਮ ਨੇ ਇਕ ਕੰਨਿਆ ਨੂੰ ਚੁੱਕ ਲਿਆ। ਜਦੋਂ ਰਾਜਪੂਤਾਂ ਅਤੇ ਮਰਹੱਟਿਆਂ ਦੇ ਆਗੂਆਂ ਨੇ ਗਰੀਬ ਪੰਡਿਤ ਦੀ ਨਾ ਸੁਣੀ ਤਾਂ ਪੰਡਿਤ ਜੀ ਨੇ ਆਪ ਕੋਲ ਫਰਿਆਦ ਕੀਤੀ। ਖਾਲਸੇ ਨੇ ਹਾਕਮ ਨੂੰ ਘੇਰਾ ਪਾ ਕੇ ਫੜ ਲਿਆ। ਕੰਨਿਆ ਵਾਪਸ ਦੁਆਈ, 5000 ਰੁਪਏ ਕੰਨਿਆ ਦਾਨ ਵਜੋਂ ਪੰਡਿਤ ਜੀ ਨੂੰ ਦਿੱਤੇ, ਹਾਕਮ ਨੂੰ ਸਬਕ ਸਿਖਾਉਣ ਵਾਸਤੇ ਕਿਲ੍ਹੇ ਦਾ ਖ਼ਜਾਨਾ ਜਬਤ ਕੀਤਾ। ਅਬਦਾਲੀ ਮਰਹੱਠਿਆਂ ਨਾਲ ਪਾਣੀਪਤ ਦੀ ਲੜਾਈ ਪਿਛੋਂ ਆਪਣੇ ਨਾਲ ਸੋਨਾ, ਚਾਂਦੀ, ਹੀਰੇ, ਸ਼ਾਹਜਹਾਨ ਦਾ ਤਖਤੇ ਤਾਊਸ, 2000 ਹਿੰਦੂ ਮੁਟਿਆਰਾਂ ਅਤੇ ਨੌਜਵਾਨ ਅਫਗਾਨਿਸਤਾਨ ਲਿਜਾ ਰਿਹਾ ਸੀ, ਅਟਕ ਦਰਿਆ ਨੇੜੇ ਖਾਲਸੇ ਨੇ ਆਪ ਜੀ ਦੀ ਅਗਵਾਈ ਹੇਠ ਹੱਲਾ ਬੋਲ ਦਿੱਤਾ, ਅਬਦਾਲੀ ਦੀ ਏਸ ਯੁੱਧ ਚ ਹਾਰ ਹੋਈ, ਮੁਟਿਆਰਾਂ ਅਤੇ ਨੌਜਵਾਨ ਨੂੰ ਸਹੀ ਸਲਾਮਤ ਘਰੋਂ-ਘਰੀ ਉਹਨਾਂ ਦੇ ਪਰਿਵਾਰਾਂ ਤਕ ਵਾਪਸ ਪਹੁੰਚਾਇਆ ਗਿਆ।

1782 ਨੂੰ ਆਪ ਨੇ ਦਲ ਖਾਲਸਾ ਦੀ ਅਗਵਾਈ ਕਰਦੇ ਹੋਏ ਚੰਨਦੇਸ਼ੀ, ਮੇਰਠ, ਮਲਕਾਗੰਜ, ਸਬਜ਼ੀ ਮੰਡੀ, ਮੁਗਲਪੁਰਾ ਆਦਿ ਸੋਧਦੇ ਹੋਏ ਦਿੱਲੀ ਤੇ ਕਬਜ਼ਾ ਕਰ ਲਿਆ ਤੇ 11 ਮਾਰਚ 1783 ਦੇ ਦਿਨ ਆਪਜੀ ਨੇ ਬਘੇਲ ਸਿੰਘ ਜੀ ਤੇ ਹੋਰ ਸਿੱਖ ਜਰਨੈਲਾਂ ਨਾਲ ਮਿਲਕੇ ਦਿੱਲੀ ਦੇ ਲਾਲ ਕਿਲ੍ਹੇ ਤੇ ਖ਼ਾਲਸਾਈ ਨਿਸ਼ਾਨ ਸਾਹਿਬ ਝੁਲਾਇਆ। ਦਿਲੀ ਤੋਂ ਲਿਆਂਦਾ ਹੋਇਆ ‘ਸ਼ਾਹੀ ਤਖਤੇ ਤਾਊਸ’ ‘ਰਾਮਗੜ੍ਹੀਆ ਬੁੰਗੇ’ ਵਿਚ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਉਤੇ ਸਥਿਤ ਹੈ। ਮੇਰਠ ਦੇ ਹਾਕਮ ਨਜਫਖਾਨ ਨੇ 10,000 ਰੁਪਿਆ ਸਾਲਾਨਾ ਨਜ਼ਰਾਨਾ ਖਾਲਸੇ ਨੂੰ ਦੇਣਾ ਮਨਜ਼ੂਰ ਕਰ ਲਿਆ ਸੀ।

ਆਪ ਨੇ 14 ਸਾਲ ਦੀ ਉਮਰ ਤੋਂ 80 ਸਾਲ ਦੀ ਉਮਰ ਤੱਕ ਰੱਜ ਕੇ ਤਲਵਾਰ ਵਾਹੀ ਤੇ ਪੰਜਾਬ ਵਿੱਚ ਪੰਜਾਬੀਆਂ ਅਤੇ ਸਿੱਖਾਂ ਦਾ ਰਾਜ ਕਾਇਮ ਕੀਤਾ। ਆਪ ਨੇ ਆਪਣੇ ਆਖਰੀ ਸਮੇਂ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਲਾਹੋਰ ਉੱਤੇ ਜਿੱਤ ਪ੍ਰਾਪਤ ਕਰਨ ਵਿੱਚ ਮੱਦਦ ਕੀਤੀ ਅਤੇ ਪੰਜਾਬ ਵਿੱਚ ਖਾਲਸਾ ਰਾਜ ਕਾਇਮ ਹੁੰਦਾ ਆਪਣੀਆਂ ਅੱਖਾਂ ਨਾਲ ਵੇਖਿਆ। ਆਪ ਨੇ ਇਕ ਪਾਸੇ ਕਾਬਲ ਦੀ ਅਫਗਾਨ ਹਕੂਮਤ, ਦੂਜੇ ਪਾਸੇ ਦਿੱਲੀ ਦੀ ਮੁਗਲੀਆ ਸਲਤਨਤ ਅਤੇ ਤੀਜੇ ਪਾਸੇ ਮਰਹੱਠਿਆਂ ਦੀ ਮਹਾਨ ਤਾਕਤ ਦੇ ਦੰਦ ਖੱਟੇ ਕਰ ਦਿੱਤੇ ਸਨ। ਅੰਤ ਆਪ 80 ਸਾਲਾਂ ਦੀ ਉਮਰੇ, 20 ਅਪ੍ਰੈਲ 1803 ਨੂੰ ਸੰਸਾਰਿਕ ਯਾਤਰਾ ਸੰਪੂਰਨ ਕਰ ਗਏ। ਦੇਸ਼-ਪੰਜਾਬ ਦੀ ਕਾਇਨਾਤ ਦੇ ਵਿੱਚ ਆਪ ਦੀ ਯਾਦ ਸਦਾ ਕਾਇਮ ਰਹੇਗੀ।

ਅਮਰਜੀਤ ਸਿੰਘ ਭੋਗਲ

Geef een reactie

Het e-mailadres wordt niet gepubliceerd. Vereiste velden zijn gemarkeerd met *