ਦਾਜ ਤੇ ਬਲਾਤਕਾਰ ਵਿਰੋਧੀ ਕਾਨੂੰਨਾਂ ਦੀ ਦੁਰਵਰਤੋਂ ’ਤੇ ਚਿੰਤਾ

-ਜਸਵੰਤ ਸਿੰਘ ‘ਅਜੀਤ’

ਪਿਛਲੇ ਦਿਨੀਂ ਸੁਪ੍ਰੀਮ ਕੋਰਟ ਦੇ ਵਿਦਵਾਨ ਜੱਜਾਂ ਦੇ ਇੱਕ ਬੈਂਚ ਨੇ ਇੱਕ ਪਾਸੇ ਤਾਂ ਦੇਸ਼ ਭਰ ਵਿੱਚ ਔਰਤਾਂ ਵਿਰੁਧ ਵੱਧ ਰਹੇ ਅਪਰਾਧਾਂ ਪੁਰ ਡੂੰਘੀ ਚਿੰਤਾ ਪ੍ਰਗਟ ਕਰਦਿਆਂ, ਸਵੀਕਾਰ ਕੀਤਾ ਕਿ ਇਨ੍ਹਾਂ ਮਾਮਲਿਆਂ ਦੀ ਗੰਭੀਰਤਾ ਨੂੰ ਮਹਿਸੂਸ ਕਰਦਿਆਂ, ਇਨ੍ਹਾਂ ਪੁਰ ਪਹਿਲ ਦੇ ਆਧਾਰ ਤੇ ਸੁਣਵਾਈ ਕੀਤੇ ਜਾਣ ਦੀ ਲੋੜ ਹੈ। ਅਦਾਲਤ ਨੇ ਰਾਜ ਸਰਕਾਰਾਂ ਨੂੰ ਵੀ ਹਿਦਾਇਤ ਕੀਤੀ ਕਿ ਉਹ ਔਰਤਾਂ ਵਿਰੁਧ ਵੱਧ ਰਹੀਆਂ ਅਪਰਾਧਕ ਘਟਨਾਵਾਂ ਪੁਰ ਅੰਕੁਸ਼ ਲਾਉਣ ਸੰਬੰਧੀ ਕੀਤੀ ਜਾ ਰਹੀ ਆਪਣੀ ਕਾਰਵਾਈ ਦੀ ਜਾਣਕਾਰੀ ਅਦਾਲਤ ਨੂੰ ਤੁਰੰਤ ਦੇਣ। ਇਸਦੇ ਨਾਲ ਹੀ ਦੂਜੇ ਪਾਸੇ ਵਿਦਵਾਨ ਜੱਜਾਂ ਨੇ ਦੇਸ਼ ਵਿੱਚ ਦਾਜ-ਵਿਰੋਧੀ ਕਾਨੂੰਨ ਦੀ ਵੱਡੇ ਪੈਮਾਨੇ ਤੇ ਹੋ ਰਹੀ ਦੁਰਵਰਤੋਂ ਪੁਰ ਵੀ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਇਸੇ ਤਰ੍ਹਾਂ ਦੇ ਇੱਕ ਮਾਮਲੇ ਦੀ ਸੁਣਵਾਈ ਕਰਦਿਆਂ ਸੁਪ੍ਰੂੀਮ ਕੋਰਟ ਦੇ ਵਿਦਵਾਨ ਜੱਜਾਂ ਵਲੋਂ ਇਨ੍ਹਾਂ ਹੀ ਦਿਨਾਂ ਵਿੱਚ ਦਿੱਤੇ ਗਏ ਇੱਕ ਫੈਸਲੇ ਵਿੱਚ ਕਿਹਾ ਗਿਆ ਹੈ ਕਿ ਪਹਿਲਾਂ ਗ੍ਰਿਫਤਾਰੀ, ਬਾਅਦ ਵਿੱਚ ਬਾਕੀ ਕਾਰਵਾਈ ਕਰਨ ਦਾ ਰਵੱਈਆ ਬਹੁਤ ਹੀ ਚਿੰਤਾ-ਜਨਕ ਹੈ, ਜਿਸ ਪੁਰ ਕਾਬੂ ਪਾਇਆ ਜਾਣਾ ਚਾਹੀਦਾ ਹੈ। ਸੁਪ੍ਰੀਮ ਕੋਰਟ ਦੇ ਵਿਦਵਾਨ ਜੱਜਾਂ ਨੇ ਸਾਰੀਆਂ ਰਾਜ ਸਰਕਾਰਾਂ ਦੇ ਨਾਂ ਅਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਆਪਣੇ ਪੁਲਿਸ ਅਧਿਕਾਰੀਆਂ ਨੂੰ ਹਿਦਾਇਤ ਕਰਨ ਕਿ ਦਾਜ-ਵਿਰੋਧੀ ਕਾਨੂੰਨ ਅਧੀਨ ਮਾਮਲਾ ਦਰਜ ਹੋਣ ਤੇ ਉਹ ਆਪਣੇ-ਆਪ ਗ੍ਰਿਫਤਾਰੀ ਨਾ ਕਰਨ। ਪਹਿਲਾਂ ਸੀਆਰਪੀਸੀ ਦੀ ਧਾਰਾ 14 ਵਿੱਚ ਨਿਸ਼ਚਿਤ ਮਾਪ-ਦੰਡਾਂ ਦੇ ਅਧੀਨ ਗ੍ਰਿਫਤਾਰੀ ਦੀ ਲੋੜ ਦੇ ਸੰਬੰਧ ਵਿੱਚ ਆਪਣੇ-ਆਪਨੂੰ ਸੰਤੁਸ਼ਟ ਕਰਨ ਤੇ ਫਿਰ ਉਸ ਸੰਬੰਧੀ ਮੈਜਿਸਟਰੇਟ ਦੇ ਸਾਹਮਣੇ ਕਾਰਣ ਅਤੇ ਦਸਤਾਵੇਜ਼ ਪੇਸ਼ ਕਰ, ਉਸਨੂੰ ਸੰਤੁਸ਼ਟ ਕਰ ਉਸ ਪਾਸੋਂ ਗ੍ਰਿਫਤਾਰੀ ਦਾ ਆਦੇਸ਼ ਪ੍ਰਾਪਤ ਕਰਨ।
ਇਹ ਵੀ ਦਸਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਦਾਜ-ਵਿਰੋਧੀ ਕਾਨੂੰਨ ਦੀ ਵੱਡੇ ਪੈਮਾਨੇ ਤੇ ਹੋ ਰਹੀ ਦੁਰਵਰਤੋਂ ਕਾਰਣ ਵੱਧਦੇ ਜਾ ਰਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈ, ਦਾਜ ਦੀ ਪ੍ਰੀਭਾਸ਼ਾ ਵਿੱਚ ਕੁਝ ਬਦਲਾਉ ਕਰਨ ਦੇ ਨਾਲ ਹੀ ਕਾਨੂੰਨ ਦੀ ਦੁਰਵਰਤੋਂ ਕਰਨ ਵਾਲਿਆਂ ਲਈ ਸਜ਼ਾ ਤੇ ਜੁਰਮਾਨੇ ਦਾ ਪ੍ਰਾਵਧਾਨ ਕਰਨ ਬਾਰੇ ਵਿਚਾਰ ਕਰ ਰਹੀ ਹੈ। ਇਸਦੇ ਨਾਲ ਹੀ ਇਹ ਵੀ ਦਸਿਆ ਜਾ ਰਿਹਾ ਹੈ ਕਿ ਦਾਜ-ਵਿਰੋਧੀ ਕਾਨੂੰਨ ਵਿਚਲੇ ਘਰੇਲੂ-ਹਿੰਸਾ ਵਿਰੋਧੀ ਕੁਝ ਮਾਪ-ਦੰਡਾਂ ਵਿੱਚ ਵੀ ਸਰਕਾਰ ਸੋਧ ਕਰ ਸਕਦੀ ਹੈ। ਇਸਦਾ ਕਾਰਣ ਇਹ ਦਸਿਆ ਜਾਂਦਾ ਹੈ ਕਿ ਕੁਝ ਹੀ ਸਮਾਂ ਪਹਿਲਾਂ ਸੁਪ੍ਰੀਮ ਕੋਰਟ ਨੇ ਦਾਜ-ਵਿਰੋਧੀ ਕਾਨੂੰਨ ਦੀ ਹੋ ਰਹੀ ਦੁਰਵਰਤੋਂ ਪੁਰ ਸਖਤ ਟਿੱਪਣੀ ਕੀਤੀ ਸੀ। ਕੇਂਦਰ ਸਰਕਾਰ ਦੇ ਮਹਿਲਾ ਅਤੇ ਬਾਲ ਕਲਿਆਣ ਵਿਭਾਗ ਨੇ ਵੀ ਸਵੀਕਾਰ ਕੀਤਾ ਕਿ ਦਾਜ-ਵਿਰੋਧੀ ਕਾਨੂੰਨ ਦੀ ਦੁਰਵਰਤੋਂ ਕੀਤੇ ਜਾਣ ਦੀਆਂ ਬਹੁਤ ਸਾਰੀਆਂ ਘਟਨਾਵਾਂ, ਉਸਦੇ ਨੋਟਿਸ ਵਿੱਚ ਵੀ ਆਈਆਂ ਸਨ। ਕੁਝ ਮਾਮਲਿਆਂ ਵਿੱਚ ਤਾਂ ਔਰਤਾਂ ਦਾਜ-ਵਿਰੋਧੀ ਕਾਨੂੰਨ ਦਾ ਸਹਾਰਾ ਲੈ, ਆਪਣੇ ਪਤੀ ਤੇ ਉਸਦੇ ਪਰਿਵਾਰ ਪੁਰ ਝੂਠੇ ਦੋਸ਼ ਲਾ, ੳਨ੍ਹਾਂ ਨੂੰ ਫਸਾ ਦਿੰਦੀਆਂ ਹਨ।
ਬਲਾਤਕਾਰ ਦੀਆਂ ਘਟਨਾਵਾਂ : ਦਿੱਲੀ ਵਿੱਚ ਇੱਕ ਪਾਸੇ ਤਾਂ ਔਰਤਾਂ ਨਾਲ ਹੋ ਰਹੇ ਬਲਾਤਕਾਰ ਦੇ, ਪੁਲਿਸ ਪਾਸ ਦਰਜ ਹੋਣ ਵਾਲੇ ਮਾਮਲਿਆਂ ਦੀ ਰਫਤਾਰ ਵਿੱਚ ਤੇਜ਼ੀ ਨਾਲ ਵਾਧਾ ਹੁੰਦਾ ਜਾ ਰਿਹਾ ਹੈ ਤੇ ਦੂਜੇ ਹੀ ਪਾਸੇ ਇਨ੍ਹਾਂ ਹੀ ਮਾਮਲਿਆਂ ਨਾਲ ਸੰਬੰਧਤ ਮੁਕਦਮੇ ਜਦੋਂ ਅਦਾਲਤ ਵਿੱਚ ਪੁਜਦੇ ਹਨ ਤਾਂ ਤਕਰੀਬਨ 40 ਪ੍ਰਤੀਸ਼ਤ ਮਾਮਲਿਆਂ ਨੂੰ ਸਾਬਤ ਕਰਨਾ ਮੁਸ਼ਕਲ ਹੋ ਜਾਂਦਾ ਹੈ। ਬੀਤੇ ਕੁਝ ਹੀ ਸਮੇਂ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਫੋਰੇਂਸਿਕ ਰਿਪੋਰਟ ਰਾਹੀਂ ਦੋਸ਼ੀ ਬੇਕਸੂਰ ਸਾਬਤ ਹੋ ਗਏ ਸਨ। ਇਨ੍ਹਾਂ ਵਿਚੋਂ ਬਹੁਤੇ ਮਾਮਲੇ ਆਪਸੀ ਝਗੜੇ ਤੇ ਰੰਜਸ਼ ਨਾਲ ਸੰਬੰਧਤ ਦਸੇ ਗਏ।
ਅਦਾਲਤ ਨੇ ਇਨ੍ਹਾਂ ਤੱਥਾਂ ਨੂੰ ਧਿਆਨ ਵਿੱਚ ਰਖਦਿਆਂ ਪੁਲਿਸ ਨੂੰ ਸਲਾਹ ਦਿੱਤੀ ਹੈ ਕਿ ਉਹ ਬਲਾਤਕਾਰ ਦਾ ਮੁਕਦਮਾ ਦਰਜ ਹੋਣ ਤੇ ਦੋਸ਼ੀ ਦੀ ਗ੍ਰਿਫਤਾਰੀ ਕਰਨ ਤੋਂ ਪਹਿਲਾਂ ਸਹੀ ਤਰੀਕੇ ਨਾਲ ਜਾਂਚ ਕਰਨ ਦੀ ਕੌਸ਼ਿਸ਼ ਕਰੇ। ਖਾਸ ਤੋਰ ਤੇ ਵਿਵਾਦਤ ਬਲਾਤਕਾਰ ਦੇ ਮਾਮਲਿਆਂ ਵਿੱਚ ਸਾਵਧਾਨੀ ਵਰਤੇ। ਰੋਹਿਣੀ (ਦਿੱਲੀ) ਸਥਿਤ ਅਦਾਲਤ ਦੇ ਇੱਕ ਐਡੀਸ਼ਨਲ ਸੈਸ਼ਨ ਜੱਜ ਨੇ ਅਪਣੇ ਇਸ ਆਦੇਸ਼ ਵਿੱਚ ਸੁਪ੍ਰੀਮ ਕੋਰਟ ਦੇ ਇੱਕ ਆਦੇਸ਼ ਦਾ ਹਵਾਲਾ ਵੀ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਬਲਾਤਕਾਰ ਦੇ ਮਾਮਲੇ ਵਿੱਚ ਜਾਇਦਾਦ, ਦੀਵਾਨੀ ਜਾਂ ਆਪਸੀ ਵਿਵਾਦ ਆਦਿ ਦਾ ਮਾਮਲਾ ਸਾਹਮਣੇ ਆਏ ਤਾਂ ਪਹਿਲਾਂ ਉਸੇ ਦ੍ਰਿਸ਼ਟੀਕੋਣ ਤੋਂ ਮਾਮਲੇ ਦੀ ਜਾਂਚ ਕੀਤੀ ਜਾਏ, ਕਿਉਂਕਿ ਵੇਖਣ ਵਿੱਚ ਆ ਰਿਹਾ ਹੈ ਕਿ ਇਨ੍ਹਾਂ ਮਾਮਲਿਆਂ ਵਿੱਚ ਔਰਤਾਂ ਵਿਰੁਧ ਘਰੇਲੂ ਹਿੰਸਾ ਨੂੰ ਰੋਕਣ ਲਈ ਲਾਗੂ ਕੀਤੇ ਗਏ ਕਾਨੂੰਨ ਦੀ ਦੁਰਵਰਤੋਂ ਹੋ ਰਹੀ ਹੈ।
ਅਦਾਲਤ ਨੇ ਹੋਰ ਕਿਹਾ ਕਿ ਬੀਤੇ ਕੁਝ ਸਮੇਂ ਤੋਂ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਇਸ ਕਾਨੂੰਨ ਦੀ ਦੁਰਵਰਤੋਂ ਕੀਤੀ ਗਈ ਹੋਈ ਸੀ। ਅਦਾਲਤ ਨੇ ਇਹ ਟਿੱਪਣੀ ਇੱਕ ਦੋਸ਼ੀ ਵਿਰੁਧ ਸਬੂਤ ਨਾ ਮਲਣ ਤੇ ਉਸਨੂੰ ਜ਼ਮਾਨਤ ਦਿੰਦਿਆਂ ਕੀਤੀ। ਇਥੇ ਇਹ ਗਲ ਵਰਨਣਯੋਗ ਹੈ ਕਿ ਇਸਤੋਂ ਪਹਿਲਾਂ ਅਦਾਲਤ ਕੁਝ ਅਜਿਹੀਆਂ ਔਰਤਾਂ ਵਿਰੁਧ ਕਾਰਵਾਈ ਕੀਤੇ ਜਾਣ ਦਾ ਆਦੇਸ਼ ਦੇ ਚੁਕੀ ਹੋਈ ਸੀ, ਜਿਨ੍ਹਾਂ ਨੇ ਬਲਾਤਕਾਰ ਦਾ ਫਰਜ਼ੀ ਮੁਕਦਮਾ ਦਰਜ ਕਰਵਾਇਆ ਸੀ।
ਦਸਿਆ ਜਾਂਦਾ ਹੈ ਕਿ ਅਦਾਲਤ ਵਿੱਚ ਅੱਧੀ ਦਰਜਨ ਤੋਂ ਵੱਧ ਅਜਿਹੇ ਮਾਮਲਿਆਂ ਦਾ ਖੁਲਾਸਾ ਹੋਇਆ ਹੈ, ਜਿਨ੍ਹਾਂ ਵਿੱਚ ਜਬਰਨ ਵਸੂਲੀ ਅਤੇ ਰੰਜਸ਼ ਦੇ ਉਦੇਸ਼ ਨਾਲ ਕਈ ਪਲੇਸਮੈਂਟ ਏਜੰਸੀਆਂ ਅਤੇ ਗੈਰ-ਸਰਕਾਰੀ ਸੰਗਠਨਾਂ ਨਾਲ ਜੁੜੇ ਲੋਕੀ ਲੜਕੀਆਂ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਵਲੋਂ ਨਾਮਜ਼ਦ ਕੀਤੇ ਗਏ ਵਿਅਕਤੀ ਪੁਰ ਬਲਾਤਕਾਰ ਕਰਨ ਦਾ ਦੋਸ਼ ਲਗਵਾਇਆ ਜਾਂਦਾ ਹੈ। ਸੌਦਾ ਹੋ ਜਾਣ ਤੇ ਥਾਣੇ ਵਿੱਚ ਹੀ ਮਾਮਲਾ ਰਫਾ-ਦਫਾ ਹੋ ਜਾਂਦਾ ਹੈ। ਜੇ ਸੌਦਾ ਸਿਰੇ ਨਾ ਚੜ੍ਹੇ ਤਾਂ ਬਲਾਤਕਾਰ ਦੀ ਐਫਆਈਆਰ ਦਰਜ ਕਰਵਾ ਦਿੱਤੀ ਜਾਂਦੀ ਹੈ।
ਇਨ੍ਹਾਂ ਹੀ ਦਿਨਾਂ ਵਿੱਚ ਇਹ ਗਲ ਵੀ ਸਾਹਮਣੇ ਆਈ ਕਿ ਇਕੋ ਔਰਤ ਨੇ ਦਿੱਲੀ ਦੇ ਇਕੋ ਥਾਣੇ, ਵਿੱਚ ਛੇੜ-ਛਾੜ, ਬਲਾਤਕਾਰ ਅਤੇ ਹਤਿਆ ਦੀ ਕੌਸ਼ਿਸ਼ ਦੇ ਦਸ ਮਾਮਲੇ ਦਰਜ ਕਰਵਾਏ। ਇਸ ਗਲ ਨੂੰ ਵੇਖ ਕੇ ਭਾਵੇਂ ਦਿੱਲੀ ਦੀ ਪੁਲਿਸ ਨੂੰ ਕੋਈ ਹੈਰਾਨੀ ਨਾ ਹੋਈ ਹੋਵੇ, ਪਰ ਇਹ ਮਾਮਲੇ ਸਾਹਮਣੇ ਆਉਣ ਤੇ ਅਦਾਲਤ ਵਲੋਂ ਜ਼ਰੂਰ ਹੈਰਾਨੀ ਪ੍ਰਗਟ ਕੀਤੀ ਗਈ। ਦਸਿਆ ਜਾਂਦਾ ਹੈ ਕਿ ਇੱਕ ਮਾਮਲੇ ਵਿੱਚ ਜ਼ਮਾਨਤ ਦੀ ਅਰਜ਼ੀ ਤੇ ਸੁਣਵਾਈ ਦੌਰਾਨ ਦੋਸ਼ੀ ਨੇ ਅਦਾਲਤ ਨੂੰ ਦਸਿਆ ਕਿ ਉਸਨੂੰ ਜਬਰਨ ਵਸੂਲੀ ਕਰਨ ਦਾ ਧੰਦਾ ਕਰਨ ਵਾਲੇ ਗਰੋਹ ਵਲੋਂ ਫਸਾਇਆ ਗਿਆ ਹੈ ਅਤੇ ਕਥਤ ਪੀੜਤ ਔਰਤ ਨੇ ਇਕਲੇ ਥਾਣੇ ਵਿੱਚ ਹੀ 10 ਲੋਕਾਂ ਦੇ ਵਿਰੁਧ ਇਸੇ ਤਰ੍ਹਾਂ ਦੇ ਮੁਕਦਮੇ ਦਰਜ ਕਰਵਾਏ ਹਨ। ਇਸ ਪੁਰ ਅਦਾਲਤ ਨੇ ਸੁਆਲ ਉਠਾਂਦਿਆਂ ਕਿਹਾ ਕਿ ਜੇ ਸ਼ਿਕਾਇਤ ਕਰਤਾ ਦੇ ਦੋਸ਼ ਠੀਕ ਹਨ ਤੇ ਬਲਾਤਕਾਰ ਦੀ ਸ਼ਿਕਾਇਤ ਕਰਨ ਵਾਲੀ ਔਰਤ ਜਬਰਨ ਵਸੂਲੀ ਕਰਨ ਵਾਲੇ ਗਰੋਹ ਨਾਲ ਜੁੜੀ ਹੋਈ ਹੈ ਤਾਂ ਇਹ ਬਹੁਤ ਹੀ ਗੰਭੀਰ ਮਾਮਲਾ ਹੈ। ਅਦਾਲਤ ਨੇ ਹੋਰ ਕਿਹਾ ਕਿ ਇਸਦੀ ਉਚ-ਪਧਰੀ ਜਾਂਚ ਕੀਤੀ ਜਾਣੀ ਬਹੁਤ ਜ਼ਰੂਰੀ ਹੈ।
…ਅਤੇ ਅੰਤ ਵਿੱਚ : ਕੁਝ ਹੀ ਸਮਾਂ ਪਹਿਲਾਂ ਇੱਕ ਖਬਰ ਆਈ ਸੀ, ਜਿਸ ਵਿੱਚ ਦਸਿਆ ਗਿਆ ਸੀ ਕਿ ਬਰਤਾਨੀਆ ਦੀ ਇੱਕ ਕੰਪਨੀ ‘ਸਲੇਟਰ ਐਂਡ ਗਾਰਡਨ’ ਵਲੋਂ ਲਗਭਗ 2200 ਜੋੜਿਆਂ ਨਾਲ ਅਲਗ-ਅਲਗ ਮੁਲਾਕਾਤ ਕਰ ਉਨ੍ਹਾਂ ਦੇ ਨਿਜੀ ਜੀਵਨ ਬਾਰੇ ਗਲਬਾਤ ਕੀਤੀ ਗਈ। ਉਸਨੇ ਇਸ ਗਲਬਾਤ ਤੋਂ ਇਹ ਨਤੀਜਾ ਕਢਿਆ ਕਿ ਬਹੁਤੇ ਵਿਆਹਿਆਂ, ਭਾਵੇਂ ਉਹ ਇਸਤ੍ਰੀ ਹੈ ਜਾਂ ਪੁਰਸ਼, ਪਾਸ ਆਪਣੇ ਅਤੀਤ ਨਾਲ ਸੰਬੰਧਤ ਕੋਈ ਨਾ ਕੋਈ ਅਜਿਹਾ ਰਾਜ਼ ਜ਼ਰੂਰ ਹੁੰਦਾ ਹੈ, ਜੇ ਉਹ ਉਜਾਗਰ ਹੋ ਜਾਏ ਤਾਂ ਉਨ੍ਹਾਂ ਦਾ ਸ਼ਾਦੀ-ਸ਼ੁਦਾ ਜੀਵਨ ਖਤਮ ਹੋ ਸਕਦਾ ਹੈ। ਕੰਪਨੀ ਵਲੋਂ ਆਪਣੀ ਸਰਵੇ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ 25 ਪ੍ਰਤੀਸ਼ਤ ਲੋਕਾਂ ਨੇ ਗਲਬਾਤ ਦੌਰਾਨ ਮੰਨਿਆ ਕਿ ਉਨ੍ਹਾਂ ਆਪਣੇ ਜੀਵਨ-ਸਾਥੀ ਤੋਂ ਕੁਝ ਨਾ ਕੁਝ ਜ਼ਰੂਰ ਛੁਪਾਇਆ ਹੈ। ਇਨ੍ਹਾਂ ਵਿਚੋਂ 42 ਪ੍ਰਤੀਸ਼ਤ ਲੋਕਾਂ ਨੂੰ ਵਿਸ਼ਵਾਸ ਹੈ ਕਿ ਉਹ ਕਦੀ ਵੀ ਪਕੜੇ ਨਹੀਂ ਜਾਣਗੇ, ਜਦਕਿ 26 ਪ੍ਰਤੀਸ਼ਤ ਨੂੰ ਡਰ ਹੈ ਕਿ ਜੇ ਉਨ੍ਹਾਂ ਦਾ ਰਾਜ਼ ਖੁਲ੍ਹ ਗਿਆ ਤਾਂ ਉਨ੍ਹਾਂ ਦੀ ਸ਼ਾਦੀ ਟੁੱਟ ਜਾਇਗੀ। ਕੰਪਨੀ ਦੀ ਰਿਪੋਰਟ ਅਨੁਸਾਰ ਸਾਧਾਰਣ ਤੋਂ ਸਾਧਾਰਣ ਜੋੜੇ ਵਿੱਚ ਵੀ ਕੁਝ ਰਾਜ਼ ਅਜਿਹੇ ਜ਼ਰੂਰ ਹੁੰਦੇ ਹਨ, ਜੋ ਉਨ੍ਹਾਂ ਦੇ ਸ਼ਾਦੀ-ਸ਼ੁਦਾ ਜੀਵਨ ਨੂੰ ਪ੍ਰਭਾਵਤ ਕਰ ਸਕਦੇ ਹਨ। ਖੋਜੀ ਅਮਾਂਡਾ ਐਮਸੀਏ ਲਿਸਟਰ ਅਨੁਸਾਰ ਛੋਟੇ-ਛੋਟੇ ਝਗੜੇ ਵੀ ਸ਼ਾਦੀ ਨੂੰ ਖਤਮ ਕਰ ਸਕਦੇ ਹਨ। ਉਨ੍ਹਾਂ ਪਾਸ ਆਉਣ ਵਾਲੇ ਵਧੇਰੇ ਜੋੜਿਆਂ ਦੀ ਸ਼ਾਦੀ-ਸ਼ੁਦਾ ਜ਼ਿੰਦਗੀ ਤਲਾਕ ਤੋਂ ਇੱਕ ਹਫਤਾ ਪਹਿਲਾਂ ਤਕ ਠੀਕ-ਠਾਕ ਚਲ ਰਹੀ ਸੀ ਕਿ ਅਚਾਨਕ ਹੀ ਕੋਈ ਇੱਕ ਰਾਜ਼ ਖੁਲ੍ਹ ਗਿਆ, ਜਿਸਨੇ ਉਨ੍ਹਾਂ ਦੇ ਸ਼ਾਦੀ-ਸ਼ੁਦਾ ਜੀਵਨ ਵਿੱਚ ਇੱਕ ਨਾ ਮਿਟਣ ਵਾਲੀ ਤਰੇੜ ਪੈਦਾ ਕਰ ਦਿੱਤੀ।

Geef een reactie

Het e-mailadres wordt niet gepubliceerd. Vereiste velden zijn gemarkeerd met *