ਬੰਦੇ ਤੋਂ ਬੰਦਾ ਮਰਵਾਇਆ

ਧਰਮ ਦੇ ਨਾਂ ਤੇ ਹੋਣ ਡਰਾਮੇਂ।
ਲੋਕਾਂ ਤੋਂ ਕਰਵਾਉਣ ਹੰਗਾਮੇਂ।
ਭਾੜੇ-ਖੋਰੇ ਅੱਗ ਲਗਾਉਂਦੇ
ਰਲ ਕੇ ਸਾਰੇ ਜੀਜੇ – ਮਾਮੇਂ।

ਇਹ ਨੇ ‘ਸ਼ੀਹ ਮੁੱਕਦਮ ਰਾਜੇ’
ਅੱਜ ਵੀ ਲੀਡਰ ਨੇ ਸ਼ਹਿਜ਼ਾਦੇ।
ਪੁੱਠੀ ਗਿਣਤੀ ਰਹੇ ਸਿਖਾਉਂਦੇ
ਬਾਬੇ – ਲੀਡਰ ਨੇ ਮਹਾਰਾਜੇ।

ਮਾਂ ਬੋਲੀ ਨੂੰ ਭੁੱਲ ਗਏ ਜਿਹੜੇ
ਕਿਵੇਂ ਪੈਣਗੇ ਮਾਂ ਦੇ ਚਰਨੀਂ।
ਪੜ੍ਹਿਆ ਨਾ ਜੇ ਊੱੜਾ- ਐੜਾ
ਉਨ੍ਹਾਂ ਪੈਂਤੀ ਕਿਥੋਂ ਪੜ੍ਹਨੀ।

ਜੀਊਂਦੀ ਮਾਂ ਦਾ ਸੁੱਖ ਬੜਾ ਹੈ।
ਮਾਂ ਮਰ ਜਾਵੇ ਦੁੱਖ ਬੜਾ ਹੈ।
ਕਰਦਾ ਜੋ ਵੀ ਮਾਂ ਦੀ ਸੇਵਾ
ਉਹ ਸਮਝਦਾਰ ਮਨੁਖ ਬੜਾ ਹੈ

ਝਗੜੇ ਕਈ ਨੇ ਹੁਣ ਮਾਵਾਂ ਦੇ।
ਕੁਝ ਝਗੜੇ ਨੇ ਦਰਿਆਵਾਂ ਦੇ।
ਹਿੰਦੂ, ਮੁਸਲਮ ਅਤੇ ਈਸਾਈ
ਦੰਗੇ ਨੇ, ਸੂਰਾਂ- ਗਾਵਾਂ ਦੇ।

ਇਹ ਗੱਲ ਸਭ ਨੂੰ ਕਹਿਣੀ ਹੈ।
ਹੁਣ ਨੀਤ ਬਦਲਣੀਂ ਪੈਣੀ ਹੈ।
ਪਰ! ਧਰਮ ਦੇ ਠੇਕੇਦਾਰਾਂ ਦੀ
ਹੁਣ ਅੰਦਰੋਂ ਸੋਚ ਪੁਰਣੀ ਹੈ।

ਹਿੰਦੂ ਤੇ ਮੁਸਲਮ, ਦੋਵੇਂ ਰੋਏੁ।
ਉਹ ਨਹੀਂ ਭਾਂਬੜ ਮੱਠੇ ਹੋਏ।
ਸੰਨ ਸੰਤਾਲੀ , ਭਰੇ ਗਵਾਹੀ
ਘਰ ਲੋਕਾਂ ਦੇ, ਸੀ ਢੱਠੇ ਹੋਏ।

ਮਿਤੱਰਤਾ ਦੀ ਲਹਿਰ ਬਣਾਓ।
ਖ਼ੁਦ ਵੀ ਸਮਝੋ ਤੇ ਸਮਝਾਓ।
ਇਵੇਂ ਬੇੜੀ ਪਾਰ ਨਹੀਂ ਹੋਣੀ
ਰਲ- ਮਿਲ ਸਾਰੇ ਚੱਪੂ ਲਾਓ।

“ਸੁਹਲ”ਜੋ ਸੰਤਾਪ ਹੰਡਾਇਆ।
ਨਹੀਉਂ ਜਾਣਾ ਕਦੇ ਭੁਲਾਇਆ।
ਇਹ ਜਨੂਨੀਂ ਪੁੱਠੀਆਂ ਚਾਲਾਂ
ਬੰਦੇ ਤੋਂ ਬੰਦਾ ਮਰਵਾਇਆ।

ਮਲਕੀਅਤ “ਸੁਹਲ”

Geef een reactie

Het e-mailadres wordt niet gepubliceerd. Vereiste velden zijn gemarkeerd met *