ਸ਼੍ਰੋਮਣੀ ਅਕਾਲੀ ਦਲ (ਬਾਦਲ) ਮੁੜ ਹਰਿਆਣਾ ਚੋਣਾਂ ਲੜਨ ਲਈ ਤਿਆਰ

-ਜਸਵੰਤ ਸਿੰਘ ‘ਅਜੀਤ’

ਬੀਤੇ ਦਿਨੀਂ ਯਮੁਨਾਨਗਰ (ਹਰਿਆਣਾ) ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਯੋਜਤ ਕੀਤੇ ਗਏ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਹਰਿਆਣਾ ਦੇ ਸਿੱਖਾਂ ਨੂੰ ਇੱਕ-ਜੁਟ ਹੋਣ ਦਾ ਸਦਾ ਦਿੰਦਿਆਂ ਐਲਾਨ ਕੀਤਾ ਕਿ ਉਨ੍ਹਾਂ ਦਾ ਦਲ (ਸ਼੍ਰੋਮਣੀ ਅਕਾਲੀ ਦਲ) ਭਵਿੱਖ ਵਿੱਚ ਆਪਣੇ ਹੀ ਬਲ-ਬੂਤੇ ਸੁਤੰਤਰ ਰੂਪ ਵਿੱਚ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਲੜੇਗਾ। (ਇਥੇ ਇਹ ਗਲ ਧਿਆਨ ਮੰਗਦੀ ਹੈ ਕਿ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜੋ ਲੋਕਸਭਾ ਦੀਆਂ ਚੋਣਾਂ ਹੋਣੀਆਂ ਹਨ, ਉਨ੍ਹਾਂ ਦੇ ਸੰਬੰਧ ਵਿੱਚ ਉਹਨਾਂ ਕੁਝ ਵੀ ਨਹੀਂ ਕਿਹਾ)। ਇਸਦੇ ਨਾਲ ਹੀ ਉਨ੍ਹਾਂ ਹਰਿਆਣਾ ਦੇ ਸਿੱਖਾਂ ਨੂੰ ਸਾਵਧਾਨ ਕਰਦਿਆਂ ਇਹ ਵੀ ਕਿਹਾ ਕਿ ਇਸ ਸਮੇਂ ਕੁਝ ਸਿੱਖ-ਵਿਰੋਧੀ ਤਾਕਤਾਂ ਸਿੱਖਾਂ ਵਿੱਚ ਫੁਟ ਪਾਣ ਦੀ ਕੌਸ਼ਿਸ਼ ਕਰ ਰਹੀਆਂ ਹਨ, ਜਿਨ੍ਹਾਂ ਤੋਂ ਉਨ੍ਹਾਂ ਨੂੰ ਹੁਸ਼ਿਆਰ ਰਹਿਣ ਦੀ ਲੋੜ ਹੈ। ਸ. ਸੁਖਬੀਰ ਸਿੰਘ ਬਾਦਲ ਨੇ ਹੋਰ ਕਿਹਾ ਕਿ ਹਰਿਆਣਾ ਦੇ ਸਿੱਖਾਂ ਨੂੰ ਇੱਕ-ਜੁਟ ਹੋ ਰਾਜ (ਹਰਿਆਣਾ) ਵਿੱਚ ਆਪਣੇ ਹਿੱਤਾਂ ਦੀ ਰਖਿਆ ਕਰਨ ਲਈ ਅਵਾਜ਼ ਉਠਾਣੀ ਚਾਹੀਦੀ ਹੈ। ਹਰਿਆਣਾ ਦੀ ਰਾਜਨੀਤੀ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਬੀਤੇ ਦਾ ਇਤਿਹਾਸ ਗੁਆਹ ਹੈ ਕਿ ਸ. ਸੁਖਬੀਰ ਸਿੰਘ ਬਾਦਲ ਲਈ ਇਹ ਰਸਤਾ ਅਸਾਨ ਨਹੀਂ। ਇਸਦਾ ਕਾਰਣ ਉਹ ਇਹ ਦਸਦੇ ਹਨ ਕਿ ਇੱਕ ਤਾਂ ਬਾਦਲ ਅਕਾਲੀ ਦਲ ਦਾ ਪੰਜਾਬ ਸਹਿਤ ਰਾਸ਼ਟਰੀ ਪੱਧਰ ਤੇ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਹੈ, ਇਸ ਹਾਲਤ ਵਿੱਚ ਕੀ ਉਹ ਚੋਣਾਂ ਵਿੱਚ ਹਰਿਆਣਾ ਵਿੱਚ ਆਪਣੀ ਸਹਿਯੋਗੀ ਪਾਰਟੀ ਭਾਜਪਾ ਨੂੰ ਚੁਨੌਤੀ ਦੇਣ ਦੀ ਸਥਿਤੀ ਵਿੱਚ ਹੋਣਗੇ? ਦੂਸਰਾ ਹਰਿਆਣੇ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਰੁਧ ਹਰਿਆਣਾ ਦੇ ਸਿੱਖਾਂ ਦੇ ਇੱਕ ਗੁਟ ਵਲੋਂ ਹਰਿਆਣਾ ਦੇ ਗੁਰਦੁਆਰਿਆਂ ਲਈ ਸ਼੍ਰੋਮਣੀ ਕਮੇਟੀ ਤੋਂ ਸੁਤੰਤਰ ‘ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ’ ਦੀ ਮੰਗ ਲਈ ਅੰਦੋਲਣ ਸ਼ੁਰੂ ਕੀਤਾ ਗਿਆ ਹੋਇਆ ਹੈ। ਤੀਸਰਾ ਹਰਿਆਣਾ ਵਿੱਚ ਹੀ ਉਸ ਚੌਟਾਲਾ ਪਰਿਵਾਰ ਦੀ ਜਥੇਬੰਦੀ ‘ਇਨੈਲੋ’ ਵੀ ਸਰਗਰਮ ਹੈ, ਜੋ ਉਹ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਲੜਦੇ ਹਨ ਤਾਂ ਉਨ੍ਹਾਂ ਦੀ ਉਸ ‘ਇਨੈਲੋ’ ਪ੍ਰਤੀ ਨੀਤੀ ਕੀ ਹੋਵੇਗੀ, ਜਿਸਦੇ ਮੁਖੀਆਂ ਦੇ ਕਈ ‘ਅਹਿਸਨਾਂ’ ਹੇਠ ਉਹ (ਬਾਦਲ ਪਰਿਵਾਰ) ਦਬੇ ਹੋਏ ਹਨ।
ਇਸੇ ਸੰਬੰਧ ਵਿੱਚ ਚਰਚਾ ਕਰਦਿਆਂ ਰਾਜਸੀ ਮਾਹਿਰ ਦਸਦੇ ਹਨ ਕਿ 2009-2010 ਦੀਆਂ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਵੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਸੀ ਕਿ ਇਸ ਵਾਰ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਉਨ੍ਹਾਂ ਦਾ ਦਲ ਇਨੈਲੋ ਨਾਲ ਮਿਲ ਕੇ ਇਤਿਹਾਸਿਕ ਜਿੱਤ ਦਰਜ ਕਰਵਾਣ ਜਾ ਰਿਹਾ ਹੈ। ਉਸ ਸਮੇਂ ਵੀ ਅਕਾਲੀ ਰਾਜਨੀਤਿ ਦੇ ਜਾਣਕਾਰਾਂ ਨੇ ਕਿਹਾ ਸੀ ਕਿ ਸ. ਸੁਖਬੀਰ ਸਿੰਘ ਬਾਦਲ ਨੇ ਜਦ ਤੋਂ ਅਕਾਲੀ ਦਲ ਦੀ ਅਗਵਾਈ ਸੰਭਾਲੀ ਹੈ, ਤਦ ਤੋਂ ਹੀ ਉਹ ਜ਼ਮੀਨੀ ਸੱਚਾਈ ਦੀ ਅਣਦੇਖੀ ਕਰ ਹਵਾਈ ਗਲਾਂ ਕਰਦੇ ਚਲੇ ਆ ਰਹੇ ਹਨ। ਉਨ੍ਹਾਂ ਦਸਿਆ ਕਿ ਇਸਤੋਂ ਪਹਿਲਾਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਸਮੇਂ ਵੀ ਉਨ੍ਹਾਂ ਦਿੱਲੀ ਵਿਧਾਨ ਸਭਾ ਦੀਆਂ 15 ਸੀਟਾਂ ਪੁਰ ਦਲ ਦੇ ਚੋਣ-ਨਿਸ਼ਾਨ ਪੁਰ ਉਮੀਦਵਾਰ ਖੜੇ ਕਰਨ ਦਾ ਐਲਾਨ ਕਰਦਿਆਂ, ਇਹ ਦਾਅਵਾ ਕੀਤਾ ਸੀ ਕਿ ਇਨ੍ਹਾਂ ਚੋਣਾਂ ਵਿੱਚ ਉਨ੍ਹਾਂ ਦਾ ਦਲ ਇੱਕ ਨਵਾਂ ਇਤਿਹਾਸ ਰਚਣ ਜਾ ਰਿਹਾ ਹੈ। ਪਰ ਹੋਇਆ ਕੀ? ਉਨ੍ਹਾਂ ਚੋਣਾਂ ਵਿੱਚ ਉਨ੍ਹਾਂ ਨੂੰ ਪਾਰਟੀ ਚੋਣ ਨਿਸ਼ਾਨ ਪੁਰ ਚੋਣ ਲੜਨ ਲਈ ਕੇਵਲ ਇਕੋ ਉਮੀਦਵਾਰ ਮਿਲਿਆ, ਉਹ ਵੀ ਪਾਰਟੀ ਦੀ ਇਜ਼ਤ ਦੀ ਦੁਹਾਈ ਦੇਣ ’ਤੇ{
2009-2010 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਸ. ਸੁਖਬੀਰ ਸਿੰਘ ਬਾਦਲ ਨੇ ਇਨੈਲੋ ਨਾਲ ਗਠਜੋੜ ਕਰ, ਆਪਣੇ ਦਲ ਵਲੋਂ ਕੇਵਲ ਦੋ ਉਮੀਦਵਾਰ ਖੜੇ ਕੀਤੇ, ਉਹ ਵੀ ਇਨੈਲੌ ਪਾਸੋਂ ਉਧਾਰ ਲੈ ਕੇ, ਅਰਥਾਤ ਉਸਦੇ ਉਮੀਦਵਾਰਾਂ ਨੂੰ ਗੋਦ ਲੈ ਕੇ। ਉਨ੍ਹਾਂ ਦੋ ਉਮੀਦਵਾਰਾਂ ਦੇ ਦੰਮ ਪੁਰ ਹੀ ਉਨ੍ਹਾਂ ਇਨੈਲੋ ਨਾਲ ਮਿਲ ਉਨ੍ਹਾਂ ਚੋਣਾਂ ਵਿੱਚ ਇਤਿਹਾਸਿਕ ਜਿੱਤ ਦਰਜ ਕਰਵਾਣ ਦਾ ਦਾਅਵਾ ਕੀਤਾ ਸੀ। ਉਨ੍ਹਾਂ ਦੇ ਦਾਅਵੇ ਪੁਰ ਉਸ ਸਮੇਂ ਵੀ ਵਿਅੰਗ ਕਰਦਿਆਂ ਕਿਹਾ ਗਿਆ ਸੀ ਕਿ ਜਿਨ੍ਹਾਂ ਦੋ ਉਮੀਦਵਾਰਾਂ ਦੇ ਸਿਰ ਪੁਰ ਉਹ ਹਰਿਆਣਾ ਵਿੱਚ ਜਿੱਤ ਦਾ ਇਤਿਹਾਸ ਰਚਣ ਦਾ ਦਾਅਵਾ ਕਰ ਰਹੇ ਹਨ, ਕੀ ਉਹ ਸੱਚਮੁੱਚ ਉਨ੍ਹਾਂ ਦੇ ਆਪਣੇ ਅਕਾਲੀ ਦਲ ਦੇ ਹੀ ਉਮੀਦਵਾਰ ਹਨ ਜਾਂ ਉਨ੍ਹਾਂ ਨੂੰ ਉਹਨਾਂ ਨੇ ਇਨੈਲੋ ਤੋਂ ‘ਗੋਦ’ ਲਿਆ ਹੈ?
ਇਹ ਸੁਆਲ ਕਰਨ ਵਾਲਿਆਂ ਦਾ ਦਾਅਵਾ ਸੀ ਅਸਲ ਵਿੱਚ ਹਰਿਆਣਾ ਦਾ ਕੋਈ ਵੀ ਸਿੱਖ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਇਹ ਚੋਣਾਂ ਲੜਨ ਲਈ ਤਿਆਰ ਨਹੀਂ ਸੀ, ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਆਪਣੀ ‘ਇਜ਼ਤ’ ਬਚਾਣ ਲਈ ਇਨੈਲੋ ਦੇ ਦੋ ਉਮੀਦਵਾਰਾਂ ਨੂੰ ‘ਗੋਦ’ ਲੈਣਾ ਪਿਆ।
ਇੱਕ ਸੁਆਲ ਹੋਰ : ਸ. ਸੁਖਬੀਰ ਸਿੰਘ ਬਾਦਲ ਨੇ ਹੁਣ ਫਿਰ ਐਲਾਨ ਕੀਤਾ ਹੈ ਕਿ ਭਵਿਖ ਵਿੱਚ ਉਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਆਪਣੇ ਬਲ-ਬੂਤੇ ਸੁਤੰਤਰ ਰੂਪ ਵਿੱਚ ਲੜੇਗਾ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ, ਸ. ਸੁਖਬੀਰ ਸਿੰਘ ਬਾਦਲ ਦੇ ਇਸ ਫੈਸਲੇ ਪੁਰ ਦਲ ਦੇ ਹੀ ਕਈ ਮੁਖੀਆਂ ਵਲੌਂ ਹੈਰਾਨੀ ਪ੍ਰਗਟ ਕੀਤੀ ਜਾ ਰਹੀ ਹੈ ਅਤੇ ਸੁਆਲ ਖੜਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਤਾਂ ਉਨ੍ਹਾਂ ਦਾ ਦਲ, ਅਰਥਾਤ ਸ਼੍ਰੋਮਣੀ ਅਕਾਲੀ ਦਲ (ਬਾਦਲ), ਚੰਡੀਗੜ੍ਹ ਸਹਿਤ ਉਨ੍ਹਾਂ ਸਾਰੇ ਪੰਜਾਬੀ ਬੋਲਦੇ ਇਲਾਕਿਆਂ ਪੁਰ ਪੰਜਾਬ ਦਾ ਦਾਅਵਾ ਪੇਸ਼ ਕਰਦਾ ਆ ਰਿਹਾ ਹੈ, ਜੋ ਪੰਜਾਬ ਦੇ ਪੁਨਰਗਠਨ ਸਮੇਂ ਹਰਿਆਣਾ ਵਿੱਚ ਸ਼ਾਮਲ ਕਰ ਦਿੱਤੇ ਗਏ ਹੋਏ ਹਨ ਅਤੇ ਇਸਦੇ ਨਾਲ ਹੀ ਇਹ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਪਾਣੀਆਂ ਦੀ ਇੱਕ ਬੂੰਦ ਵੀ ਹਰਿਆਣਾ ਨੂੰ ਨਹੀਂ ਦਿੱਤੀ ਜਾਇਗੀ। ਦੂਜੇ ਪਾਸੇ ਹਰਿਆਣਾ ਦੇ ਨੇਤਾ ਹਰਿਆਣਾ ਦੇ ਹਿਤਾਂ ਦੀ ਰਖਿਆ ਕਰਨ ਦੇ ਨਾਲ ਹੀ ਇਹ ਦਾਅਵਾ ਵੀ ਕਰਦੇ ਹਨ ਕਿ ਹਰਿਆਣਾ ਦੀ ਰਾਜ-ਸੱਤਾ ਮਿਲਣ ’ਤੇ ਉਹ ਸਭ ਤੋਂ ਪਹਿਲਾ ਕੰਮ, ਐਸ ਵਾਈ ਐਲ ਰਾਹੀਂ ਪੰਜਾਬ ਦੇ ਪਾਣੀਆਂ ਵਿਚੋਂ ਉਨ੍ਹਾਂ ਦਾ ਹਿੱਸਾ ਲੈ ਕੇ ਦੇਣਗੇ। ਇਸਦੇ ਨਾਲ ਹੀ ਉਨ੍ਹਾਂ ਦਾ ਇਹ ਵੀ ਦਾਅਵਾ ਹੈ ਕਿ ਚੰਡੀਗੜ੍ਹ ਸਹਿਤ ਕਿਸੇ ਵੀ ਪੰਜਾਬੀ ਬੋਲਦੇ ਇਲਾਕੇ ਪੁਰ ਪੰਜਾਬ ਦਾ ਦਾਅਵਾ ਸਵੀਕਾਰ ਨਹੀਂ ਕਰਨਗੇ। ਉਹ ਤਾਂ ਪੰਜਾਬ ਵਾਸੀਆਂ ਨੂੰ ਇਥੋਂ ਤਕ ਸਲਾਹ ਦੇ ਰਹੇ ਹਨ ਕਿ ਉਹ ਆਪਣੀ (ਪੰਜਾਬ ਦੀ) ਰਾਜਧਾਨੀ ਕਿਧਰੇ ਹੋਰ ਬਣਾ ਲੈਣ, ਕਿਉਂਕਿ ਚੰਡੀਗੜ੍ਹ ਹਰਿਆਣਾ ਦਾ ਹੈ।
ਇਸ ਸਥਿਤੀ ਵਿੱਚ ਸੁਆਲ ਉਠਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ), ਸ. ਸੁਖਬੀਰ ਸਿੰਘ ਬਾਦਲ ਦੇ ਐਲਾਨ ਅਨੁਸਾਰ ਜੇ ਹਰਿਆਣਾ ਵਿਧਾਨ ਸਭਾ ਦੀ ਚੋਣ ਲੜਦਾ ਹੈ, ਤਾਂ ਉਹ ਆਪਣੇ ਰਾਜ, ਪੰਜਾਬ ਵਾਸੀਆਂ ਪ੍ਰਤੀ ਈਮਾਨਦਾਰ ਹੋਵੇਗਾ ਜਾਂ ਹਰਿਆਣਾ ਵਾਸੀਆਂ ਪ੍ਰਤੀ। ਜਾਂ ਫਿਰ ਆਪਣੇ ਰਾਜਨੈਤਿਕ ਸੁਆਰਥ ਦੀ ਪੂਰਤੀ ਲਈ ਦੋਹਾਂ ਨੂੰ ਗੁਮਰਾਹ ਕਰ ਆਪਣੀਆਂ ਰਾਜਸੀ ਰੋਟੀਆਂ ਸੇਕੇਗਾ?
…ਅਤੇ ਅੰਤ ਵਿੱਚ : ਅਜਿਹੇ ਹਾਲਾਤ ਵਿੱਚ ਜੇ ਅਸੀਂ ਬੀਤੇ ਸਮੇਂ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਅਪਨਾਈ ਚਲੀ ਆ ਰਹੀ ਨੀਤੀ ਪੁਰ ਉਡਦੀ ਝਾਤ ਮਾਰੀਏ ਤਾਂ ਅਸੀਂ ਵੇਖਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀਆਂ ਵਲੋਂ ਹਰਿਆਣਾ ਦੇ ਸਿੱਖਾਂ ਪੁਰ ਲਗਾਤਾਰ ਇਹ ਦਬਾਉ ਬਣਾਇਆ ਜਾਂਦਾ ਚਲਿਆ ਆ ਰਿਹਾ ਹੈ ਕਿ ਉਹ ਹਰਿਆਣਾ ਦੇ ਹਿਤਾਂ ਦੀ ਕੀਮਤ ਤੇ ਪੰਜਾਬ ਦੇ ਹਿਤਾਂ ਦੀ ਰਖਿਆ ਕਰਨ ਲਈ ਉਨ੍ਹਾਂ ਦਾ ਸਾਥ ਦੇਣ। ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਉਨ੍ਹਾਂ ਨੂੰ ਮਜਬੂਰ ਕੀਤਾ ਜਾਂਦਾ ਚਲਿਆ ਆ ਰਿਹਾ ਹੈ ਕਿ ਉਹ ਚੰਡੀਗੜ੍ਹ, ਪਾਣੀਆਂ ਦੀ ਵੰਡ ਅਤੇ ਪੰਜਾਬੀ ਬੋਲਦੇ ਇਲਾਕਿਆਂ ਆਦਿ ਦੇ ਸਬੰਧ ਵਿੱਚ ਹਰਿਆਣੇ ਦੇ ਵਿਰੁੱਧ ਪੰਜਾਬ ਦਾ ਸਮਰਥਨ ਕਰਨ। ਜਦਕਿ ਹਰਿਆਣੇ ਦੇ ਸਿੱਖ ਇਨ੍ਹਾਂ ਮੁਦਿੱਆਂ ਤੇ ਹਰਿਆਣਾ-ਵਾਸੀਆਂ ਨਾਲ ਖੜੇ ਹਨ ਅਤੇ ਅਗੋਂ ਵੀ ਖੜਿਆਂ ਰਹਿਣਾ ਚਾਹੁੰਦੇ ਹਨ, ਕਿਉਂਕਿ ਉਹ ਆਪਣੇ ਆਪਨੂੰ ਹਰਿਆਣੇ ਦੇ ਪੱਕੇ ਵਾਸੀ ਹੀ ਮੰਨਦੇ ਹਨ ਅਤੇ ਉਹ ਇਹ ਵੀ ਸਵੀਕਾਰਦੇ ਹਨ ਕਿ ਉਨ੍ਹਾਂ ਦੇ ਹਿਤ ਹਰਿਆਣੇ ਨਾਲ ਹੀ ਜੁੜੇ ਹੋਏ ਹਨ। ਇਸ ਹਾਲਤ ਵਿੱਚ ਜੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਲੜਦਾ ਹੈ ਅਤੇ ਇਨ੍ਹਾਂ ਚੋਣਾਂ ਵਿੱਚ ਸਿੱਖ ਉਸਦਾ ਪੱਖ ਪੂਰਦੇ ਹਨ, ਤਾਂ ਹਰਿਅਣਾ ਦੇ ਦੂਜੇ ਵਾਸੀਆਂ ਵਿੱਚ ਇਹ ਸੰਦੇਸ਼ ਜਾਣਾ ਸੁਭਾਵਕ ਹੈ ਕਿ ਹਰਿਆਣਾ ਵਿੱਚ ਵਸਦੇ ਸਿੱਖ ਆਪਣੇ ਰਾਜ ਦੇ ਹਿਤਾਂ ਦੀ ਰਖਿਆ ਕਰਨ ਪ੍ਰਤੀ ਈਮਾਨਦਾਰ ਨਹੀਂ। ਅਜਿਹਾ ਸੰਦੇਸ਼ ਜਾਣਾ ਕਿਸੇ ਵੀ ਤਰ੍ਹਾਂ ਉਨ੍ਹਾਂ ਦੇ ਆਪਣੇ ਹਿਤ ਵਿੱਚ ਨਹੀਂ ਹੋਵੇਗਾ।

Geef een reactie

Het e-mailadres wordt niet gepubliceerd. Vereiste velden zijn gemarkeerd met *