ਸਿੱਖੀ ਦੀ ਸੁਤੰਤਰ ਹੋਂਦ ’ਤੇ ਸਿੱਖ ਦੀ ਅੱਡਰੀ ਪਛਾਣ ਦੀ ਚਿੰਤਾ

-ਜਸਵੰਤ ਸਿੰਘ ‘ਅਜੀਤ’

ਪਿਛਲੇ ਦਿਨੀਂ ਆਰਐਸਐਸ ਦੇ ਮੁੱਖੀ ਮੋਹਨ ਭਾਗਵਤ ਵਲੋਂ ਸਿੱਖ ਧਰਮ ਦੀ ਸੁਤੰਤਰ ਹੋਂਦ ਪੁਰ ਸੁਆਲੀਆ-ਨਿਸ਼ਾਨ ਲਾਂਉਂਦਿਆਂ ਜੋ ਬਿਆਨ ਦਿੱਤਾ ਗਿਆ ਹੈ, ਉਸਨੂੰ ਲੈ ਕੇ ਸਿੱਖ ਰਾਜਨੀਤੀ ਵਿੱਚ ਤੂਫਾਨ-ਜਿਹਾ ਉਠ ਖੜਾ ਹੋਇਆ ਹੈ। ਅਕਾਲ ਤਖਤ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਮੱਕੜ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਮਨਜੀਤ ਸਿੰਘ ਜੀਕੇ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਅਤੇ ਕਈ ਹੋਰ ਸਿੱਖ ਜਥੇਬੰਦੀਆਂ ਦੇ ਮੁੱਖੀਆਂ ਵਲੋਂ ਮੋਹਨ ਭਾਗਵਤ ਦੇ ਬਿਅਨ ਦੀ ਤਿੱਖੀ ਨਿੰਦਿਆ ਕਰਦਿਆਂ, ਮੰਗ ਕੀਤੀ ਗਈ ਹੈ ਕਿ ਉਹ ਆਪਣੇ ਇਸ ਸਿੱਖ ਧਰਮ-ਵਿਰੋਧੀ ਬਿਆਨ ਨੂੰ ਵਾਪਸ ਲੈਣ। ਜ. ਅਵਤਾਰ ਸਿੰਘ ਮੱਕੜ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਇੱਕ ਪੱਤ੍ਰ ਲਿਖ, ਮੰਗ ਕੀਤੀ ਹੈ ਕਿ ਉਹ ਮੋਹਨ ਭਾਗਵਤ ਨੂੰ ਅਜਿਹੇ ਬਿਆਨ ਦੇਣ ਤੋਂ ਰੋਕਣ, ਜਿਨ੍ਹਾਂ ਕਾਰਣ ਸਿੱਖਾਂ ਅਤੇ ਹਿੰਦੂਆਂ ਵਿਚਲੇ ਸਦੱਭਾਵਨਾ-ਪੂਰਣ ਸਬੰਧਾਂ ਵਿੱਚ ਦਰਾੜ ਪੈਂਦੀ ਹੋਵੇ। ਇਧਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਲੋਂ ਮੋਹਨ ਭਾਗਵਤ ਦੇ ਬਿਆਨ ਵਿਰੁਧ ਝੰਡੇਵਾਲਾਨ ਦਿੱਲੀ ਸਥਿਤ ਆਰਐਸਐਸ ਦੇ ਦਫਤਰ ਪੁਰ ਰੋਸ-ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ ਗਿਆ।
ਜਿਸਤਰ੍ਹਾਂ ਸਿੱਖ ਸੰਸਥਾਵਾਂ ਵਲੋਂ ਮੋਹਨ ਭਾਗਵਤ ਦੇ ਸਿੱਖ ਧਰਮ ਦੀ ਸੁਤੰਤਰ ਹੋਂਦ ਵਿਰੁਧ ਦਿੱਤੇ ਗਏ ਬਿਆਨ ਨੂੰ ਲੈ ਕੈ ਵਿਰੋਧ-ਪ੍ਰਦਸ਼ਰਨ ਕੀਤਾ ਗਿਆ ਅਤੇ ਕੀਤਾ ਜਾ ਰਿਹਾ ਹੈ, ਉਸਨੂੰ ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਾਰ ਦੇ, ਠੀਕ ਤਾਂ ਕਰਾਰ ਦਿੱਤਾ ਜਾ ਸਕਦਾ ਹੈ, ਪ੍ਰੰਤੂ ਇਸਦੇ ਨਾਲ ਹੀ ਇਹ ਸੁਆਲ ਵੀ ਉਭਰ ਕੇ ਸਾਹਮਣੇ ਆ ਜਾਂਦਾ ਹੈ ਕਿ ਕੀ ਕਿਸੇ ਧਰਮ ਦੀ ਸੁਤੰਤਰ ਹੋਂਦ ਅਤੇ ਉਸਦੇ ਪੈਰੋਕਾਰਾਂ ਦੀ ਅੱਡਰੀ ਪਛਾਣ ਦਾ ਅਹਿਸਾਸ ਕਰਵਾਣ ਲਈ ਕਿਸੇ ਦੇ ਸਰਟਫਿਕੇਟ ਦੀ ਲੋੜ ਹੁੰਦੀ ਹੈ। ਕੀ ਕਿਸੇ ਧਰਮ, ਵਿਸ਼ੇਸ਼ ਕਰਕੇ ਸਿੱਖ ਧਰਮ ਦੇ ਪੈਰੋਕਾਰ ਆਪਣੇ ਧਰਮ ਦੀਆਂ ਮਾਨਤਾਵਾਂ, ਮਰਿਆਦਾਵਾਂ ਤੇ ਪਰੰਪਰਾਵਾਂ ਦਾ ਨਿਸ਼ਠਾ ਨਾਲ ਪਾਲਣ ਕਰ, ਆਪ ਹੀ ਆਪਣੇ ਧਰਮ ਦੀ ਸੁਤੰਤਰ ਹੋਂਦ ਅਤੇ ਆਪਣੀ ਅੱਡਰੀ ਪਛਾਣ ਦਾ ਅਹਿਸਾਸ ਨਹੀਂ ਕਰਵਾ ਸਕਦੇ?
ਮੋਹਨ ਭਾਗਵਤ ਦੇ ਸਿੱਖ ਧਰਮ ਦੀ ਸੁਤੰਤਰ ਹੋਂਦ ਤੇ ਲਾਏ ਗਏ ਸੁਆਲੀਆ-ਨਿਸ਼ਾਨ ਨਾਲ ਸਿੱਖ ਹਲਕਿਆਂ ਵਿੱਚ ਆਈ ਸਰਗਰਮੀ ਨੂੰ ਵੇਖਦਿਆਂ, ਬਚਪਨ ਤੋਂ ਹੀ ਸੁਣੀ ਜਾਂਦੀ ਚਲੀ ਆ ਰਹੀ ਇਕ ਕਹਾਣੀ ਦੀ ਯਾਦ ਆ ਜਾਂਦੀ ਹੈ। ਉਸ ਕਹਾਣੀ ਅਨੁਸਾਰ ਇਕ ਦਿਨ ਅਧਿਆਪਕ ਨੇ ਕਲਾਸ ਰੂਮ ਵਿੱਚ ਆ, ਅਚਾਨਕ ਹੀ ਬਲੈਕ-ਬੋਰਡ ਤੇ ਇਕ ਲਕੀਰ ਖਿੱਚ ਦਿੱਤੀ ਤੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਇਸਨੂੰ ਛੋਟਿਆਂ ਕਰ ਦੇਣ। ਇਕ ਵਿਦਿਆਰਥੀ ਉਠਿਆ, ਉਸਨੇ ਮੇਜ਼ ਤੋਂ ਡਸਟਰ ਚੁਕਿਆ ਤੇ ਬਲੈਕ-ਬੋਰਡ ਤੇ ਖਿੱਚੀ ਹੋਈ ਲਕੀਰ ਨੂੰ ਥੋੜਾ ਜਿਹਾ ਮਿਟਾ ਦਿਤਾ ਤੇ ਕਿਹਾ ਕਿ ਵੇਖੋ, ਇਹ ਲਕੀਰ ਹੁਣ ਛੋਟੀ ਹੋ ਗਈ ਹੈ। ਇਸੇਤਰ੍ਹਾਂ ਕੁਝ ਹੋਰ ਵਿਦਿਆਰਥੀ ਉਠੇ ਅਤੇ ਉਨ੍ਹਾਂ ਵੀ ਉਸੇ ਤਰ੍ਹਾਂ ਕੀਤਾ।
ਅਧਿਆਪਕ ਨੇ ਪੁਛਿਆ ਕਿ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਇਹ ਲਕੀਰ ਛੋਟੀ ਹੋ ਗਈ ਹੈ?
ਵਿਦਿਆਰਥੀਆਂ ਇੱਕ ਅਵਾਜ਼ ਹੋ ਕਿਹਾ ਕਿ ਪਹਿਲਾਂ ਇਹ ‘ਇਤਨੀ’ ਲੰਮੀ ਸੀ ਤੇ ਹੁਣ ਉਸ ਨਾਲੋਂ ‘ਇਤਨੀ’ ਛੋਟੀ ਹੋ ਗਈ ਹੈ।
ਅਧਿਆਪਕ ਨੇ ਕਿਹਾ ਕਿ ਇਹ ਤਾਂ ਕੋਈ ਗਲ ਨਹੀਂ ਬਣੀ। ਜਿਸ ਨੇ ਤੁਹਾਨੂੰ ਲਕੀਰ ਮਿਟਾਂਦਿਆਂ ਨਹੀਂ ਵੇਖਿਆ, ਉਹ ਕਿਵੇਂ ਮੰਨ ਲਏਗਾ ਕਿ ਇਹ ਲਕੀਰ ਪਹਿਲਾਂ ਵਡੀ ਸੀ ਤੇ ਹੁਣ ਛੋਟੀ ਹੋ ਗਈ ਹੈ?
ਵਿਦਿਆਰਥੀਆਂ ਕੋਲ ਅਧਿਆਪਕ ਦੇ ਇਸ ਸੁਆਲ ਦਾ ਕੋਈ ਜਵਾਬ ਨਹੀਂ ਸੀ। ਅਧਿਆਪਕ ਨੇ ਫਿਰ ਕਲਾਸ ਨੂੰ ਪੁਛਿਆ ਕਿ ਹੈ ਕੋਈ ਹੋਰ, ਜੋ ਇਸ ਲਕੀਰ ਨੂੰ ਇਸਤਰ੍ਹਾਂ ਛੋਟਿਆਂ ਕਰ ਸਕਦਾ ਹੋਵੇ, ਜਿਸ ਨਾਲ ਹਰ ਕੋਈ ਵੇਖਣ ਵਾਲਾ ਮੰਨ ਜਾਏ ਕਿ ਇਹ ਲਕੀਰ ਛੋਟੀ ਹੈ?
ਕਲਾਸ ਦੇ ਕਿਸੇ ਵਿਦਿਆਰਥੀ ਨੂੰ ਇਸ ਸੁਆਲ ਦਾ ਜਵਾਬ ਨਹੀਂ ਸੀ ਸੁਝ ਰਿਹਾ। ਅਚਾਨਕ ਇਕ ਵਿਦਿਆਰਥੀ, ਜੋ ਕਲਾਸ ਵਿਚ ਸਭ ਤੋਂ ਪਿਛਲੇ ਬੈਂਚ ਤੇ ਬੈਠਾ ਸੀ, ਆਪਣੀ ਸੀਟ ਤੋਂ ਉਠਿਆ ਤੇ ਬੜੇ ਵਿਸ਼ਵਾਸ ਨਾਲ ਬਲੈਕ-ਬੋਰਡ ਵਲ ਵਧਿਆ। ਉਸਨੇ ਦੂਸਰੇ ਵਿਦਿਆਰਥੀਆਂ ਵਾਂਗ ਮੇਜ਼ ਤੋਂ ਡਸਟਰ ਚੁਕਣ ਦੀ ਬਜਾਏ, ਚਾਕ ਚੁਕਿਆ ਤੇ ਅਧਿਆਪਕ ਵਲੋਂ ਖਿੱਚੀ ਗਈ ਹੋਈ ਲਕੀਰ ਦੇ ਨਾਲ, ਇਕ ਹੋਰ ਲਕੀਰ, ਉਸ ਨਾਲੋਂ ਕੁਝ ਵਡੀ ਖਿੱਚ ਦਿਤੀ ਤੇ ਕਿਹਾ ਕਿ ਲਓ ਜੀ, ਹੁਣ ਤਾਂ ਤੁਹਾਡੀ ਖਿੱਚੀ ਲਕੀਰ ਛੋਟੀ ਹੋ ਗਈ ਹੈ ਨਾ।
ਇਹ ਕਹਾਣੀ ਅਜ ਵੀ ਹਰ ਕੋਈ ਜਾਣਦਾ ਹੈ, ਫਿਰ ਵੀ ਉਹ ਇਸ ਗਲ ਨੂੰ ਅਪਨਾਣ ਲਈ ਤਿਆਰ ਨਹੀਂ। ਹਰ ਕਿਸੇ ਦੀ ਕੌਸ਼ਿਸ਼ ਇਹੀ ਰਹਿੰਦੀ ਹੈ ਕਿ ਉਹ ਦੂਜੇ ਦੀ ਖਿੱਚੀ ਲਕੀਰ ਨੂੰ ਹੀ ਮਿਟਾ ਕੇ ਹੀ ਛੋਟਿਆਂ ਕਰੇ। ਗੁਸਤਾਖੀ ਮੁਆਫ ਹੋਵੇ ਤਾਂ ਇਹ ਕਿਹਾ ਜਾ ਸਕਦਾ ਹੈ, ਕਿ ਇਹੀ ਸਥਿਤੀ ਅੱਜ ਸਿੱਖ ਮੁਖੀਆਂ ਦੀ ਹੀ ਨਹੀਂ, ਸਗੋਂ ਸਿੱਖੀ ਦੇ ਪ੍ਰਚਾਰਕਾਂ ਅਤੇ ਬੁਧੀਜੀਵੀਆਂ ਦੀ ਵੀ ਹੈ।
ਦਿੱਲੀ ਗੁਰਦੁਆਰਾ ਕਮੇਟੀ ਵਿੱਚ ਬਦਲ ਰਹੇ ਸਮੀਕਰਣ : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਬੋਰਡ ਦੀ ਦੋ-ਸਾਲਾ ਚੋਣ ਹੋਣ ਵਿੱਚ ਅਜੇ ਤਕਰੀਬਨ 6 ਮਹੀਨਿਆਂ ਦਾ ਸਮਾਂ ਬਾਕੀ ਹੈ, ਫਿਰ ਵੀ ਇਉਂ ਜਾਪਦਾ ਹੈ, ਜਿਵੇਂ ਹੁਣ ਤੋਂ ਹੀ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਵਿਚਲੇ ਸਮੀਕਰਣਾਂ ਵਿੱਚ ਬਦਲਾਉ ਆਉਣਾ ਸ਼ੁਰੂ ਹੋ ਗਿਆ ਹੈ। ਉਧਰ ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਹਾਈਕਮਾਂਡ ਨੇ ਅਜੇ ਤਕ ਆਪਣੇ ਪੱਤੇ ਨਹੀਂ ਖੋਲ੍ਹੇ ਕਿ ਉਸ ਵਲੋਂ ਅਗਲੇ ਦੋ-ਵਰ੍ਹਿਆਂ ਦੇ ਕਾਰਜਕਾਲ ਦੀ ਜ਼ਿਮੇਂਦਾਰੀ ਵਰਤਮਾਨ ਟੀਮ ਨੂੰ ਹੀ ਸੌਂਪੀ ਜਾਇਗੀ ਜਾਂ ਇਸ ਵਿੱਚ ਪੂਰਾ ਜਾਂ ਅੰਸ਼ਕ ਬਦਲਾਉ ਲਿਆਂਦਾ ਜਾਇਗਾ।
ਇਸਦੇ ਬਾਵਜੂਦ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਦਾ ਇੱਕ ਗੁਟ ਇਹ ਮੰਨ ਕੇ ਚਲ ਰਿਹਾ ਹੈ ਕਿ ਜੇ ਇਸ ਵਾਰ ਅਹੁਦੇਦਾਰਾਂ ਦੀ ਚੋਣ ਸਮੇਂ ਉਨ੍ਹਾਂ ਨਾਲ ਸਲਾਹ-ਮਸ਼ਵਰਾ ਨਾ ਕਰ, ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੌਸ਼ਿਸ਼ ਕੀਤੀ ਗਈ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਸਨਮਾਨ ਨਾ ਹੋਇਆ ਤਾਂ ਉਹ ਹਾਲਾਤ ਵਿੱਚ ਬਦਲਾਉ ਲਿਆਣ ਵਿੱਚ ਆਪਣੀ ਭੂਮਿਕਾ ਅਦਾ ਕਰਨ ਤੋਂ ਪਿੱਛੇ ਨਹੀਂ ਰਹਿਣਗੇ। ਅਜਿਹੇ ਹਾਲਾਤ ਵਿੱਚ ਅਹੁਦੇਦਾਰਾਂ ਦੇ ਵਿਹਾਰ ਤੋਂ ਨਿਰਾਸ਼ ਹੋ ਨਾਰਾਜ਼ ਚਲੇ ਆ ਰਹੇ ਮੈਂਬਰਾਂ ਦੀ ਗਿਣਤੀ ਇਸ ਸਮੇਂ ਦਰਜਨ ਦੇ ਕਰੀਬ ਦਸੀ ਜਾ ਰਹੀ ਹੈ, ਜਦਕਿ ਮੰਨਿਆ ਇਹ ਜਾਂਦਾ ਹੈ ਕਿ ਅਜੇ ਕਈ ਮੈਂਬਰ ਨਿਜੀ ਸਵਾਰਥ ਕਾਰਣ, ਖੁਲ੍ਹ ਕੇ ਸਾਹਮਣੇ ਨਹੀਂ ਆਉਣਾ ਚਾਹੁੰਦੇ, ਪ੍ਰੰਤੂ ਅੰਤ੍ਰਿੰਗ ਬੋਰਡ ਦੀਆਂ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਹੁੰਦਿਆਂ ਹੀ ਉਹ ਖੁਲ੍ਹ ਕੇ ਸਾਹਮਣੇ ਆ ਜਾਣਗੇ।
ਕੀਤੇ ਜਾ ਰਹੇ ਇਸ ਦਾਅਵੇ ਦੇ ਦੌਰਾਨ ਇਹ ਸੁਆਲ ਵੀ ਉਭਰ ਕੇ ਸਾਹਮਣੇ ਆ ਰਿਹਾ ਹੈ ਕਿ ਬਗਾਵਤ ਦਾ ਝੰਡਾ ਬੁਲੰਦ ਕਰਨ ਦਾ ਦਾਅਵਾ ਕਰਦੇ ਚਲੇ ਆ ਰਹੇ ਮੈਂਬਰਾਂ ਵਿੱਚ ਤਾਂ ਕੋਈ ਵੀ ਅਜਿਹਾ ਬੰਦਾ ਵਿਖਾਈ ਨਹੀਂ ਦੇ ਰਿਹਾ, ਜੋ ਉਨ੍ਹਾਂ ਨੂੰ ਦ੍ਰਿੜ੍ਹ ਅਗਵਾਈ ਦੇ ਸਕੇ। ਕੁਝ ਇੱਕ ਦਾ ਮੰਨਣਾ ਹੈ ਕਿ ਸਮਾਂ ਆਉਣ ਤੇ ਜ. ਅਵਤਾਰ ਸਿੰਘ ਹਿਤ ਉਨ੍ਹਾਂ ਦੀ ਅਗਵਾਈ ਕਰਨ ਦਾ ਬੀੜਾ ਚੁਕ ਸਕਦੇ ਹਨ, ਪ੍ਰੰਤੂ ਜ. ਹਿਤ ਦੇ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਉਹ ਪਾਰਟੀ ਹਾਈ ਕਮਾਂਡ ਦੇ ਅਜਿਹੇ ਵਫਾਦਾਰ ਹਨ ਕਿ ਉਨ੍ਹਾਂ ਤੋਂ ਇਹ ਆਸ ਰਖੀ ਹੀ ਨਹੀਂ ਜਾ ਸਕਦੀ ਕਿ ਉਹ ਬਾਗੀਆਂ ਦੀ ਅਗਵਾਈ ਕਰਨਾ ਤਾਂ ਦੂਰ ਰਿਹਾ, ਹਾਈ ਕਮਾਂਡ ਦੇ ਕਿਸੇ ਫੈਸਲੇ ਵਿਰੁਧ ਬਗਾਵਤ ਕਰਨ ਦੀ ਸੋਚ ਵੀ ਸਕਦੇ ਹਨ। ਕੁਝ ਇੱਕ ਮੈਂਬਰ ਸ. ਗੁਰਮੀਤ ਸਿੰਘ ਸ਼ੰਟੀ ਵਲ ਵੇਖ ਰਹੇ ਹਨ। ਪ੍ਰੰਤੂ ਉਨ੍ਹਾਂ ਦੇ ਸਬੰਧ ਵਿੱਚ ਅਜਿਹੇ ਸੰਕੇਤ ਮਿਲ ਰਹੇ ਹਨ ਕਿ ਸਮਾਂ ਆਉਣ ਤੇ ਉਹ ਦੁਬਿਧਾ ਵਿੱਚ ਪੈ ਸਕਦੇ ਹਨ, ਕਿਉਂਕਿ ਜੇ ਨੇੜ-ਭਵਿੱਖ ਵਿੱਚ ਦਿੱਲੀ ਵਿਧਾਨ ਸਭਾ ਦੀਆਂ ਨਵੀਆਂ ਚੋਣਾਂ ਹੋਣ ਦੀ ਸੰਭਾਵਨਾ ਬਣਦੀ ਹੈ ਤਾਂ ਉਹ ਗੁਰਦੁਆਰਾ ਕਮੇਟੀ ਵਿੱਚ ਦਖਲ-ਅੰਦਾਜ਼ੀ ਕਰਨ ਦੀ ਬਜਾਏ ਭਾਜਪਾ ਦੇ ਟਿਕਟ ’ਤੇ ਵਿਧਾਨ ਸਭਾ ਦੀ ਚੋਣ ਲੜਨ ਨੂੰ ਪਹਿਲ ਦਣਗੇ ਅਤੇ ਉਸ ਸਮੇਂ ਉਨ੍ਹਾਂ ਨੂੰ ਬਾਦਲ ਅਕਾਲੀ ਦਲ ਦੇ ਮੁੱਖੀਆਂ ਦੇ ਸਹਿਯੋਗ ਦੀ ਲੋੜ ਹੋਵੇਗੀ। ਇਸ ਹਾਲਤ ਵਿੱਚ ਹੋ ਸਕਦਾ ਹੈ ਕਿ ਉਹ ਗੁਰੁਦੁਆਰਾ ਕਮੇਟੀ ਦੇ ਬਾਗੀ ਮੈਂਬਰਾਂ ਦੀ ਅਗਵਾਈ ਕਰਨ ਦੀ ਜ਼ਿਮੇਂਦਾਰੀ ਸੰਭਲਾਣ ਦੀ ਹਿੰਮਤ ਨਾ ਜੁਟਾ ਸਕਣ।
ਜ. ਅਵਤਾਰ ਸਿੰਘ ਹਿਤ ਅਤੇ ਸ. ਗੁਰਮੀਤ ਸਿੰਘ ਸ਼ੰਟੀ ਦੇ ਇਲਾਵਾ ਉਨ੍ਹਾਂ ਸਾਹਮਣੇ ਤੀਸਰਾ ਬਦਲ ਸ. ਗੁਰਲਾਡ ਸਿੰਘ ਦਾ ਦਸਿਆ ਜਾ ਰਿਹਾ ਹੈ। ਸ. ਗੁਰਲਾਡ ਸਿੰਘ ਦੇ ਸਬੰਧ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਉਹ, ਕਿਉਂਕਿ ਪਹਿਲੇ ਹੀ ਬਾਗੀ ਤੇਵਰ ਵਿਖਾ ਚੁਕੇ ਹਨ, ਅਜਿਹੇ ਹਾਲਾਤ ਵਿੱਚ ਇਹ ਸਮਝਣਾ ਮੁਸ਼ਕਿਲ ਨਹੀਂ ਕਿ ਉਹ ਦਲੇਰੀ ਨਾਲ ਉਨ੍ਹਾਂ ਦੀ ਅਗਵਾਈ ਕਰ ਸਕਦੇ ਹਨ। ਉਨ੍ਹਾਂ ਦੇ ਸਬੰਧ ਵਿੱਚ ਕੁਝ ਸ਼ੰਕਾ ਇਸ ਗਲ ਨੂੰ ਲੈ ਕੇ ਜ਼ਰੂਰ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲੌਂ ਨਾਤਾ ਤੋੜ ਚੁਕੇ ਹਨ, ਜਿਸ ਕਾਰਣ ਕੁਝ ਮੈਨਬਰਾਂ ਦੇ ਦਿਲ ਵਿੱਚ ਉਨ੍ਹਾਂ ਦੀ ਅਗਵਾਈ ਸਵੀਕਾਰ ਕਰਨ ਨੂੰ ਲੈ ਕੇ ਦੁਬਿਧਾ ਹੋ ਸਕਦੀ ਹੈ। ਫਿਰ ਵੀ ਮੰਨਿਆ ਜਾਂਦਾ ਹੈ ਕਿ ਅਹੁਦੇਦਾਰਾਂ ਵਲੋਂ ਨਜ਼ਰ-ਅੰਦਾਜ਼ ਕੀਤੇ ਜਾਣ ਦੇ ਹੋ ਰਹੇ ਵਿਹਾਰ ਦਾ ਸ਼ਿਕਾਰ ਹੁੰਦਿਆਂ ਚਲਿਆਂ ਆਉਣ ਦੇ ਕਾਰਣ ਆਪਣੇ-ਆਪਨੂੰ ਅਪਮਾਨਤ ਮਹਿਸੂਸ ਕਰ ਰਹੇ ਮੈਂਬਰਾਂ ਨੂੰ ਆਪਣੇ ਸਨਮਾਨ ਨੂੰ ਬਚਾਣ ਦੇ ਲਈ ਕੋਈ ਨਾ ਕੋਈ ਕਦਮ ਤਾਂ ਉਠਾਣਾ ਹੀ ਹੋਵੇਗਾ।
…ਅਤੇ ਅੰਤ ਵਿੱਚ : ਉਧਰ ਇਹ ਦਸਿਆ ਜਾਂਦਾ ਹੈ ਕਿ ਚੋਣਾਂ ਵਿੱਚ ਮਿਲੇ ਭਾਰੀ ਬਹੁਮਤ ਕਾਰਣ, ਸਾਰੇ ਮੈਂਬਰਾਂ ਨੂੰ ਸੰਤੁਸ਼ਟ ਕਰ ਪਾਣਾ ਅਹੁਦੇਦਾਰਾਂ ਲਈ ਸੰਭਵ ਨਹੀਂ ਰਹਿ ਗਿਆ ਹੋਇਆ ਅਤੇ ਇਸੇ ਗਲ ਨੇ ਉਨ੍ਹਾਂ ਦੀ ਪ੍ਰੇਸ਼ਾਨੀ ਵੱਧਾ ਰਖੀ ਹੈ। ਇਹ ਵੇਖਣ ਲਈ ਇੰਤਜ਼ਾਰ ਕਰਨਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਊਂਠ ਕਿਸ ਕਰਵਟ ਬੈਠਦਾ ਹੈ?

Geef een reactie

Het e-mailadres wordt niet gepubliceerd. Vereiste velden zijn gemarkeerd met *