ਪੰਜਾਬੀਆਂ ਦਾ ਸਾਦਗੀ ਵੱਲ ਮੋੜਾ ਜ਼ਰੂਰੀ

ਡਾ. ਸਰਬਜੀਤ ਸਿੰਘ
ਸਮਾਜਿਕ ਬੁਰਾਈਆਂ ਦੀ ਸੂਚੀ ਬਹੁਤ ਲੰਮੀ ਹੈ। ਇਸ ਵਿੱਚ ਇੱਕ ਹੋਰ ਨਵੀਂ ਬੁਰਾਈ ਵੀ ਜੁੜ ਗਈ ਹੈ – ਫਜ਼ੂਲ ਖਰਚੀ। ਜਿੱਥੇ 100 ਰੁਪਏ ਨਾਲ ਸਰ ਸਕਦਾ ਹੈ ਓਥੇ 500 ਰੁਪਏ ਖਰਚਨੇ। ਕੇਵਲ ਵਿਖਾਵੇ ਹਿਤ। ਆਪਣੀ ਟੌਹਰ ਬਣਾਉਣ ਤੇ ਵਿਖਾਉਣ ਹਿਤ।
ਪੁਰਾਨੀ ਵਸਤ ਵਿੱਚ ਥੋੜੀ ਜਿਹੀ ਖਰਾਬੀ ਆਈ – ਚਲੋ ਸੁੱਟੋ ਤੇ ਨਵੀਂ ਲੈ ਲਵੋ। ਇਹ ਰੁਝਾਨ ਕੇਵਲ ਅਮੀਰ ਘਰਾਂ ਵਿੱਚ ਹੀ ਨਹੀਂ ਸਗੋਂ ਮੱਧ ਵਰਗੀ ਪਰਿਵਾਰਾਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਹਵਾ ਹੀ ਐਸੀ ਵਗੀ ਪਈ ਹੈ ਕਿ ਹੁਣ ਤਾਂ ਜੁੱਤੀ ਗੰਢਾਉਣ ਦਾ ਰਿਵਾਜ ਹੀ ਖਤਮ ਹੋ ਗਿਆ ਹੈ। ਮੋਚੀ ਲੱਭਣੇ ਪੈਂਦੇ ਹਨ। ਇਸੇ ਤਰ੍ਹਾਂ ਇਲੈਕਟ੍ਰਾਨਿਕ ਸਮਾਨਾਂ ਦਾ ਗੰਦ ਤਾਂ ਸਾਰੇ ਵਿਸ਼ਵ ਵਿੱਚ ਸਮੱਸਿਆ ਬਣ ਗਿਆ ਹੈ। ਦੇਖਾ ਦੇਖੀ ਹਰ ਕੋਈ ਵੱਧ ਤੋਂ ਵੱਧ ਖਰਚ ਕਰਨ ਵਿੱਚ ਹੀ ਆਪਣੀ ਸ਼ਾਨ ਸਮਝਨ ਲੱਗ ਗਿਆ ਹੈ।
ਇਸ ਦਾ ਨਤੀਜਾ ਹੈ ਕਿ ਜਿੱਥੇ ਪੈਸੇ ਦੀ ਬਰਬਾਦੀ ਹੋ ਰਹੀ ਹੈ, ਖਪਤਕਾਰੀ ਸਭਿਆਚਾਰ ਵੱਧ ਰਿਹਾ ਹੈ। ਲੋਕਾਂ ਦਾ ਬੱਚਤ ਖਾਤਾ ਘੱਟ ਰਿਹਾ ਹੈ ਤੇ ਬਹੁਤੇ ਤਾਂ ਕਰਜ਼ਾਈ ਵੀ ਹੋਈ ਜਾ ਰਹੇ ਹਨ। ਚਾਦਰ ਵੇਖ ਕੇ ਪੈਰ ਪਸਾਰਨੇ ਦੀ ਗੱਲ ਵਿਸਰ ਚੁੱਕੀ ਹੈ। ਅਮੀਰਾਂ ਦੀ ਨਕਲ ਕਰਦਿਆਂ ਮੱਧ ਵਰਗ ਆਪਣਾ ਝੁੱਗਾ ਚੌੜ ਕਰੀ ਜਾ ਰਿਹਾ ਹੈ।
ਫਜ਼ੂਲ ਖਰਚੀ ਦਾ ਸੱਭ ਤੋਂ ਵੱਧ ਪ੍ਰਗਟਾਵਾ ਹੁੰਦਾ ਹੈ ਵਿਆਹਾਂ ਤੇ। ਪੰਜਾਬ ਨੇ ਤਾਂ ਹੱਦ ਹੀ ਮੁਕਾ ਦਿੱਤੀ ਹੈ। ਵਿਆਹ ਹੀ ਨਹੀਂ ਸਗੋਂ ਭੋਗ ਵੀ ਵਿਖਾਵਿਆਂ ਨਾਲ ਭਰਪੂਰ ਹੋ ਗਏ ਹਨ। ਕਹਿੰਦੇ ਹਨ – ਹੁਣ ਪੰਜਾਬ ਵਿੱਚ ਮਰਨਾ ਵੀ ਮਹਿੰਗਾ ਹੋਈ ਜਾ ਰਿਹਾ ਹੈ। ਪਿੱਛੇ ਜਿਹੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ‘ਸਾਦੇ ਵਿਆਹ ਸਾਦੇ ਭੋਗ…ਨਾ ਕਰਜ਼ਾ ਨਾ ਚਿੰਤਾ ਰੋਗ’ ਦਾ ਨਾਅਰਾ ਵੀ ਬੁਲੰਦ ਕੀਤਾ ਗਿਆ ਸੀ।
ਸਾਦੇ ਵਿਆਹ ਦਾ ਮਤਲਬ ਇਹ ਨਹੀਂ ਹੈ ਕਿ ਬਿਲਕੁਲ ਬੇਰੌਣਕਾ ਵਿਆਹ, ਕੇਵਲ 5-7 ਬਰਾਤੀਆਂ ਵਾਲਾ ਵਿਆਹ, 500-1000 ਦੇ ਖਰਚੇ ਵਾਲਾ ਵਿਆਹ। ਬਲਕਿ ਸਾਦੇ ਵਿਆਹ ਤੋਂ ਭਾਵ ਹੈ ਜਿੱਥੇ ਬੇਲੋੜਾ ਇਕੱਠ ਨਹੀਂ, ਵਾਧੂ ਸਜਾਵਟ ਨਹੀਂ, ਪੈਲਸਾਂ ਵਿਚ ਪਕਵਾਨਾਂ ਦਾ ਵਿਖਾਵਾ ਨਹੀਂ, ਵਾਧੂ ਸਮਾਗਮ ਨਹੀਂ, ਇੱਕੋ ਵਾਰੀ ਪਾਈ ਜਾਣ ਵਾਲੀ ਮਹਿੰਗੀ ਵਿਆਹ ਵਾਲੀ ਪੋਸ਼ਾਕ ਨਹੀਂ। ਸੰਖੇਪ ਵਿਚ ਜੇ ਕਹਿਣਾ ਹੋਵੇ ਤਾਂ ਸਾਦਾ ਵਿਆਹ ਹੈ ਘੱਟ ਸਮਾਗਮ, ਘੱਟ ਮਿਹਮਾਨ, ਘੱਟ ਪਕਵਾਨ, ਕੋਈ ਵਿਖਾਵਾ ਨਹੀਂ ਪਰ ਵੱਧ ਹਾਸਾ-ਠੱਠਾ , ਵੱਧ ਦਾਨ ਤੇ ਵੱਧ ਮਾਣ।
ਪਿਛਲੇ ਦਿਨੀ ਲੁਧਿਆਣਾ ਦੇ ਇੱਕ ਨੌਜਵਾਨ ਜਿਸਨੇ ਅਮਰੀਕਾ ਤੋਂ ਪੜਾਈ ਕੀਤੀ ਹੋਈ ਹੈ ਦਾ ਵਿਆਹ ਆਕਸਫੋਰਡ ਯੂਨੀਵਰਸਿਟੀ ਇੰਗਲੈਂਡ ਦੀ ਰੋਡਸ ਸਕਾਲਰ ਬੀਬੀ ਨਾਲ ਹੋਇਆ। ਇਹ ਵਿਆਹ ਇੱਕ ਮਿਸਾਲ ਹੀ ਹੋ ਨਿਬੜਿਆ।
ਦੋਹਾਂ ਪਰਿਵਾਰਾਂ ਨੇ ਕੇਵਲ ਇੱਕ-ਇੱਕ ਸਮਾਗਮ ਹੀ ਕੀਤਾ, ਉਹ ਵੀ ਸਾਂਝਾ। ਲੜਕੇ ਵਾਲਿਆਂ ਨੇ ਰਾਤ ਨੂੰ ਲੇਡੀਜ਼ ਸੰਗੀਤ ਕੀਤਾ ਤੇ ਲੜਕੀ ਵਾਲਿਆਂ ਨੇ ਅਨੰਦ ਕਾਰਜ। ਲੇਡੀਜ਼ ਸੰਗੀਤ ਤੇ ਮਿਹਮਾਨ ਦੋਹਾਂ ਪਰਿਵਾਰਾਂ ਦੇ ਮਿਲਾ ਕੇ 100 ਤੋਂ ਵੱਧ ਨਹੀਂ ਸਨ ਅਤੇ ਅਨੰਦ ਕਾਰਜ ਸਮੇਂ 300 ਦੇ ਕਰੀਬ।
ਦੋਹਾਂ ਸਮਾਗਮਾਂ ਤੇ ਕੋਈ ਬੇਲੋੜੀ ਸਜਾਵਟ , ਲਾਈਟਾਂ ਆਦਿ ਨਹੀਂ ਸਨ ਤੇ ਯਤਨ ਕੀਤਾ ਗਿਆ ਕਿ ਕੇਵਲ ਪੌਸ਼ਟਿਕ ਖਾਨਾ ਹੀ ਹੋਵੇ। ਜਿਵੇਂ ਕੋਲਡ ਡਰਿੰਕ ਦੀ ਥਾਂ ਤੇ ਲੱਸੀ ਤੇ ਨਿੰਬੂ ਪਾਣੀ, ਆਦਿ।ਹੱਥ ਦੀ ਇੱਕ ਮੁੰਦਰੀ ਤੋਂ ਇਲਾਵਾ ਕੋਈ ਸੋਨਾ, ਗਹਿਣਾ ਨਵਾਂ ਨਹੀਂ ਖਰੀਦਿਆ। ਕਹਿੰਦੇ ਜੇ ਸੋਨਾ ਔਖੇ ਸਮੇਂ ਦੀ ਲੋੜ ਲਈ ਦੇਣਾ ਹੀ ਹੈ ਤਾਂ ਫਿਰ ਸੁਨਿਆਰੇ ਨੂੰ ਢਲਵਾਈ ਤੇ ਬਨਵਾਈ ਦੇ ਵਾਧੂ ਪੈਸੇ ਕਿਉਂ ਦੇਈਏ।ਲੇਡੀਜ਼ ਸੰਗੀਤ ਭਰਪੂਰ ਅਨੰਦ ਵਾਲਾ ਸਮਾਗਮ ਸੀ ਪਰ ਕੋਈ ਗਾਇਕ ਜਾਂ ਨੱਚਣ ਵਾਲੇ ਨਹੀਂ ਸਨ ਬੁਲਾਏ। ਸਗੋਂ ਦੋਹਾਂ ਪਰਿਵਾਰਾਂ ਦੇ ਬੱਚੇ ਤੋਂ ਲੈ ਕੇ ਵੱਡੀ ਉਮਰ ਵਾਲਿਆਂ ਨੇ ਆਪੋ ਆਪਣੇ ਗੁਣਾਂ ਤੇ ਜੌਹਰ ਦਾ ਪ੍ਰਗਟਾਵਾ ਕੀਤਾ।
ਅੰਮ੍ਰਿਤ ਵੇਲੇ 6 ਤੋਂ 8 ਵਜੇ ਤੱਕ ਆਸਾ ਦੀ ਵਾਰ ਦੇ ਕੀਰਤਨ ਤੋਂ ਉਪਰੰਤ ਅਨੰਦ ਕਾਰਜ ਕੀਤਾ ਗਿਆ। ਵਿਸ਼ੇਸ਼ ਤੌਰ ਤੇ ਵਿਦਵਾਨ ਬੁਲਾਏ ਜਿਹਨਾਂ ਨੇ ਬੱਚਾ-ਬੱਚੀ ਦੋਹਾਂ ਨੂੰ ਮਰਯਾਦਾ ਤੇ ਜੀਵਨ-ਜਾਚ ਦ੍ਰਿੜ ਕਰਵਾਈ। ਨਾਸ਼ਤਾ ਕਰਨ ਤੋਂ ਬਾਅਦ ਦਸ ਵਜੇ ਤੱਕ ਦੋਵੇਂ ਪਰਿਵਾਰ ਆਪੋ ਆਪਣੇ ਘਰ ਵੀ ਪੁੱਜ ਗਏ ਸਨ। ਡੋਲੀ ਗੁਰਦੁਆਰਾ ਸਾਹਿਬ ਤੋਂ ਹੀ ਤੋਰੀ ਗਈ। ਭਾਵ ਹਰ ਰਸਮ ਵਿਚ ਸਾਦਗੀ ਤੇ ਅਨੰਦ ਭਰਨ ਦੀ ਕੋਸ਼ਿਸ਼ ਕੀਤੀ ਗਈ।
ਜੇ ਸਮਾਜ ਦੇ ਐਨਾ ਪੜੇ ਲਿਖੇ ਨੌਜਵਾਨ ਅਤੇ ਦੋਨੋ ਪਰਿਵਾਰ ਜੋ ਚੰਗੇ ਸਰਦੇ ਪੁਜਦੇ ਹਨ ਅਜਿਹਾ ਵਿਆਹ ਕਰ ਸਕਦੇ ਹਨ ਤਾਂ ਬਾਕੀ ਸਮਾਜ ਕਿਉਂ ਨਹੀਂ। ਦੋਹਾਂ ਪਰਿਵਾਰਾਂ ਨੇ ਵਿਖਾਵੇ ਤੋਂ ਬਚਾਈ ਗਈ ਮਾਇਆ, ਲਗਭਗ ਦੱਸ ਲੱਖ ਦੇ ਨਾਲ ਗਰੀਬ ਤੇ ਲੋੜਵੰਦ ਬੱਚਿਆਂ ਦੀ ਪੜਾਈ ਲਈ ਇੱਕ ਫੰਡ ਵੀ ਕਾਇਮ ਕੀਤਾ।
ਨਾਮਵਰ ਇਤਿਹਾਸਕਾਰ ਪ੍ਰਿੰਸੀਪਲ ਨਰਿੰਦਰਪਾਲ ਸਿੰਘ ਜੀ ਨੇ ਬੜੀ ਖੂਬਸੂਰਤ ਗਲ ਸੁਣਾਈ। ਕਹਿੰਦੇ ਗੁਰੂ ਨਾਨਕ ਦੇਵ ਜੀ ਦੀ ਬਰਾਤ ਬੜੀ ਹੀ ਸਾਦੀ ਸੀ, ਸਾਧਾਰਨ ਸੀ। ਬਰਾਤ ਵੇਖ ਕੇ ਪਿੰਡ ਵਾਲੇ ਕਹਿਣ — ‘ਪਟਵਾਰੀ ਦਾ ਮੁੰਡਾ ਹੈ, ਸਾਦਾ ਜਿਹਾ ਹੀ ਬਣ ਕੇ ਆ ਗਿਆ ਹੈ’। ਤਾਂ ਹੀ ਉਹਨਾਂ ਨੂੰ ਉਸ ਕੰਧ ਦੇ ਕੋਲ ਬਿਠਾਇਆ ਗਿਆ, ਜੋ ਡਿਗਣ ਵਾਲੀ ਸੀ।
ਇਸੇ ਤਰਾਂ ਗੁਰੂ ਅਰਜਨ ਦੇਵ ਜੀ ਦੇ ਵਿਆਹ ਵਿੱਚ ਵੀ ਬਰਾਤ ਵਿਚ ਬਹੁਤੇ ਸਾਦੇ ਤੇ ਸਾਧਾਰਨ ਸਿੱਖ ਹੀ ਸ਼ਾਮਲ ਸਨ।ਲੋਕ ਹੈਰਾਨ ਸਨ ਕਿ ਉਂਝ ਤਾਂ ਇਹ ਗੁਰੂ ਹਨ ਪਰ ਬਰਾਤ ਕਿੰਨੀ ਹੀ ਆਮ ਜਿਹੀ ਲੈ ਕੇ ਆਏ ਹਨ। ਤਾਂ ਹੀ ਉਹਨਾਂ ਚਾਲ ਚਲੀ ਕਿ ਕਿੱਲਾ ਪੁਟੋਗੇ ਤਾਂ ਹੀ ਵਿਆਹ ਕੀਤਾ ਜਾਵੇਗਾ। ਗੁਰ ਇਤਿਹਾਸ ਵਿਚ ਤਾਂ ਵਿਆਹਾਂ ਸਮੇਂ ਗਰੀਬਾਂ ਲਈ ਕਪੜੇ ਆਦਿ ਭੇਂਟ ਕਰਨ ਦੇ ਉਦਾਹਰਨ ਵੀ ਮਿਲਦੇ ਹਨ।
ਅੱਜ ਲੋੜ ਹੈ ਸਾਰੇ ਪੰਜਾਬ ਵਾਸੀ ਪ੍ਰਣ ਕਰਨ ਕਿ ਵਿਆਹ ਸਮੇਂ ਸੀਮਤ ਇਕੱਠ ਕਰਾਂਗੇ, ਘੱਟ ਤੋਂ ਘੱਟ ਜਾਂ ਇੱਕ ਹੀ ਸਮਾਗਮ ਰੱਖਾਂਗੇ, ਬੇਲੋੜੇ ਪਕਵਾਨਾਂ ਤੇ ਸਜਾਵਟਾਂ ਵਿਚ ਨਹੀਂ ਪਵਾਂਗੇ, ਲੋੜਵੰਦਾਂ ਲਈ ਚੰਗੀ ਰਕਮ ਕੱਢਾਂਗੇ ਤੇ ਵੰਡ ਛਕਾਂਗੇ। ਵਾਧੂ ਇਕੱਠ ਸੰਬੰਧੀ ਕਈ ਲੋਕਾਂ ਦੀ ਰਾਇ ਹੁੰਦੀ ਹੈ ਕਿ ਅਸੀਂ ਐਨਾ ਸਗਨ ਦਿੱਤਾ ਹੋਇਆ ਹੈ ਹੁਣ ਵਾਪਿਸ ਕਿਉਂ ਨਾ ਲਈਏ। ਆਰਥਿਕ ਮਾਹਰ ਦੱਸਦੇ ਹਨ ਕਿ ਅਜੋਕੇ ਮਹਿੰਗੇ ਵਿਆਹਾਂ ਤੇ 1100 ਰੁਪਏ ਦਾ ਸ਼ਗਨ ਵਾਪਿਸ ਲੈਣ ਲਈ ਤੁਸੀਂ ਉਸ ਪਰਿਵਾਰ ਤੇ ਘੱਟੋਂ ਘੱਟ 3000 ਰੁਪਏ ਦਾ ਖਰਚ ਕਰਦੇ ਹੋ। ਸ਼ਗਨ ਵਾਪਸ ਨਹੀਂ ਆਂਦਾ ਸਗੋਂ ਤੁਹਾਨੂੰ ਹੋਰ ਵਾਧੂ ਖਰਚਾ ਕਰਨਾ ਪੈਂਦਾ ਹੈ।
ਜਿੱਥੇ ਵਿਆਹ ਸਾਦੇ ਕਰਨ ਦੀ ਲੋੜ ਹੈ ੳੁੱਥੇ ਨਾਲ ਹੀ ਮ੍ਰਿਤਕ ਦੇ ਭੋਗ ਦੀਆਂ ਰਸਮਾਂ ਦੇ ਸਮੇਂ ਵੀ ਬੇਲੋੜਾ ਖਰਚਾ ਨਹੀਂ ਕਰਨਾ ਚਾਹੀਦਾ। ਮ੍ਰਿਤਕ ਦੇ ਭੋਗ ਸਮੇਂ ਰੋਟੀ ਹੀ ਅੱਜ ਕੱਲ ਵਿਆਹਾਂ ਵਰਗੀ ਹੋਣ ਲੱਗ ਪਈ ਹੈ। ਭੋਗ ਸਮੇਂ ਰੋਟੀ ਕੇਵਲ ਦੂਰੋਂ ਆਏ ਰਿਸ਼ਤੇਦਾਰਾਂ ਜਾਂ ਮਿਹਮਾਨਾਂ ਲਈ ਹੀ ਹੋਣੀ ਚਾਹੀਦਾ ਹੈ। ਪਿਛਲੇ ਦਿਨੀ ਵਾਟਸਐਪ ਰਾਹੀਂ ਇਕ ਬੜਾ ਹੀ ਚੰਗਾ ਸੁਨੇਹਾ ਅਇਆ ਜੋ ਪ੍ਰੇਰਣਾ ਕਰਦਾ ਹੈ ਕਿ ਨਗਰ ਨਿਵਾਸੀ ਮ੍ਰਿਤਕ ਦੇ ਭੋਗ ਦੀ ਰੋਟੀ ਨਾ ਖਾਣ। ਚੰਗਾ ਹੋਵੇ ਜੇ ਹਰ ਪਿੰਡ-ਨਗਰ-ਮੁਹੱਲੇ ਵਿਚ ਐਸੇ ਰੱਜੇ ਪੁਰਸ਼-ਇਸਤਰੀਆਂ ਹੋਣ ਜੋ ਆਪੇ ਹੀ, ਆਪੇ ਨਾਲ ਫੈਂਸਲਾ ਕਰ ਲੈਣ ਕਿ ਅਸਾਂ ਭੋਗ ਸਮੇਂ ਕਿਸੇ ਤੇ ਬੋਝ ਨਹੀਂ ਬਣਨਾ। ੳੁੱਥੇ ਰੋਟੀ ਨਹੀਂ ਖਾਣੀ।

ਸਾਦਗੀ ਲਈ ਜੰਗ ਕਰੀਏ
ਇਹ ਜੰਗ ਇਸ ਲਈ ਹੈ ਕਿ ਸਥਾਪਿਤ ਤੇ ਪ੍ਰਚਲਿਤ ਵਿਚਾਰਾਂ ਨੂੰ ਬਦਲਨਾ ਬਹੁਤ ਔਖਾ ਹੁੰਦਾ ਹੈ। ਇਸ ਲਈ ‘ਨਿਸ਼ਚਾ’ ਤੇ ‘ਨਿਰੰਤਰਤਾ’ ਜ਼ਰੂਰੀ ਹੈ। ਸੱਚਮੁਚ ਇਹ ਬੜਾ ਹੀ ਔਖਾ ਹੈ ਤੇ ਇਸ ਲਈ ਹੁਣ ਜੰਗ ਛੇੜਨੀ ਤੇ ਜੰਗ ਜਿੱਤਣੀ ਹੋਵੇਗੀ। ਕਿਵੇਂ?
ਪਹਿਲੀ ਜੰਗ – ਆਪਣੇ ਆਪ ਨਾਲ, ਆਪਣੇ ਮਨ ਨਾਲ ਕਰਨੀ ਹੋਵੇਗੀ।
ਦੂਜੀ ਜੰਗ – ਸ਼ੁਰੂ ਹੋਵੇਗੀ ਪਰਿਵਾਰ ਵਿੱਚ। ਜੇ ਬੱਚੇ ਮਨ ਵੀ ਜਾਣ ਤਾਂ ਹੋ ਸਕਦਾ ਮਾਤਾ-ਪਿਤਾ ਨਾ ਮੰਨਣ। ਘਰ ਦੀਆਂ ਬੁੜੀਆਂ ਤੇ ਦੋਸ਼ ਲਗਦੇ ਹਨ ਕਿ ਉਹ ਸ਼ਰੀਕੇ ਦੇ ਡਰੋਂ ਸਾਦਗੀ ਲਈ ਰਾਜੀ ਨਹੀਂ ਹੁੰਦੀਆਂ। ਪਰ ਜੇ ਲਗਾਤਾਰ ਘਰ ਵਿੱਚ ਸੰਵਾਦ ਜਾਰੀ ਰੱਖੀਏ ਤਾਂ ਸਹਿਜੇ ਸਭ ਮੰਨ ਸਕਦੇ ਹਨ। ਹਿੰਮਤ ਨਹੀਂ ਹਾਰਨੀ, ਹਰ ਰਸਮ ਵਿੱਚ ਸਾਦਗੀ ਲਿਆਉਣ ਦਾ ਉਪਰਾਲਾ ਕਰਨਾ ਹੈ। ਸਮੁੱਚੇ ਤੌਰ ਤੇ ਜੇ 50 ਫੀਸਦੀ ਸਫਲਤਾ ਵੀ ਮਿਲੇ ਓਹੀ ਭਲੀ। ਫਿਰ ਤੁਹਾਨੂੰ ਦੇਖ ਕੇ ਹੋਰ ਵੀ ਉਦਮ ਕਰਨਗੇ।
ਤੀਜੀ ਜੰਗ ਹੈ ਬਾਹਰਲਿਆਂ ਨਾਲ ਜਿਸ ਦੀ ਲੋੜ ਹੀ ਨਹੀਂ ਪੈਣੀ ਜੇ ਪਰਿਵਾਰ ਇੱਕ ਮੁੱਠ ਹੋ ਕੇ ਫੈਂਸਲਾ ਕਰ ਲਵੇ ਤਾਂ ਕਿਸੇ ਦੀ ਹਿੰਮਤ ਨਹੀਂ ਪੈਣੀ ਕਿ ਉਹ ਜੋਰ ਪਾ ਜਾਵੇ।
‘ਸਾਦੇ ਵਿਆਹ ਸਾਦੇ ਭੋਗ’ ਪੰਜਾਬ ਦੀ ਕਿਰਸਾਨੀ ਤੇ ਆਮ ਜਵਾਨੀ ਲਈ ਅਤਿ ਲੋੜੀਂਦਾ ਕਦਮ ਹੈ। ਬਸ ਲੋੜ ਹੈ ਇਸਨੂੰ ਪ੍ਰਚੰਡ ਕਰਨ ਦੀ ਤਾਂ ਜੋ 10 ਸਾਲਾਂ ਦਾ ਟੀਚਾ ਪੰਜਾਂ ਸਾਲਾਂ ਵਿਚ ਸਰ ਕਰ ਲਿਆ ਜਾਵੇ। ਸਾਰੇ ਆਪੋ ਆਪਣਾ ਯੋਗਦਾਨ ਪਾਉਣ। ਪ੍ਰਣ ਕਰੀਏ ਸਾਦਾ ਜੀਵਨ ਜੀਵਾਂਗੇ, ਵਿਆਹ ਅਤੇ ਭੋਗ ਸਾਦੇ ਹੀ ਕਰਾਂਗੇ।
ਅਖਬਾਰੀ ਖਬਰਾਂ ਅਨੁਸਾਰ ਹੁਣ ਤੱਕ ਬਲਾਕ ਤਲਵੰਡੀ ਸਾਬੋ (ਬਠਿੰਡਾ) ਦੇ ਘਟੋਂ ਘੱਟ 23 ਪਿੰਡਾਂ ਨੇ ਸਾਦਗੀ ਲਈ ਮਤੇ ਪਾਏ ਹਨ। ਇਹ ਹਨ: ਲਹਿਰੀ, ਸੀਂਗੋ ਮੰਡੀ, ਬਹਿਮਣ ਕੌਰ ਸਿੰਘ, ਬਹਿਮਣ ਜੱਸਾ ਸਿੰਘ, ਜਗਾ ਰਾਮ ਤੀਰਥ, ਜੱਜਲ, ਲਾਲੇਆਣਾ, ਫੱਤਾ ਬਾਲ,ੂ ਕਮਾਲੂ, ਲੇਲੇਵਾਲਾ, ਟਾਂਡੀਆਂ, ਰਾਈਆ, ਜੀਵਨ ਸਿੰਘ ਵਾਲਾ, ਭਾਗੀਵਾਂਦਰ, ਮਾਨਵਾਲਾ, ਕੋਟ ਬਖਤੂ, ਮਲਵਾਲਾ, ਪੱਕਾ ਕਲਾਂ, ਸੰਗਤ ਖੁਰਦ, ਬੰਗੀ ਰੁਘੂ, ਬੰਗੀ ਦੀਪਾ, ਮਲਕਾਣਾ, ਕੌਰੇਆਣਾ। ਇਸੇ ਤਰ੍ਹਾਂ ਮਾਨਸਾ ਜਿਲ੍ਹੇ ਦੇ ਪਿੰਡ ਝੁਨੀਰ, ਖੀਵਾਕਲਾ, ਅਲੀਸ਼ੇਰਾ, ਮੱਤੀ, ਖੀਵਾ, ਧਰਮਪੁਰਾ ਅਤੇ ਹੋਰ ਵੀ ਕਈ ਜਿਲ੍ਹਿਆਂ ਵਿੱਚ ਅਜਿਹੇ ਮਤੇ ਪਾਏ ਜਾ ਰਹੇ ਹਨ। ਇੰਝ ਲੱਗਦਾ ਹੈ ਕਿ ਪੰਜਾਬੀਆਂ ਦਾ ਸਾਦਗੀ ਵੱਲ ਮੋੜਾ ਪੈਣਾ ਸ਼ੁਰੂ ਹੋ ਗਿਆ ਹੈ। ਪਰ ਇਸ ਲਈ ਹਾਲੀ ਵੀ ਬਹੁਤ ਉਦੱਮ ਕਰਨ ਦੀ ਲੋੜ ਹੈ।
ਮੁਕਦੀ ਗੱਲ, ਬਿਨਾਂ ਫਜ਼ੂਲ ਖਰਚੀ ਵਿੱਚ ਕਟੌਤੀ ਕੀਤਿਆਂ ਹੁਣ ਨਹੀਂ ਸਰਨਾ। ਅਸਲ ਮਾਣ ਸਾਦਗੀ ਵਿੱਚ ਹੁੰਦਾ ਹੈ। ਸਰਦੇ ਪੁਜਦੇ ਲੋਕ ਜੇਕਰ ਸਾਦਗੀ ਅਪਨਾਉਣਗੇ ਤਾਂ ਸਾਰਾ ਸਮਾਜ ਉਨ੍ਹਾਂ ਦੀ ਰੀਸ ਕਰੇਗਾ। ਜੇ ਕਿਸੇ ਕੋਲ ਚਾਰ ਪੈਸੇ ਵਾਧੂ ਹਨ ਤਾਂ ਉਹ ਉਸਦਾ ਅਜਿਹਾ ਪ੍ਰਗਟਾਵਾ ਨਾ ਕਰੇ ਜਿਸ ਨਾਲ ਸਮਾਜ ਵਿੱਚ ਵਿਗਾੜ ਪੈਦਾ ਹੋਵੇ। ਕਹਿੰਦੇ ਹਨ ਜੇ ਆਮਦਨ ਵੱਧ ਜਾਵੇ ਤਾਂ ਖਰਚੇ ਨਹੀਂ ਵਧਾਉਣੇ ਚਾਹੀਦੇ ਸਗੋਂ ਲੋੜਵੰਦਾਂ ਦੀ ਮਦਦ ਵੱਧ ਕਰਨੀ ਚਾਹੀਦੀ ਹੈ। ਵਾਧੂ ਪੈਸੇ ਦਾ ਵਿਖਾਵਾ ਨਾ ਕਰੀਏ ਸਗੋਂ ਸੇਵਾ ਤੇ ਲਾਈਏ।

Geef een reactie

Het e-mailadres wordt niet gepubliceerd. Vereiste velden zijn gemarkeerd met *