ਸਿੱਖ ਇਤਿਹਾਸ ਗੁਰੂ ਕੇ ਲੰਗਰ ਲਈ ਸਰਕਾਰੀ ਦਾਨ ਲਈ ਤਰਲੇ ਮਾਰ ਰਿਹਾਂ ਲਈ

ਬਾਦਸ਼ਾਹ ਅਕਬਰ ਗੁਰੂ ਦਰਬਾਰ ਵਿੱਚ
ਬਾਦਸ਼ਾਹ ਅਕਬਰ (ਸੰਨ-1566 ਵਿੱਚ) ਲਾਹੌਰ ਤੋਂ ਵਾਪਸ ਦਿੱਲੀ ਨੂੰ ਜਾਂਦਿਆਂ ਹੋਇਆਂ ਗੁਰੂ (ਸ੍ਰੀ ਗੁਰੂ ਅਮਰਦਾਸ ਜੀ ਦੇ) ਦਰਸ਼ਨਾਂ ਨੂੰ ਗੋਇੰਦਵਾਲ ਆਇਆ। ਉਸ ਸਮੇਂ ਉਸਦੀ ਉਮਰ 24-ਕੁ ਸਾਲ ਦੀ ਸੀ। ਸ੍ਰੀ ਗੁਰੂ ਨਾਨਲ ਦੇਵ ਜੀ ਦੀ ਮਹਿਮਾ ਤੋਂ ਉਹ ਪਹਿਲਾਂ ਹੀ ਜਾਣੂ ਸੀ। ਉਸੇ (ਅਕਬਰ) ਦੇ ਸ਼ਬਦਾਂ ਵਿੱਚ ‘ਆਰਫ ਕਾਮਲ ਵਲੀ ਅਲਾਹ। ਨਾਨਕ ਸਮਾਨ ਦੂਜਾ ਘਰ ਨਾਹ’, ਹੁਣ ਉਹ ਭਾਈ ਜੇਠਾ ਜੀ ਪਾਸੋਂ ਸ੍ਰੀ ਗੁਰੂ ਅਮਰਦਾਸ ਜੀ ਦੀ ਮਹਾਨ ਸ਼ਖਸੀਅਤ ਬਾਰੇ ਸੁਣ ਚੁਕਾ ਸੀ।
ਅਕਬਰ ਨੇ ਰਾਜ ਦਰਬਾਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਬੰਧ ਵਿੱਚ ਇਹ ਵੀ ਕਿਹਾ ਸੀ ਕਿ ‘ਵੋ ਮੌਲਾ ਕੀ ਜਾਤ ਹੈ ਭੇਦ ਭਰਮ ਕਛੁ ਨਾਹ। ਜੋ ਕੋਈ ਰੀਸ ਤਾ ਕੀ ਕਰੇ, ਤਾਂ ਪਰ ਵੱਡਾ ਗੁਨਾਹ’। (ਮਹਿਮਾ ਪ੍ਰਕਾਸ਼, ਸਾਖੀ 12)।
ਟੋਡਰ ਮਲ ਨੇ ਵੀ ਅਕਬਰ ਨੂੰ ਕਿਹਾ ਸੀ ਕਿ ‘ਗੁਰੂ ਅਮਰਦਾਸ ਜੀ ਨੂੰ ਰਵਿ ਸਮ ਜਾਨਤ ਸਬ ਹੈਂ’। (ਸ੍ਰੀ ਗੁਰੂ ਪੰਥ ਪ੍ਰਕਾਸ਼)
ਅਕਬਰ ਲਸ਼ਕਰ ਸਮੇਤ ਵਾਪਸ ਦਿੱਲੀ ਜਾ ਰਿਹਾ ਸੀ। ਗੋਇੰਦਵਾਲ ਦੇ ਨੇੜੇ ਹੋ ਕੇ ਨੰਗੇ ਪੈਰੀਂ ਹੋ ਗਿਆ। ਕੁਝ ਮੁਸਾਹਿਬਾਂ, ਖੁਸ਼ਾਮਦੀਆਂ ਨੇ ਰੇਸ਼ਮੀ ਕਪੜਾ ਵਿੱਛਾਇਆ ਹੋਇਆ ਸੀ। ਅਕਬਰ ਨੇ ਜਦੋਂ ਕੱਪੜਾ ਵਿਛਿਆ ਵੇਖਿਆ ਤਾਂ ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿੱਚ : ‘ਅਕਬਰ ਸੁਜਾਨ ਤਹਾ ਪਗ ਨਹੀਂ ਧਰਾ। ਨਿਜ ਹਾਥ ਉਠਾਇ ਕਿਨਾਰੇ ਕਰਾ। ਪਗ ਪਿਆਦਾ ਚਲ ਆਇਆ ਗੁਰ ਪਾਸ। ਦੇਖਾ ਦਰਸ਼ਨ ਜੋਤ ਪ੍ਰਕਾਸ਼’।
ਸੂਰਜ ਪ੍ਰਕਾਸ਼ ਵਿੱਚ ਵੀ ਇਹ ਲਿਖਿਆ ਹੈ ਕਿ ਜਦੋਂ ਸ਼ਾਹ ਨੇ ਕੱਪੜਾ ਵਿਛਿਆ ਤਕਿਆ ਤਾਂ ਉਪਰ ਪੈਰ ਨਹੀਂ ਰਖਿਆ। ਆਪਣੇ ਹੱਥ ਨਾਲ ਲਾਂਭੇ ਕਰ ਦਿੱਤਾ। ਨਿੰਮ੍ਰਤਾ ਧਾਰ ਗੁਰੂ ਦਰਸ਼ਨਾਂ ਨੂੰ ਆਇਆ: ‘ਸ਼ੁਭ ਮਤਿ ਸ਼ਾਹ ਬਿਲੋਕਨ ਕਰਯੋ। ਉਪਰ ਪਾਂਵ ਨ ਤਿਸ ਕੇ ਧਰਯੋ। ਨਿਜ ਕਰ ਤੇ ਉਠਾਇ ਨਿਰਵਾਰੇ। ਗਮਨਯੋ ਗਨਿ ਨੰਮ੍ਰਤਾ ਧਾਰੇ’।
ਲੰਗਰ ਵਿੱਚ ਆਮ ਲੋਕਾਂ ਨਾਲ ਪੰਗਤ ਵਿੱਚ ਬੈਠ ਲੰਗਰ ਦੇ ਪ੍ਰਸ਼ਾਦੇ ਛੱਕ ਗੁਰੂ ਦਰਸ਼ਨਾਂ ਨੂੰ ਆਇਆ। ਗੁਰੂ ਸਾਹਿਬ ਦਾ ਨੂਰਾਨੀ ਚੇਹਰਾ ਵੇਖ, ਉਸਦੀ ਝਾਲ ਝਲ ਨਾ ਸਕਿਆ। ਚਰਨੀ ਢਹਿ ਪੁਛ ਬੈਠਾ ਕਿ ਆਪਜੀ ਖਾਂਦੇ ਕੀ ਹੋ ਜਿਸ ਨਾਲ ਆਪਜੀ ਦੇ ਚੇਹਰੇ ਪੁਰ ਇਤਨਾ ਜਲਾਲ ਹੈ? ਮਹਾਰਾਜ ਨੇ ਮੰਦ ਮੰਦ ਮੁਸਕੁਰਾ ਕੇ ਕਿਹਾ ਕਿ ਇਹ (ਜਲਾਲ) ਕੁਝ ਖਾਣ ਨਾਲ ਨਹੀਂ, ‘ਯਹ ਯਦਿ ਹੱਕ ਫਲ ਹੈ’। ਅਲਾਹ ਦੀ ਯਾਦ ਦਾ ਇਹ ਮਿੱਠਾ ਫੱਲ ਹੈ। ਅਕਬਰ ਟਿਕਟਿਕੀ ਲਾਈ ਗੁਰੂ ਸਾਹਿਬ ਦੇ ਚੇਹਰੇ ਵਲ ਵੇਖਦਾ ਰਿਹਾ। ਗੁਰੂ ਦਰਬਾਰ ਵਿੱਚ ਚਾਰੇ ਪਾਸੇ ਆਤਮਕ ਅਨੰਦ ਖਿਲਰਿਆ ਵੇਖ ਉਹ ਅਚੰਬਤ ਰਹਿ ਗਿਆ। ਗੁਰੂ ਸਾਹਿਬ ਪਾਸੋਂ ਵਾਪਸ ਜਾਣ ਦੀ ਅਗਿਆ ਲੈਣ ਤੋਂ ਪਹਿਲਾਂ ਉਸ (ਅਕਬਰ) ਨੇ ਖਾਹਿਸ਼ ਪ੍ਰਗਟ ਕੀਤੀ ਕਿ ‘ਅਬ ਮੇਰਾ ਕਬੂਲ ਕਛੁ ਕੀਜੈ। ਜਾ ਤੇ ਮੋ ਕੋ ਸ਼ਾਂਤ ਪਤੀਜੈ’। ਗੁਰੂ ਜੀ ਨੇ ਫੁਰਮਾਇਆ ਕਿ ‘ਸਭ ਕੁਝ ਪ੍ਰਭੂ ਦਾ ਦਿੱਤਾ ਹੈ। ਅਤੁਟ ਭੰਡਾਰ ਹਨ। ਖਾਂਦਿਆਂ ਖਰਚਦਿਆਂ ਤੋਟ ਨਹੀਂ ਆਂਵਦੀ’: ‘ਦਿਏ ਗੁਰੂ ਨੇ ਅਤੁਟ ਭੰਡਾਰੁ। ਖਰਚਤਿ ਖਾਵਤਿ ਪਾਇ ਨਾ ਪਤਰੁ’।
ਬੰਸੀਨਾਮਾ ਅਨੁਸਾਰ : ‘ਡੇਰਾ ਅਇਆ ਗੋਇੰਦਵਾਲ। ਅਕਬਰ ਸੁਣਿਆ ਫਕੀਰ ਹੈ ਇਥੇ ਮਸਤ ਹਵਾਲ। ਗੁਰੂ ਅਮਰਦਾਸ ਕੋ ਦੇਖਣ ਅਇਆ। ਕਹਿਆ ਜੀ ਫਕੀਰ ਸਾਈਂ ਕੁਛ ਕਹੋ ਫਰਮਾਇਆ। ਬਚਨ ਕੀਤਾ ਚਾਹ ਕਿਛ ਨਹੀਂ ਹਮਾਰੇ’। ਅਕਬਰ ਨੇ ਬਹੁਤ ਜ਼ੋਰ ਲਗਾਇਆ। 12 ਪਿੰਡ ਦੇ ਪਟੇ ਲਿਖਵਾ ਕੇ ਗੁਰੂ ਚਰਨਾਂ ਤੇ ਚੜ੍ਹਾਏ। ਉਹ ਪਟੇ, ਸਿੱਖ ਇਤਿਹਾਸ ਅਨੁਸਾਰ ਇਕ ਆਲੇ ਵਿੱਚ ਹੀ ਪਏ ਰਹੇ। ਗੁਰੂ ਜੀ ਨੇ ਕਦੀ ਨਹੀਂ ਵਰਤੇ: ‘ਕੀਨੋ ਨਹਿ ਕਬੂਲ ਗੁਰ, ਜਦਯਮਿ ਤਦਯਮਿ ਸ਼ਾਹਿ ਦੇ ਗਯੋ’।
-ਪ੍ਰਿੰਸੀਪਲ ਸਤਿਬੀਰ ਸਿੰਘ ਦੀ ਪੁਸਤਕ ‘ਪਰਬਤੁ ਮੇਰਾਣੁ’ ਵਿੱਚੋਂ

Geef een reactie

Het e-mailadres wordt niet gepubliceerd. Vereiste velden zijn gemarkeerd met *