ਦੁਨੀਆਂ ਅੰਦਰ ਸੱਜ-ਪਿਛਾਖੜ ਦਾ ਮਾਰੂ ਉਭਾਰ

ਜਗਦੀਸ਼ ਸਿੰਘ ਚੋਹਕਾ

               ਇਕੀਵੀਂ ਸਦੀ ਦੇ ਪਹਿਲੇ ਦਹਾਕੇ ਦੇ ਸ਼ੁਰੂਆਤ ਸਾਲਾਂ ਦੌਰਾਨ ਛਾਲਾਂ ਮਾਰਦੇ ਆਏ ਵਿਤੀ ਸੰਕਟ ਦੇ ਛਾਏ ਅੰਦਰ ਭਾਵੇਂ ਮੱਧਮ ਕਿਸਮ ਦੀ ਸੰਸਾਰ ਆਰਥਿਕ ਬਹਾਲੀ ਦੀਆਂ ਭਵਿੱਖ ਬਾਣੀਆਂ ਹੋ ਰਹੀਆਂ ਹਨ। ਪਰ ਵਿਤੀ ਸੰਕਟ ਅਜੇ ਵੀ ਜਾਰੀ ਹੈ। ਜਿਸ ਦੇ ਸਿੱਟੇ ਵਜੋਂ ਜਨਤਾ ਦੀ ਇਕ ਵਿਸ਼ਾਲ ਬਹੁ ਗਿਣਤੀ ਦਾ ਆਰਥਿਕ ਸੋਸ਼ਣ ਸਾਰੇ ਪੂੰਜੀਵਾਦੀ ਦੇਸ਼ਾਂ ਅੰਦਰ ਚਾਲੂ ਹੈ। ਕਿਉਂਕਿ ਹਾਕਮਾਂ ਵੱਲੋਂ ਸਰਕਾਰੀ ਖਰਚਿਆਂ ‘ਚ ਕਫ਼ਾਇਤ ਕਰਨ ਦੀਆਂ ਨੀਤੀਆਂ ਜਾਰੀ ਹਨ। ਇਸ ਕਰਕੇ ਇਹ ਸੰਕਟ ਹੋਰ ਤੇਜ਼ ਹੋਇਆ ਹੈ। ਇਸ ਦੇ ਫਲਸਰੂਪ ਵੱਖੋ ਵੱਖ ਦੇਸ਼ਾਂ ਅੰਦਰ ਰੋਹ ਵੀ ਪੈਦਾ ਹੋ ਰਹੇ ਹਨ। ਜਿਨ੍ਹਾਂ ਨੂੰ ਦਬਾਉਣ ਲਈ ਲੋਕਾਂ ਦੇ ਜਮਹੂਰੀ ਅਧਿਕਾਰਾਂ ਉਪਰ ਹਮਲੇ ਤੇਜ਼ ਹੋ  ਗਏ ਹਨ। ਬਹੁਤ ਸਾਰੇ ਦੇਸ਼ਾਂ ਅੰਦਰ ਸਾਮਰਾਜੀ ਅਮਰੀਕਾ ਦੀ ਰਾਜਨੀਤਕ ਅਤੇ ਫੌਜੀ ਦਖਲ ਅੰਦਾਜ਼ੀ ਕਾਰਨ ਗੰਭੀਰ ਟਕਰਾਅ ਵੀ ਹੋ ਰਹੇ ਹਨ। ਖਾਸ ਕਰਕੇ ਲਾਤੀਨੀ ਅਮਰੀਕੀ ਦੇਸ਼ਾਂ ਅੰਦਰ ਅੱਗੇ ਵੱਧ ਰਹੀਆਂ ਖੱਬੀ ਸੋਚ ਤੇ ਅਗਵਾਈ ਵਾਲੀਆਂ ਸਰਕਾਰਾਂ  ਨੂੰ, ‘ਅਸਥਿਰ ਕਰਨ ਵਾਸਤੇ ਅਤੇ ਆਵਾਮ ਅੰਦਰ ਸਾਮਰਾਜੀ ਵਿਰੋਧੀ ਜਨਤਕ ਲਹਿਰਾਂ ਨੂੰ ਉਲਟਾਉਣ ਲਈ ਅਮਰੀਕਾ ਤੇ ਉਸ ਦੀਆਂ  ਭਾਈਵਾਲ ਪੂੰਜੀਵਾਦੀ ਹਾਕਮ ਧਿਰਾਂ ਪੂਰੀ ਤਰ੍ਹਾਂ ਸਰਗਰਮ ਹਨ। ਬੁਲੀਵੀਆਂ ਦੀ ਜਮਹੂਰੀ ਮੋਰੇਲਜ਼  ਦੀ ਸਰਕਾਰ ਨੂੰ ਉਲਟਾਉਣਾ ! ਭਾਵੇਂ ਇਕ ਸਾਲ ਦੇ ਅੰਦਰ ਅੰਦਰ ਬੁਲੀਵੀਆਂ ਦੇ ਲੋਕਾਂ  ਨੇ ਮੁੜ ਉਥੋਂ ਦੀ ਸਮਾਜਵਾਦੀ ਸੋਚ ਵਾਲੀ ‘‘ਮੋਰੇਲਜ਼ੱ ਦੀ ਪਾਰਟੀ  ਨੂੰ ਫਿਰ ਅੱਗੇ ਲੈ ਆਂਦਾ ਹੈ। ਪਰ ਸਮੁੱਚੇ ਤੌਰ ਤੇ ਇਸ ਸਮੇਂ ਦੇ ਦੌਰ ਅੰਦਰ ਬਹੁਤ ਸਾਰੇ ਦੇਸ਼ਾਂ ਅੰਦਰ ਰਾਜਨੀਤਕ  ਤੌਰ ‘ਤੇ ਸੱਜ-ਪਿਛਾਖੜ ਵੱਲ ਤਬਦੀਲੀ ਹੋਰ ਜਿ਼ਆਦਾ ਹੋਈ ਹੈ। ਖਾਸ ਕਰਕੇ ਯੂਰਪ ਅੰਦਰ ਅਤਿ ਸੱਜ-ਪੱਖੀ ਨਵਫ਼ਾਸ਼ੀ-ਵਾਦੀ ਸ਼ਕਤੀਆਂ ਨੇ ਸਿਰ ਚੁੱਕ ਲਿਆ ਹੈ। ਭਾਵੇਂ ਅਮਰੀਕਾ ਅੰਦਰ ਰਾਜਸੀ ਤਬਦੀਲੀ ਹੋਈ ਹੈ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹਾਰ ਹੋਈ ਹੈ। ਪਰ ਅਮਰੀਕਾ ਅੰਦਰ ਉਹ ਸ਼ਕਤੀਆਂ ਅਤੇ ਸੋਚ ਖਤਮ ਨਹੀਂ ਹੋਈ ਹੈ ਜਿਹੜੀ ਪਿਛਾਖੜੀ ਭਾਗਾਂ ਦੀ ਪ੍ਰਤੀਨਿਧਤਾ ਕਰਦੀ ਸੀ।

      ਸੰਸਾਰ ਪੂੰਜੀਵਾਦੀ ਆਰਥਿਕ ਸੰਕਟ ਦੇ ਪਿਛੋਕੜ ਅੰਦਰ ਸਾਮਰਾਜੀ ਅਮਰੀਕਾ ਦੀ ਅਗਵਾਈ ਵਿੱਚ ਸਾਮਰਾਜੀ ਹਮਲਾਵਰੀ ਵੱਧਣ ਲਈ ਪਿੱਠ ਭੂਮੀ ਉਪਲਬੱਧ ਕੀਤੀ ਹੈ। ਸੰਸਾਰ ਦੇ ਵੱਖ-ਵੱਖ ਭਾਗਾਂ ਵਿੱਚ, ਖਾਸ ਕਰਕੇ ‘ਤੇ ਮੱਧ ਏਸ਼ੀਆ, ਉਤਰੀ ਅਫਰੀਕਾ, ਲਾਤੀਨੀ ਅਮਰੀਕਾ ਤੇ ਦੱਖਣੀ ਏਸ਼ੀਆ ਅੰਦਰ ਅਮਰੀਕੀ ਫੌਜੀ ਦਖਲ ਅੰਦਾਜ਼ੀ ਜਾਂ ਅਮਰੀਕਾ ਦੀ ਅਗਵਾਈ ਵਾਲੀ ਨਾਟੋ ਦੀਆਂ ਫੌਜਾਂ ਦੀ ਦਖਲ ਅੰਦਾਜ਼ੀ  ਵੀ ਵੱਧੀ ਹੈ। ਜਿਸ ਕਾਰਨ ਇਨਾਂ ਦੇਸ਼ਾਂ ਅੰਦਰ ਜਮਹੂਰੀ ਲਹਿਰਾਂ ਨੂੰ ਢਾਹ ਲੱਗੀ ਹੈ ਤੇ ਸੱਜ-ਪਿਛਾਖੜ ਸ਼ਕਤੀਆਂ ਜਿਹੜੀਆਂ ਅਸਿੱਧੇ ਜਾਂ ਸਿੱਧੇ ਤੌਰ ‘ਤੇ ਰਾਜਸਤਾ ਤੇ ਕਾਬਜ਼ ਪੂੰਜੀਵਾਦੀ ਤਰਜ਼ ਦੀ ਨੁਮਾਇੰਦਗੀ ਕਰਦੀਆਂ ਸਰਕਾਰਾਂ ਸਨ, ‘ਉਨ੍ਹਾਂ ਨੂੰ ਹੋਰ ਬਲ ਮਿਲਿਆ ਹੈ! ਸੱਜ-ਪਿਛਾਖੜ ਦੀ ਦਿਸ਼ਾ ਵਿੱਚ ਇਸ ਝੁਕਾਅ ਦੇ ਹੀ ਪ੍ਰਗਟਾਵੇ ਹੋਏ ਸਨ। ਜਿਵੇਂ ਭਾਰਤ ਅੰਦਰ ਅਤਿ ਫਿਰਕਾਪ੍ਰਸਤ ਆਰ.ਐਸ.ਐਸ. ਦੀ ਅਗਵਾਈ ‘ਤੇ ਸੇਧ ਅੰਦਰ ਬੇ.ਜੇ.ਪੀ. ਹੋਰ ਮਜ਼ਬੂਤ ਹੋ ਕੇ ਅੱਗੇ ਆਈ ਹੈ।ਇਸ ਪ੍ਰਵਿਰਤੀ ਦਾ ਵੀ ਸ਼ੀਸ਼ਾ ਭਾਰਤ ਦੀ ਰਾਜਨੀਤੀ ਅੰਦਰ ਪ੍ਰਤੀਬਿੰਬਤ ਹੋ ਕੇ ਦਿਸ ਰਿਹਾ ਹੈ। ਮੌਜੂਦਾ ਸੰਸਾਰ ਆਰਥਿਕ ਸੰਕਟ ਦੇ ਇਸ ਦੌਰ ਵਿੱਚ ਇਕ ਰਾਜਨੀਤਕ ਲੜਾਈ ਜੋ ਸਾਹਮਣੇ ਆਈ ਹੈ, ‘ਕਿ ਇਸ ਬੇਚੈਨੀ ਨੂੰ ਰਾਜਨੀਤਕ ਸੱਜ-ਪਿਛਾਖੜ ਨੇ, ‘ਖੱਬੇਪੱਖੀ ਤੇ ਜਮਹੂਰੀ ਲਹਿਰਾਂ ਨੂੰ ਕਮਜ਼ੋਰ ਕਰਨ ਲਈ ਪੂਰੀ ਤਰ੍ਹਾਂ ਵਰਤਿਆ ਹੈ। ਲੋਕ ਬੈਚੇਨੀ ਨੂੰ, ‘ਅੱਤ-ਸੱਜ ਪਿਛਾਖੜੀ  ਨਵ-ਫਾਸ਼ੀਵਾਦੀ ਤਾਕਤਾਂ ਨੇ ਹਰ ਤਰ੍ਹਾਂ ਦੇ ਫਿਰਕੂ, ਕੱਟੜਵਾਦੀ, ਰਾਸ਼ਟਰਵਾਦੀ ਅਤੇ ਸਮਾਜ ਨੂੰ ਪੁਠੇ ਪਾਸੇ ਗੇੜਾ ਦੇਣ ਲਈ ਬਾਲਣ ਮੁਹੱਈਆ ਕੀਤਾ ਹੈ। ਜਿਸ ਨੇ ਕਿਰਤੀ ਜਮਾਤ ਦੀ ਏਕਤਾ  ਨੂੰ ਤਾਰ-ਤਾਰ ਕਰਨ ਲਈ ਕੋਈ ਕਸਰ ਬਾਕੀ  ਨਹੀਂ ਛੱਡੀ ਹੈ। ਭਾਵੇਂ ਇਨ੍ਹਾਂ ਹਾਲਾਤਾਂ ਦੇ ਟਾਕਰੇ ਮੋੜਵੇਂ ਰੁਝਾਨ ਵੀ ਸਾਹਮਣੇ ਆ ਰਹੇ ਹਨ। ਖੱਬੇ ਪੱਖੀ ਸੰਗਠਨ ਉਭਰ ਰਹੇ ਹਨ। ਕਿਰਤੀ-ਜਮਾਤ, ਕਿਸਾਨ, ਵਿਦਿਆਰਥੀ ਤੇ ਬੁੱਧੀ-ਜੀਵੀ ਲੋਕ ਉਠ ਰਹੇ ਹਨ। ਭਵਿੱਖ ਹੁਣ ਰਾਜਨੀਤਕ ਲੜਾਈਆਂ ਦਾ ਮੈਦਾਨ ਬਣ ਮੁੜ ਉਭਰ ਰਿਹਾ ਹੈ। ਅਮਰੀਕਾ ਅੰਦਰ ਹੁਣੇ-ਹੁਣੇ ਰਾਸ਼ਟਰਪਤੀ ਪਦ ਦੀ ਚੋਣ ਵਿਚਕਾਰ ਭਾਵੇਂ ਮੁਕਾਬਲਾ ਦੁਨੀਆਂ ਦੇ ਸਭ ਤੋਂ ਵੱਧ ਉਨਤ ਸਾਮਰਾਜੀ ਅਮਰੀਕਾ ਦੀ ਰਾਜਨੀਤੀ ਅੰਦਰ ਕਾਬਜ਼ ਕਾਰਪੋਰੇਟ ਤੇ ਬੈਂਕ ਸਿੰਡੀਕੇਟਾਂ ਵਿਚਕਾਰ ਸੀ।ਪਰ ਅਮਰੀਕਾ ਅੰਦਰ ਵੋਟਰਾਂ ਵੱਲੋਂ ਦੋ-ਪੱਖਾਂ ਦੇ ਸਮੀਕਰਨਾਂ ਦੇ ਰਾਜਨੀਤਕ ਸੱਜ-ਪਿਛਾਖੜ ਅਜਿਹੇ ਹਾਲਾਤਾਂ ਦੌਰਾਨ  ਟਰੰਪ ਵਰਗੇ, ਸੱਜ-ਪਿਛਾਖੜ ਨੂੰ ਖਿਦੇੜਣ ਵਿਰੁਧ ਇਕ ਹਾਂ ਪੱਖੀ ਰੋਲ ਅਦਾ ਕਰਨਾ, ‘ਸਾਮਰਾਜ ਅੰਦਰ ਵਿਰੋਧਤਾਈ ਨੂੰ ਤਿਖਾ ਕਰਨਾ ਹੈ ?

      ਆਧੁਨਿਕ ਵਰਤਮਾਨ ਯੁੱਗ ਅੰਦਰ ਕੇਂਦਰੀ ਵਿਰੋਧਤਾਈ ਸਾਮਰਾਜ ਅਤੇ ਸਮਾਜਵਾਦੀ ਦੇਸ਼ਾਂ ਵਿਚਕਾਰ ਕਲਾਸੀਕਲ ਵਿਰੋਧਤਾਈ ਭਾਵੇਂ ਤਿਖੀ  ਹੋ ਰਹੀ ਹੈ। ਪਰ ਇਸ ਦੇ ਬਾਵਜੂਦ ਸੰਸਾਰ ਅੰਦਰ ਪੂੰਜੀਵਾਦੀ ਦੇਸ਼ਾਂ ਅੰਦਰ ਰਾਜਸਤਾ ਤੇ ਕਾਬਜ਼ ਧੁਰ ਸੱਜ-ਪਿਛਾਖੜ ਸੋਚ  ਵਾਲੀਆਂ ਰਾਜਨੀਤਕ ਪਾਰਟੀਆਂ ਅਤੇ ਰਾਜਨੇਤਾ ਆਪਣੀ ਖਤਮ ਹੋ ਰਹੀ ਹੋਂਦ ਨੂੰ ਕਾਇਮ ਰੱਖਣ ਲਈ ਵਿਭਾਜਨਕਾਰੀ ਨੀਤੀਆਂ ਦੇ ਬਲਬੂਤੇ ਹਰਮਨ ਪਿਆਰੇ ਹੋ ਰਹੇ ਹਨ। ਆਪਣੀਆਂ ਫੁੱਟ ਪਾਓ, ਵੰਡਵਾਦੀ ਅਤੇ ਫਿਰਕੂ ਨੀਤੀਆਂ ਰਾਹੀਂ ਰਾਜਸਤਾ ਤੇ ਕਾਬਜ਼ ਹੋ ਕੇ ਜਨ-ਸਮੂਹ ਨੂੰ ਹਰ ਤਰ੍ਹਾਂ ਗੁਮਰਾਹ ਕਰ ਰਹੇ ਹਨ। ਲੋਕ ਮਸਲੇ ਹਲ ਕਰਨ ਦੀ ਥਾਂ ਉਹ ਲੋਕਾਂ ਅੰਦਰ ਵੰਡੀਆਂ ਪਾ ਕੇ ਘੱਟ ਗਿਣਤੀ ਧਾਰਮਿਕ ਲੋਕਾਂ ਅੰਦਰ ਨਸਲੀ-ਵਿਤਕਰੇ ਪੈਦਾ ਕਰਕੇ ਤੇ ਖਿਤਿਆ ਅੰਦਰ ਫਿਰਕੂ ਫਸਾਦਾਂ ਨੂੰ ਸ਼ਹਿ ਦੇ ਕੇ ਆਵਾਮ ਵਿਚਕਾਰ ਦੀਵਾਰਾਂ ਖੜੀਆਂ ਕਰ ਰਹੇ ਹਨ। ਲੋਕਾਂ ਦੀਆਂ ਰੋਟੀ, ਕਪੜਾ ਤੇ ਮਕਾਨ ਜਿਹੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਦੀ ਥਾਂ ਉਨ੍ਹਾਂ ਅੰਦਰ ਸਦਮਿਆਂ ਦੀ ਮਾਨਸਿਕਤਾ ਨੂੰ ਜਨਮ ਦੇ ਕੇ ਸੋਚ ਸ਼ਕਤੀ ਨੂੰ ਹੀ ਨਿਪੁੰਸਕ ਬਣਾਇਆ ਜਾ ਰਿਹਾ ਹੈ। ਵਿਕਾਸ ਦੇ ਵੱਡੇ-ਵੱਡੇ ਅੰਕੜੇ ਦੇ ਕੇ ਸਮਾਜ ਅੰਦਰ ਇਕ ਖਿਆਲੀ ਅਜਿਹੀ ਦੌੜ ਪੈਦਾ ਕੀਤੀ ਜਾ ਰਹੀ ਹੈ, ‘ਕਿ ਖਾਲੀ ਪੇਟ, ਤਨ ‘ਤੇ ਕਪੜਾ ਨਹੀਂ ਤੇ ਖੁਲ੍ਹੇ ਅਸਮਾਨ ਡੇਰੇ ਹਨ ਫਿਰ ਵੀ ਦੇਸ਼ ਤਰੱਕੀ ਕਰ ਰਿਹਾ ਹੈ। ਘੋਰ ਨਿਰਾਸ਼ਤਾ ਦੇ ਆਲਮ ‘ਚ ਛਾਈ ਮਾਯੂਸੀ ਅਤੇ ਖੋਖਲੇ ਸੰਕੀਰਨ ਵਿਚਾਰਾਂ ਵਿਚਕਾਰ ਘਿਰਿਆ ਮਨੁੱਖ ਖੁਦ ਨਾਲ ਹੀ ਜੂਝਦਾ ਹੋਇਆ ਬਣਾ ਦਿੱਤਾ ਗਿਆ ਹੈ। ਇਹ ਦਸ਼ਾ ਅੱਜ ਦੀ 21-ਵੀਂ ਸਦੀ ਦੇ ਦੂਸਰੇ ਦਹਾਕੇ ਬਾਦ ਵੀ, ‘ਮਨੁੱਖ ਨੂੰ ਆਪਣੀ ਹੋਂਦ ਕਾਇਮ ਰੱਖਣ ਲਈ ਮੱਧਯੁੱਗ ਜਾਤੀ, ਰਾਜਨੀਤਕ, ਨਸਲ ਤੇ ਧਾਰਮਿਕ ਵਿਚਾਰਕ ਦਵੰਦ ਨੂੰ ਮੁੜ ਸਥਾਪਿਤ ਕਰਨ ਲਈ ਪ੍ਰਤੀਬੰਧਤ ਨਜ਼ਰ ਆ ਰਹੀ ਹੈ। ਇਸ ਦੀ ਸਵੇਰ ਪਿਛੜੇ, ਵਿਕਾਸਸ਼ੀਲ ਦੇਸ਼ਾਂ ਤੋਂ ਲੈਕੇ ਵਿਕਸਤ ਦੇਸ਼ਾਂ ਅੰਦਰ ਵੀ ਦੇਖੀ ਜਾ ਸਕਦੀ ਹੈ।

      ਯੂਰਪ ਨਾਲ ਜੁੜਿਆ ਮੁਸਲਿਮ ਬਹੁ ਗਿਣਤੀ ਵਾਲਾ ਦੇਸ਼ ਤੁਰਕੀ ਵਿਕਾਸ ਤੇ ਖੂਬਸੂਰਤੀ ਨਾਲ ਪਹਿਚਾਣਿਆ ਜਾਂਦਾ ਹੈ।ਪਰ ਪਿਛਲੇ ਦਿਨੀ ਉਥੋਂ ਦੀ ਰਾਜਸਤਾ ਤੇ ਕਾਬਜ਼ ਪਾਰਟੀ ਨੇ ਸਥਾਨਕ ਚੋਣਾਂ ਦੌਰਾਨ ਰਾਜਨੀਤਕ ਲਾਭ ਲੈਣ ਲਈ, ‘ਨਿਊਜ਼ੀਲੈਂਡ ਅੰਦਰ ਇਕ ਕੱਟੜਵਾਦੀ ਵੱਲੋ ਮਸਜਿਦ ਅੰਦਰ ਵੜ ਕੇ ਨਿਮਾਜ਼ ਅਦਾ ਕਰ ਰਹੇ ਘੱਟ ਗਿਣਤੀ ਲੋਕਾਂ ਨੂੰ ਨਿਸ਼ਾਨਾ ਬਣਾਇਆਸੀ, ਜੋ ਨਿੰਦਣਯੋਗ ਕਾਰਾ ਸੀ, ‘ਦੀ ਵੀਡਿਓ ਦਿਖਾਈ ਗਈ ਸੀ। ਤੁਰਕੀ ਅੰਦਰ ਕਈ ਦਹਾਕੇ ਪਹਿਲਾਂ ਧਰਮ ਨਿਰਪੱਖਤਾ ਦਾ ਬੋਲਬਾਲਾ ਰਿਹਾ ਸੀ ਤੇ ਕੱਟੜਵਾਦ ਵਿਰੁੱਧ ਸੰਘਰਸ਼ ਚੱਲਿਆ ਸੀ।ਦੂਸਰੇ ਪਾਸੇ ਨਿਊਜ਼ੀਲੈਂਡ ਨੂੰ ਵੀ ਕਿਸੇ ਹੱਦ ਤਕ ਧਰਮ ਨਿਰਪੱਖ ਦੇਸ਼ ਮੰਨਿਆ ਜਾਂਦਾ ਰਿਹਾ ਹੈ। ਵੀਡੀਓੁ ਦਿਖਾਉਣਾ ਰਾਜਨੀਤਕ ਲਾਭ ਲਈ ਮੁਸਲਿਮ ਬਨਾਮ ਇਸਾਈ ਭਾਈਚਾਰੇ ਵਿਚਕਾਰ ਫਿਰਕੂ ਰੰਗਤ ਦੇ ਕੇ ਵੋਟਾਂ ਪ੍ਰਾਪਤ ਕਰਨਾ ਸੀ ? ਯੂਰਪ ਦੇ ਕਈ ਦੇਸ਼ਾਂ ਜਿਵੇਂ ਫਰਾਂਸ ਅੰਦਰ ਨੈਸ਼ਨਲ ਫਰੰਟ ‘‘ਮੈਰੀਨ ਲਾ ਪੇਨੱ, ਯੂ.ਕੇ. ਅੰਦਰ ਬ੍ਰਿਜਿਟ ਲਈ ਚੋਣਾਂ ਦੌਰਾਨ ਸੱਜ ਪਿਛਾਖੜ ਲਾਮਬੰਦੀ, ਜਰਮਨੀ ਅੰਦਰ ‘‘ਅਲਟਰਨੇਟਿਵ ਫਾਰ ਡਾਇਸਲੈਂਟੱ, ਆਸਟਰੀਆ ਅੰਦਰ ‘‘ਫ੍ਰੀਡਮ ਪਾਰਟੀੱ ਦਾ  ਉਭਰਨਾ। ਅਮਰੀਕਾ ਅੰਦਰ ਹੁਣੇ-ਹੁਣੇ ਰਾਸ਼ਟਰਪਤੀ ਚੋਣ ਹਾਰਿਆ ਟਰੰਪ ਵੀ ਸੱਜ-ਪਿਛਾਖੜੀ ਖੇਮੇ ਦਾ ਆਗੂ ਸੀ। ਯੂਰਪ ਅੰਦਰ ਲਗਪਗ ਇਕ-ਤਿਹਾਈ ਮੈਂਬਰਾਂ ਦਾ ਸੱਜ-ਪਿਛਾਖੜੀ ਅਤੇ ਅਤਿ-ਸੱਜੇ ਪੱਖੀ ਰਾਜਨੀਤਕ ਪਾਰਟੀਆਂ ਦੀ ਨਮਾਇੰਦਗੀ ਕਰਨਾ ਇਸ ਦਿਸ਼ਾ ਵੱਲ ਖਤਰਨਾਕ ਪ੍ਰਗਟਾਵਾ ਹੈ। ਭਾਰਤ ਅੰਦਰ ਬੀ.ਜੇ.ਪੀ. ਦਾ ਦੂਸਰੀ ਵਾਰ ਜਿੱਤ ਕੇ ਮਜ਼ਬੂਤੀ ਨਾਲ ਅੱਗੇ ਆਉਣਾ ਉਸਦੀ ਇਸ ਪ੍ਰਵਿਰਤੀ ਦਾ ਪ੍ਰਗਟਾਵਾ ਵੀ ਭਾਰਤ ਦੀ ਰਾਜਨੀਤੀ ਅੰਦਰ ਖਤਰਨਾਕ ਪ੍ਰਤੀਬਿੰਬਤ ਹੋ ਰਿਹਾ ਹੈ ? ਮੱਧ ਪੂਰਬ ਦੇਸ਼ ਇਰਾਕ, ਲੈਬਨਾਨ, ਸੀਰੀਆ ਆਦਿ ਜਿਥੇ ‘‘ਬਾਥ ਪਾਰਟੀੱ ਕਦੀ ਕਾਇਮ ਸੀ। ਇਨ੍ਹਾਂ ਦੇਸ਼ਾਂ ਅੰਦਰ ਬਹੁ ਗਿਣਤੀ ਮੁਸਲਿਮ ਭਾਈਚਾਰਾ ਹੋਣ ਦੇ ਬਾਵਜੂਦ ਰਾਜਨੀਤਕ ਢਾਂਚਾ ਉਦਾਰਵਾਦੀ ਸੀ। ਇਸੇ ਤਰ੍ਹਾਂ ਲੀਬੀਆ, ਟੂਨੀਸ਼ੀਆ ਤੇ ਮਿਸਰ ਇਨ੍ਹਾਂ ਦੇਸ਼ਾਂ ਅੰਦਰ ਵੀ ਮੁਸਲਿਮ ਬਹੁਗਿਣਤੀ ਹੋਣ ਤੇ ਵੀ ਉਦਾਰਵਾਦ ਭਾਰੂ ਸੀ। ਪਰ ਸਾਮਰਾਜੀ ਅਮਰੀਕਾ ਤੇ ਨਾਟੋ ਭਾਈਚਾਰੇ ਦੇ ਦੇਸ਼ਾਂ ਵੱਲੋਂ ਕੁਦਰਤੀ ਸੋਮਿਆਂ ਤੇ ਕਬਜ਼ੇ ਕਰਨ ਤੇ ਸਾਮਰਾਜੀ ਲਾਲਸਾ ਕਰਕੇ ਫੌਜੀ ਹਮਲੇ ਅਤੇ ਹਮਲਾਵਰੀ ਦਬਾਅ ਬਾਦ ਇਨ੍ਹਾਂ ਦੇਸ਼ਾਂ ਅੰਦਰ ਇਸਲਾਮਿਕ ਦਹਿਸ਼ਤਗਰਦੀ ਦਾ ਪੈਦਾ ਹੋਣਾ, ‘ਲਈ ਸਾਮਰਾਜੀ ਹੀ ਜਿੰਮੇਵਾਰ ਹਨ।

      ਫਰਾਂਸ ਦੇ ਇਨਕਲਾਬ ਬਾਦ ਹੀ ਯੂਰਪ ਅੰਦਰ ਉਦਾਰਵਾਦੀ ਵਿਚਾਰਧਾਰਾ ਪਨਪੀ, ਜਿਸ  ਨੇ ਰਾਸ਼ਟਰਵਾਦੀ-ਵਿਚਾਰਧਾਰਾ ਰਾਹੀਂ ਧਰਮ ਨਿਰਪੱਖਤਾ ਨੂੰ ਇਕ ਆਦਰਸ਼ ਵੱਜੋ ਪ੍ਰਮਾਣਤ ਕੀਤਾ । ਉਦਾਰਵਾਦ 18-ਵੀਂ ਸਦੀ ਦੇ ਬੌਧਿਕ ਅੰਦੋਲਨ ਤੋਂ ਪੇ੍ਰਰਿਤ ਸੀ। ਜਿਸ ਨੇ ਅਸਮਾਨਤਾ ਅਤੇ ਨਿਰੰਕੁਸ਼ਤਾ ਦਾ ਵਿਰੋਧ ਕਰਦੇ ਹੋਏ ਸੰਸਦੀ ਸ਼ਾਸਨ ਅਤੇ ਵਿਧੀ-ਵਿਧਾਨ ਨੂੰ ਉਪਰ ਰੱਖਦੇ ਹੋਏ ਮਾਨਤਾ ਦੇਣ ਦਾ ਸਮਰਥਨ ਕੀਤਾ ਸੀ। ਇਸ ਦੇ ਦੂਰ-ਦਰਸ਼ੀ ਨਤੀਜਿਆਂ ਨੇ ਸੰਸਾਰ ਭਰ ਦੇ ਸਾਰੇ ਰਾਜਸਤਾ ਦੇ ਗਿਲਿਆਰਿਆ ਨੂੰ ਪ੍ਰਭਾਵਿਤ ਕਰਦੇ ਹੋਏ ‘‘ਆਜ਼ਾਦੀ, ਧਰਮ ਨਿਰਪੱਖਤਾ, ਬਰਾਬਰਤਾ ਅਤੇ ਸਮਾਜਕ ਨਿਆਂੱ ਦੇ ਵਿਚਾਰਾਂ ਨੂੰ ਮਜ਼ਬੂਤ ਕੀਤਾ ਸੀ। ਸੱਭਿਅਤਾ ਜਦੋਂ ਸਿਖਰਤਾ ਤੇ ਪੁੱਜ ਜਾਂਦੀ ਹੈ ਤਾਂ ਉਸ ਦਾ ਪਤਨ ਵੀ ਸ਼ੁਰੂ ਹੋ ਜਾਂਦਾ ਹੈ। ਅਮਰੀਕਾ ਸਮੇਤ ਯੂਰਪ, ਏਸ਼ੀਆ ਅਤੇ ਅਫਰੀਕਾ ਦੇ ਕਈ ਦੇਸ਼ਾਂ ਅੰਦਰ ਬੀਤੇ ਕੁਝ ਸਾਲਾਂ ਤੋਂ ਸਤਾ ਦਾ ਸੰਕਰਮਣ (ਲਗਾਤਾਰਤਾ) ਕਾਲ ਰਿਹਾ ਹੈ। ਮੱਧ ਯੁੱਗੀ ਪੁਰਾਤਨਵਾਦੀ ਰਾਜਸਤਾ ਹੁਣ ਮੌਜੂਦਾ ਰਾਜਨੀਤਕ ਸਤਾ ਦੇ ਰੂਪ ਵਿੱਚ ਸਮੋਅ ਨਹੀਂ ਸਕਦੀ ਹੈ ? ਇਸ ਕਰਕੇ ਸੰਸਾਰ ਭਾਈਚਾਰੇ ਦੇ ਸਾਹਮਣੇ ਇਕ ਸੰਕਟ ਖੜਾ ਹੋ ਰਿਹਾ ਹੈ ! ਜਿਸ ਅਨੁਸਾਰ ਰਾਜਸਤਾ ਸੰਕੀਰਨ ਰਾਸ਼ਟਰਵਾਦ ਦੀ ਆੜ ਲੈ ਕੇ ਸਮਾਜ ਦੇ ਸਰਵਭੌਮਿਕ (ਸੰਸਾਰ ਪੱਖੀ) ਵਿਚਾਰਾਂ ਦੇ ਢਾਂਚੇ ਨੂੰ (ਉਦਾਰਵਾਦੀ ਵਿਚਾਰਾਂ ਨੂੰ) ਖਤਮ ਕਰਨਾ ਚਾਹੁੰਦੀ ਹੈ। ਇਸ ਦਾ ਵਿਆਪਕ ਅਸਰ ਸਮੁੱਚੀ ਦੁਨੀਆਂ ਤੇ ਪੈ ਸਕਦਾ ਹੈ। ਕਈ ਦੇਸ਼ਾਂ ਅੰਦਰ ਜਿਸ ਤੇਜ਼ੀ ਨਾਲ ਫਿਰਕੂਅ ਤਨਾਅ ਵਧ ਰਹੇ ਹਨ, ਉਨ੍ਹਾਂ ਦੇਸ਼ਾਂ ਨੂੰ ਗ੍ਰਿਹ-ਯੁੱਧ ਦੇ ਕਗਾਰ ਤਕ ਧੱਕ ਸਕਦੇ ਹਨ। ਭਾਰਤ ਵਰਗੇ ਬਹੁਲਤਾਵਾਦੀ, ਬਹੁ-ਕੌਮੀ, ਬਹੁ-ਭਸ਼ਾਈ ਤੇ ਬਹੁ-ਧਰਮਾਂ ਵਾਲੇ ਦੇਸ਼ ਅੰਦਰ ਧਰਮ ਨਿਰਪੱਖਤਾ, ਜਮਹੂਰੀਅਤ ਅਤੇ ਸਮਾਜਵਾਦ ਵਾਲੀ ਨਿਸ਼ਠਾ, ਸੋਚ ਅਤੇ ਸੱਭਿਆਚਾਰ ਹੀ ਸਾਡੀ ਕੌਮੀ ਪਹਿਚਾਣ ਹਨ। ਇਸ ਨੂੰ ਭੰਨ-ਤੋੜ ਕੇ ਮੱਧ-ਯੁੱਗੀ ਪੁਰਾਤਨਵਾਦੀ ਰਾਜਸਤਾ ਵਿੱਚ ਬਦਲ ਕੇ ਮੱਧ-ਯੁੱਗੀ ਸੱਭਿਆਚਾਰ ਕਾਇਮ ਕਰਨਾ ਨਾ ਸੰਭਵ ਹੈ, ਤੇ ਨਾ ਹੀ ਮੁਸ਼ਕਿਲ ਹੈ? ਰਾਜ ਸਤਾ ਤੇ ਕਾਬਜ਼  ਮੌਜੂਦਾ ਹਾਕਮ ਜੇਕਰ ਅਜਿਹਾ ਸੋਚਦੇ ਹਨ ਤਾਂ ਉਨ੍ਹਾਂ ਦੀ ਸੰਕੀਰਨ ਰਾਸ਼ਟਰਵਾਦੀ ਵਿਚਾਰਧਾਰਾ ਦੇਸ਼ ਦੇ ਸਰਵਭੌਮਿਕ ਵਿਚਾਰਧਾਰਾ ਵਾਲੇ ਢਾਂਚੇ ਨੂੰ ਨਸ਼ਟ ਕਰਨਾ ਹੋਵੇਗਾ ?

      1917 ਦੇ ਸਮਾਜਵਾਦੀ ਮਹਾਨ ਅਕਤੂਬਰ ਇਨਕਲਾਬ ਬਾਦ ਤਾਂ ਦੁਨੀਆਂ ਦਾ ਰਾਜਨੀਤਕ ਨਕਸ਼ਾ ਹੀ ਬਦਲ ਗਿਆ। ਗੁਲਾਮ ਦੇਸ਼ਾਂ ਅੰਦਰ ਉਠੀਆਂ ਮੁਕਤੀ ਲਹਿਰਾਂ, ਗਰੀਬ ਦੇਸ਼ਾਂ ਤੋਂ ਕੌਮਾਂ ਅੰਦਰ ਆਈ ਜਾਗਰਿਤੀ ਕਾਰਨ ਹਰ ਖੇਤਰ ਅੰਦਰ ਤਬਦੀਲੀਆਂ ਨੇ ਸਿਰ ਚੁੱਕ ਤੇ ਇਕ ਨਵੀਂ ਸਵੇਰ ਨੇ ਹਰ ਪਾਸੇ, ਰੌਸ਼ਨੀ ਕੀਤੀ ਸੀ ! ਮਹਾਨ ਚਿੰਤਕ ਕਾਰਲ-ਮਾਰਕਸ ਦੇ ਸਮਾਜਕ ਪ੍ਰਵਰਤਨ ਦੇ ਸਿਧਾਂਤ ‘ਤੇ ਆਰਥਿਕਤਾ ਨੂੰ ਅਮਲੀ ਜਾਮਾ ਪਹਿਨਾਉਣ ਕਾਰਨ ਮਹਾਨ ਅਕਤੂਬਰ ਇਨਕਲਾਬ ਬਾਦ ਬਹੁਤ ਸਾਰੀਆਂ ਤਬਦਲੀਆਂ ਨੂੰ ਜਨਮ ਦਿੱਤਾ ਤੇ ਜੋ ਅੱਜ ਵੀ ਜਾਰੀ ਹਨ। ਦੁਨੀਆਂ ਅੰਦਰ ਸਮਾਜਕ, ਆਰਥਿਕ ਅਤੇ ਸੱਭਿਆਚਾਰਕ ਖੇਤਰ ‘ਚ ਨਵੀਆਂ ਤਬਦੀਲੀਆਂ ਆਈਆਂ ਅਤੇ ਦੁਨੀਆਂ ਅੰਦਰ ਸਾਮੰਤਵਾਦ ਤੇ ਰੂੜੀਵਾਦੀ ਪ੍ਰੰਪਰਾਵਾਂ, ਗੁਲਾਮੀ ਕਾਰਨ ਪੈਦਾ ਹੋਇਆ ਜਮਾਤੀ-ਭੈਅ ਤੋਂ ਪਰਦਾ ਚੁੱਕਿਆ ਗਿਆ ! ਸੱਜ-ਪਿਛਾਖੜ ਸੱਭਿਆਚਾਰ ਦੇ ਦ੍ਰੰਦਵਾਦ ਅੰਦਰ ਬਹੁਤ ਸਾਰੀਆਂ ਤਰੇੜਾਂ ਆਈਆਂ। ਸਮਾਜਵਾਦ ਦੀਆਂ ਬਰਕਤਾਂ ਅਤੇ ਦੂਸਰੀ ਸੰਸਾਰ ਜੰਗ ਬਾਦ ਸਮਾਜਵਾਦੀ ਪ੍ਰਭਾਵ ‘ਤੇ ਰਾਜਨੀਤਕ ਸ਼ਕਤੀ ਦੇ ਵੱਧਣ ਬਾਦ ਦੁਨੀਆਂ ਅੰਦਰ ਇਕ ਸਮਾਜਵਾਦੀ-ਬੌਧਿਕ ਕਰਾਂਤੀ ਨੇ ਜਨਮ ਲਿਆ। ਜਿਸ ਨੇ ਸਾਮੰਤਵਾਦੀ, ਬਸਤੀਵਾਦੀ ਅਤੇ ਪੂੰਜੀਵਾਦੀ ਪ੍ਰੰਪਰਾਵਾਂ ਅੰਦਰ ਸੱਜ-ਪਿਛਾਖੜ ਸੋਚ ‘ਤੇ ਧਰਮ ਅਧਾਰਿਤ ਸਮਾਜ ਨੂੰ ਖੋਰਾ ਲਾ ਕੇ ਮੱਧ ਮਾਰਗੀ ਉਦਾਰਵਾਦ ਨੂੰ ਅੱਗੇ ਵੱਧਣ ਦਾ ਮੌਕਾ ਦਿੱਤਾ ਤੇ ਸਮਾਜਵਾਦੀ ਬੌਧਿਕ ਵਿਕਾਸ ਮਜ਼ਬੂਤ ਹੋਇਆ !

      ਸਮਾਜਵਾਦੀ ਸੋਚ ਅਤੇ (ਭੂਤਪੂਰਬ ਸੋਵੀਅਤ ਯੂਨੀਅਨ) ਸਮਾਜਵਾਦੀ ਦੇਸ਼ਾਂ ਦੇ ਪ੍ਰਭਾਵ ਕਾਰਨ ਹੀ ਕੱਟੜਵਾਦੀ ਇਸਾਈ, ਇਸਲਾਮਿਕ ਤੇ ਯਹੂਦੀ ਰਾਸ਼ਟਰਵਾਦ ਨੂੰ ਰੋਕਣ ਅਤੇ ਧਰਮ ਨਿਰਪੱਖਤਾ ਦੇ ਆਦਰਸ਼ਾਂ ਨੂੰ ਸਥਾਪਤ ਕਰਨ ਲਈ ਦੁਨੀਆਂ ਅੰਦਰ ਅਤੇ ਸੰਯੁਕਤ-ਰਾਸ਼ਟਰ ਰਾਹੀਂ ਸੱਜ-ਪਿਛਾਖੜ ਨੂੰ ਲਲਕਾਰਿਆ ਗਿਆ ਸੀ। ਜਦ ਕਿ ਸਾਰਾ ਪੂੰਜੀਵਾਦ ਅੱਜ ਵੀ ਦੂਸਰੇ ਪਾਸੇ ਹਰ ਤਰ੍ਹਾਂ ਦੇ ਸੱਜ-ਪਿਛਾਖੜ ਵਿਖੇ ਤੁਰਿਆ ਹੋਇਆ ਹੈ। ਇਰਾਕ, ਸੀਰੀਆ ਤੇ ਤੁਰਕੀ ਆਦਿ ਦੇਸ਼ਾਂ ਅੰਦਰ ਸਾਮਰਾਜੀਆਂ ਦਾ ਰੋਲ ਅਤੇ ਲੱਖਾਂ ਲੋਕਾਂ ਦੇ ਕਤਲਾਂ ਦੀ ਜਿ਼ੰਮੇਵਾਰੀ ਵੀ ਇਨ੍ਹਾਂ ਸਿਰ ਆਉਂਦੀ ਹੈ। ਦੂਸਰੀ ਜੰਗ ਦੌਰਾਨ ਸੱਜ-ਪਿਛਾਖੜ-ਨਾਜ਼ੀ ਹਿਟਲਰ ਤੇ ਉਸ ਦੀ ਜੁੰਡਲੀ ਕਾਰਨ 5-ਕਰੋੜ ਤੋਂ ਵੱਧ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਮੱਧ-ਪੂਰਬ ਦੇ ਸੰਕਟ ਲਈ ਸੱਜ-ਪਿਛਾਖੜ ਇਸਰਾਇਲ ਅੰਦਰ ਕੱਟੜਪੰਥੀ ਯਹੂਦੀ ਜਿਨ੍ਹਾਂ ਨੇ ਫਲਸਤੀਨ  ਦੇ ਬਸਿ਼ਦਿਆਂ ਨੂੰ ਦੇਸ਼-ਬਦਰ ਕਰਕੇ ਕਬਜ਼ੇ ਕਰ ਲਏ। ਇਹ ਸਾਰੀ ਕਾਰਵਾਈ ਯਹੂਦੀਆਂ ਨੂੰ ਸਾਰੇ ਇਸਰਾਈਲ ਅੰਦਰ ਆਪਣੀ ਸਰਦਾਰੀ ਕਾਇਮ ਕਰਨ ਲਈ ਹੀ ਹੋ ਰਿਹਾ ਹੈ। ਦੂਸਰੀ ਸੰਸਾਰ ਜੰਗ ਬਾਦ ਜਿਥੇ ਸਾਮਰਾਜੀ ਅਮਰੀਕਾ ਆਪਣੀ ਸਰਦਾਰੀ ਤੇ ਧੌਂਸ ਮਜ਼ਬੂਤ ਕਰ ਰਿਹਾ ਸੀ। ਪਰ ਸਮਾਜਵਾਦੀ ਸੋਵੀਅਤ ਰੂਸ ਨੇ ਸੱਭਿਅਤਾ ਤੇ ਸੰਸਕ੍ਰਿਤੀ ਦੇ ਦਵੰਦ ਅੰਦਰ ਵਿਗਿਆਨਕ ਬੌਧਿਕ ਕਰਾਂਤੀ ਰਾਹੀਂ ਪ੍ਰੰਪਰਾਵਾਦੀ, ਸੱਜ-ਪਿਛਾਖੜ ਤੇ ਧਰਮ ਅਧਾਰਿਤ ਸਮਾਜ ਨੂੰ ਉਦਾਰਤਾ, ਲੋਕ ਪੱਖੀ ਤੇ ਸਰਬੰਗੀ ਲੀਹਾਂ ਤੇ ਪਾ ਕੇ ਧਰਮ ਨਿਰਪੱਖ ਤੇ ਸਮਾਜਵਾਦੀ ਰਾਹ ਤੇ ਪਾਉਣ ਦੀ ਵੱਡੀ ਭੂਮਿਕਾ ਨਿਭਾਈ।

      ਅੱਜ ਦੁਨੀਆ ਦਾ ਭਵਿੱਖ ਇਹ ਤੈਅ ਕਰੇਗਾ ਕਿ ਕੌਣ ਲੋਕਾਂ ਨੂੰ ਜਿਉਣ ਲਈ, ਸਮਾਨਤਾ ਲਈ ਤੇ ਸਮਾਜਕ ਨਿਆਂ ਦੇਵਾਗਾਂ? ਸਾਮਰਾਜੀ ਅਮਰੀਕਾ ਅੰਦਰ ਸੱਜ - ਪਿਛਾਖੜ ਪੰਥੀ ਟਰੰਪ ਦਾ ਆਗਮਨ ਸੰਸਾਰ ਮੰਦੇ ਵਿਚੋ ਨਿਕਲਿਆ ਸੀ। ਪਰ ਉਸਦੀਆ ਨਸਲਵਾਦੀ,ਧਾਰਮਿਕ ਭੇਦਭਾਵ ਤੇ ਜਾਤੀਆਂ ਪ੍ਰਤੀ ਵਿਰੋਧੀ ਨੀਤੀਆਂ ਕਾਰਨ ਰਾਜਨੀਤਿਕ ਅੰਤ  ਵੀ ਹੋ ਗਿਆ ਹੈ? ਭਾਰਤ ਅੰਦਰ ਵੀ  ਅਜਿਹਾ ਹੀ ਹੋਵੇਗਾ ਜੇਕਰ  ਬੀ ਼ਜੇ਼ ਪੀ ਼ ਦਾ ਹਿੰਦੂਤਵ ਦਾ ਅਜੰਡਾ ਜਿਹੜਾ ਧਰਮ ਨਿਰਪੱਖਤਾ, ਸਮਾਨਤਾ ਅਤੇ ਸਮਾਜਿਕ ਨਿਆ ਵਿਰੁੱਧ ਹੈ, ਜਾਰੀ ਰਿਹਾ ਤਾਂ ਫਿਰ ਇਹ ਉਸਦੀ ਰਾਜਨੀਤਿਕ ਮੌਤ ਦਾ ਕਾਰਨ ਬਣੇਗਾ? ਬਦਲਦੇ ਦੌਰ ਅੰਦਰ ਇਹ ਮੰਦਭਾਗਾ ਹੈ, ‘ਕਿ ਸੱਜ-ਪਿਛਾਖੜ ਸ਼ਕਤੀਆ ਨੂੰ ਨਾ ਕੇਵਲ ਵਿਧਾਨਕ-ਸਭਾ ਦੇ ਜਰੀਏ ਹੀ ਨਹੀ, ਸਗੋ ਮੌਜੂਦਾ ਵਿਵਸਥਾਵਾਂ ਨੇ ਵੀ ਉਨ੍ਹਾ ਨੂੰ ਜਨ-ਸਮੂਹਾਂ ਅੰਦਰ ਜਾਤੀ, ਧਰਮ ਅਤੇ ਫਿਰਕਿਆਂ ਅੰਦਰ ਲੋਕਾਂ ਦੇ ਆਗੂ ਬਣਾ ਦਿਤਾ ਹੈ। ਘੱਟ ਗਿਣਤੀਆਂ, ਫਿਰਕਿਆਂ ਸਮੂਹਾਂ, ਇਸਤਰੀਆਂ ਤੇ ਦਲਿਤਾਂ ਦੀ ਸੁਰੱਖਿਆ ਕਰਨ ਦੇ ਸਵਾਲ  ਤੇ ਪ੍ਰਭਾਵੀ ਧਾਰਮਿਕ ਸਮੂਹਾਂ (ਬਹੁਗਿਣਤੀ) ਦੀਆ ਵੋਟਾਂ ਤੋਂ ਡਰਦੇ ਹੋਏ ਹਾਕਮ ਜਮਾਤਾਂ ਕੋਈ ਵੀ ਸਖ਼ਤ ਕਦਮ ਲੈਣ ਤੋਂ ਜਰਕਦੀਆ ਹਨ। ਅਜਿਹੇ ਕਦਮ ਹੀ ਕੱਟੜਤਾ ਤੋਂ ਅੱਗੇ ਵੱਧ ਕੇ ਦਹਿਸ਼ਤਾਦ ਨੂੰ ਜਨਮ ਦਿੰਦੇ ਹਨ। ਭਾਰਤ ਅੰਦਰ ਬਹੁਗਿਣਤੀ ਭਾਰੂ ਰਾਜਨੀਤਿਕ ਹਿੰਦੂਤਵ ਆਸਥਾ ਵਾਲੇ ਵਿਧਾਨਕ ਸਤਾ ਤੇ ਕਾਬਜ ਹੋਣ ਕਾਰਨ ਹੀ ‘ਬੀ ਼ਜੀ ਼ਪੀ ਼ ਏਕਾਅਧਿਕਾਰਵਾਦ ਵੱਲ ਬੜੀ ਤੇਜੀ ਨਾਲ  ਅੱਗੇ ਵੱਧ ਰਹੀ ਹੈ। ਵਿਕਾਸਵਾਦੀ ਯੁੱਗ ਅੰਦਰ ਸੱਭਿਅਤਾ ਅਤੇ ਸੰਸਕ੍ਰਿਤੀ ਦੇ ਆਪਸੀ ਪ੍ਰਤੀ ਦਵੰਦਵਤਾ ਵੱਧਣ ਕਾਰਨ ਸੱਜ -ਪਿੱਛਾਖੜ ਅਤੇ ਅਤਿ ਰਾਸ਼ਟਰਵਾਦੀ ਸ਼ਕਤੀਆਂ ਦੇ ਰਾਜਨੀਤਿਕ ਤੇ ਸਮਾਜਿਕ ਪ੍ਰਭਾਵ ਵੀ ਵੱਧੇ ਹਨ।

      ਬਦਲਦੇ ਦੌਰ ਅੰਦਰ ਸੱਜ ਪਿਛਾਖੜ ਸ਼ਕਤੀਆਂ ਨੇ ਨਾ ਕੇਵਲ ਵਿਧਾਨਕ ਸਤਾ ਰਾਹੀ ਵਿੱਵਸਥਾ ਨੂੰ ਤਬਦੀਲ ਕਰ ਦਿੱਤਾ ਹੈ, ਸਗੋਂ ਜਾਤਾਂ ਅਤੇ ਧਾਰਮਿਕ ਸਮੂਹਾਂ ਦੇ ਪੈਰੋਕਾਰ ਵੀ ਬਣ ਗਏ ਹਨ। ਪਾਕਿ ਜਿਹੜਾ ਇੱਕ ਮਜ਼ਹਬੀ ਦੇਸ਼ ਹੈ, ਬਰਤਾਨੀਆਂ ਜਿੱਥੇ ਧੁਰ ਸੱਜ-ਪਿਛਾਖੜ ਨੈਸ਼ਨਲ ਪਾਰਟੀ,ਫਰਾਂਸ ਅੰਦਰ ਸੱਜ-ਪਿੱਛਾਖੜ ਨੂੰ ਰੋਕਣ ਲਈ,ਬਰਾਜ਼ੀਲ ਅੰਦਰ ਕੱਟੜ ਸੱਜੇ-ਪੱਖੀ ‘ ਜੇਅਰ ਬੋਲਸੋਨਾਰੋ‘ ਜਿਹੜਾ ਨਸਲਵਾਦੀ, ਸਮਲੈਗਿੰਕ-ਵਿਰੋਧੀ, ਇਸਤਰੀਆਂ-ਵਿਰੋਧੀ ਸੋਚ ਵਾਲਾ ਸੀ,‘ਇਹ ਸਾਰੇ ਵੱਖਵਾਦੀ ਨੀਤੀਆਂ ਰਹੀ ਹੀ ਵੋਟਾਂ ਪ੍ਰਾਪਤ ਕਰਕੇ ਵੱਡੇ ਫਰਕਾਂ ਨਾਲ ਜਿਤੇ ਸਨ। ਪੂੰਜੀਵਾਦੀ ਨਵ- ਉਦਾਰੀਵਾਦੀ ਯੁੱਗ ਅੰਦਰ ਕੱਟੜਵਾਦੀ, ਸੱਜ-ਪਿਛਾਖੜੀ ਪਾਰਟੀਆਂ ਅਤੇ ਰਾਜਨੇਤਾ ਕਿਰਤੀ - ਸਮਾਜ ਦੀ ਏਕਤਾ ਨੂੰ ਤੋੜਨ ਲਈ ਨਸਲਵਾਦੀ, ਫਿਰਕੂ ਤੇ ਵੰਡਵਾਦੀ ਨੀਤੀਆਂ ਰਾਹੀ ਫੁੱਟ ਪਾ ਕੇ ਰਾਜਨੀਤਿਕ ਲਾਭ ਲੈ ਕੇ  ਪ੍ਰਸਿੱਧ ਹੋ ਜਾਂਦੇ ਹਨ। ਕਈ ਵਾਰ ਉਨ੍ਹਾ ਦੀਆ ਇਹ ਨੀਤੀਆ ਉਨ੍ਹਾ ਦੇ ਦੇਸ਼ ਅੰਦਰ ਹੀ ਨਹੀ ਸਗੋਂ ਸਾਰੇ ਸੰਸਾਰ ਅੰਦਰ ਖਤਰਾ  ਬਣ ਜਾਂਦੀਆਂ ਹਨ। ਪਰ ਉਹ ਖੁਦ ਇਕ ਸ਼ਕਤੀਸ਼ਾਲੀ ਨੇਤਾ  ਬਣ ਕੇ ਮਸ਼ਹੂਰੀ ਪ੍ਰਾਪਤ ਕਰ ਲੈਦੇ ਹਨ। ਬਾਅਦ ਵਿੱਚ ਘੱਟ ਗਿਣਤੀਆਂ,ਨਸਲਾਂ, ਫਿਰਕਿਆਂ ਤੇ ਸਮੂਹਾਂ ਵਿਰੁੱਧ ਗੰਭੀਰ ਖਤਰੇ ਪੈਦਾ ਕਰਕੇ ਵਿਸ਼ਾਨਕਾਰੀ ਸਾਬਤ ਹੋ ਜਾਂਦੇ ਹਨ। ਅਜਿਹੀਆਂ ਪਾਰਟੀਆਂ ਤੇ ਰਾਜਨੀਤਿਕ ਨੇਤਾਵਾ ਤੋਂ ਲੋਕਾਂ ਨੂੰ ਬਰਾਬਰਤਾਂ ਅਜ਼ਾਦੀ ਅਤੇ ਸਮਾਜਿਕ ਨਿਆਂ ਦੀ ਥਾਂ ਵਿਰੋਧਤਾਰੀਆਂ ਵਾਲਾ ਸਮਾਜ ਹੀ ਮਿਲਦਾ ਹੈ। ਸਗੋਂ ਉਨ੍ਹਾ ਤੋਂ ਲੋਕਾਂ, ਕੌਮਾਂ ਤੇ ਸੰਸਾਰ ਅੰਦਰ ਅਮਨ ਵਿਕਾਸ ਅਤੇ ਰੱਜਵੀਂ ਰੋਟੀ ਦੀ ਥਾਂ ਤਬਾਹੀ ਹੀ ਪੱਲੇ ਲੈਂਦੀ ਹੈ। ਇਸ ਵੇਲੇ 80 ਤੋ ਵੱਧ ਦੇਸ਼(ਪਾਰਟੀਆਂ) ਸਮੇਤ ਬੀ.ਜੇ.ਪੀ. ਸੱਜ-ਪਿਛਾਖੜੀ ਸੰਗਠਨਾਂ ਦੇ ਰੂਪ ਵਿੱਚ ਇੱਕਠੇ ਹੋਏ ਹਨ। ਜੋ ਇੱਕ ਖਤਰਨਾਕ ਰੁਝਾਂਨ  ਹੈ।

      ਰਾਜਨੀਤਿਕ ਸੱਜ-ਪਿਛੜਾਖੜ ਦਾ ਉਭਾਰ ਪਹਿਲਾਂ 1929 -30 ਦੀ ਮਹਾਂਮੰਦੀ ਦੇ ਪਿਛੋਕੜ ਵਿੱਚ,ਸੰਸਾਰ ਦੀ ਅਜ਼ਾਰੇਦਾਰ ਪੂੰਜੀ ਦੇ ਸਮਰਥਨ ਨਾਲ,  ਫਾਸ਼ੀਵਾਦ ਦੇ ਉਭਰਨ ਦੇ ਪੱਧਰ ਤੱਕ ਪੁੱਜ ਗਿਆ ਸੀ। ਇਹ ਉਭਾਰ ਸੰਕਟ ਦੇ ਚਲਦੇ ਪੈਦਾ ਹੋਏ ਵੱਧਦੀ ਲੋਕ ਬੇਚੈਨੀ ਦਾ ਫਾਸ਼ੀਵਾਦੀ ਤਾਕਤਾਂ ਵਜੋ ਸਫਲਤਾਂ ਨਾਲ ਸ਼ੋਸ਼ਣ ਕੀਤੇ ਜਾਣ ‘ਤੇ ਅਧਾਰਿਤ ਸੀ। ਵਰਤਮਾਨ ਹਾਲਤ, ਸੰਯੋਗ ਦੇ ਸੰਦਰਭ ਵਿੱਚ ਲੰਬੇ ਆਰਥਿਕ ਸੰਕਟ ਦੇ ਵਿਰੁੱਧ ਵੱਧਦੀ ਲੋਕ ਬੇਚੈਨੀ, ਅੱਤ ਸੱਜ ਪਿਛਾਖੜੀ ਨਵ-ਫਾਸ਼ੀ ਤਾਕਤਾਂ ਦੇ ਉਭਾਰ ਦੇ ਲਈ ਬਾਲਣ ਮੁਹੱਈਆਂ ਕਰਾ ਰਿਹਾ ਹੈ। ਇਸਦੇ ਵਿਰੁੱਧ ਮਜ਼ਦੂਰ ਵਰਗ ਦੀ ਝੰਡਾ ਬਰਦਾਰੀ, ਨਵ-ਉਦਾਰਵਾਦ ਵਿਰੁੱਧ ਤੇ ਲੋਕ ਬੇਚੈਨੀ ਜਿਸਨੂੰ   ਸੱਜ-ਪਿਛਾਖੜ ਵਰਤਦਾ ਹੈ,‘ਲੋਕ ਲਾਮਬੰਦੀ ਅਤੇ ਸੰਘਰਸ਼ਾਂ ਦੀ ਮਜ਼ਬੂਤੀ ਰਹੀ ਹੀ ਰੋਕਿਆਂ ਜਾ ਸਕਦਾ ਹੈ। ਲੋਕਾਂ ਦੇ ਭੱਖਦੇ ਮੁੱਦੇ ਲੈ ਕੇ ਸਮਾਜਿਕ,ਆਰਥਿਕ   ਅਤੇ ਸੱਭਿਆਚਾਰ ਖੇਤਰ ਅੰਦਰ ਵਰਗੀ ਸੰਘਰਸ਼ ਤੇਜ ਕਰਕੇ ਹੀ ਕਿਰਤੀ-ਜਮਾਤ ਦੀ ਅਗਵਾਈ ਵਿੱਚ ਸੱਜ-ਪਿਛਾਖੜ ਨੂੰ ਭਾਂਜ ਦਿੱਤੀ ਜਾ ਸਕਦੀ ਹੈ।ਸੱਜ, ਪਿਛਾਖੜ ਕਿਰਤੀ-ਜਮਾਤ ਦੀ ਏਕਤਾ, ਵਰਗੀ, ਸੰਘਰਸ਼ ਅਤੇ ਹੱਕਾਂ ਲਈ ਚੱਲ ਰਹੇ ਸੰਘਰਸ਼ਾਂ ਦੇ ਰਾਹ ਵਿੱਚ ਸਭ ਤੋਂ ਵੱਡਾ  ਰੋੜਾ ਹੈ! ਖੱਬੇ ਪੱਖੀ ਸ਼ਕਤੀਆਂ, ਜਮਰੂਹੀ ਲੋਕਾਂ ਅਤੇ ਬੁੱਧੀਜੀਵੀ ਵਰਗ ਨੂੰ  ਇਸਨੂੰ ਹਰਾਉਣ ਲਈ ਮਿਲ ਕੇ ਲੋਕ ਲਹਿਰ ਚਲਾਉਣੀ ਚਾਹੀਦੀ ਹੈ!

Geef een reactie

Het e-mailadres wordt niet gepubliceerd. Vereiste velden zijn gemarkeerd met *