ਵੱਡੀ ਜਿੱਤ ਤੋਂ ਪਹਿਲਾ ਹੀ ਅਸੀਂ ਕਈ ਹੋਰ ਜੰਗਾਂ ਜਿੱਤ ਲਈਆਂ ਹਨ
ਮਨ ਦੀਆਂ ਨਿੱਕੀਆਂ ਮੋਟੀਆਂ ਤਰੇੜਾਂ ਵੀ ਇਸ ਟਰਾਲੀ ਦੀ ਸਾਂਝ ਨੇ ਜੜ੍ਹਾਂ ਤੋਂ ਖਤਮ ਕਰ ਦਿੱਤੀਆਂ ਹਨ
-ਭਵਨਦੀਪ ਸਿੰਘ ਪੁਰਬਾ
ਦਿੱਲੀ ਦਾ ਕਿਸਾਨ ਮੋਰਚਾ ਜਿਥੇ ਤਿਖੇ ਸੰਘਰਸ਼ ਦਾ ਪ੍ਰਤੀਕ ਹੈ ਉਥੇ ਇਸ ਮੋਰਚੇ ਨੇ ਪੰਜਾਬੀਆਂ ਦੀ ਖਰਾਬ ਹੋਈ ਸਬੀ ਨੂੰ ਦੁਬਾਰਾ ਬਹਾਲ ਕਰ ਦਿੱਤਾ ਹੈ। ਗੈਰਾਂ ਵੱਲੋਂ ਕਿਹਾ ਜਾਣ ਲੱਗ ਪਿਆ ਸੀ ਕਿ ਪੰਜਾਬੀ ਹੁਣ ਖਤਮ ਹੋ ਗਏ ਹਨ। ਪੰਜਾਬੀਆਂ ਦੀ ਨੌ-ਜਵਾਨੀ ਨਸ਼ਿਆਂ ਤੇ ਲੱਗ ਗਈ ਹੈ ਤੇ ਜਿਹੜੀ ਨੋ-ਜਵਾਨੀ ਬਚੀ ਸੀ ਉਹ ਵਿਦੇਸ਼ਾਂ ਵਿੱਚ ਚਲੀ ਗਈ ਹੈ।
ਪੰਜਾਬੀ ਸੂਬੇ ਨੂੰ ਖਤਮ ਕਰਨ ਦੇ ਮਨਸੂਬੇ ਬਣਾਏ ਜਾ ਰਹੇ ਸੀ ਪਰ ਜਦ ਪੰਜਾਬੀਆਂ ਦੀ ਗੈਰਤ ਨੂੰ ਲਲਕਾਰਿਆ ਤਾਂ ਉਨ੍ਹਾਂ ਦੀ ਸੁੱਤੀ ਅਣਖ ਜਾਗ ਪਈ। ਕਿਸਾਨ ਵਿਰੋਧੀ ਪਾਸ ਹੋਏ ਆਰਡੀਨੈਸ ਨੇ ਕਿਸਾਨਾ ਵਿੱਚ ਰੋਸ ਹੀ ਨਹੀਂ ਭਰਿਆ ਸਗੋਂ ਪੰਜਾਬੀਆਂ ਦੀ ਸੁੱਤੀ ਅਣਖ ਨੂੰ ਜਗਾ ਦਿੱਤਾ। ਜਿਹੜੇ ਕਹਿੰਦੇ ਸੀ ਕਿ ਪੰਜਾਬੀ ਹੁਣ ਖਤਮ ਹੋ ਗਏ ਹਨ, ਪੰਜਾਬੀਆਂ ਦੀ ਨੌ-ਜਵਾਨੀ ਨਸ਼ਿਆਂ ਤੇ ਲੱਗ ਗਈ ਹੈ ਉਨ੍ਹਾਂ ਨੂੰ ਪੰਜਾਬੀ ਨੌ-ਜਵਾਨਾਂ ਨੇ ਵਿਖਾ ਦਿੱਤਾ ਕਿ ਅਜੇ ਪੰਜਾਬੀਆਂ ਦੀ ਅਣਖ, ਗੈਰਤ ਬਰ-ਕਰਾਰ ਹੈ ਅਤੇ ਜਵਾਨੀ ਛਾਲਾ ਮਾਰਦੀ ਹੈ। ਸਰਕਾਰ ਵੱਲੋਂ ਪੁੱਟੇ ਗਏ 20-20 ਫੁੱਟ ਦੇ ਟੋਏ ਪੰਜਾਬੀ ਨੌ-ਜਵਾਨਾਂ ਨੇ ਬੁੱਕਾਂ ਨਾਲ ਹੀ ਭਰ ਦਿੱਤੇ। ਪਹਾੜਾਂ ਵਰਗੇ ਵੱਡੇ-ਵੱਡੇ ਪੱਥਰ, ਜਿਹੜੇ ਸਰਕਾਰ ਨੇ ਜੇ.ਸੀ.ਬੀ. ਰਾਹੀਂ ਰਾਸਤੇ ਰੋਕਣ ਵਾਸਤੇ ਸੜਕਾਂ ਤੇ ਰੱਖੇ ਸੀ ਉਹ ਪੰਜਾਬੀ ਨੌ-ਜਵਾਨਾਂ ਨੇ ਹੱਥਾ ਨਾਲ ਰੋੜ ਕੇ ਪਾਸੇ ਕਰ ਦਿੱਤੇ। ਪੰਜਾਬੀਆਂ ਨੇ ਵਿਖਾ ਦਿੱਤਾ ਕਿ ਅਸੀਂ ਅੱਜ ਵੀ ਅਣਖ, ਗੈਰਤ, ਹੋਸਲੇ, ਹਿੰਮਤ ਅਤੇ ਤਾਕਤ ਵਾਲੇ ਹਾਂ। ਪੰਜਾਬੀਆਂ ਨੇ ਪੰਜਾਬੀਆਂ ਨੂੰ ਬਦਨਾਮ ਕਰਨ ਵਾਲਿਆਂ ਦੇ ਮੂੰਹ ਤੇ ਕਰਾਰੀ ਚਪੇੜ ਮਾਰੀ ਹੈ।
ਪੰਜਾਬੀ ਕਿਰਦਾਰ ਦੀ ਗੱਲ ਕਰੀਏ ਤਾਂ ਇਸ ਕਿਸਾਨ ਮੋਰਚੇ ਦੇ ਟਾਈਮ ਦਿੱਲੀ ਵਿੱਚ ਕਿਸੇ ਵੀ ਨੌਜਵਾਨ ਵੱਲੋਂ ਕੋਈ ਹੁਲੜਬਾਜੀ ਨਹੀਂ ਕੀਤੀ ਗਈ। ਕਿਸੇ ਧੀ-ਭੈਣ ਦੀ ਚੁੰਨੀ ਨਹੀਂ ਖਿੱਚੀ ਗਈ, ਕਿਸੇ ਦੁਕਾਨ ਨੂੰ ਅੱਗ ਨਹੀਂ ਲਾਈ ਗਈ, ਕਿਸੇ ਦੀ ਗੱਡੀ ਨਹੀਂ ਭੰਨੀ ਗਈ, ਕਿਸੇ ਦੀ ਕੁਟਮਾਰ ਨਹੀਂ ਕੀਤੀ ਗਈ। ਸਗੋਂ ਹਰੇਕ ਵਿਅਕਤੀ ਦੀ ਹਰੇਕ ਪ੍ਰਕਾਰ ਦੀ ਮੱਦਦ ਕੀਤੀ ਗਈ ਹੈ। ਜਿਨ੍ਹਾਂ ਪੁਲਿਸ ਵਾਲਿਆਂ ਨੇ ਪੰਜਾਬੀਆਂ ਤੇ ਡਾਗਾਂ ਵਰਾਈਆਂ, ਪੰਜਾਬੀਆਂ ਨੇ ਉਨ੍ਹਾ ਪੁਲਿਸ ਵਾਲਿਆਂ ਨੂੰ ਹੀ ਲੰਗਰ ਅਤੇ ਚਾਹ-ਪਾਣੀ ਪਿਲਾਇਆ। ਭਾਈ ਘਨ੍ਹਈਆ ਜੀ ਦੇ ਵਾਰਿਸ ਹੋਣ ਦਾ ਸਬੂਤ ਦਿੱਤਾ।
ਪੰਜਾਬ ਤੋਂ ਉੱਠੀ ਅਵਾਜ਼ ਨੇ ਪੂਰੇ ਭਾਰਤ ਦੇ ਕਿਸਾਨਾਂ ਨੂੰ ਦਿੱਲੀ ਦੇ ਬਾਡਰਾਂ ਤੇ ਆ ਬਿਠਾਇਆ। ਪੰਜਾਬ ਨੇ ਪੂਰੇ ਭਾਰਤ ਦੇ ਕਿਸਾਨਾਂ ਨੂੰ ਇਕ ਡੋਰ ਵਿੱਚ ਪਰੋ ਕੇ ਰੱਖ ਦਿੱਤਾ। ਸਰਕਾਰਾਂ ਨੇ ਕਿਸਾਨਾਂ ਨੂੰ ਕਦੇ ਖਾਲਿਸਤਾਨੀ, ਕਦੇ ਅੱਤਵਾਦੀ, ਵੱਖਵਾਦੀ ਆਖਦਿਆਂ ਕਿਸਾਨ ਮੋਰਚੇ ਨੂੰ ਫੇਲ੍ਹ ਕਰਨ ਲਈ ਹਰ ਹੱਥ ਕੰਡਾ ਅਪਣਾਇਆ। 26 ਜਨਵਰੀ ਨੂੰ ਲਾਲ ਕਿਲ੍ਹੇ ਤੇ ਹੋਈ ਘਟਨਾ ਵੀ ਸਰਕਾਰ ਦੀ ਸੋਚੀ ਸਮਝੀ ਸਾਜਿਸ ਹੀ ਜਾਪਦੀ ਹੈ ਜਿਸ ਦੇ ਤਹਿਤ ਕੁਝ ਨੋਜਵਾਨਾਂ ਨੂੰ ਉਕਸਾ ਕੇ ਤੇ ਵਰਗਲਾ ਕੇ ਹੁਲੜਵਾਜੀ ਕਰਵਾਉਣ ਦੀ ਕੋਸ਼ਿਸ ਕੀਤੀ ਗਈ ਪਰ ਸਰਕਾਰ ਇਥੇ ਵੀ ਆਪਣੇ ਮਨਸੂਬੇ ਵਿੱਚ ਕਾਮਯਾਬ ਨਹੀਂ ਹੋ ਸਕੀ। ਦ੍ਰਿੜ ਇਰਾਦੇ ਨਾਲ ਬੈਠੇ ਕਿਸਾਨਾਂ ਦੇ ਆਗੂਆਂ ਨੇ ਆਪਣੀ ਸੂਝ-ਬੂਝ ਨਾਲ ਇਸ ਮੁਸ਼ਕਿਲ ਦਾ ਹੱਲ ਕਰ ਲਿਆ। ਜਿਸ ਤਰ੍ਹਾਂ ਚਲਦੀ ਗੱਡੀ ਦੇ ਰਸਤੇ ਵਿੱਚ ਅਚਾਨਕ ਸਪੀਡ ਬਰੇਕਰ ਆ ਜਾਂਦਾ ਹੈ ਤੇ ਸੂਝਵਾਨ ਡਰਾਈਵਰ ਗੱਡੀ ਨੂੰ ਕੰਟਰੋਲ ਕਰਕੇ ਫਿਰ ਗੱਡੀ ਨੂੰ ਉਸੇ ਸਪੀਡ ਤੇ ਚਲਾ ਲੈਂਦਾ ਹੈ।
ਦਿੱਲੀ ਦਾ ਬਾਰਡਰ, ਕੜਾਕੇ ਦੀ ਠੰਢ ਤੇ ਠੰਡ! ਕਈ ਵਾਰ ਬਾਰਿਸ਼ ਨੇ ਵੀ ਆਪਣਾ ਰੰਗ ਵਿਖਾਇਆ ਪਰ ਸਿਦਕੀ ਯੋਧੇ ਡੋਲੇ ਨਹੀਂ, ਬਾਰਡਰਾਂ ਤੋਂ ਹਿਲੇ ਨਹੀਂ, ਲੱਖਾਂ ਦੀ ਗਿਣਤੀ ਵਿੱਚ ਟਰੈਕਟਰ ਅਤੇ ਹਜਾਰਾਂ ਗੱਡੀਆਂ, ਮੋਟਰਸਾਈਕਲ ਦਿੱਲੀ ਦੀਆਂ ਸੜਕਾਂ ਤੇ ਸਰਕਾਰ ਦੀ ਹਿੱਕ ਤੇ ਨੱਚਦੇ ਹੋਏ ਸਰਕਾਰ ਨੂੰ ਆਪਣੀ ਹਾਰ ਮੰਨਣ ਲਈ ਮਜਬੂਰ ਕਰ ਰਹੇ ਹਨ। ਕਿਸਾਨ ਸੰਘਰਸ਼ ਦੀ ਵੱਡੀ ਜਿੱਤ ਦਾ ਟੀਚਾ ਇੱਕ ਹੀ ਹੈ ਤਿੰਨੇ ਕਿਸਾਨ ਵਿਰੋਧੀ ਬਿੱਲ ਰੱਦ ਕਰਵਾਉਣਾ ਹੈ। ਜਿਸ ਦੇ ਜਰੀਏ ਅਸੀਂ ਆਪਣੀ ਪਹਿਚਾਣ ਤੇ ਹੋਂਦ ਨੂੰ ਬਚਾਉਣਾ ਹੈ ਅਤੇ ਕਾਰਪੋਰੇਟ ਘਰਾਣਿਆਂ ਦੀ ਗੁਲਾਮੀ ਤੋਂ ਨਿਜਾਤ ਪਾਉਣਾ ਹੈ। ਉਹ ਤਾਂ ਅਸੀਂ ਅਜੇ ਜਿੱਤਣ ਦੀਆਂ ਬਰੂਹਾਂ ਤੇ ਬੈਠੇ ਹਾਂ ਪਰ ਇਸ ਵੱਡੀ ਜਿੱਤ ਤੋਂ ਪਹਿਲਾ ਹੀ ਅਸੀਂ ਕਈ ਜੰਗਾਂ ਜਿੱਤ ਲਈਆਂ ਹਨ ਇਨ੍ਹਾਂ ਜਿੱਤਾ ਵਿੱਚ ਕਈ ਅਜਿਹੀਆਂ ਜਿੱਤਾ ਹਨ ਜਿਨ੍ਹਾਂ ਦੀ ਅਸੀਂ ਸ਼ਾਇਦ ਕਲਪਨਾ ਵੀ ਨਹੀਂ ਕੀਤੀ ਸੀ। ਜਿਵੇਂ ਕਿ ਦੁਨੀਆਂ ਭਰ ਦੇ ਲੋਕ ਮਨਾ ਵਿੱਚ ਪੰਜਾਬ ਦੇ ਨੋਜਵਾਨਾਂ ਬਾਰੇ ਗਲਤ ਧਾਰਨਾ ਬਣ ਚੁੱਕੀ ਸੀ ਕਿ ਇਹ ਗਾਇਕਾਂ ਦੇ ਭਗਤ ਹਨ, ਨਸ਼ੇੜੀ ਹਨ, ਵਿਹਲੜ, ਨਿਕੰਮੇ ਤੇ ਐਸ਼ ਪ੍ਰਸਤੀ ਜੋਗੇ ਹੀ ਹਨ।
ਇਸ ਮੋਰਚੇ ਨੇ ਪੰਜਾਬੀ ਨੋਜਵਾਨਾਂ ਦੇ ਇਸ ਕਲੰਕ ਨੂੰ ਮਿਟਾ ਦਿੱਤਾ ਹੈ। ਧਰਨਿਆਂ ਦੀ ਕਾਮਯਾਬੀ ਵਿੱਚ ਸਾਡੇ ਨੌਜਵਾਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਜਿਹੜੇ ਇਨ੍ਹਾਂ ਨੂੰ ਨਸ਼ਈ ਆਖਦੇ ਸੀ ਉਹ ਅੱਜ ਮੂੰਹ ਵਿੱਚ ਉਂਗਲਾਂ ਪਾਈ ਬੈਠੇ ਹਨ। ਇਹ ਨੋਜਵਾਨ ਕਿਧਰੇ ਲੰਗਰਾਂ ਵਿੱਚ ਸੇਵਾ ਕਰਦੇ ਦਿਸਦੇ ਹਨ ਅਤੇ ਕਿਧਰੇ ਆਪਣੇ ਬਜੂਰਗ ਲੀਡਰਾਂ ਨਾਲ ਬੈਠ ਕੇ ਰਣਨੀਤੀਆਂ ਬਣਾਉਂਦੇ ਵੇਖੇ ਜਾ ਸਕਦੇ ਹਨ। ਜਿਹੜੇ ਸਾਡੇ ਨੌਜਵਾਨਾਂ ਨੂੰ ਅਨਪੜ੍ਹ ਗਵਾਹ ਆਖਦੇ ਸੀ ਉਹ ਨੋਜਵਾਨਾਂ ਦੀ ਸਿਆਸੀ ਸੂਝ ਬੂਝ ਨੂੰ ਵੇਖਕੇ ਦੰਦਾਂ ਥੱਲੇ ਜੀਭਾਂ ਦੇਈ ਬੈਠੇ ਹਨ। ਇਹ ਵੀ ਵੱਡੀ ਜਿੱਤ ਤੋਂ ਪਹਿਲਾ ਦੀ ਇੱਕ ਜਿੱਤ ਹੈ।
ਦੂਸਰਾ ਅਸੀਂ ਆਪਸੀ ਭਾਈਚਾਰਕ ਸਾਂਝ ਨੂੰ ਜਿੱਤ ਲਿਆ। ਇਹ ਵੀ ਇੱਕ ਇਤਿਹਾਸਕ ਘਟਨਾ ਤੋਂ ਘੱਟ ਨਹੀਂ ਹੈ। ਜਿਹੜੇ ਭਰਾਵਾਂ ਨੂੰ ਕਦੇ ਸਮੇਂ ਦੀਆਂ ਸਰਕਾਰਾਂ ਨੇ ਕਦੇ ਪਾਣੀਆਂ ਦੀ ਲੜਾਈ ਤੇ ਕਦੇ ਹੱਦ ਬੰਨਿਆਂ ਦੀ ਲੜਾਈ ਵਿੱਚ ਉਲਝਾਇਆ ਹੋਇਆ ਸੀ। ਜਿਨ੍ਹਾਂ ਨੂੰ ਇਕ ਦੂਸਰੇ ਦੀ ਜਾਨ ਦੇ ਦੁਸ਼ਮਣ ਬਣਾ ਦਿੱਤਾ ਸੀ ਅੱਜ ਉਹੀ ਹਰਿਆਣਵੀ, ਪੰਜਾਬੀ ਭਰਾ ਇਕ ਦੂਸਰੇ ਲਈ ਜਾਨਾਂ ਵਾਰਨ ਲਈ ਤਿਆਰ ਬੈਠੇ ਹਨ। ਗੱਲ ਇੱਕਲੀ ਪੰਜਾਬ ਹਰਿਆਣਾ ਦੀ ਸਾਂਝ ਦੀ ਨਹੀਂ ਬਲਕਿ ਪੰਜਾਬ ਦੇ ਪਿੰਡਾਂ ਵਿੱਚ ਵੀ ਕਈ ਵੀਰ ਇਕ ਦੂਸਰੇ ਦੇ ਦੁਸ਼ਮਣ ਬਣੇ ਹੋਏ ਸੀ ਉਹ ਜਦੋ ਇੱਕਠੇ ਹੋਕੇ ਜਾਂ ਦਿੱਲੀ ਦੇ ਬਾਰਡਰਾਂ ਤੇ ਬੈਠ ਗਏ ਤਾਂ ਉਹੀ ਦੁਸ਼ਮਣ ਇਕ ਦੂਸਰੇ ਨੂੰ ਉਠਾ, ਉਠਾ ਕੇ ਚਾਹ ਪਿਲਾਉਦੇ ਦਿਸਦੇ ਹਨ। ਸਾਲਾਂ ਤੋਂ ਚੱਲੀਆਂ ਆ ਰਹੀਆਂ ਦੁਸ਼ਮਣ ਨੂੰ ਭੁਲਾ ਕੇ ਇਕੋ ਬਿਸਤਰ ਦਾ ਨਿੱਘ ਮਾਨ ਰਹੇ ਹਨ। ਇਹ ਵੀ ਸਾਡੀ ਵੱਡੀ ਜਿੱਤ ਹੈ। ਦਿੱਲੀ ਬਾਰਡਰ ਲਈ ਪਿੰਡੋਂ ਤੁਰੀ ਟਰਾਲੀ ਵਿੱਚ ਦੋ ਪਾਰਟੀਆਂ ਨਹੀਂ ਹਨ। ਸਗੋਂ ਪਾਰਟੀ ਬਾਜੀ ਤੋਂ ਉਪਰ ਉਠੇ ਨੇਕ ਇਨਸਾਨ ਹਨ। ਮਨ ਦੀਆਂ ਨਿੱਕੀਆਂ ਮੋਟੀਆਂ ਤਰੇੜਾਂ ਵੀ ਇਸ ਟਰਾਲੀ ਦੀ ਸਾਂਝ ਨੇ ਜੜ੍ਹਾਂ ਤੋਂ ਖਤਮ ਕਰ ਦਿੱਤੀਆਂ ਹਨ। ਆਪਸੀ ਗਿਲੇ ਸਿਕਵੇ ਦੂਰ ਹੋ ਗਏ।
ਇਸ ਕਿਸਾਨ ਅੰਦੋਲਣ ਨੇ ਸਾਨੂੰ ਸਮਝਾ ਦਿੱਤਾ ਹੈ ਕਿ ਆਪਣੀ ਹੋਂਦ ਗੁਆਚਣ ਤੋਂ ਬਚਾਉਣ ਲਈ ਇਸ ਅੰਦੋਲਨ ਦੀ ਲੜਾਈ ਤੋਂ ਵੱਡੀ ਹੋਰ ਕੋਈ ਲੜਾਈ ਨਹੀਂ ਹੈ। ਸਾਡੀ ਇਤਿਹਾਸਕ ਏਕਤਾ ਨੂੰ ਵੇਖ ਕੇ ਦੁਸ਼ਮਣ ਸਰਕਾਰ ਨੂੰ ਕਮਰਿਆਂ ਵਿੱਚ ਹੀਟਰ ਲਾ ਕੇ ਰਜਾਈਆਂ ਵਿੱਚ ਬੈਠਿਆਂ ਨੂੰ ਵੀ ਕੰਬਣੀਆਂ ਆਉਣ ਲਾ ਦਿੱਤੀਆਂ ਹਨ। ਇਹ ਸਾਡੀਆਂ ਜਿੱਤ ਤੋਂ ਪਹਿਲਾ ਦੀਆਂ ਜਿੱਤਾ ਹਨ।
ਪੰਜਾਬ ਅਤੇ ਹਰਿਆਣੇ ਦੀਆਂ ਧੀਆਂ ਨੇ ਵੀ ਇਸ ਜਨ ਅੰਦੋਲਨ ਵਿੱਚ ਆਪਸੀ ਏਕਤਾ ਦਾ ਸਬੂਤ ਦਿੱਤਾ ਅਤੇ ਵੱਧ ਤੋਂ ਵੱਧ ਜਨ ਅੰਦੋਲਨ ਵਿੱਚ ਸਮੂਲੀਅਤ ਕੀਤੀ। ਸਟੇਜਾਂ ਤੇ ਸ਼ੇਰਾਂ ਵਾਂਗ ਗਰਜਦੀਆਂ ਅਤੇ ਆਪਣੇ ਪਿਤਾ ਆਪਣੇ ਭਰਾਵਾਂ ਨਾਲ ਬਰਾਬਰ ਤੇ ਖੜ੍ਹਦੀਆਂ ਵੇਖ ਰਹੇ ਹਾਂ। ਪਹਿਲੇ ਦਿਨ ਤੋਂ ਲੈ ਕੇ ਮਹੀਨਿਆ ਤੱਕ ਚੱਲ ਰਹੇ ਇਸ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋਣ ਵਾਲਿਆਂ ਸਾਰੇ ਹੀ ਭੈਣਾ-ਭਰਾਵਾਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ!
ਪ੍ਰਮਾਤਮਾ ਕਰੇ ਇਹ ਕਿਸਾਨੀ ਸੰਘਰਸ਼ ਇਸੇ ਤਰ੍ਹਾਂ ਸਰਕਾਰ ਦੀਆਂ ਕੋਜੀਆਂ ਚਾਲਾਂ ਤੋਂ ਬਚਿਆ ਰਹੇ ਅਤੇ ਇਸ ਕਿਸਾਨੀ ਸੰਘਰਸ਼ ਵਿੱਚ ਸਾਮਿਲ ਸਾਡੇ ਭੈਣ, ਭਰਾਂ, ਦੋਸਤ ਮਿੱਤਰ ਜਲਦੀ ਹੀ ਇਤਿਹਾਸਕ ਜਿੱਤ ਨੂੰ ਜਿੱਤ ਕੇ ਸੁਖੀ ਸਾਂਦੀ ਆਪਣੇ ਘਰ ਨੂੰ ਪਰਤਣ। ਸ਼ਹੀਦ ਹੋਏ ਸਾਰੇ ਕਿਸਾਨ ਜੋਧਿਆਂ ਨੂੰ ਕੋਟਿ ਕੋਟਿ ਪ੍ਰਣਾਮ। ਪਹਿਲਾਂ ਕੜਾਕੇ ਦੀ ਠੰਡ ਵਿਚ ਅਤੇ ਹੁਣ ਅਤਿ ਦੀ ਗਰਮੀ ਵਿੱਚ ਮੋਰਚੇ ਤੇ ਬੈਠੇ ਹਰ ਕਿਸਾਨ, ਬੱਚੇ, ਬੀਬੀਆਂ ਨੂੰ ਸੋ-ਸੋ ਵਾਰ ਸੀਸ ਝੁਕਾਉਂਦੇ ਹੋਏ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਕਿਸਾਨੀ ਧਰਨੇ ਤੇ ਬੈਠੇ ਸਾਡੇ ਵੀਰ, ਸਾਡੀਆਂ ਭੈਣਾ, ਸਾਡੀਆਂ ਮਾਤਾਵਾ ਅਤੇ ਬਜੁਰਗ ਜਲਦੀ ਤੋਂ ਜਲਦੀ ਇਹ ਇਤਿਹਾਸਕ ਜਿੱਤ ਜਿੱਤਕੇ ਆਪਣੇ ਆਪਣੇ ਘਰਾਂ ਪਰਿਵਾਰਾਂ ਵਿੱਚ ਸੁੱਖੀ ਸਾਂਦੀ ਵਾਪਸ ਪਰਤਨ। ਵਾਹਿਗੁਰੂ ਸਾਰਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ !