ਅਮਰੀਕਾ ਦੇ ਡੇਟਨ ਗੁਰਦੁਆਰਾ ਵਿਖੇ ਬਾਬਾ ਗੁਰਦਿੱਤਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ, ਇਸ ਮੌਕੇ ਬਾਬਾ ਗੁਰਦਿੱਤਾ ਜੀ ਦੀ ਜੀਵਨੀ ਬਾਰੇ ਨਵ-ਪ੍ਰਕਾਸ਼ਿਤ ਪੁਸਤਕ ਵੀ ਰਲੀਜ਼ ਕੀਤੀ ਗਈ

ਡੇਟਨ 28 ਅਕਤੂਬਰ 2022 :ਅਮਰੀਕਾ ਦੇ ਓਹਾਇਹੋ ਸੂਬੇ ਦੇ ਪ੍ਰਸਿੱਧ ਸ਼ਹਿਰ ਡੇਟਨ ਦੇ ਸਿੱਖ ਸੁਸਾਇਟੀ ਆਫ਼ ਡੇਟਨ ਦੇ ਗੁਰਦੁਆਰਾ ਸਾਹਿਬ ਵਿਖੇ ਬਾਬਾ ਗੁਰਦਿੱਤਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਗੁਰਦੁਆਰੇ ਦੇ ਮੁੱਖ ਗ੍ਰੰਥੀ ਭਾਈ ਹੇਮ ਸਿੰਘ ਦੇ ਜੱਥੇ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ। ਇੰਡੀਅਨ ਐਪਲਿਸ ਤੋਂ ਆਏ ਭਾਈ ਮਨਜੀਤ ਸਿੰਘ ਨੇ ਰਾਗਾਂ ਵਿੱਚ ਕੀਰਤਨ ਕੀਤਾ ਤੇ ਬਾਬਾ ਗੁਰਦਿੱਤਾ ਜੀ ਦੇ ਜੀਵਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਭਾਈ ਜਸਵਿੰਦਰ ਸਿੰਘ, ਭਾਈ ਬਲਵਿੰਦਰ ਸਿੰਘ ਤੇ ਭਾਈ ਲਖਵਿੰਦਰ ਸਿੰਘ ਦੇ ਢਾਡੀ ਜੱਥੇ ਨੇ ਬਾਬਾ ਗੁਰਦਿੱਤਾ ਜੀ ਦੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਤਬਲੇ ਦੀ ਸੇਵਾ ਸ. ਜਤਿਨ ਸਿੰਘ ਤੇ ਕਰਨਵੀਰ ਸਿੰਘ ਨੇ ਨਿਭਾਈ। ਬੱਚਿਆਂ ਵਲੋਂ ਕੀਰਤਨ ਗਾਇਨ ਕੀਤਾ ਗਿਆ।
ਬਾਬਾ ਗੁਰਦਿੱਤਾ ਜੀ ਸ੍ਰੀ ਗਰੂੁ ਹਰਿਗੋਬਿੰਦ ਸਾਹਿਬ ਦੇ ਸਭ ਤੋਂ ਵੱਡੇ ਸਪੁੱਤਰ, ਸੱਤਵੇਂ ਗੁਰੂ ਸ੍ਰੀ ਹਰਿ ਰਾਇ ਜੀ ਦੇ ਪਿਤਾ ਅਤੇ ਨੌਵੇਂ ਪਾਤਸ਼ਾਹ ਸ੍ਰੀਂ ਗੁਰੂ ਸ੍ਰੀ ਤੇਗ ਬਹਾਦਰ ਸਾਹਿਬ ਜੀ ਦੇ ਵੱਡੇ ਭਰਾ ਸਨ।ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਉਨ੍ਹਾਂ ਦੇ ਪੜਦਾਦਾ ਤੇ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਉਨ੍ਹਾਂ ਦੇ ਦਾਦਾ ਸਨ ।ਉਨ੍ਹਾਂ ਦਾ ਜਨਮ 15 ਨਵੰਬਰ 1613 ਈ.ਨੂੰ ਡਰੋਲੀ ਭਾਈ ਜਿਲ੍ਹਾ ਫਿਰੋਜਪੁਰ ਵਿਚ ਹੋਇਆ।ਇਸ ਮੌਕੇ ‘ਤੇ ਉਨ੍ਹਾਂ ਦੀ ਜੀਵਨੀ ਬਾਰੇ ਕੁਲਦੀਪ ਸਿੰਘ ਕਾਮਿਲ ਤੇ ਡਾ. ਚਰਨਜੀਤ ਸਿੰਘ ਗੁਮਟਾਲਾ ਦੀ ਲਿਖੀ ਪੁਸਤਕ ‘ਬਾਬਾ ਗੁਰਦਿੱਤਾ ਜੀ’ ਰਲੀਜ ਕੀਤੀ ਗਈ, ਜੋ ਕਿ ਪੰਜਾਬੀ ਵਿਰਸਾ ਟਰੱਸਟ (ਰਜਿ.) ਫਗਵਾੜਾ (ਕਪੂਰਥਲਾ) ਵਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਪੁਸਤਕ ਬਾਰੇ ਸੰਖੇਪ ਜਾਣਕਾਰੀ ਪ੍ਰੋ. ਤਰਲੋਚਨ ਸਿੰਘ ਸੰਧਾਵਾਲੀਆ ਨੇ ਦਿੱਤੀ। ਪ੍ਰਸਿੱਧ ਪੱਤਰਕਾਰ ਗੁਰਮੀਤ ਪਲਾਈ ਦਾ ਇਸ ਪੁਸਤਕ ਨੂੰ ਛਪਵਾਉਣ ਵਿਚ ਵਿਸ਼ੇਸ਼ ਯੋਗਦਾਨ ਰਿਹਾ।ਡੇਟਨ ਤੋਂ ਇਲਾਵਾ ਸਿਨਸਿਨਾਟੀ, ਹੋਰਨਾਂ ਸੂਬਿਆਂ ਅਤੇ ਕਨੇਡਾ ਤੋਂ ਵੀ ਸੰਗਤ ਨੇ ਵੀ ਇਸ ਦੀਵਾਨ ਵਿਚ ਹਾਜਰੀ ਭਰੀ। ਸਪਰਿੰਗਫੀਲਡ ਦੇ ਉਘੇ ਕਾਰੋਬਾਰੀ ਅਵਤਾਰ ਸਿੰਘ ਜੋ ਕਿ ਪਿੰਡ ਲੁਹਾਰਾਂ ਜ਼ਿਲ੍ਹਾ ਜਲੰਧਰ ਦੇ ਜੰਮਪਲ ਹਨ, ਜਿੱਥੇ ਬਾਬਾ ਗੁਰਦਿੱਤਾ ਜੀ ਦੀ ਚਰਨਸ਼ੋਹ ਪ੍ਰਾਪਤ ਗੁਰਦੁਆਰਾ ਹੈ ,ਦੇ ਪ੍ਰਵਾਰ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 1993 ਤੋਂ ਇਹ ਦਿਹਾੜਾ ਹਰ ਸਾਲ ਮਨਾਇਆ ਜਾ ਰਿਹਾ। ਅਵਤਾਰ ਸਿੰਘ ਵਲੋਂ ਗੁਰਦਆਰੇ ਦੀ ਪ੍ਰਬੰਧਕ ਕਮੇਟੀ, ਸਮੂਹ ਸੇਵਾਦਾਰਾਂ ਅਤੇ ਸੰਗਤ ਦਾ ਧੰਨਵਾਦ ਕੀਤਾ। ਫੋਟੋਗ੍ਰਾਫਰੀ ਦੀ ਸੇਵਾ ਸੁਨੀਲ ਮੱਲੀ ਨੇ ਨਿਭਾਈ। ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ।

Geef een reactie

Het e-mailadres wordt niet gepubliceerd. Vereiste velden zijn gemarkeerd met *