ਜਦ ਬਾਹਰ ਜਾਣ ਦੇ ਦਰਵਾਜ਼ੇ ਬੰਦ ਹੋ ਚੁੱਕੇ ਹਨ। ਖੌਫ ਦਾ ਮਾਹੌਲ ਬਣ ਚੁੱਕਾ ਹੈ। ਹਰ ਕੋਈ ਡਰਿਆ ਹੋਇਆ ਹੈ ਤੇ ਘਰ ਦੀ ਚਾਰ ਦੀਵਾਰੀ ਵਿੱਚ ਰਹਿਣ ਲਈ ਮਜ਼ਬੂਰ ਹੈ। ਤਾਂ ਇਹ ਢੁੱਕਵਾਂ ਸਮਾਂ ਹੈ ਕਿ ਅਸੀਂ ਸਵੈ-ਚਿੰਤਨ ਕਰੀਏ। ਬਹੁਤ ਸਾਰੇ ਮਸਲੇ ਵਿਚਾਰਨ ਵਾਲੇ ਹਨ, ਜਿੰਨ੍ਹਾਂ ਲਈ ਅਸੀਂ ਸਮਾਂ ਹੀ ਨਹੀਂ ਕੱਢ ਪਾਉਂਦੇ ਸੀ।ਆਪਣੇ ਬੱਚਿਆਂ, ਪਤੀ-ਪਤਨੀ ਅਤੇ ਮਾਤਾ-ਪਿਤਾ ਆਦਿ ਉਹਨਾਂ ਦੀ ਕਿੰਨੀਆਂ ਹੀ ਗੱਲਾਂ ਹੋਣਗੀਆਂ ਜਿਹੜੀਆਂ ਅਣ-ਕਹੀਆਂ ਰਹਿ ਗਈਆਂ ਹੋਣਗੀਆਂ।ਜਿੰਨ੍ਹਾਂ ਨੂੰ ਸੁਣਨ ਲਈ ਅੱਗੇ ਸਾਡੇ ਪਾਸ ਸਮਾਂ ਨਹੀਂ ਹੋਵੇਗਾ। ਹੁਣ ਸਮਾਂ ਹੈ, ਬੱਚੇ ਆਪਣੇ ਦਾਦਾ-ਦਾਦੀ ਕੋਲ ਬੈਠਣ ਅਤੇ ਉਹਨਾਂ ਦੇ ਤਜ਼ਬਿਆਂ ਤੋਂ ਸਿੱਖਣ। ਟੁੱਟੀਆਂ ਗੰਢੀਆਂ ਜਾਣਗੀਆਂ। ਸੋਚੀਏ-ਵਿਚਾਰੀਏ ਪਤਾ ਲੱਗੇਗਾ ਕਿ ਕਿੰਨੇ ਹੀ ਰਿਸ਼ਤੇ ਅਸੀਂ ਐਂਵੇ ਹੀ ਗੁਆ ਲਏ। ਕਿੰਨਿਆਂ ਦਾ ਦਿਲ ਦੁਖਾਇਆ।
ਇਹੀ ਢੁਕਵਾਂ ਸਮਾਂ ਹੋਵੇਗਾ।ਆਪਣੇ ਅੰਦਰ ਦੀ ਯਾਤਰਾ ਸ਼ੁਰੂ ਕਰੀਏ। ਦੇਖੀਏ ਅੱਜ ਦੀ ਸਥਿਤੀ ਵਿੱਚ ਅਸੀਂ ਕਿਵੇਂ ਪਹੁੰਚ ਗਏ ਹਾਂ। ਕਿਹੜੀਆਂ ਗਲਤੀਆਂ ਸਾਡੇ ਦੁਆਰਾ ਕੀਤੀਆਂ ਗਈਆਂ।ਜਿੰਨ੍ਹਾਂ ਕਾਰਨ ਅਸੀਂ ਅਜੋਕੀ ਹਾਲਤ ਵਿੱਚ ਹਾਂ। ਸਾਡੀ ਤਾਕਤ, ਸਮਰੱਥਾ ਅਤੇ ਦੌਲਤ ਦੀ ਅੱਜ ਕੀ ਕੀਮਤ ਹੈ।ਕੌਣ ਸਾਡੇ ਨਾਲ ਹੈ, ਕੌਣ ਦੂਰ। ਆਪਣੀ ਜੀਵਨ-ਸ਼ੈਲੀ ਨੂੰ ਵਿਚਾਰੀਏ। ਕੀ ਅਸੀਂ ਇਕ ਮਨੁੱਖ ਦੀ ਤਰ੍ਹਾਂ ਜੀਅ ਰਹੇ ਹਾਂ? ਇਹ ਸਵਾਲ ਸਾਨੂੰ ਆਪਣੇ ਆਪ ਨੂੰ ਕਰਨਾ ਚਾਹੀਦਾ। ਮਨੁੱਖ ਨੂੰ ਮਨੁੱਖ ਹੋਣ ਦਾ ਫਰਜ਼ ਅਦਾ ਕਰਨ ਦੀ ਲੋੜ ਹੈ। ਕੁਦਰਤ ਦੀ ਅਮੋਲ ਨਿਆਮਤਾਂ ਨੂੰ ਅਸੀਂ ਕਿਵੇਂ ਰੋਲਿਆ ਇਸ ‘ਤੇ ਵੀ ਵਿਚਾਰ ਕਰੀਏ। ਕੀ ਅਸੀਂ ਕੁਦਰਤ ਨਾਲ ਸੰਤੁਲਨ ਬਣਾ ਕੇ ਚੱਲੇ? ਬਹੁਤ ਕੁਝ ਮਿਲੇਗਾ ਜਿਸ ਬਾਰੇ ਤੁਸੀਂ ਸੋਚ ਸਕਦੇ ਹੋ। ਆਪਣੀ ਬੀਤੀ ਜ਼ਿੰਦਗੀ ਵਿੱਚ ਕੀ ਖੱਟਿਆ। ਕਿੰਨਿਆਂ ਨੂੰ ਨਰਾਜ਼ ਕੀਤਾ, ਕਿੰਨਿਆਂ ਦਾ ਦਿਲ ਦੁਖਾਇਆ ਫਿਰ ਉਹਨਾਂ ਨਾਲ ਕੀ ਬੀਤੀ ਇਹ ਸਭ ਜਾਣਨ ਦਾ ਸਮਾਂ ਹੈ। ਖ਼ੁਸ਼ੀਆਂ ਦੇ ਕਿੰਨੇ ਬੂਟੇ ਲਾਏ ਅਤੇ ਕਿੰਨਿਆਂ ਨੂੰ ਹੱਸ ਕੇ ਮਿਲੇ। ਆਪਣੇ ਸੁਆਰਥ ਬਾਰੇ ਸੋਚੋ ਜਿਸ ਕਾਰਨ ਧੋਖਾ ਅਤੇ ਵਿਸ਼ਵਾਸ਼ਘਾਤ ਕੀਤਾ। ਅੱਜ ਸਾਡੇ ਕੋਲ ਕੀ ਹੈ? ਕੀ ਸਮਰੱਥਾ ਹੈ? ਕਿੱਥੇ ਖੜੇ ਹਾਂ?
ਆਪਣੇ ਅੰਦਰ ਝਾਤ ਮਾਰੀਏ। ਕੀ ਆਪਣੇ ਕੀਤੇ ਨਾਲ ਖੁਸ਼ ਹਾਂ? ਆਪਣੇ ਅੰਦਰਲੇ ਇਨਸਾਨ ਨਾਲ ਅੱਖ ਮਿਲਾ ਕੇ ਦੇਖੋ। ਅੱਖ ਨਹੀਂ ਮਿਲਦੀ ਤਾਂ ਖੋਟ ਹੈ। ਜਿਹੜੀਆਂ ਠੱਗੀਆਂ ਮਾਰੀਆਂ ਉਹਨਾਂ ਲਈ ਪਛਤਾਪ ਕਰੋ। ਸਭ ਤੋਂ ਜ਼ਰੂਰੀ ਆਪਣੇ ਮਨੁੱਖਤਵ ਨੂੰ ਸੁਰਜੀਤ ਰੱਖੋ। ਅਜਿਹੇ ਸਮੇਂ ਵਿੱਚ ਤਾਂ ਲਾਲਚੀ ਨਾ ਬਣੋ। ਜ਼ਰੂਰਤ ਅਨੁਸਾਰ ਹੀ ਖਰੀਦ-ਦਾਰੀ ਕਰੋ। ਸਾਂਝਾਂ ਲਈ ਖੜ੍ਹੋ, ਇਕ-ਦੂਜੇ ਨੂੰ ਪਿਆਰ ਕਰੋ। ਕੀਤੇ ਗੁਨਾਹਾਂ ਲਈ ਮਾਫੀ ਮੰਗੋ, ਭਾਰ ਲੱਥ ਜਾਏਗਾ,ਅੰਦਰ ਹੌਲਾ ਹੋ ਜਾਏਗਾ। ਦੁਆ ਕਰੋ ਕਿ ਪ੍ਰਮਾਤਮਾ ਸਾਨੂੰ ਇਸ ਮਹਾਂਮਾਰੀ ਤੋਂ ਬਚਾਏ ਅਤੇ ਵਾਧਾ ਕਰੋ ਕਿ ਅੱਗੇ ਤੋਂ ਅਸੀਂ ਮਨੁੱਖ ਹੋ ਕੇ ਜੀਵਾਂਗੇ….।
ਵਿਕਰਮਜੀਤ ਸਿੰਘ ਤਿਹਾੜਾ