ਹੇਲਸਿੰਕੀ 30 ਅਪ੍ਰੈਲ (ਵਿੱਕੀ ਮੋਗਾ) ਫ਼ਿੰਨਲੈਂਡ ਦੀ ਪ੍ਰਧਾਨ ਮੰਤਰੀ ਸਾਨਾ ਮਾਰਿਨ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ 14 ਮਈ ਤੋਂ ਫਿਨਲੈਂਡ ਦੇ ਪ੍ਰਾਇਮਰੀ ਸਕੂਲਾਂ ਨੂੰ ਦੋਬਾਰਾ ਖੋਲਿਆ ਜਾਵੇਗਾ। ਸਾਨਾ ਨੇ ਦੱਸਿਆ ਕਿ ਸਿੱਖਿਆ ਅਤੇ ਸਭਿਆਚਾਰ ਮੰਤਰਾਲੇ, ਸਿਹਤ ਅਤੇ ਭਲਾਈ ਵਿਭਾਗ ਨਾਲ ਗੱਲਬਾਤ ਕਰਨ ਤੋਂ ਬਾਤ ਫਿਨਲੈਂਡ ਦੇ ਪ੍ਰਾਇਮਰੀ ਸਕੂਲ ਨਵੇਂ ਪ੍ਰਬੰਧਾਂ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੋਲ੍ਹੇ ਜਾਣਗੇ। ਹਾਲਾਂਕਿ ਫ਼ਿੰਨਲੈਂਡ ਦੀ ਜ਼ਿਆਦਾਤਰ ਜਨਤਾ ਨੇ ਇਸ ਬਿਆਨ ਨੂੰ ਸਰਕਾਰ ਦਾ ਸਹੀ ਫ਼ੈਸਲਾ ਨਹੀਂ ਕਿਹਾ ਹੈ। ਪਰ ਸਿਹਤ ਅਧਿਕਾਰੀਆਂ ਦਾ ਵਿਚਾਰ ਹੈ ਕਿ ਇਸ ਤਰ੍ਹਾਂ ਸਕੂਲ ਖੋਲ੍ਹਣਾ ਵਿਦਿਆਰਥੀਆਂ ਅਤੇ ਸਟਾਫ ਦੋਵਾਂ ਲਈ ਸੁਰੱਖਿਅਤ ਹੈ, ਉਦਾਹਰਣ ਦੇ ਲਈ ਸਕੂਲ ਨੂੰ ਦੋ ਸ਼ਿਫਟਾਂ ਵਿੱਚ ਪ੍ਰਬੰਧ ਕੀਤਾ ਜਾ ਸਕਦਾ ਹੈ ਤਾਂ ਜੋ ਛੋਟੇ ਬੱਚੇ ਸਵੇਰੇ ਸਕੂਲ ਵਿੱਚ ਹੋਣ ਵੱਡੇ ਬੱਚੇ ਅਤੇ ਦੁਪਹਿਰ ਵੇਲੇ। ਪਰ ਐਜੂਕੇਸ਼ਨ ਟ੍ਰੇਡ ਯੂਨੀਅਨ ਓਏਜੇ ਨੇ ਸਕੂਲ ਖੋਲ੍ਹਣ ਦਾ ਵਿਰੋਧ ਕੀਤਾ ਹੈ। ਫ਼ਿਲਹਾਲ ਸਰਕਾਰ ਨੇ ਪ੍ਰਾਇਮਰੀ ਸਕੂਲ ਖੋਲਣ ਦਾ ਫ਼ੈਸਲਾ ਲਿਆ ਹੈ ਪਰ ਬਾਅਦ ਵਿਚ ਸੈਕੰਡਰੀ ਅਤੇ ਉੱਚ ਸਿੱਖਿਆ ‘ਤੇ ਪਾਬੰਦੀਆਂ ਬਾਰੇ ਵਿਚਾਰ ਕਰੇਗੀ। ਫ਼ਿੰਨਲੈਂਡ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ ਤਕਰੀਬਨ 5000 ਕੇਸ ਸਾਹਮਣੇ ਆਏ ਹਨ ਅਤੇ 211 ਮੌਤਾਂ ਹੋ ਚੁੱਕੀਆਂ ਹਨ ਜਿਥੇ 3000 ਕੇਸ ਠੀਕ ਵੀ ਹੋ ਚੁੱਕੇ ਹਨ।