ਚੜ੍ਹਦੀ ਕਲਾ ਐਨ ਆਰ ਆਈ ਸਪੋਰਟਸ਼ ਕਲੱਬ ਬੈਲਜ਼ੀਅਮ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੰਜਾਬ ਦੇ ਉੱਘੇ ਕਬੱਡੀ ਖਿਡਾਰੀ ਅਰਵਿੰਦਰਜੀਤ ਸਿੰਘ ਪੱਡੇ ਦਾ ਪਿਛਲੇ ਦਿਨੀ ਇੱਕ ਸਿਰਫਿਰੇ ਪੁਲਿਸੀਏ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਕਤਲ ਦੀ ਵਿਦੇਸਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਵਿੱਚ ਚਰਚਾ ਜੋਰਾਂ ਤੇ ਹੈ ਕਿਉਕਿ ਕੁੱਝ ਦਿਨ ਪਹਿਲਾਂ ਇੱਕ ਪੁਲਿਸ ਮੁਲਾਜ਼ਮ ਦੇ ਵੱਢੇ ਹੱਥ ਨੂੰ ਲੈ ਸਾਰਾ ਸਰਕਾਰੀ ਤੰਤਰ ਸਾਹੋ-ਸਾਹ ਹੋਇਆ ਇੱਕਜੁੱਟ ਹੋ ਗਿਆ ਸੀ ਪਰ ਮਾਪਿਆਂ ਦੇ ਬੇਕਸੂਰ ਇੱਕਲੌਤੇ ਪੁੱਤ ਦੇ ਇੱਕ ਭੂਤਰੇ ਪੁਲਿਸ ਮੁਲਾਜ਼ਮ ਹੱਥੋ ਮਾਰੇ ਜਾਣ ਤੇ ਉਹੀ ਮਹਿਕਮਾਂ ਬੇਸ਼ਰਮੀ ਭਰੀ ਚੁੱਪ ਧਾਰੀ ਬੈਠਾ ਹੈ। ਬੈਲਜ਼ੀਅਮ ਦੇ ਚੜ੍ਹਦੀ ਕਲਾ ਐਨ ਆਰ ਆਈ ਸਪੋਰਟਸ ਕਲੱਬ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਕਿਹਾ ਕਿ ਉਹ ਛੋਟੀ ਉਮਰੇ ਸਰਕਾਰੀ ਅੱਤਵਾਦ ਦੀ ਭੇਟ ਚੜ੍ਹ ਗਏ ਇਸ ਚੋਟੀ ਦੇ ਕਬੱਡੀ ਖਿਡਾਰੀ ਦੇ ਕਤਲ ਦੀ ਨਿੰਦਾਂ ਕਰਦੇ ਹਨ ਤੇ ਉਮੀਦ ਕਰਦੇ ਹਨ ਕਿ ਮੌਜੂਦਾ ਪੰਜਾਬ ਸਰਕਾਰ ਇਸ ਕਾਤਲ ਨੂੰ ਸਰਕਾਰੀ ਸਰਪ੍ਰਸਤੀ ਦੇਣ ਦੀ ਬਜਾਏ ਬਣਦੀ ਸਜ਼ਾ ਜਰੂਰ ਦੇਵੇਗੀ। ਕਲੱਬ ਆਗੂਆਂ ਦਾ ਕਹਿਣਾ ਹੈ ਕਿ ਇਹ ਨੌਜਵਾਨ ਦੋ ਵਾਰ ਸਾਡੇ ਕਲੱਬ ਵੱਲੋਂ ਖੇਡ ਚੁੱਕਾ ਹੈ ਜੋ ਬਹੁਤ ਹੀ ਨਿੱਘੇ ਅਤੇ ਮਿਲਾਪੜੇ ਸੁਭਾਅ ਦਾ ਮਾਲਕ ਸੀ ਜੋ ਪਿਛਲੇ 15 ਸਾਲਾਂ ‘ਤੋਂ ਮੰਜੇ ਤੇ ਪਏ ਬਿਮਾਰ ਪਿਤਾ ਦੇ ਬੁਢਾਪੇ ਦੀ ਇੱਕੋ-ਇੱਕ ਡੰਗੋਰੀ ਸੀ। ਕਲੱਬ ਆਗੂਆਂ ਦਾ ਕਹਿਣਾ ਹੈ ਕਿ ਉਹ ਵਿਛੜੇ ਗਏ ਇਸ ਹੋਣਹਾਰ ਕਬੱਡੀ ਖਿਡਾਰੀ ਦੇ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੁੰਦੇ ਹੋਏ ਪਰਿਵਾਰ ਦੀ ਹਰ ਸੰਭਵ ਮੱਦਦ ਕਰਨਗੇ।