ਦੁੱਖ਼ਾਂ ਭਰੀ ਨਾ ਮੁੱਕੇ ਰਾਤ

                  ਅੱਖੀਆਂ ਵਿਚ ਨਾ ਨੀਂਦਰ ਆਵੇ
                  ਦੁੱਖਾਂ ਭਰੀ ਨਾ  ਮੁੱਕੇ ਰਾਤ । 
                  ਹਿਜ਼ਰ ਦੀ ਬੇੜੀ,ਇਸ਼ਕ ਦਾ ਚੱਪੂ
                  ਉਡੀਕ ਰਹੇ ਸੋਹਣੀ ਪਰਭਾਤ


                  ਮੋਤੀ ਬਣ -ਬਣ ਡਿੱਗਦੇ ਹੰਝੂ
                  ਨੈਣਾਂ  ਦੀ  ਹੁੰਦੀ  ਬਰਸਾਤ।
                  ਸੱਜਣਾਂ  ਬਾਝ  ਹਨੇਰਾ  ਜਾਪੇ
                  ਸੱਜਣ ਨਾ ਜਦ ਮਾਰਨ ਝਾਤ।


                  ਦੋ ਦਿਲ ਜਦ ਵੀ ਮਿਲ ਜਾਂਦੇ
                  ਪੁੱਛਣ ਨਾ ਉਹ ਕਿਸੇ ਦੀ ਜਾਤ।
                  ਟੁੱਟਣ ਜਾਤ- ਪਾਤ ਦੇ ਬੰਧਨ
                  ਇਸ਼ਕ ਹੈ ਰੱਬ ਦੀ ਦਿੱਤੀ ਦਾਤ।


                  ਦੋ ਨੈਣ ਜਦ ਚਾਰ ਹੋ ਜਾਵਣ,
                  ਪ੍ਰੇਮ-ਪਿਆਰ ਦੀ ਪਾਉਂਦੇ ਬਾਤ।
                  ਜ਼ਿੰਦਗੀ ਵਿਚ ਤਾਂ ਗਿਫ਼ਟ ਬੜੇ ਨੇ
                  ਪਿਆਰ ਜਿਹੀ ਨਾ ਕੋਈ ਸੁਗਾਤ।


                  ਜੰਗ ਜਨੂਨੀਂ ਖ਼ਤਮ ਹੋ ਜਾਂਦੀ,
                  ਸਾਂਝਾਂ ਦੀ ਜੇ ਪਾਈਏ ਬਾਤ।
                  ਦਿਲ ਮਿਲੇ ਤਾਂ ਮੁਰਸ਼ਦ ਮਿਲਦਾ,
                  ਕੈਸੀ ਕੁਦਰਤ ਦੀ ਕਰਾਮਾਤ।


                  ਧਰਮ- ਕਰਮ ਦੇ ਰਿਸ਼ਤੇ ਅੰਦਰ,
                  ਦੋਵਾਂ ਦਿਲਾਂ ਦੀ ਇਕੋ ਚਾਹਤ।
                  ਭਾਈ, ਪੰਡਤ, ਮੁੱਲਾਂ ਜੀ  ਦੇ,
                  ਬਦਲੇ ਨੇ ਕਈ ਵਾਰ ਹਾਲਾਤ।


                  ਐ ਸੁੱਤੇ ਲੋਕੋ ! ਤੁਸੀਂ ਵੀ ਜਾਗੋ,
                  ਮੰਨ ਮੰਦਰ ਵਿਚ ਮਾਰੋ ਝਾਤ।
                  “ਸੁਹਲ” ਜਨੂਨੀਂ ਝਗੜੇ ਛੱਡੋ,
                  ਫੜੀਏ ਸਾਂਝੀ  ਕਲਮ ਦਵਾਤ।


                 ਮਲਕੀਅਤ “ਸੁਹਲ”

Geef een reactie

Het e-mailadres wordt niet gepubliceerd. Vereiste velden zijn gemarkeerd met *