ਭਰੇ ਕਾਸੇ ਭਰੀ ਜਾਂਦੈ।
ਖ਼ੁਦਾ ਵੀ ਕੀ ਕਰੀ ਜਾਂਦੈ?
ਬੜਾ ਹੈ ਡਰ ਕਰੋਨਾ ਦਾ,
ਕਿ ਘਰ ਘਰ ਤੋਂ ਡਰੀ ਜਾਂਦੈ।
ਸੁਣਾਵੇ ਦਰਦ ਦਿਲ ਦਾ ਉਹ,
ਸ਼ਰੋਤਾ ਮਨ ਭਰੀ ਜਾਂਦੈ।
ਉਹ ਜਿੱਤੇਗਾ ਕਿਵੇਂ ਦੁਨੀਆਂ,
ਜੋ ਖ਼ੁਦ ਤੋਂ ਹੀ ਹਰੀ ਜਾਂਦੈ।
ਗਰੀਬਾਂ ਦੇ ਹੀ ਮੂੰਹ “ਤੇ ਕਿਉਂ,
ਸਮਾਂ ਥੱਪੜ ਧਰੀ ਜਾਂਦੈ।
ਆ ਵੇਖੋ! ਸਾਗਰਾਂ “ਤੇ ਹੀ,
ਇਹ ਬੱਦਲ ਫਿਰ ਵਰੀ ਜਾਂਦੈ।
ਜ਼ਰੂਰਤ ਕੀ ਹੈ ਬੋਲਣ ਦੀ,
ਜੇ ਰਹਿ ਕੇ ਚੁੱਪ ਸਰੀ ਜਾਂਦੈ।
ਬੜਾ ਭੁੱਖਾ ਜਿਹਾ ਹਾਕਮ,
ਜੋ ਲੱਭੇ ਸਭ ਚਰੀ ਜਾਂਦੈ।
ਬਿਸ਼ੰਬਰ ਅਵਾਂਖੀਆ
ਗ਼ਜ਼ਲ
ਪੈਰ ਅਗਾਂਹ ਨੂੰ ਧਰਿਆ ਜਾਵੇ।
ਉੱਠ ਮਨਾਂ ਕੁੱਝ ਕਰਿਆ ਜਾਵੇ।
ਰਾਹ ਦੇ ਕੰਕਰ, ਟੋਏ, ਟਿੱਬੇ,
ਮੰਜਿਲ ਲਈ ਸਭ ਜਰਿਆ ਜਾਵੇ।
ਆਪਣੇ ਦੇਸ਼ ਲਈ ਮਰਨੇ ਦਾ,
ਦਿਲ ਵਿੱਚ ਜਜ਼ਬਾ ਭਰਿਆ ਜਾਵੇ।
ਲਹਿਰਾਂ ਦੇ ਵਿੱਚ ਡੁੱਬਣ ਨਾਲੋਂ,
ਹਿੰਮਤ ਕਰਕੇ ਤਰਿਆ ਜਾਵੇ।
ਅੱਤ ਦੀ ਧੁੱਪ ਵਿਚ ਮਾਂ ਨੂੰ ਚੇਤੇ
ਕਰਕੇ ਥੋੜ੍ਹਾ ਠਰਿਆ ਜਾਵੇ।
ਬਿਸ਼ੰਬਰ ਅਵਾਂਖੀਆ