ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਭਾਰਤ ਸਰਕਾਰ ਵੱਲੋਂ ਕਿਸਾਨਾਂ-ਮਜਦੂਰਾਂ ਤੇ ਥੋਪੇ ਤਿੰਨ ਕਾਲੇ ਕਾਂਨੂੰਨਾ ਦੇ ਵਿਰੋਧ ਵਿੱਚ ਜਿੱਥੇ ਪੰਜਾਬ-ਹਰਿਆਣਾ ਦੇ ਕਿਸਾਨ-ਮਜਦੂਰ ਦਿੱਲੀ ਘੇਰੀਂ ਬੈਠੇ ਹਨ ਉਥੇ ਪ੍ਰਦੇਸੀਂ ਵਸਦਾ ਪੰਜਾਬੀ ਭਾਈਚਾਰਾ ਵੀ ਤਨੋ-ਮਨੋ ਅਤੇ ਧਨੋ ਅਪਣਾ ਯੋਗਦਾਨ ਪਾ ਰਿਹਾ ਹੈ। ਵਿਦੇਸਾਂ ਵਿੱਚ ਬਹੁਤ ਸਾਰੇ ਜਾਗਦੀ ਜਮੀਰ ਵਾਲੇ ਲੋਕਾਂ ਨੇ ਭਾਰਤੀ ਹਕੂਮਤ ਦੇ ਇਸ ਅੜੀਅਲ ਰਵਈਏ ਵਿਰੁੱਧ ਭਾਰਤੀ ਦੂਤਘਰਾਂ ਅੱਗੇ ਵੱਡੇ ਮੁਜਾਹਰੇ ਕੀਤੇ ਹਨ ਅਤੇ ਕਰ ਰਹੇ ਹਨ। ਅਮਰੀਕਾ ਦੇ ਸ਼ਹਿਰ ਸੈਨ ਫ਼ਰਾਸਿਸਕੋ ਵਿੱਚਲੇ ਸਿੱਖ ਤਾਂ ਵਧਾਈ ਦੇ ਪਾਤਰ ਹਨ ਜਿਹੜੇ ਪਿਛਲੇ 45 ਦਿਨਾਂ ‘ਤੋਂ ਰੋਜਾਨਾਂ ਰੋਸ ਮੁਜਾਹਰਾ ਕਰ ਰਹੇ ਹਨ। ਇਥੇ ਭਾਰਤੀ ਦੂਤਘਰ ਅੱਗੇ ਰੋਜਾਨਾਂ ਸਾਂਮ ਨੂੰ ਰਹਿਰਾਸ ਸਾਹਿਬ ਦਾ ਪਾਠ ਕਰ ਸਮਾਪਤੀ ਕੀਤੀ ਜਾਂਦੀ ਹੈ। ਅਮਰੀਕਾ ਵਰਗੇ ਮੁਲਕ ਵਿੱਚ ਬੇਹੱਦ ਰੁਝੇਵਿਆਂ ਭਰੀ ਜਿੰਦਗੀ ਵਿੱਚੋਂ ਸਮਾਂ ਕੱਢ ਅਪਣੇ ਅਪਣੇ ਭਾਈਚਾਰੇ ਦੀ ਪਿੱਠ ਥਾਪੜਨੀ ਤਾਂ ਕੋਈ ਇਹਨਾਂ ‘ਤੋਂ ਸਿੱਖੇ ਜਿਨ੍ਹਾਂ ਨੇ ਨਵਾਂ ਸਾਲ ਵੀ ਅਪਣੇ ਅਮਰੀਕਾ ਜਨਮੇ ਬੱਚਿਆਂ ਸਮੇਤ ਕੀਰਤਨ ਕਰਦਿਆਂ ਮਨਾਇਆ ਤੇ ਲੋਹੜੀ ਅਤੇ ਗੁਰਪੁਰਬ ਵੀ ਧਰਨੇ ਤੇ ਹੀ ਰੈਣ ਸਬਾਈ ਕੀਰਤਨ ਕਰਦਿਆ ਮਨਾਏ ਹਨ।