ਅਹਿਮਦਸ਼ਾਹ ਅਬਦਾਲੀ ਹਿੰਦੁਸਤਾਨ ਪੁਰ ਪੰਜ ਹਮਲੇ ਕਰ ਚੁਕਾ ਸੀ ਅਤੇ ਛੇਵੇਂ ਹਮਲੇ ਦੀ ਤਿਆਰੀ ਉਹ ਬਹੁਤ ਹੀ ਜ਼ੋਰ-ਸ਼ੋਰ ਨਾਲ ਕਰ ਰਿਹਾ ਸੀ। ਇਤਿਹਾਸਕਾਰ ਮੰਨਦੇ ਹਨ ਕਿ ਭਾਵੇਂ ਉਸ ਵਲੋਂ ਕੀਤੇ ਜਾਣ ਵਾਲੇ ਇਸ ਹਮਲੇ ਦਾ ਉਦੇਸ਼ ਵੀ ਉਸਦੇ ਪਹਿਲੇ ਹਮਲਿਆਂ ਵਾਂਗ ਹੀ ਹਿੰਦੁਸਤਾਨ ਨੂੰ ਲੁਟਣਾ ਅਤੇ ਉਸਦੀ ਅਸਮਤ, ਉਸਦੀਆਂ ਧੀਆਂ-ਭੈਣਾਂ ਨੂੰ ਬੰਦੀ ਬਣਾ ਲਿਜਾ, ਗਜ਼ਨੀ ਦੇ ਬਜ਼ਾਰਾਂ ਵਿੱਚ ਵੇਚਣਾ ਹੀ ਪ੍ਰਚਾਰਿਆ ਜਾ ਰਿਹਾ ਸੀ, ਫਿਰ ਵੀ ਉਸਦੇ ਇਸ ਹਮਲੇ ਦਾ ਮੁੱਖ ਉਦੇਸ਼, ਉਸ ਸਿੱਖ ਸ਼ਕਤੀ ਨੂੰ ਮੂਲੋਂ ਹੀ ਕੁਚਲ ਦੇਣਾ ਸੀ, ਜੋ ਉਸਦੇ ਹਰ ਹਮਲੇ ਦੌਰਾਨ ਉਸ ਵਲੋਂ ਲੁਟੀ ਦੌਲਤ ਵਿਚੋਂ ਹਿੱਸਾ ਵੰਡਾਂਦੀ ਅਤੇ ਭਾਰਤੀ ਅਸਮਤ ਨੂੰ ਉਸਦੀ ਕੈਦ ਵਿਚੋਂ ਛੁਡਾ ਲਿਜਾਣਾ ਚਲੀ ਆ ਰਹੀ ਸੀ। ਪਿਛਲੀ ਵਾਰ ਤਾਂ ਉਸ ਸ਼ਕਤੀ ਦੇ ਮਾਲਕ, ਸਿੱਖਾਂ ਨੇ ਹਦ ਹੀ ਮੁੱਕਾ ਦਿੱਤੀ, ਜਦੋਂ ਉਹ ਉਸ ਵਲੋਂ ਦਿੱਲੀ ਤੋਂ ਬੰਦੀ ਬਣਾ ਫੌਜ ਦੇ ਭਾਰੀ ਘੇਰੈ ਵਿੱਚ ਲਿਜਾਈਆਂ ਜਾ ਰਹੀਆਂ ਹਿੰਦੁਸਤਾਨ ਦੀਆਂ 2200 ਧੀਆਂ-ਭੈਣਾਂ ਅੱਖ ਦੇ ਫੋਰ ਵਿੱਚ ਆਜ਼ਾਦ ਕਰਵਾ ਹਰਨ ਹੋ ਗਏ ਅਤੇ ਸਤਿਕਾਰ ਨਾਲ ਉਨ੍ਹਾਂ ਨੂੰ ਉਨ੍ਹਾਂ ਦੇ ਘਰੋ ਘਰੀ ਪਹੁੰਚਾ ਆਏ।
ਅਬਦਾਲੀ ਨੂੰ ਹੈਰਾਨੀ ਇਸ ਗਲ ਦੀ ਸੀ ਕਿ ਮਰਹੱਟਿਆਂ ਵਰਗੀ ਤਾਕਤ ਤਾਂ ਉਸਦੀਆਂ ਜੁਝਾਰੂ ਫੌਜਾਂ ਸਾਹਮਣੇ ਬਹੁਤੀ ਦੇਰ ਟਿੱਕ ਨਹੀਂ ਸੀ ਸਕੀ, ਪਰ ਇਹ ਸਿੱਖ, ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੋਏ ਹਨ, ਜਦੋਂ ਵੀ ਉਹ ਹਿੰਦੁਸਤਾਨ ਵਿੱਚ ਦਾਖਿਲ ਹੁੰਦਾ ਹੈ, ਕੋਈ ਵੀ ਉਸਨੂੰ ਰੋਕਣ ਦਾ ਹੀਆ ਨਹੀਂ ਕਰਦਾ, ਪਰ ਜਦੋਂ ਉਹ ਲੁਟ-ਮਾਰ ਕਰ ਵਾਪਸ ਮੁੜਦਿਆਂ ਪੰਜਾਬ ਦੀ ਧਰਤੀ ਤੇ ਪੈਰ ਰਖਦਾ ਹੀ ਹੈ ਤਾਂ, ਸਿੱਖਾਂ ਵਲੋਂ ਉਸਦੀ ਲੁਟ ਵਿਚੋਂ ਹਿੱਸਾ ਵੰਡਾਇਆ ਜਾਣਾ ਸ਼ੁਰੂ ਹੋ ਜਾਂਦਾ ਹੈ। ਉਨ੍ਹਾਂ ਨੂੰ ਨਾ ਤਾਂ ਉਸਦੀ ਤਾਕਤ ਦਾ ਭੈ ਹੈ ਅਤੇ ਨਾ ਹੀ ਆਪਣੀ ਮੌਤ ਦਾ ਡਰ।
ਇਸ ਵਾਰ ਅਹਿਮਦਸ਼ਾਹ ਅਬਦਾਲੀ ਨੇ ਹਿੰਦੁਸਤਾਨ ਪੁਰ ਹਮਲਾ ਕਰਨ ਤੋਂ ਪਹਿਲਾਂ ਹੀ ਠਾਣ ਲਿਆ ਸੀ ਕਿ ਉਹ ਇਸ ਵਾਰ ਸਿੱਖਾਂ ਦੀ ਸ਼ਕਤੀ ਨੂੰ ਇਤਨੀ ਬੁਰੀ ਤਰ੍ਹਾਂ ਕੁਚਲ ਕੇ ਮੁੜੇਗਾ, ਕਿ ਉਹ ਮੁੜ ਕਦੀ ਵੀ ਸਿਰ ਚੁਕਣ ਦੀ ਹਿੰਮਤ ਨਾ ਕਰ ਸਕਣ।
ਪਿਛਲੀ ਵਾਰ ਵਾਪਸ ਮੁੜਦੇ ਅਬਦਾਲੀ ਪਾਸੋਂ, ਉਸ ਵਲੋਂ ਲੁਟ ਕੇ ਲਿਜਾਂਦੇ ਜਾ ਰਹੇ ਮਾਲ ਵਿਚੋਂ ਇੱਕ ਵੱਡਾ ਹਿਸਾ ਵੰਡਾ ਲੈਣ ਅਤੇ ਉਸਦੇ ਕਬਜ਼ੇ ਵਿਚੋਂ ਹਿੰਦੁਸਤਾਨ ਦੀ ਅਜ਼ਮਤ, 2200 ਧੀਆਂ-ਭੈਣਾਂ ਨੂੰ ਛੁਡਾ, ਸਤਿਕਾਰ ਸਹਿਤ ਉਨ੍ਹਾਂ ਦੇ ਘਰੋ-ਘਰੀਂ ਪਹੁੰਚਾ ਦੇਣ ਨਾਲ ਜਿਥੇ ਸਿੱਖਾਂ ਨੂੰ ਜੱਸ ਮਿਲਿਆ, ਉਥੇ ਹੀ ਉਨ੍ਹਾਂ ਦੀ ਸ਼ਕਤੀ ਦਾ ਲੋਹਾ ਵੀ ਮੰਨਿਆ ਜਾਣ ਲਗਾ। ਪਰ ਇਹ ਗਲ ਉਨ੍ਹਾਂ ਈਰਖਾਲੂਆਂ ਤੇ ਸਿੱਖਾਂ ਦੇ ਵੈਰੀਆਂ ਲਈ ਅਸਹਿ ਬਣਦੀ ਜਾ ਰਹੀ ਸੀ। ਜੋ ਕਿ ਪੀੜੀਆਂ ਤੋਂ ਸਿੱਖਾਂ ਨਾਲ ਵੈਰ ਕਮਾਂਦੇ ਚਲੇ ਆ ਰਹੇ ਸਨ। ਅਜਿਹੇ ਹੀ ਵੈਰੀ ਨਿਰੰਜਨੀਆਂ ਦੀ ਪੀੜੀ ਵਿਚਲਾ ਅਕਾਲ ਦਾਸ ਅਬਦਾਲੀ ਨੂੰ ਬਾਰ-ਬਾਰ ਚਿੱਠੀਆਂ ਲਿਖ ਸਿੱਖ ਸ਼ਕਤੀ ਨੂੰ ਕੁਚਲਣ ਲਈ ਹਿੰਦੁਸਤਾਨ ਆਉਣ ਦਾ ਸੱਦਾ ਦਿੰਦਾ ਚਲਿਆ ਆ ਰਿਹਾ ਸੀ।
ਅਬਦਾਲੀ ਤਾਂ ਪਹਿਲਾਂ ਹੀ ਧਾਰੀ ਬੈਠਾ ਸੀ ਕਿ ਉਸਨੇ ਇਸ ਵਾਰ ਹਿੰਦੁਸਤਾਨ ਪੁਰ ਕੀਤੇ ਜਾਣ ਵਾਲੇ ਆਪਣੇ ਹਮਲੇ ਵਿੱਚ ਸਭ ਤੋਂ ਪਹਿਲਾਂ ਉਨ੍ਹਾਂ ਸਿੱਖਾਂ ਦੀ ਸ਼ਕਤੀ ਨੂੰ ਕੁਚਲਣਾ ਹੈ, ਜੋ ਹਰ ਵਾਰ ਉਸਦੇ ਲਈ ਚੁਨੌਤੀ ਬਣਦੇ ਚਲੇ ਆ ਰਹੇ ਹਨ। ਇਸਦੇ ਨਾਲ ਹੀ ਅਕਾਲ ਦਾਸ ਵਲੋਂ ਬਾਰ-ਬਾਰ ਦਿੱਤੇ ਜਾ ਰਹੇ ਸੱਦੇ ਵੀ ਉਸਦੇ ਇਸ ਵਿਸ਼ਵਾਸ ਨੂੰ ਦ੍ਰਿੜ੍ਹ ਕਰ ਰਹੇ ਸਨ ਕਿ ਇਸ ਵਾਰ ਤਾਂ ਉਸਨੂੰ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਪੰਜਾਬ ਵਿਚੋਂ ਵੀ ਭਾਰੀ ਮਦੱਦ ਮਿਲੇਗੀ। ਇਸੇ ਵਿਸ਼ਵਾਸ ਨਾਲ ਭਰੇ ਅਹਿਮਦਸ਼ਾਹ ਅਬਦਾਲੀ ਨੇ ਛੇਵਾਂ ਹਮਲਾ ਕਰਨ ਲਈ ਭਾਰੀ ਫੌਜ ਲੈ ਹਿੰਦੁਸਤਾਨ ਵਲ ਕੂਚ ਕਰ ਦਿੱਤਾ। ਇਸ ਵਾਰ ਉਹ ਸਾਰਾ ਪੈਂਡਾ ਜਲਦੀ ਤੋਂ ਜਲਦੀ ਮੁੱਕਾ, ਸਿੱਖਾਂ ਪੁਰ ਇਸਤਰ੍ਹਾਂ ਅਚਾਨਕ ਹਮਲਾ ਕਰਨਾ ਚਾਹੁੰਦਾ ਸੀ ਕਿ ਉਨ੍ਹਾਂ ਨੂੰ ਸੰਭਲਣ ਤੱਕ ਦਾ ਮੌਕਾ ਤੱਕ ਵੀ ਨਾ ਮਿਲ ਸਕੇ।
ਅਕਾਲ ਦਾਸ, ਉਸਦੀ ਮਨਸ਼ਾ ਨੂੰ ਪੂਰਿਆਂ ਕਰਨ ਦੇ ਉਦੇਸ਼ ਨਾਲ ਸਿੱਖਾਂ ਦੀਆਂ ਸਰਗਰਮੀਆਂ ਅਤੇ ਟਿਕਾਣਿਆਂ ਬਾਰੇ ਉਸਨੂੰ ਲਗਾਤਾਰ ਜਾਣਕਾਰੀ ਭੇਜ ਰਿਹਾ ਸੀ। ਉਧਰ ਅਬਦਾਲੀ ਸਿੱਖ ਸ਼ਕਤੀ ਨੂੰ ਕੁਚਲਣ ਲਈ ਇਤਨਾ ਕਾਹਲਾ ਸੀ ਕਿ ਬਿਨਾਂ ਕਿਧਰੇ ਪੜਾਅ ਕੀਤੇ ਦਿਨ-ਰਾਤ ਸਫਰ ਕਰ ਵਾਹੋ-ਦਾਹੀ ਹਿੰਦੁਸਤਾਨ ਵਲ ਵਧਦਾ ਚਲਿਆ ਆ ਰਿਹਾ ਸੀ।
ਭਾਵੇਂ ਸਿੱਖਾਂ ਨੂੰ ਅਬਦਾਲੀ ਦੇ ਮੁੜ ਹਿੰਦੁਸਤਾਨ ਤੇ ਹਮਲਾ ਕਰਨ ਲਈ ਕੂਚ ਕਰ ਦੇਣ ਦੀਆਂ ਖਬਰਾਂ ਮਿਲ ਗਈਆਂ ਸਨ, ਪਰ ਉਨ੍ਹਾਂ ਨੂੰ ਇਸ ਗਲ ਦਾ ਅਹਿਸਾਸ ਤਕ ਨਹੀਂ ਸੀ ਕਿ ਉਹ ਇਤਨੀ ਜਲਦੀ ਆ ਉਨ੍ਹਾਂ ਦੇ ਸਿਰ ਤੇ ਮੰਡਰਾਣ ਲਗ ਪਏਗਾ।
ਸਿੱਖ ਅਜੇ ਆਪਣੇ ਪਰਿਵਾਰਾਂ ਨੂੰ ਸੁਰਖਿਅਤ ਠਿਕਾਣਿਆਂ ਤੇ ਪਹੁੰਚਾਣ ਦੀਆਂ ਵਿਉਂਤਾਂ ਹੀ ਬਣਾ ਰਹੇ ਸਨ ਕਿ ਅਬਦਾਲੀ ਉਨ੍ਹਾਂ ਦੇ ਸਿਰ ਤੇ ਆ ਧਮਕਿਆ ਤੇ ਆਉਂਦਿਆਂ ਹੀ ਉਸਨੇ ਕੱਟ-ਵੱਢ ਸ਼ੁਰੂ ਕਰ ਦਿੱਤੀ। ਪੰਥ ਪ੍ਰਕਾਸ਼ ਦੇ ਕਰਤਾ ਗਿਆਨੀ ਗਿਆਨ ਸਿੰਘ ਦੇ ਸ਼ਬਦਾਂ ਵਿੱਚ : ‘ਨਹਿ ਤਾੜੇ ਸੁਚੇਤੇ ਸਜੇ ਦਸਤਾਰੇ। ਆਨ ਕਵੇਲੇ ਪਰੈ ਤਿਤੇ ਤਬ ਸਿੰਘ ਕਹੇ ਗਿਲਜੇ ਗੁਰਮਾਰੇ’। ਅਰਥਾਤ ਸਿੱਖ ਅਜੇ ਦਸਤਾਰਾਂ ਹੀ ਸਜਾ ਰਹੇ ਸਨ ਕਿ ਅਬਾਦਲੀ ਦੀਆਂ ਫੌਜਾਂ ਨੇ ਆ ਉਨ੍ਹਾਂ ਦੁਆਲੇ ਘੇਰਾ ਪਾ ਲਿਆ ਤੇ ਕੱਟ-ਵੱਢ ਸ਼ੁਰੂ ਕਰ ਦਿੱਤੀ। ਇਸ ਅਚਨਚੇਤ ਹੋਏ ਹਮਲੇ ਵਿੱਚ ਵੱਡੀ ਗਿਣਤੀ ਵਿਚ ਸਿੱਖ ਸ਼ਹੀਦ ਹੋ ਗਏ। ਫਿਰ ਵੀ ਉਨ੍ਹਾਂ ਹੌਂਸਲਾ ਨਾ ਹਾਰਿਆ ਤੇ ਝਟ ਤਲਵਾਰਾਂ ਸੂਤ ਦੁਸ਼ਮਣ ਦੀਆਂ ਫੌਜਾਂ ਸਾਹਮਣਾ ਕਰਨ ਲਗੇ।
ਉਨ੍ਹਾਂ ਦੇ ਸਾਹਮਣੇ ਜਿਥੇ ਇੱਕ ਪਾਸੇ ਦੁਸ਼ਮਣ ਨਾਲ ਦੋ-ਦੋ ਹੱਥ ਕਰਨ ਦੀ ਸਥਿਤੀ ਬਣੀ ਹੋਈ ਸੀ, ਉਥੇ ਹੀ ਦੂਜੇ ਪਾਸੇ ਉਨ੍ਹਾਂ ਸਾਹਮਣੇ ਆਪਣੇ ਪਰਿਵਾਰਾਂ ਦੀ ਵਹੀਰ ਨੂੰ ਸੁਰਖਿਅਤ ਠਿਕਾਣਿਆ ਪੁਰ ਪਹੁੰਚਾਣ ਦੀ ਵੀ ਸਮੱਸਿਆ ਸੀ। ਇਸ ਕਰਕੇ ਉਨ੍ਹਾਂ ਆਪਣੇ ਪਰਿਵਾਰਾਂ ਦੀ ਵਹੀਰ ਦੁਆਲੇ ਘੇਰਾ ਪਾ, ਉਨ੍ਹਾਂ ਦਾ ਬਚਾਅ ਕਰਦਿਆਂ, ਅਬਦਾਲੀ ਦੀਆਂ ਫੌਜਾਂ ਦਾ ਸਾਹਮਣਾ ਕਰਨਾ ਜਾਰੀ ਰਖਿਆ। ਇਸ ਹਾਲਤ ਵਿੱਚ ਹਾਲਾਂਕਿ ਸਿੱਖਾਂ ਦਾ ਭਾਰੀ ਨੁਕਸਾਨ ਹੋ ਰਿਹਾ ਸੀ, ਇਸਦੇ ਬਾਵਜੂਦ ਸਿੱਖਾਂ ਵਲੋਂ ਹਮਲੇ ਦਾ ਦਿੱਤਾ ਜਾ ਰਿਹਾ ਡਟਵਾਂ ਜਵਾਬ ਅਬਦਾਲੀ ਦੀਆਂ ਫੌਜਾਂ ਨੂੰ ‘ਅੱਲਾ’ ਨੂੰ ਯਾਦ ਕਰਨ ਤੇ ਮਜਬੂਰ ਕਰ ਰਿਹਾ ਸੀ : ‘ਸਿੰਘਾਂ ਵਟ ਕਸੀਸ ਦਈ। ਤਬ ਯਾਦ ਕਰਾ ਦਯੋ ਅਲ੍ਹਾ’।
ਇਨ੍ਹਾਂ ਹਾਲਾਤ ਵਿੱਚ ਸਿੱਖ ਜਿਸਤਰ੍ਹਾਂ ਜਾਨਾਂ ਹੂਲ ਕੇ ਆਪਣੇ ਪਰਿਵਾਰਾਂ ਦੀ ਵਹੀਰ ਦੀ ਰਖਿਆ ਕਰ ਰਹੇ ਸਨ, ਉਸਦਾ ਵਰਨਣ ਭਾਈ ਰਤਨ ਸਿੰਘ ਭੰਗੂ ਨੇ ਇਨ੍ਹਾਂ ਸ਼ਬਦਾਂ ਵਿੱਚ ਕੀਤਾ ਹੈ : ‘ਜਿਮ ਕਰ ਕੁਕੜੀ ਬਚਿਅਨ ਛਪਾਵੇ, ਫਲਾਇ ਪੰਖ ਦੁਇ ਤਰਫ ਰਖਾਵੈ। ਇਮ ਖਾਲਸੇਨ ਬਹੀਰ ਛਪਾਯੋ’। ਸਿੱਖਾਂ ਦੀ ਇਸ ਦਲੇਰੀ ਨੂੰ ਵੇਖ ਅਹਿਮਦਸ਼ਾਹ ਤੇ ਉਸਦੇ ਜਰਨੈਲ ਤਕ ਹੈਰਾਨ ਹੋਣ ਲਗੇ। ਅਹਿਮਦਸ਼ਾਹ ਨੇ ਜੈਨ ਖਾਨ ਨੂੰ ਕਿਹਾ ਕਿ ਜੇ ਉਹ ਅਗੋਂ ਰੋਕ ਪਾ ਦੇਵੇ ਤਾਂ ਉਹ ਸਿੱਖਾਂ ਦਾ ਇੱਕ ਪਲ ਵਿੱਚ ਸਫਾਇਆ ਕਰ ਦੇਵੇਗਾ। ਇਹ ਸੁਣ ਜੈਨ ਖਾਨ ਨੇ ਕਿਹਾ ਕਿ ਇਹ ਗਲ ਅਸੰਭਵ ਹੈ, ਜੋ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਹੋ ਸਕਦੀ : ‘ਹਮ ਤੈ ਕਭੀ ਨਾ ਮਰੈ ਹੈ ਯਾਹਿ। ਪਹਿਲੇ ਮੁਗਲੋਂ ਨੇ ਬਹੁ ਮਾਰੇ, ਪੁਨ ਹਮਨੇ ਮਾਰੇ ਬਹੁ ਬਾਰੈ। ਕਸਰ ਮੁਕਾਵਨ ਪੈ ਨਹਿ ਛੋਡੀ, ਫਿਰ ਇਹੁ ਬਢਤੇ ਜੈਹੈ ਹੋਡੀ’।
ਆਖਿਰ ਅਹਿਮਦਸ਼ਾਹ ਨੇ ਆਪਣੇ ਸਿਪਾਹਸਾਲਾਰਾਂ, ਵਲੀ ਖਾਨ, ਭੀਖਨ ਖਾਨ ਮਲੇਰ ਕੋਟਲਾ ਅਤੇ ਜੈਨ ਖਾਨ ਨੂੰ ਫੌਜ ਦੀ ਕਮਾਨ ਸੌਂਪ ਉਨ੍ਹਾਂ ਨੂੰ ਸਿੱਖਾਂ ਪੁਰ ਤਿੰਨਾਂ ਪਾਸਿਆਂ ਤੋਂ ਹਮਲਾ ਕਰਨ ਲਈ ਕਿਹਾ। ਉਧਰ ਸਾਰੇ ਸਿੱਖ ਸਰਦਾਰਾਂ ਨੇ ਇਕਠਿਆਂ ਹੋ ਨਵੀਂ ਰਣਨੀਤੀ ਬਣਾ, ਅਬਦਾਲੀ ਦੇ ਹਮਲੇ ਦਾ ਜਵਾਬ ਦੇਣਾ ਸ਼ੁਰੂ ਕਰ ਦਿੱਤਾ। ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਸ਼ਾਮ ਸਿੰਘ ਅਤੇ ਸਰਦਾਰ ਚੜ੍ਹਤ ਸਿੰਘ ਸ਼ੁਕਰਚਕੀਆ ਨੇ ਦੁਸ਼ਮਣ ਫੌਜਾਂ ਨੂੰ ਤਕੜੇ ਹੱਥ ਵਿਖਾਏ। ਇਸ ਲੜਾਈ ਵਿੱਚ ਇੱਕ ਮੌਕਾ ਅਜਿਹਾ ਆਇਆ ਕਿ ਸ. ਜੱਸਾ ਸਿੰਘ ਆਹਲੂਵਾਲੀਆ ਦੇ ਸਿਰ ਤੇ ਮੌਤ ਆ ਮੰਡਰਉਣ ਲਗੀ, ਉਸ ਸਮੇਂ ਅਕਾਲ ਪੁਰਖ ਨੇ ਹੀ ਹੱਥ ਦੇ ਕੇ ਉਸਦੀ ਰਖਿਆ ਕੀਤੀ। ਉਸਦੇ ਸਰੀਰ; ਤੇ 22 ਜ਼ਖਮ ਆਏ, ਜਦਕਿ ਸਰਦਾਰ ਚੜ੍ਹਤ ਸਿੰਘ ਸ਼ੁਕਰਚਕੀਆ ਦੇ ਸਰੀਰ ਪੁਰ 19 ਜ਼ਖਮ ਲਗੇ।
ਇਸ ਭਾਰੀ ਲੜਾਈ ਵਿੱਚ ਅਹਿਮਦਸ਼ਾਹ ਦੀ ਫੌਜ ਪਰਿਵਾਰਾਂ ਦੀ ਵਹੀਰ ਨੂੰ ਸਿੱਖ ਯੋਧਿਆਂ ਨਾਲੋਂ ਨਿਖੇੜਨ ਵਿੱਚ ਸਫਲ ਹੋ ਗਈ। ਅਬਦਾਲੀ ਦੀ ਫੌਜ ਨੇ ਵਹੀਰ ਵਿੱਚ ਸ਼ਾਮਲ ਬੱਚਿਆਂ, ਜਵਾਨਾਂ, ਬੁਢਿਆਂ ਅਤੇ ਇਸਤ੍ਰੀਆਂ ਨੂੰ ਬਹਤ ਹੀ ਬੇਦਰਦੀ ਨਾਲ ਕਤਲ ਕਰ ਦਿੱਤਾ। ਗਿਆਨੀ ਗਿਆਨ ਸਿੰਘ ਅਨੁਸਾਰ : ‘ਉਥੇ ਖੂਨ ਦੀ ਨਦੀ ਵਹਿ ਤੁਰੀ’।
ਸਿੱਖ ਇਤਿਹਾਸ ਵਿੱਚ ਇਸ ਘਟਨਾ ਨੂੰ ਵੱਡੇ ਘਲੂਘਾਰੇ ਵਜੋਂ ਯਾਦ ਕੀਤਾ ਜਾਂਦਾ ਹੈ। ਭਾਈ ਰਤਨ ਸਿੰਘ ਭੰਗੂ ਅਤੇ ਹੋਰ ਗੈਰ-ਸਿੱਖ ਇਤਿਹਾਸਕਾਰਾਂ ਅਨੁਸਾਰ ਇਸ ਘਲੂਘਾਰੇ ਵਿੱਚ ਲਗਭਗ 30 ਹਜ਼ਾਰ ਸਿੱਖ, ਜੋ ਉਸ ਸਮੇਂ ਦੀ ਸਿੱਖ ਵਸੋਂ ਦਾਂ ਲਗਭਗ ਅੱਧ ਸਨ, ਸ਼ਹੀਦ ਹੋ ਗਏ। ਜਦ ਕਿ ਛੋਟੇ ਘਲੂਘਾਰੇ ਵਿੱਚ ਦਸ ਹਜ਼ਾਰ ਸਿੱਖ ਸ਼ਹੀਦ ਹੋਏ ਸਨ। ਸੰਸਾਰ ਦੇ ਲੋਕਾਂ ਨੇ ਗੈਰ-ਸਿੱਖ ਇਤਿਹਾਸਕਾਰਾਂ ਦੀਆਂ ਉਨ੍ਹਾਂ ਲਿਖਤਾਂ ਨੂੰ ਹੈਰਨੀ ਨਾਲ ਪੜ੍ਹਿਆ ਕਿ ਜਿਨ੍ਹਾਂ ਵਿੱਚ ਇਸ ਲੜਾਈ ਦਾ ਜ਼ਿਕਰ ਕਰਦਿਆਂ ਲਿਖਿਆ ਗਿਆ ਹੋਇਆ ਸੀ ਕਿ ਇਤਨੀ ਭਾਰੀ ਸੱਟ ਲਗਣ ਦੇ ਬਾਵਜੂਦ ਸਿੱਖ ਚੜ੍ਹਦੀ ਕਲਾ ਵਿੱਚ ਰਹੇ। ਇਹ ਗਲੂਘਾਰਾ ਫਰਵਰੀ 1762 ਵਿੱਚ ਵਾਪਰਿਆ, ਇਸਤੋਂ ਤਿੰਨ ਮਹੀਨੇ ਬਾਅਦ, ਅਰਥਾਤ ਇਸੇ ਵਰ੍ਹੇ ਮਈ ਵਿੱਚ ਸਿੱਖਾਂ ਨੇ ਸਰਹੰਦ ਪੁਜ ਨਵਾਬ ਜੈਨ ਖਾਨ ਨੂੰ ਜਾ ਘੇਰਿਆ।