ਜ਼ਿੰਦਗੀ ਦੇ ਅੰਗ ਸੰਗ

ਮਨੁੱਖ ਦੇ ਅੰਦਰ ਬਹੁਤ ਕੁਝ ਖਿਲਰਿਆ ਰਹਿੰਦਾ ਹੈ। ਜਿਸ ਨੁੰ ਸਮੇਟਣ ਦੇ ਜਤਨ ਵਿਚ ਉਹ ਸਦਾ
ਲੱਗਾ ਰਹਿੰਦਾ ਹੈ। ਬਹੁਤ ਕੁਝ ਰੋਜ਼ ਸੋਚਦਾ, ਕਰਦਾ ਅਤੇ ਆਰਾਮ ਨਾਲ ਬੈਠਣ ਦੇ ਸੁਪਨੇ
ਲੈਂਦਾ ਹੈ। ਬਹੁਤ ਸਾਰੀਆਂ ਇਛਾਵਾਂ ਜਿੰਨ੍ਹਾਂ ਦੀ ਪੂਰਤੀ ਲਈ ਮਨ ਵਿਚ ਬੜੀ ਉਤਸੁਕਤਾ
ਹੁੰਦੀ ਹੈ, ਆਖਿਰ ਪੂਰੀਆਂ ਹੋ ਜਾਂਦੀਆਂ ਅਤੇ ਨਵੀਆਂ ਉੱਗਮ ਪੈਂਦੀਆਂ ਹਨ। ਕੁਝ
ਨਹੀਂ ਬਦਲਦਾ। ਰੋਜ਼ਾਨਾ ਜ਼ਿੰਦਗੀ ਦੀ ਦੌੜ ਭੱਜ ਉਸੇ ਤਰ੍ਹਾਂ ਹੀ ਬਰਕਰਾਰ ਰਹਿੰਦੀ ਹੈ ਜੋ ਸਾਰੀ
ਜ਼ਿੰਦਗੀ ਹੀ ਜ਼ਾਰੀ ਰਹਿੰਦੀ ਹੈ। ਕਿਸੇ ਦੂਜੇ ਦੀ ਜ਼ਿੰਦਗੀ ਸਾਨੂੰ ਬਹੁਤ ਅਸਾਨ ਲੱਗਦੀ ਹੈ,
ਇੰਝ ਲੱਗਦਾ ਹੈ ਕਿ ਜਿੰਨ੍ਹੀਆਂ ਵੀ ਮੁਸ਼ਕਿਲਾਂ ਹਨ, ਉਹ ਮੇਰੇ ਹਿੱਸੇ ਹੀ ਆਈਆਂ ਹਨ,
ਬਾਕੀ ਮਜ਼ੇ ਦੀ ਜ਼ਿੰਦਗੀ ਜਿਉਂ ਰਹੇ ਹਨ। ਕਈ ਵਾਰ ਏਦਾ ਦੀ ਮਾਨਸਿਕਤਾ ਵੀ ਬਣ ਜਾਂਦੀ ਹੈ ਕਿ
ਅਜਿਹੀ ਜ਼ਿੰਦਗੀ ਦੀ ਕੀ ਲੋੜ ਹੈ।ਇਹ ਉਦੋਂ ਵਾਪਰਦਾ ਹੈ ਜਦੋਂ ਸਾਡਾ ਆਪਣੇ ਆਪ ਨਾਲੋਂ
ਪਿਆਰ ਖਤਮ ਹੋ ਜਾਂਦਾ ਹੈ। ਆਪਣੇ ਆਪੇ ਵੱਲ ਝਾਤ ਮਾਰਨ ਤੱਕ ਦਾ ਹੀਆ ਵੀ ਨਹੀਂ
ਪੈਂਦਾ। ਅਸੀਂ ਸਹਾਰਿਆਂ ਦੀ ਭਾਲ ਵਿਚ ਨਿਕਲ ਪੈਂਦੇ ਹਾਂ। ਕਈ ਵਾਰ ਸਹਾਰਾ ਮਿਲ ਪੈਂਦਾ
ਹੈ ਅਤੇ ਕਈ ਵਾਰ ਨਹੀਂ। ਜੇ ਮਿਲ ਪਵੇ ਤਾਂ ਉਸ ਨਾਲ ਸੰਬੰਧਿਤ ਗ਼ਿਲੇ-ਸ਼ਿਕਵੇ ਪਨਪ ਪੈਂਦੇ
ਹਨ ਅਤੇ ਜੇ ਨਾ ਮਿਲੇ ਤਾਂ ਨਾ-ਮਿਲਣ ਦਾ ਗ਼ਮ ਸਤਾਉਣ ਲੱਗਦਾ ਹੈ। ਇਕੱਲਤਾ ਭਾਰੀ ਪੈਣ ਲੱਗਦੀ
ਹੈ। ਜੋ ਖਾਣ ਨੂੰ ਆਉਂਦੀ ਹੈ। ਆਲੇ-ਦੁਆਲੇ ਸਭ ਹੁੰਦਿਆਂ ਵੀ ਲੱਗਦਾ ਹੈ ਕਿ ਜਿਵੇਂ
ਸਭ ਕੁਝ ਉਜੜ ਗਿਆ ਹੋਵੇ, ਵੈਰਾਨਗੀ ਦੇ ਬੱਦਲ ਹੀ ਚਾਰੇ ਪਾਸੇ ਛਾਏ ਹੋਣ। ਅੰਦਰ ਦੀਆਂ
ਚੀਕਾਂ ਸੁਣਦੀਆਂ ਹਨ। ਅਜੀਬ ਮਾਹੌਲ ਹੁੰਦਾ ਹੈ। ਉਸ ਬਾਰੇ ਵਰਨਣ ਕਰਨਾ ਆਸਾਨ ਨਹੀਂ।
ਕਿਉਂ ਕਿ ਉਸ ਅਹਿਸਾਸ ਨੂੰ ਸਬਦਾਂ ਰਾਹੀਂ ਬਿਆਨ ਕਰਨਾ ਮੁਮਕਿਨ ਨਹੀਂ। ਸਬਦ ਉਸ
ਪੱਧਰ ਤੱਕ ਨਹੀਂ ਪਹੁੰਚ ਸਕਦੇ। ਅਸੀਂ ਯਤਨ ਕਰ ਦੇ ਹਾਂ ਕਿ ਕੋਈ ਸਾਡੇ ਉਸ ਅਹਿਸਾਸ ਨੂੰ
ਸਮਝੇ। ਕਹਿਣ ਦੀ ਕੋਸ਼ਿਸ਼ ਕਰ ਦੇ ਹਾਂ। ਪਰ ਭੁੱਲ ਜਾਂਦੇ ਹਾਂ ਕਿ ਅਹਿਸਾਸਾਂ ਨੂੰ ਤਾਂ ਮਹਿਸੂਸ
ਹੀ ਕੀਤਾ ਜਾਂਦਾ ਹੈ ਕਿਹਾ ਨਹੀਂ ਜਾ ਸਕਦਾ। ਸ਼ਿਕਵੇ ਵੀ ਕਰਦੇ ਹਾਂ ਕਿ ਕੋਈ ਵੀ ਮੈਨੂੰ ਨਹੀਂ
ਸਮਝਦਾ। ਪਰ ਦੂਜੇ ਨੁੰ ਸਮਝਣਾ ਆਸਾਨ ਵੀ ਤਾਂ ਨਹੀਂ ਹੁੰਦਾ। ਸਮਝਣਾ ਤਾਂ ਆਪਣੇ
ਆਪ ਨੂੰ ਹੀ ਬੜਾ ਔਖਾ ਹੈ। ਜ਼ਿੱਦ ਵੀ ਕਰ ਦੇ ਹਾਂ ਕਿ ਕੋਈ ਤਾਂ ਸਾਨੂੰ ਸਮਝੇ। ਕੋਈ
ਤਾਂ ਹੋਵੇ। ਹੁੰਦਾ ਕੋਈ ਵੀ ਨਹੀਂ। ਬਹੁਤ ਸਾਰੇ ਕਹਿੰਦੇ ਜ਼ਰੂਰ ਨੇ ਅਸੀਂ ਸਮਝਦੇ ਹਾਂ। ਪਰ
ਅਸਾਨ ਨਹੀਂ।
ਜ਼ਿੰਦਗੀ ਚਾਲ ਚੱਲਦੀ ਰਹਿੰਦੀ ਹੈ। ਇਹ ਲੰਮਾ ਪੰਧ ਹੈ। ਇਸ ਨੂੰ ਕਾਹਲੀ ਨਾਲ ਨਹੀਂ
ਮੁਕਾਇਆ ਜਾ ਸਕਦਾ। ਇਸ ‘ਤੇ ਆਰਾਮ ਨਾਲ ਠਰੰਮੇ ਨਾਲ ਚੱਲਣ ਦੀ ਲੋੜ ਹੁੰਦੀ ਹੈ। ਕਾਹਲੀ
ਕਰਨ ਨਾਲ ਕੋਈ ਇਨਾਮ ਨਹੀਂ ਮਿਲਣਾ। ਜ਼ਿੰਦਗੀ ਦਾ ਤਾਂ ਸਭ ਤੋਂ ਖੂਬਸੂਰਤ ਇਨਾਮ ਏਹੀ

ਹੈ ਕਿ ਤੁਸੀਂ ਜਿੰਦਗੀ ਨੂੰ ਸਹਿਜ ਨਾਲ ਜਿਉਂ ਰਹੇ ਹੋਵੋ। ਸਹਿਜ ਨਾਲ ਜੀਣਾ ਹੀ ਜੀਣਾ ਹੈ। ਜਿਸ ਵਿਚ
ਖੁਸ਼ੀ, ਗ਼ਮੀ, ਸੁੱਖ-ਦੁੱਖ ਅਤੇ ਸਾਰੇ ਰੰਗ ਹੋਣ। ਵੱਖ ਵੱਖ ਰੰਗਾਂ ਨਾਲ ਭਰਪੂਰ ਜ਼ਿੰਦਗੀ।
ਕੁਝ ਵੀ ਹੋ ਜਾਵੇ ਘਬਰਾਉਣ ਦੀ ਲੋੜ ਨਹੀਂ। ਜਦੋਂ ਸਾਨੂੰ ਲੱਗਦਾ ਹੈ ਕਿ ਸਾਡਾ ਸਭ ਕੁਝ
ਤਬਾਹ ਹੋ ਗਿਆ ਹੈ, ਅਜਿਹਾ ਕੁਝ ਵੀ ਨਹੀਂ ਹੁੰਦਾ ਹੈ। ਹਰ ਨਵਾਂ ਰੋਜ਼ ਨਵੀਂ ਸ਼ੁਰੂਆਤ ਲਈ
ਹੁੰਦਾ ਹੈ। ਅਸੀਂ ਰੋਜ਼ ਨਵੀਂ ਜ਼ਿੰਦਗੀ ਜੀਅ ਸਕਦੇ ਹਾਂ। ਬੀਤੇ ਵਿਚ ਕੀਤੇ ਦਾ ਪ੍ਰਭਾਵ ਭਾਵੇਂ
ਸਦਾ ਬਣਿਆ ਰਹਿੰਦਾ ਹੈ ਪਰ ਉਸ ਵਿਚ ਕੈਦ ਹੋਣਾ ਹੈ ਜਾਂ ਅੱਗੇ ਚੱਲਣਾ ਹੈ ਇਹ ਸਾਡਾ
ਫੈਂਸਲਾ ਹੁੰਦਾ ਹੈ। ਆਪਣੇ ਹਰ ਸਾਹ ਨਾਲ, ਹਰ ਪਲ ਨਾਲ ਮਹੁੱਬਤ ਕਰਨ ਦੀ ਆਦਤ ਪਾਈਏ।
ਸਾਡੀ ਜ਼ਿੰਦਗੀ ਦਾ ਖੇੜਾ ਹੀ ਸਾਡੀ ਪੂੰਜੀ ਹੈ। ਉਸ ਦੀ ਸੰਭਾਲ ਕਰੀਏ। ਨਿੱਕੀਆਂ ਨਿੱਕੀਆਂ
ਖੁਸ਼ੀਆਂ ਹੀ ਸਾਡਾ ਬੇਸ਼ਕੀਮਤੀ ਸਰਮਾਇਆਂ ਹੁੰਦੀਆਂ ਹਨ। ਉਹਨਾਂ ਦੀ ਸੰਭਾਲ ਕਰੀਏ।
ਜਿਵੇਂ ਅਸੀਂ ਆਪਣੇ ਬਚਪਨ ਲਈ ਸਦਾ ਤਾਂਘਦੇ ਰਹਿੰਦੇ ਹਾਂ। ਬਚਪਨ ਵਿਚ ਅਸੀਂ ਨਿੱਕੀ ਨਿੱਕੀ
ਖੁਸ਼ੀ ਲਈ ਕਿੰਨਾ ਕੁਝ ਕਰਦੇ ਹਾਂ। ਬਹੁਤ ਕੁਝ ਬੇ-ਅਰਥ ਵੀ ਕਰਦੇ ਹਾਂ ਪਰ ਉਹ ਸਾਨੂੰ ਖੁਸ਼ੀ
ਦਿੰਦਾ ਹੈ। ਅੱਜ ਜ਼ਿੰਦਗੀ ਵਿੱਚ ਅਸੀਂ ਅਰਥ ਲੱਭਦੇ-ਲੱਭਦੇ ਹੀ ਬੇਅਰਥ ਹੋਏ ਪਏ ਹਾਂ। ਅਸੀਂ
ਸਾਂਝਾਂ ਨੂੰ ਮਾਪਣ-ਤੋਲਣ ਲੱਗ ਜਾਂਦੇ ਹਾਂ। ਪਿਆਰ ਲਈ ਮਾਪਦੰਡ ਜਾਂ ਪੈਮਾਨੇ ਸਥਾਪਿਤ
ਕਰਨ ਦੇ ਯਤਨ ਕਰ ਦੇ ਹਾਂ। ਇਸ ਵਿਚ ਹੀ ਸਾਡੀ ਜ਼ਿੰਦਗੀ ਗੁਆਚ ਜਾਂਦੀ ਹੈ। ਫਿਰ ਉਸ ਨੂੰ ਲੱਭਦੇ
ਲੱਭਦੇ ਹੀ ਉਮਰ ਬੀਤ ਜਾਂਦੀ ਹੈ…
ਇਸ ਲਈ ਨਿੱਕੀਆਂ ਨਿੱਕੀਆਂ ਖੁਸ਼ੀਆਂ ਲਈ ਜੀਣਾ ਸਿੱਖੀਏ…ਰੋਜ਼ ਸ਼ੁਰੂਆਤ ਕਰੀਏ ਅਤੇ
ਜ਼ਿੰਦਗੀ ਦੇ ਰਾਹਾਂ ਨੂੰ ਪਿਆਰਦੇ ਹੋਏ ਚੱਲਦੇ ਜਾਈਏ…ਮੰਜ਼ਿਲ ਦੂਰ ਨਹੀਂ।

Geef een reactie

Het e-mailadres wordt niet gepubliceerd. Vereiste velden zijn gemarkeerd met *