ਦਸੂਹਾ (ਪ.ਪ) ਸਾਹਿਤਕ ਵਿਸ਼ਲੇਸ਼ਕਾਂ ਅਨੁਸਾਰ ਪ੍ਰਸਿੱਧ ਕਹਾਣੀਕਾਰ ਅਤੇ ਚਿੰਤਕ ਮਾਸਟਰ ਲਾਲ ਸਿੰਘ ਮਾਰਕਸਵਾਦੀ ਵਿਚਾਰਧਾਰਾ ਨਾਲ ਜੁੜਿਆ ਹੋਣ ਕਰਕੇ ਬੁਨਿਆਦੀ ਤੌਰ ਉਤੇ ਵਿਚਾਰਧਾਰਕ ਪ੍ਰਤੀਬੱਧਤਾ ਵਾਲਾ ਕਥਾਕਾਰ ਹੈ । ਪਾਠਕਾਂ ਅਨੁਸਾਰ ਲਾਲ ਸਿੰਘ ਐਸਾ ਕਹਾਣੀਕਾਰ ਹੈ ,ਜਿਹੜਾ ਕਹਾਣੀ ਦੀ ਵਿਧਾ ਨੂੰ ਗਣਿਤ ਸ਼ਾਸ਼ਤਰੀ ਵਾਂਗ ਸਮਝਣ ਦਾ ਨਿਵੇਕਲਾ ਸੁਹਜ ਸ਼ਾਸ਼ਤਰ ਘੜਦਾ ਹੈ । ਉਸ ਨੇ ਕਹਾਣੀ ਲਿਖਣ ਲਈ ਅਤੇ ਇਸਦੇ ਸੁਹਜ ਤੇ ਪ੍ਰਭਾਵ ਨੂੰ ਤਿਮੇਰਾ ਕਰਨ ਲਈ ਸਮਾਜੀ ਸ਼ਬਦਾਂ ਦੀ ਭਰਪੂਰ ਵਰਤੋਂ ਕੀਤੀ ਹੈ । ਕਹਾਣੀ ਆਲੋਚਕਾਂ ਅਨੁਸਾਰ ਲਾਲ ਸਿੰਘ ਨੇ ਆਪਣੀ ਕਹਾਣੀ ਵਿੱਚ ਜਾਤ ਅਧਾਰਤ ਦਲਿਤ ਵਰਗ ਦੀ ਦੁਖਾਂਤਕ ਸਥਿਤੀ ਨੂੰ ਤਥਾ ਕਥਿਤ ਜਾਤ ਅਧਾਰਤ ਦਲਿਤ ਚਿੰਤਨ ਅਤੇ ਸਿਰਜਕ ਵਾਂਗ ਨਹੀ ਸਗੋਂ ਜਾਤੀ ਤੇ ਜਮਾਤੀ ਸਮਾਜ ਦੇ ਰਿਸ਼ਤੇ ਨੂੰ ਸਮਝਣ ਵਾਲੇ ਮਾਰਕਸੀ ਕਲਾ ਸਿਰਜਕ ਵਾਂਗ ਪੇਸ਼ ਕੀਤਾ ਹੈ ।ਲਾਲ ਸਿੰਘ ਜਿੱਥੇ ਪੰਜਾਬੀ ਦੇ ਲੋਕਯਾਨਕ ਦੇ ਸੱਭਿਆਚਰਕ ,ਸਮਾਜਿਕ, ਵਿੱਦਿਅਕ, ਸਾਹਿਤਕ, ਮਨੋਵਿਗਿਆਨਕ , ਇਤਿਆਦਿ ਸਮੱਸਿਆ ਗ੍ਰਸਤ ਪਹਿਲੂਆਂ ਨੂੰ ਦਰਸਾਉਣ ਲਈ ਇਹਨਾਂ ਨਾਲ ਸੰਬੰਧਤ ਢਾਚਿਆਂ ਉਤੇ ਵਿਅੰਗਆਤਮਕ ਸੱਟ ਮਾਰੀ ਹੈ । ਕਹਾਣੀਕਾਰ ਅਤੇ ਚਿੰਤਕ ਮਾਸਟਰ ਲਾਲ ਸਿੰਘ ਨੇ ਪਹਿਲਾਂ ਆਪਣੀ ਕਲਮ ਤੋਂ ਛੇ ਕਹਾਣੀ ਸੰਗ੍ਰਹਿ ਮਾਰਖੇਰੇ ( 1984 ) , ਬਲੌਰ ( 1986 ), ਧੁੱਪ ਛਾਂ ( 1990 ) , ਕਾਲੀ ਮਿੱਟੀ ( 1996 ) ਅਤੇ ਅੱਧੇ ਅਧੂਰੇ ( 2003 )ਅਤੇ ਗੜ੍ਹੀ ਬਖ਼ਸ਼ਾ ਸਿੰਘ(2010) ਉਰਪੰਤ ਕਹਾਣੀਕਾਰ ਲਾਲ ਸਿੰਘ ਵੱਲੋਂ ਹੁਣ ਆਪਣਾ ਸੱਤਵਾਂ ਕਹਾਣੀ ਸੰਗ੍ਰਹਿ ਸੰਗ੍ਰਹਿ “ਸੰਸਾਰ” ਪਾਠਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਹੈ ।ਇਸ ਸੰਗ੍ਰਹਿ ਦੀਆਂ ਸੱਤ ਕਹਾਣੀਆਂ ਜਿਹਨਾਂ ਵਿੱਚ ਗਦਰ,ਸੰਸਾਰ,ਜੁਬਾੜੇ,ਤੀਸਰਾ ਸ਼ਬਦ,ਆਪੋ ਆਪਣੇ ਮੁਹਾਜ਼,ਅੱਗੇ ਸਾਖੀ ਹੋਰ ਚੱਲੀ, ਅਤੇ ਇਨ ਹੀ ਕੀ ਕਿਰਪਾ ਸੇਏ… ਆਦਿ ਲੇਖਕ ਦੇ ਜੀਵਨ ਤਰਜਬੇ ਤੋਂ ਉਗਮੀਆਂ ਜਾਪਦੀਆਂ ਹਨ ।ਕਿਉਕਿ ਸਾਰੀਆਂ ਕਹਾਣੀਆਂ ਜਿੰਦਗੀ ਦੀਆਂ ਘਟਨਾਵਾਂ ਤੇ ਪਾਤਰਾਂ ਦੇ ਸੁਭਾਅ ਤੇ ਰੂਪ ਰੰਗ ਨੂੰ ਹੂ-ਬ-ਹੂ ਚਿੱਤਰਦੀਆਂ ਪ੍ਰਤੀਤ ਹੰਦੀਆਂ ਹਨ । ਇਹ ਕਹਾਣੀਆਂ ਪਹਿਲਾਂ ਹੀ ਵੱਖ ਵੱਖ ਟੀਵੀ ਚੈਨਲਾਂ,ਅਖ਼ਬਾਰਾਂ ਅਤੇ ਹਫਤਾਵਾਰੀ ,ਮਹੀਨਾਵਾਰੀ ,ਤ੍ਰੈ-ਮਾਸੀ, ਜਾਂ ਛੇ ਮਾਸੀ ਰਸਾਲਿਆਂ ਦੀ ਸ਼ਾਨ ਬਣ ਚੁੱਕੀਆਂ ਹਨ ।ਕਹਾਣੀਕਾਰ ਲਾਲ ਸਿੰਘ ਪਹਿਲਾਂ ਕਈ ਰਾਜ,ਕੌਮੀ ਪੱਧਰ ਦੇ ਇਨਾਮ-ਸਨਮਾਨ ਆਪਣੀ ਲੇਖਣੀ ਸਦਕਾ ਪ੍ਰਾਪਤ ਕਰ ਚੁੱਕਾ ਹੈ ।