ਦੇਸ਼ ਦੇ ਬਦਲਦੇ ਰਾਜਸੀ ਵਾਤਾਵਰਣ ਵਿੱਚ ਉਠਦੇ ਨਵੇਂ ਸੁਆਲ

ਜਸਵੰਤ ਸਿੰਘ ‘ਅਜੀਤ’

ਇਨ੍ਹਾਂ ਦਿਨਾਂ ਵਿੱਚ ਅੱਧ-ਕਚਰੇ ਰਾਜਸੀ ਮਾਹਿਰਾਂ, ਜਿਨ੍ਹਾਂ ਬਾਰੇ ਆਮ ਕਰ ਕੇ ਇਹ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦਾ ਹਰ ਮਾਮਲੇ, ਭਾਵੇਂ ਉਸਦੇ ਸੰਬੰਧ ਵਿੱਚ ਉਨ੍ਹਾਂ ਨੂੰ ਜਾਣਕਾਰੀ ਹੋਵੇ ਜਾਂ ਨਾਂਹ, ਮੂੰਹ ਮਾਰਨ ਦਾ ਸੁਭਾਅ ਬਣ ਚੁਕਾ ਹੈ, ਦੀ ਇੱਕ ਅਜਿਹੀ ਮਹਿਫਲ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ, ਜਿਸ ਵਿੱਚ ਦੇਸ਼ ਦੀ ਵਰਤਮਾਨ ਰਾਜਸੀ ਸਥਿਤੀ ਪੁਰ ਚਰਚਾ ਹੋ ਰਹੀ ਸੀ। ਉਸ ਮਹਿਫਲ ਵਿੱਚ ਜਦੋਂ ਅਸੀਂ ਪੁਜੇ ਉਸ ਸਮੇਂ ਇੱਕ ਸਜੱਣ ਕਹਿ ਰਹੇ ਸਨ ਕਿ ਦੇਸ਼ ਦੇ ਰਾਜ-ਭਾਗ ਦੀ ਮਾਲਕ ਬਣੀ, ਭਾਰਤੀ ਜਨਤਾ ਪਾਰਟੀ ਦਾ ਅੱਜ ਉਹ ਸਰੂਪ ਵਿਖਾਈ ਨਹੀਂ ਦੇ ਰਿਹਾ, ਜੋ ਪਾਰਟੀ ਦੇ ਸਾਰੇ ਸੀਨੀਅਰ ਅਤੇ ਜੂਨੀਅਰ ਆਗੂਆਂ ਨੂੰ ਨਾਲ ਸਨਮਾਨ-ਪੂਰਬਕ ਲੈ ਕੇ ਚਲਣ ਪੁਰ ਅਧਾਰਤ ਸੀ। ਹੁਣ ਤਾਂ ਸਾਰੇ ਸੀਨੀਅਰ ਆਗੂਆਂ, ਜੋ ਕਿਸੇ ਸਮੇਂ ਪਾਰਟੀ ਦੀ ਰੀੜ ਦੀ ਹੱਡੀ ਮੰਨੇ ਜਾਂਦੇ ਸਨ, ਨੂੰ ਕਿਨਾਰੇ ਕਰ, ਇੱਕ ਤਰ੍ਹਾਂ ਨਾਲ ਬੇਲੋੜੇ ‘ਕਬਾੜ’ ਵਿੱਚ ਸੁੱਟ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜਕਲ ਤਾਂ ਚਰਚਾ ਇਹ ਵੀ ਸੁਣਨ ਨੂੰ ਮਿਲ ਰਹੀ ਹੈ ਕਿ ਪਾਰਟੀ ਵਿੱਚ ਵਿਰੋਧੀ, ਪ੍ਰੰਤੂ ਉਸਾਰੂ ਸੋਚ ਤਕ ਨੂੰ ਵੀ ਉਭਰਨ ਨਹੀਂ ਦਿੱਤਾ ਜਾਂਦਾ। ਇੱਕ ਵਿਅਕਤੀ ਨੇ ਸਾਰੀ ਸਰਕਾਰੀ ਸੱਤਾ ਆਪਣੇ ਹੱਥਾਂ ਵਿੱਚ ਕੇਂਦ੍ਰਿਤ ਕਰ ਲਈ ਹੈ। ਪਾਰਟੀ ਵਿਚੋਂ ਰਿਸ ਕੇ ਆ ਰਹੀਆਂ ਖਬਰਾਂ ਵਿੱਚ ਤਾਂ ਇਹ ਵੀ ਦਸਿਆ ਜਾ ਰਿਹਾ ਹੈ ਕਿ ਵਿਖਾਵੇ ਵਜੋਂ ਤਾਂ ਸਰਕਾਰ ਵਿੱਚ ਵੱਖ-ਵੱਖ ਜ਼ਿਮੇਂਦਾਰੀਆਂ ਨਿਭਾਉਣ ਲਈ ਮੰਤਰੀਆਂ ਦੇ ਇੱਕ ਸਮੂਹ ਦੇ ਰੂਪ ਵਿੱਚ, ਇੱਕ ਮੰਤਰੀ ਮੰਡਲ ਦਾ ਗਠਨ ਕੀਤਾ ਗਿਆ ਹੋਇਆ ਹੈ, ਜਿਸ ਵਿੱਚ ਸ਼ਾਮਲ ਮੰਤਰੀ ਪ੍ਰਤੱਖ ਰੂਪ ਤਾਂ ਵਿੱਚ ਆਪੋ-ਆਪਣੇ ਵਿਭਾਗ ਦੇ ਕੰਮਾਂ ਨੂੰ ਸਿਰੇ ਚਾੜ੍ਹਨ ਲਈ ਜ਼ਿਮੇਂਦਾਰ ਮੰਨੇ ਜਾਂਦੇ ਹਨ ਅਤੇ ਉਨ੍ਹਾਂ ਲਈ ਉਹ ਪ੍ਰਧਾਨ ਮੰਤਰੀ ਅਤੇ ਦੇਸ਼-ਵਾਸੀਆਂ ਸਾਹਮਣੇ ਜਵਾਬਦੇਹ ਹਨ।
ਆਪਣੀ ਗਲ ਖਤਮ ਕਰਦਿਆਂ ਉਸ ਸਜਣ ਨੇ ਕਿਹਾ ਕਿ ਮਿਲ ਰਹੇ ਸੰਕੇਤਾਂ ਤੋਂ ਤਾਂ ਇਹ ਵੀ ਜਾਪਦਾ ਹੈ ਕਿ ਜਿਵੇਂ ਪਾਰਟੀ ਵਿੱਚ ਲੋਕਤਾਂਤ੍ਰਿਕ ਕਦਰਾਂ-ਕੀਮਤਾਂ ਪੁਰ ਅਪ੍ਰਤੱਖ ਰੂਪ ਵਿੱਚ ਤਾਨਾਸ਼ਾਹੀ ਦਾ ਖੋਲ੍ਹ ਚੜਾਅ ਦਿੱਤਾ ਗਿਆ ਹੈ, ਅਤੇ ਜਿਸ ਕਾਰਣ ਪਾਰਟੀ ਦੇ ਅੰਦਰ ਜੋ ਕੁਝ ਪਕ ਰਿਹਾ ਹੈ, ਉਸਦਾ ‘ਧੂੰਅ’ ਵੀ ਬਾਹਰ ਨਹੀਂ ਨਿਕਲ ਰਿਹਾ। ਉਸਦਾ ਇਹ ਵਿਚਾਰ ਵੀ ਸੀ ਕਿ ਜਦੋਂ ਕਦੀ ਇਹ ਖੋਲ੍ਹ ਹਟਿਆ, ਤਾਂ ਭਾਜਪਾ ਦਾ ਹਾਲ ਵੀ ਉਹੀ ਹੋ ਜਾਇਗਾ, ਜੋ ਅੱਜ ਕਾਂਗ੍ਰਸ ਦਾ ਹੋ ਰਿਹਾ ਹੈ। ਉਸ ਸਜਣ ਅਨੁਸਾਰ ਇਸਦਾ ਕਾਰਣ ਇਹ ਹੈ ਕਿ ਖੋਲ੍ਹ ਹਟਣ ਤੋਂ ਬਾਅਦ ਜੋ ਲੀਡਰਸ਼ਿਪ ਸਾਹਮਣੇ ਆਇਗੀ, ਉਹ ਦਿਸ਼ਾ-ਹੀਨ, ਸ਼ਕਤੀ-ਹੀਨ ਤੇ ਸੁਤੰਤਰ ਨਿਜ ਵਿਚਾਰਾਂ ਤੋਂ ਸਖਣੀ ਹੋਵੇਗੀ। ਫਲਸਰੂਪ ਉਸ ਦੇ ਲਈ ਉਸ ਪਾਰਟੀ ਨੂੰ ਸੰਭਾਲ ਪਾਣਾ ਬਹੁਤ ਹੀ ਮੁਸ਼ਕਿਲ ਹੋ ਜਾਇਗਾ, ਜੋ ਤਾਨਾਸ਼ਾਹੀ ਅਰਥਾਤ ਇੱਕ ਪੁਰਖੀ ਸੱਤਾ ਵਿੱਚ ਜੀਉਣ ਦੀ ਆਦੀ ਹੋ ਚੁਕੀ ਹੋਵੇਗੀ।
ਕਾਂਗ੍ਰਸ ਦਾ ਭਵਿਖ : ਇਸ ਸਜਣ ਦੀ ਗਲ ਖਤਮ ਹੋ ਜਾਣ ਤੋਂ ਬਾਅਦ ਦੂਸਰੇ ਸਜਣ ਨੇ ਕਾਂਗ੍ਰਸ ਵੱਲ ਨਿਸ਼ਾਨਾ ਸਾਧਦਿਆਂ ਕਿਹਾ ਕਿ ਰਾਜੀਵ ਗਾਂਧੀ ਤੋਂ ਬਾਅਦ ਕਾਂਗ੍ਰਸ ਲਗਾਤਾਰ ਬਿਖਰਦੀ ਅਤੇ ਰਸਾਤਲ ਵਲ ਵਧਦੀ ਚਲੀ ਜਾ ਰਹੀ ਹੈ, ਕਿਉਂਕਿ ਰਾਜੀਵ ਗਾਂਧੀ ਦੀ ਮੌਤ ਤੋਂ ਬਾਅਦ ਉਸਨੂੰ ਤੁਰੰਤ ਹੀ ਕੋਈ ਅਜਿਹਾ ਆਗੂ ਨਹੀਂ ਮਿਲ ਸਕਿਆ, ਜੋ ਉਸਨੂੰ ਇੱਕ-ਜੁਟ ਰਖ, ਸੰਭਾਲ ਸਕੇ। ਉਸ ਅਨੁਸਾਰ ਸੋਨੀਆ ਗਾਂਧੀ ਨੇ ਜਦੋਂ ਕਾਂਗ੍ਰਸ ਦੀ ਵਾਗਡੋਰ ਸੰਭਾਲੀ, ਤਦ ਤਕ ਬਹੁਤ ਦੇਰ ਹੋ ਚੁਕੀ ਸੀ। ਫਿਰ ਵੀ ਰਾਜੀਵ ਗਾਂਧੀ ਦੀ ਮੋਤ ਤੋਂ ਬਾਅਦ ਸੋਨੀਆ ਗਾਂਧੀ ਨੇ ਜੋ ਅੰਤਹੀਨ ਰਾਜਸੀ ਥਪੇੜੇ ਝਲੇ, ਉਨ੍ਹਾਂ ਨੇ ਉਸ ਵਿੱਚ ਜੋ ਰਾਜਸੀ ਪਰਿਪਕਤਾ ਲਿਆਂਦੀ, ਉਸਦੇ ਸਹਾਰੇ ਉਹ ਕਾਂਗ੍ਰਸ ਨੂੰ ਸੰਭਾਲੀ ਚਲੀ ਆ ਰਹੀ ਹੈ। ਉਸਨੇ ਰਾਹੁਲ ਗਾਂਧੀ ਦੀ ਗਲ ਕਰਦਿਆਂ ਕਿਹਾ ਕਿ ਜਿਥੋਂ ਤਕ ਰਾਹੁਲ ਗਾਂਧੀ ਦਾ ਸੰਬੰਧ ਹੈ, ਉਸਨੂੰ ਪਾਰਟੀ ਦੀ ਲੀਡਰਸ਼ਿਪ ਵਿਰਸੇ ਵਿੱਚ ਮਿਲੀ ਹੈ। ਉਸਨੂੰ ਉਹ ਰਾਜਸੀ ਥਪੇੜੇ ਨਹੀਂ ਝਲਣੇ ਪਏ, ਜੋ ਰਾਜਨੈਤਿਕ ਜੀਵਨ ਵਿੱਚ ਪਰਿਪਕਤਾ ਪ੍ਰਦਾਨ ਕਰਨ ਵਿੱਚ ਮਦੱਦਗਾਰ ਸਾਬਤ ਹੁੰਦੇ ਹਨ। ਇਹੀ ਕਾਰਣ ਹੈ ਕਿ ਉਸਦੀ ਸੋਚ ਅਤੇ ਕਥਨੀ ਦੇ ਨਾਲ ਹੀ ਹਾਵ-ਭਾਵ ਵਿਚੋਂ ਅਜੇ ਤਕ ਬਚਪਨ ਟਪਕਦਾ ਵਿਖਾਈ ਦਿੰਦਾ ਹੈ।
ਲੋਕਤੰਤਰ ਦੀ ਖੂਬੀ: ਸਮੇਂ-ਸਮੇਂ ਰਾਜਨੀਤੀ ਦੇ ਬਦਲਦੇ ਤੇਵਰਾਂ ਪੁਰ ਟਿੱਪਣੀ ਕਰਦਿਆਂ ਰਹਿਣ ਵਾਲੇ ਇੱਕ ਟਿੱਪਣੀਕਾਰ ਨੇ ਲੋਕਤੰਤਰ ਦੀ ਖੂਬੀ ਦੀ ਚਰਚਾ ਕਰਦਿਆਂ ਲਿਖਿਆ ਹੈ ਕਿ ਭਾਰਤੀ ਰਾਜਨੀਤੀ ਵਿੱਚ ਨਹਿਰੂ ਦਾ ਕੱਦ ਅਤੇ ਉਨ੍ਹਾਂ ਦੇ ਪ੍ਰਛਾਵੇਂ ਦਾ ਪ੍ਰਭਾਵ ਦੇਸ਼ ਭਰ ਵਿੱਚ ਅੱਜ ਵੀ ਵਿਖਾਈ ਦਿੰਦਾ ਹੈ। ਮਹਾਤਮਾ ਗਾਂਧੀ ਤੋਂ ਬਾਅਦ ਨਹਿਰੂ ਦੇਸ਼ ਦੇ ਇਕੋ-ਇੱਕ ਅਜਿਹੇ ਨੇਤਾ ਰਹੇ ਹਨ, ਜਿਨ੍ਹਾਂ ਦਾ ਪ੍ਰਭਾਵ ਰਾਸ਼ਟਰੀ ਅਤੇ ਅੰਤ੍ਰਰਾਸ਼ਟਰੀ ਰਾਜਨੀਤੀ ਤੋਂ ਲੈ ਕੇ ਦੇਸ ਦੇ ਸਮਾਜਕ ਤਾਣੇ-ਬਾਣੇ ਅਤੇ ਜਨਮਾਨਸ ਪੁਰ ਅੱਜ ਵੀ ਵਿਖਾਈ ਦਿੰਦਾ ਹੈ। ਨਹਿਰੂ ਤੋਂ ਬਾਅਦ ਆਈਆਂ ਸਾਰੀਆਂ ਕਾਂਗ੍ਰਸੀ ਅਤੇ ਇਥੋਂ ਤਕ ਕਿ ਗੈਰ-ਕਾਂਗ੍ਰਸੀ ਸਰਕਾਰਾਂ ਵੀ ਨਹਿਰੂ ਦੇ ਬਣਾਏ ਮਾਡਲ ਨੂੰ ਧਿਆਨ ਵਿੱਚ ਰਖ ਕੇ ਕੰਮ ਕਰਦੀਆ ਰਹੀਆਂ ਅਤੇ ਉਨ੍ਹਾਂ ਦਾ ਪ੍ਰਭਾਵ ਸਰਕਾਰਾਂ ਦੇ ਕੰਮ-ਕਾਜ ਦੇ ਤਰੀਕਿਆਂ ਪੁਰ ਪਿਆ ਨਜ਼ਰ ਆਉਂਦਾ ਹੈ। ਉਸਨੇ ਹੋਰ ਲਿਖਿਆ ਕਿ ਜੇ ਇਹ ਕਿਹਾ ਜਾਏ ਕਿ ਨਹਿਰੂ ਅਤੇ ਇੰਦਰਾ ਗਾਂਧੀ ਦੀ ਤਰਜ਼ ਤੇ ਹੀ ਮੋਦੀ ਇਕਲੇ ਅਜਿਹੇ ਨੇਤਾ ਹਨ ਜਿਨ੍ਹਾਂ ਆਪਣੀ ਛੱਬੀ ਅਤੇ ਪ੍ਰਭਾਵ ਦੇ ਬੂਤੇ ਰਾਜਨੀਤੀ ਵਿੱਚ ਪ੍ਰਵੇਸ਼ ਪਾਇਆ ਹੈ।
…ਅਤੇ ਅੰਤ ਵਿੱਚ : ਕੁਝ ਹੀ ਸਮਾਂ ਪਹਿਲਾਂ ਇੰਡੀਅਨ ਐਕਸਪ੍ਰੈਸ ਵਿੱਚ ਛੱਪੀ ਇੱਕ ਰਿਪੋਰਟ ਅਨੁਸਾਰ, ਭਾਰਤ ਸਰਕਾਰ ਅਤੇ ਭਾਜਪਾ ਨੇਤਾ ਜਿਸ ਜਨਧਨ ਯਜਨਾ ਦੀ ‘ਸਫਲਤਾ’ ਦਾ ਗੁਣਗਾਨ ਕਰਦੇ ਨਹੀਂ ਸਨ ਥਕਦੇ, ਉਸ ਯੋਜਨਾ ਅਧੀਨ ਖੁਲ੍ਹੇ ਕਰੋੜਾਂ ਖਾਤਿਆਂ ਵਿੱਚ ਬੈਂਕ ਆਪ ਆਪਣੇ ਪਾਸੋਂ ਪੈਸਾ ਜਮ੍ਹਾ ਕਰਵਾ ਉਨ੍ਹਾਂ ਨੂੰ ਰਹੇ ਸਨ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਅਨੁਸਾਰ ਬੈਂਕ ਜ਼ੀਰੋ ਬੈਲੈਂਸ ਅਕਾਊਂਟਸ ਦੀ ਗਿਣਤੀ ਘਟਾਣ ਦੇ ਲਈ ਹੀ ਜਨ-ਧਨ ਯੋਜਨਾ ਅਧੀਨ ਖੁਲ੍ਹੇ ਖਾਤਿਆਂ ਵਿੱਚ ਇੱਕ-ਇੱਕ ਰੁਪਿਆ ਆਪਣੇ ਪਾਸੋਂ ਜਮ੍ਹਾ ਕਰਵਾਂਦੇ ਰਹੇ ਸਨ। ਕੁਝ ਹੀ ਸਮਾਂ ਪਹਿਲਾਂ ਆਰ ਟੀ ਆਈ ਅਧੀਨ ਮਿਲੀ ਜਾਣਕਾਰੀ ਅਨੁਸਾਰ 18 ਸਰਕਾਰੀ ਬੈਂਕਾਂ ਅਤੇ ਉਨ੍ਹਾਂ ਦੀਆਂ 16 ਇਲਾਕਾਈ ਬ੍ਰਾਂਚਾਂ ਵਿੱਚ ਅਜਿਹੇ 1.05 ਕਰੋੜ ਖਾਤੇ ਸਨ, ਜਿਨ੍ਹਾਂ ਵਿੱਚ ਕੇਵਲ ਇੱਕ-ਇੱਕ ਰੁਪਿਆ ਜਮ੍ਹਾ ਸਨ। ਇਨ੍ਹਾਂ ਤੋਂ ਇਲਾਵਾ ਕੁਝ ਖਾਤੇ ਅਜਿਹੇ ਵੀ ਸਨ ਜਿਨ੍ਹਾਂ ਵਿੱਚ ਦੋ, ਪੰਜ ਜਾਂ ਦਸ ਰੁਪਏ ਹੀ ਜਮ੍ਹਾ ਸਨ। 20 ਬੈਂਕਾਂ ਦੇ ਬ੍ਰਾਂਚ ਮੈਨੇਜਰਾਂ ਨੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਪੁਰ ਜਨ-ਧਨ ਯੋਜਨਾ ਅਧੀਨ ਖੁਲ੍ਹੇ ਜ਼ੀਰੋ ਬੈਂਲੈਂਸ ਖਾਤਿਆਂ ਦੀ ਗਿਣਤੀ (ਅੰਕੜਾ) ਘਟਾਉਣ ਲਈ ਦਬਾਉ ਹਿਾ ਸੀ। ਉਧਰ ਵਿਰੋਧੀਆਂ ਵਲੋਂ ਜਨਧਨ ਯਜਨਾ ਦੇ ਅਸਫਲ ਹੋਣ ਦੇ ਲਾਏ ਜਾ ਰਹੇ ਦੋਸ਼ਾਂ ਦੇ ਜਵਾਬ ਵਿੱਚ ਸਰਕਾਰੀ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਜਨਧਨ ਯੋਜਨਾ ਅਧੀਨ ਬੈਂਕਾਂ ਵਿੱਚ ਜਮ੍ਹਾ ਰਕਮ 42,000 ਕਰੋੜ ਦਾ ਅੰਕੜਾ ਪਾਰ ਕਰ ਗਈ ਹੋਈ ਹੈ ਅਤੇ ਬਿਨਾਂ ਕਿਸੇ ਰਾਸ਼ੀ ਵਾਲੇ ਖਾਤਿਆਂ ਦੀ ਗਿਣਤੀ 25 ਪ੍ਰਤੀਸ਼ਤ ਤੋਂ ਵੀ ਘਟ ਹੋ ਗਈ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *