ਬੈਲਜ਼ੀਅਮ ਦੇ ਸਿੱਖਾਂ ਵੱਲੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਦਿੱਤਾ ਗਿਆ ਬੇਨਤੀ ਪੱਤਰ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਜੂਨ ਅਤੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਸਿੱਖ ਕੌਂਮ ਵਾਸਤੇ ਨਾਂ ਭੁੱਲਣਯੋਗ ਅਤੇ ਨਾਂ ਬਖਣਯੋਗ ਅਸਹਿ ਪੀੜ ਹੈ। ਜੂਨ 1984 ਦੇ ਸ਼ਹੀਦਾਂ ਨੂੰ ਸਮਰਪਤਿ ਦਿਹਾੜੇ ਤਾਂ ਮਨਾਏ ਜਾਂਦੇ ਹਨ ਪਰ ਨਵੰਬਰ 1984 ਦੇ ਸ਼ਹੀਦਾਂ ਨੂੰ ਬਹੁਤਾ ਯਾਦ ਨਹੀ ਕੀਤਾ ਜਾਂਦਾ। ਜਦ ਉਹਨਾਂ ਹੀ ਦਿਨਾਂ ਵਿੱਚ ਖੁਸੀਆਂ ਦਾ ਕੋਈ ਜਨਤਕ ਸਮਾਗਮ ਕਰਵਾਇਆ ਜਾਂਦਾ ਹੈ ਤਾਂ ਕੌਂਮੀ ਪੀੜ ਨੂੰ ਮਹਿਸੂਸ ਕਰਦੇ ਸਿੱਖਾਂ ਦੇ ਹਿਰਦੇ ਵਲੂੰਧਰੇ ਜਾਂਦੇ ਹਨ। ਬੈਲਜ਼ੀਅਮ ‘ਤੋਂ ਪੰਜਾਬ ਫੇਰੀ ਤੇ ਆਏ ਹੋਏ ਭਾਈ ਗੁਰਪ੍ਰੀਤ ਸਿੰਘ ਰਟੌਲ ਨੇ ਕੱਲ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਇੱਕ ਬੇਨਤੀ ਪੱਤਰ ਸਿੰਘ ਸਾਹਿਬ ਜਥੇਦਾਰ ਭਾਈ ਹਰਪ੍ਰੀਤ ਸਿੰਘ ਹੋਰਾਂ ਦੇ ਨਾਂਮ ਦਿੱਤਾ। ਜਥੇਦਾਰ ਸਾਹਿਬ ਦੇ ਪਾਕਿਸਤਾਨ ਦੌਰੇ ਕਾਰਨ ਉਹਨਾਂ ਦੀ ਗੈਰਹਾਜਰੀ ਵਿੱਚ ਇਹ ਪੱਤਰ ਸਰਦਾਰ ਜਸਪਾਲ ਸਿੰਘ ਮੈਨੇਜ਼ਰ ਸ੍ਰੀ ਅਕਾਲ ਤਖਤ ਸਾਹਿਬ ਨੇ ਪ੍ਰਾਪਤ ਕੀਤਾ। ਬੇਨਤੀ ਪੱਤਰ ਵਿੱਚ ਬੈਲਜ਼ੀਅਸ ਵਾਸੀ ਸਿੱਖਾਂ ਨੇ ਨਵੰਬਰ 1984 ਸਿੱਖ ਨਸਲਕੁਸ਼ੀ ਦੌਰਾਂਨ ਮਾਰੇ ਗਏ ਬੇਗੁਨਾਹ ਸਿੱਖਾਂ ਦੀ ਸਲਾਨਾਂ ਯਾਦ ਮਨਾਉਣ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ‘ਤੋਂ ਇਹ ਮੰਗ ਕੀਤੀ ਹੈ ਕਿ ਸਿੰਘ ਸਾਹਿਬਾਨ ਕੌਂਮ ਨੂੰ ਕੋਈ ਠੋਸ ਸਮਾਂ ਜਾਂ ਦਿਨ ਮੁਕੱਰਰ ਕਰ ਕੇ ਕੌਂਮ ਦੇ ਨਾਂ ਸੰਦੇਸ਼ ਜਾਰੀ ਕਰਨ। ਕੌਂਮ ਵੱਲੋਂ ਸਮੂਹਿਕ ਤੌਰ ਤੇ ਮਨਾਈ ਜਾਣ ਵਾਲੀ ਯਾਦ ਬਾਅਦ ਕਿਸੇ ਨੂੰ ਇਹ ਭੁਲੇਖਾ ਨਹੀ ਰਹੇਗਾ ਕਿ ਇਹ ਯਾਦ ਮਨਾਉਣਾ ਸਿਰਫ ਸੰਘਰਸ਼ਸੀਲ ਸਿੰਘਾਂ ਦਾ ਫਰਜ ਹੀ ਨਹੀ ਸਗੋਂ ਕੌਂਮ ਦੀ ਜਿੰਮੇਬਾਰੀ ਹੈ ਕਿਉਕਿ ਕਤਲ ਕਰਨ ਵਾਲਿਆਂ ਨੇ ਸਿਰਫ ਕੇਸ, ਦਸਤਾਰ, ਦਾਹੜੇ ਅਤੇ ਚੁੰਨੀਆਂ ਹੀ ਦੇਖੀਆਂ ਸਨ ਨਾਂਕਿ ਕੋਈ ਧੜਾ। ਬੇਨਤੀ ਪੱਤਰ ਵਿੱਚ ਇਸਰਾਇਲ ਦੇ ਜਹੂਦੀਆਂ ਦੀ ਇੱਕ ਉਦਾਹਰਨ ਵੀ ਦਿੱਤੀ ਗਈ ਹੈ ਕਿ ਕਿਵੇਂ ਹਰ ਸਾਲ ਇੱਕ ਨਿਰਧਾਰਤ ਦਿਨ ਨੂੰ ਸਵੇਰੇ 10 ਵਜੇ ਮੁੱਲਕ ਭਰ ਵਿੱਚ ਵਜਦੇ ਸਾਇਰਨ ਬਾਅਦ 2 ਮਿੰਟ ਦਾ ਮੋਨ ਰੱਖਿਆ ਜਾਂਦਾ ਹੈ ਤੇ ਲੋਕੀਂ ਮੋਟਰ-ਗੱਡੀਆਂ ਰੋਕ ਬਾਹਰ ਖੜ ਜਾਂਦੇ ਹਨ ਸਾਰੇ ਮੁਲਕ ਦਾ ਕਾਰੋਬਾਰ 2 ਮਿੰਟ ਲਈ ਠੱਪ ਹੋ ਜਾਂਦਾ ਹੈ। ਯਾਦ ਪੱਤਰ ਦੇਣ ਸਮੇਂ ਭਾਈ ਗੁਰਪ੍ਰੀਤ ਸਿੰਘ ਰਟੌਲ ਬੈਲਜ਼ੀਅਮ ਦੇ ਨਾਲ ਰਣਜੀਤ ਸਿੰਘ, ਸਤਨਾਮ ਸਿੰਘ ਅਤੇ ਸੱਤੀ ਚੋਹਲਾ ਸਾਹਿਬ ਵੀ ਹਾਜਰ ਸਨ।