ਪਟਿਆਲਾ 22 ਮਈ..ਅੱਜ ਇੱਥੇ ਪੰਜਾਬੀ ਯੂਨੀਵਰਸਿਟੀ ਦੇ ਵਿਹੜੇ ਚ ਨਕਸਲੀ ਲਹਿਰ ਦੇ ਹਰਮਨ ਪਿਆਰੇ ਤੇ ਚਰਚਿਤ ਆਗੂ ਸ਼ਹੀਦ ਬਲਦੇਵ ਸਿੰਘ ਮਾਨ ਦੀ ਜ਼ਿੰਦਗੀ ਉੱਪਰ ਅਧਾਰਿਤ ਪੁਸਤਕ ਗਾਥਾ ਇੱਕ ਸੂਰਮੇ ਦੀ ਰੀਲੀਜ਼ ਕੀਤੀ ਗਈ।
ਇਸ ਮੌਕੇ ਸ਼ਹੀਦ ਮਾਨ ਦੇ ਸਮਕਾਲੀ ਪ੍ਰੋਫੈਸਰ ਅਜਾਇਬ ਸਿੰਘ ਟਿਵਾਣਾ ਨੇ ਕਿਹਾ ਕਿ ਸ਼ਹੀਦ ਬਲਦੇਵ ਸਿੰਘ ਮਾਨ ਦੀ ਸ਼ਹਾਦਤ ਦੇ ਪੈਂਤੀ ਸਾਲਾਂ ਬਾਅਦ ਇਸ ਪੁਸਤਕ ਦਾ ਛਪਣਾ ਸਿਰਫ ਮਾਨ ਦੀ ਹਰਮਨ ਪਿਆਰਤਾ ਨੂੰ ਹੀ ਨਹੀਂ ਦਰਸਾਉਂਦਾ ਬਲਕਿ ਏਹ ਵੀ ਸਪੱਸ਼ਟ ਕਰਦਾ ਹੈ ਕਿ ਉਨ੍ਹਾਂ ਵੱਲੋਂ ਉਠਾਏ ਕਦਮਾਂ ਤੇ ਅੱਜ ਦੀ ਨਵੀਂ ਪੀੜ੍ਹੀ ਚੱਲਣ ਨੂੰ ਤਿਆਰ ਹੈ।ਇਸ ਦੀ ਪ੍ਰਤੱਖ ਉਦਾਹਰਣ ਨੌਜਵਾਨ ਹਰਭਗਵਾਨ ਭੀਖੀ ਵੱਲੋਂ ਇਸ ਇਤਿਹਾਸਕ ਕਾਰਜ ਤੇ ਕੰਮ ਕਰਨਾ ਹੈ। ਉਨ੍ਹਾਂ ਕਿਹਾ ਸ਼ਹੀਦ ਬਲਦੇਵ ਸਿੰਘ ਮਾਨ ਵੱਲੋਂ ਆਪਣੀ ਨਵ ਜੰਮੀ ਧੀ ਦੇ ਨਾਮ ਲਿਖਿਆ ਖਤ ਇੱਕ ਇਤਿਹਾਸਕ ਦਸਤਾਵੇਜ਼ ਹੈ।ਪੈਂਤੀ ਸਾਲਾਂ ਬਾਅਦ ਉਸ ਦੀ ਧੀ ਵੱਲੋਂ ਆਪਣੇ ਪਿਤਾ ਦੇ ਨਾਮ ਲਿਖੇ ਸ਼ਬਦ ਭਾਵਪੂਰਵਕ ਹਨ।
ਉਨ੍ਹਾਂ ਮੌਜੂਦਾ ਦੌਰ ਚ ਜਾਤ ,ਜਮਾਤ ਦੇ ਨਾਲ ਮਨੁੱਖੀ ਪ੍ਰਤੀਰੋਧਕ ਦੀ ਲੜਾਈ ਨੂੰ ਵੀ ਮੁੱਖ ਦੱਸਿਆ।
ਡਾਕਟਰ ਭੀਮ ਇੰਦਰ ਸਿੰਘ ਨੇ ਕਿਹਾ ਕਿ ਵੀਹਵੀਂ ਸਦੀ ਵਿੱਚ ਜਿਹੜੀਆਂ ਵੀ ਮੁਕੰਮਲ ਸਤਾ ਤਬਦੀਲੀ ਨੂੰ ਲੈ ਕੇ ਲਹਿਰਾਂ ਉੱਠੀਆਂ ਨਕਸਲਬਾੜੀ ਲਹਿਰ ਦਾ ਸਭ ਤੋਂ ਉੱਭਰਵਾਂ ਨਾਂਅ ਹੈ। ਜਿਸ ਨੇ ਜਨਤਕ,ਸੱਭਿਆਚਾਰਕ, ਸਾਹਿਤਕ ਖੇਤਰ ਚ ਵੱਡਾ ਪ੍ਰਭਾਵ ਪਾਇਆ।ਉਨ੍ਹਾਂ ਕਿਹਾ ਕਿਹਾ ਨਕਸਲੀ ਲਹਿਰ ਵਲੋਂ ਅਪਣਾਈ ਜਨਤਕ ਲਹਿਰ ਦਾ ਸਭ ਤੋਂ ਨਿੱਧੜਕ ਤੇ ਲੋਕ ਨਾਇਕ ਸੀ ਬਲਦੇਵ ਸਿੰਘ ਮਾਨ।
ਫਿਲਮੀ ਅਦਾਕਾਰ ਤੇ ਮਾਨ ਦੇ ਸਮਕਾਲੀ ਇਕਬਾਲ ਗੱਜਣ ਨੇ ਕਿਹਾ ਕਿ ਜੋ ਸੁਪਨਾ ਸ਼ਹੀਦ ਮਾਨ ਨੇ ਵੇਖਿਆ ਸੀ ਉਹ ਹਾਲੇ ਵੀ ਅਧੂਰਾ ਹੈ ਜਿਸ ਨੂੰ ਪੂਰਾ ਕਰਨ ਲਈ ਬਹੁਤ ਸੁਹਿਰਦ ਯਤਨਾਂ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਲਹਿਰ ਸਾਹਮਣੇ ਹਾਲੇ ਵੀ ਬਹੁਤ ਅਣਸੁਲਝੇ ਸਵਾਲ ਖੜ੍ਹੇ ਨੇ
ਡਾਕਟਰ ਲਕਸ਼ਮੀ ਨਰਾਇਣ ਭੀਖੀ ਨੇ ਕਿਤਾਬ ਦੀ ਆਮਦ ਦਾ ਸਵਾਗਤ ਕਰਦਿਆਂ ਕਿਹਾ ਕਿ ਇਨਕਲਾਬੀ ਵਿਰਸੇ ਨੂੰ ਸੰਭਾਲਣਾ ਵੱਡੀ ਚੁਣੌਤੀ ਹੈ।
ਕਿਤਾਬ ਦੇ ਸੰਪਾਦਕ ਹਰਭਗਵਾਨ ਭੀਖੀ ਨੇ ਕਿਤਾਬ ਦੀ ਸੰਪਾਦਨਾ ਚ ਆਈਆਂ ਕਠਿਨਾਈਆਂ, ਸਹਿਯੋਗ ਕਰਨ ਵਾਲੇ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ ਇੱਕ ਇਤਿਹਾਸਕ ਕਾਰਜ ਨੂੰ ਨੇਪਰੇ ਚਾੜ੍ਹ ਸਕਿਆ।
ਇਸ ਮੌਕੇ ਸ਼ਾਇਰ ਸੱਤਪਾਲ ਭੀਖੀ,ਆਰਟਿਸਟ ਪ੍ਰਭਜੋਤ ਕੌਰ, ਨਾਟਕਕਾਰ ਸੱਤਪਾਲ ਬੰਗੇ,ਡਾਕਟਰ ਜਗਮੇਲ ਸਿੰਘ ਭਾਠੂਆਂ,ਡਾਕਟਰ ਮੇਜਰ ਸਿੰਘ, ਏ ਆਈ ਪੀ ਐਫ ਦੇ ਕਨਵੀਨਰ ਬਲਵਿੰਦਰ ਚਹਿਲ, ਰੈਡੀਕਲ ਪੀਪਲਜ਼ ਫੋਰਮ ਦੇ ਬਲਵਿੰਦਰ ਸ਼ਰਮਾ, ਪੀਪਲਜ਼ ਆਰਟ ਪਟਿਆਲਾ ਦੇ ਜਗਸੀਰ ਸਿੰਘ,ਸ਼ਾਇਰ ਸੁਖਵਿੰਦਰ ਸੁੱਖੀ ਨੇ ਵੀ ਵਿਚਾਰ ਸਾਂਝੇ ਕੀਤੇ।
ਜਾਰੀ ਕਰਤਾ
ਹਰਭਗਵਾਨ ਭੀਖੀ