ਫ਼ਿੰਨਲੈਂਡ 8 ਦਸੰਬਰ ( ਵਿੱਕੀ ਮੋਗਾ) ਉਤੱਰੀ ਯੂਰੱਪ ਦੇ ਵਿਕਸਿਤ ਦੇਸ਼ ਫਿੰਨਲੈੰਡ ਵਿੱਚ ਭਾਰਤੀ ਭਾਈਚਾਰੇ ਵੱਲੋਂ ਰਾਜਧਾਨੀ ਹੇਲਸਿੰਕੀ ਵਿਖੇ ਪਾਰਲੀਮੈਂਟ ਦੇ ਸਾਹਮਣੇ ਕਿਸਾਨਾਂ ਦੇ ਹੱਕ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ ।ਇਸ ਵਿੱਚ ਛੋਟੇ-ਵੱਡੇ , ਬੀਬੀਆਂ ਅਤੇ ਵੀਰਾਂ ਵੱਲੋਂ ਤਿੰਨ ਕਾਲੇ ਕਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ। ਕੜਾਕੇ ਦੀ ਸਰਦੀ ਦੀ ਪ੍ਰਵਾਹ ਕੀਤੇ ਬਗੈਰ ਸਭ ਨੇ ਕੋਰੋਨਾਵਾਇਰਸ ਤੋਂ ਪਰਹੇਜ਼ ਕਰਦਿਆਂ ਮਾਸਕ ਦੀ ਵਰਤੋਂ ਕੀਤੀ। ਪੁਲਸ ਪ੍ਰਸ਼ਾਸ਼ਣ ਵੱਲੋ ਮੰਨਜੂਰਸ਼ੁਦਾ ਪ੍ਰਦਰਸ਼ਨ ਵਿੱਚ ਇੱਕ ਸਮੇਂ ਕੇਵਲ 10 ਵਿਅਕਤੀ ਹੀ ਭਾਗ ਲੈ ਸਕਦੇ ਸੀ। ਤਕਰੀਬਨ 50 ਲੋਕਾਂ ਨੇ ਬਾਰੀ ਬਾਰੀ ਹਾਜ਼ਰੀ ਲਵਾਈ। ਸ਼ਾਂਤਮਈ ਪਰਦਰਸ਼ਨ ਦੋ ਘੰਟੇ ਚੱਲਿਆ ਜਿਸ ਵਿੱਚ ਬੁਲਾਰਿਆਂ ਨੇ ਅੰਗਰੇਜ਼ੀ, ਪੰਜਾਬੀ ਅਤੇ ਫਿਨਿਸ਼ ਭਾਸ਼ਾ ਵਿੱਚ ਕਿਸਾਨਾਂ ਦੇ ਸਮਰਥਨ ਦੀ ਗੱਲ ਕੀਤੀ। ਫਿਨਲੈੰਡ ਵਿੱਚ ਵਸਦੇ ਭਾਰਤੀ ਕਿਸਾਨਾਂ ਪ੍ਰਤੀ ਚਿੰਤੱਤ ਹਨ ਅਤੇ ਮੌਜੂਦਾ ਸਰਕਾਰ ਤੋਂ ਮੰਗ ਕਰਦੇ ਹਨ ਕਿ ਕਿਸਾਨਾਂ ਦੀਆਂ ਮੰਗਾਂ ਜਲਦ ਮੰਨੀਆਂ ਜਾਣ। ਦੂਜੇ ਪਾਸੇ ਮੁਜ਼ਾਹਰੇ ਵਿੱਚ ਸਾਰੇ ਪੰਜਾਬੀ ਭਾਈਚਾਰੇ ਨੇ ਮੋਦੀ ਦਾ ਧੰਨਵਾਦ ਵੀ ਕੀਤਾ ਕਿ ਉਸਦੇ ਬਣਾਏ ਇਹ ਕਾਲੇ ਕਨੂੰਨਾਂ ਕਰਕੇ ਸਾਰਾ ਪੰਜਾਬ ਇੱਕ ਹੋ ਗਿਆ ਹੈ ਅਤੇ ਗੰਦੀ ਰਾਜਨੀਤੀ ਤੋਂ ਅਲੱਗ ਹੋਕੇ ਬਿਨਾਂ ਕਿਸੇ ਜ਼ਾਤਪਾਤ ਅਤੇ ਭੇਦਭਾਵ ਦੇ ਆਪਣੇ ਹੱਕਾਂ ਵਾਸਤੇ ਇਕ ਹੋਕੇ ਸ਼ਾਂਤਮਈ ਢੰਗ ਨਾਲ ਆਪਣੀ ਲੜ੍ਹਾਈ ਲੜ੍ਹ ਰਿਹਾ ਹੈ।