ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਹਵਾਈ ਅੱਡੇ ਦੇ ਆਧੁਨਿਕੀਕਰਨ ਅਤੇ ਨਵੀਨੀਕਰਨ ਸੰਬੰਧੀ ਮੰਗਾਂ ਦੀ ਪੂਰਤੀ ਲਈ ਏਅਰਪੋਰਟ ਡਾਇਰੈਕਟਰ ਨੇ ਹਾਮੀ ਭਰੀ।

ਅੰਮ੍ਰਿਤਸਰ ਵਿਕਾਸ ਮੰਚ ਦਾ ਇੱਕ ਪ੍ਰਤੀਨਿਧ ਮੰਡਲ, ਜਿਸ ਵਿਚ ਪ੍ਰਧਾਨ ਸ੍ਰ.ਮਨਮੋਹਣ ਸਿੰਘ ਬਰਾੜ, ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਸਕੱਤਰ ਸ੍ਰੀ ਯੋਗੇਸ਼ ਕਾਮਰਾ ਆਦਿ ਮੈਂਬਰ ਸ਼ਾਮਲ ਸਨ, ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਦੇ ਡਾਇਰੈਕਟਰ ਸ੍ਰੀ ਵੀ. ਕੇ.ਸੇਠ ਨੂੰ ਮਿਲਿਆ। ਪ੍ਰਤੀਨਿਧ ਮੰਡਲ ਨੇ ਸਭ ਤੋਂ ਪਹਿਲਾਂ ਡਾਇਰੈਕਟਰ ਸਾਹਿਬ ਦਾ ਉਨ੍ਹਾਂ ਵੱਲੋਂ ਮੁਹੱਈਆ ਕੀਤੀਆਂ ਸੁਚੱਜੀਆਂ, ਸੁਚਾਰੂ ਅਤੇ ਨਿਪੁੰਨ ਸੇਵਾਵਾਂ ਲਈ ਧੰਨਵਾਦ ਅਤੇ ਸ਼ਲਾਘਾ ਕੀਤੀ ਜੋ ਉਨ੍ਹਾਂ ਦੇ ਉੱਦਮ ਅਤੇ ਯਤਨਾਂ ਸਦਕਾ 22 ਦਸੰਬਰ ਨੂੰ ਲੰਡਨ ਹੀਥਰੋ ਤੋਂ ਪਹੁੰਚੇ 250 ਹਵਾਈ ਯਾਤਰੀਆਂ ਨੂੰ ਪ੍ਰਦਾਨ ਕੀਤੀਆਂ ਗਈਆਂ ਸਨ। ਡਾਇਰੈਕਟਰ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਹਵਾਈ ਅੱਡੇ ਤੋਂ ਅੰਮ੍ਰਿਤਸਰ ਸ਼ਹਿਰ ਤੱਕ ਜਾਂਦੀ ਸੜਕ ਤੇ ਹਵਾਈ ਯਾਤਰੀਆਂ ਅਤੇ ਉਨ੍ਹਾਂ ਦੇ ਕੀਮਤੀ ਸਮਾਨ ਦੀ ਸੁਰੱਖਿਆ ਲਈ ਲਗਾਤਾਰ ਰਾਤ ਦਿਨ ਪੁਲਿਸ ਪੈਟਰੋਲਿੰਗ ਸ਼ੁਰੂ ਕਰਾਉਣ ਲਈ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਅਤੇ ਐਸ.ਐਸ. ਪੀ. ਅੰਮਿ੍ਤਸਰ ਨਾਲ ਲਿਖਤੀ ਸੰਪਰਕ ਸਾਧਿਆ ਜਾਵੇ।

ਕਾਰ ਪਾਰਕਿੰਗ ਦੇ ਠੇਕੇਦਾਰ ਅਤੇ ਕਰਮਚਾਰੀਆਂ ਵੱਲੋਂ ਯਾਤਰੀਆਂ ਨਾਲ ਕੋਈ ਬੇਵਿਹਾਰੀ ਅਤੇ ਬੇਨਿਯਮੀ ਨਾ ਹੋਵੇ, ਲਈ ਕਾਰ ਪਾਰਕਿੰਗ ਸਥਾਨ ਤੇ ਹਵਾਈ ਅੱਡੇ ਦੇ ਜਿੰਮੇਵਾਰ ਅਧਿਕਾਰੀਆਂ ਦੇ ਫੋਨ ਨੰਬਰ ਲਿਖ ਕੇ ਨਸ਼ਰ ਕੀਤੇ ਜਾਣ। ਮੁੱਖ ਟਰਮੀਨਲ ਸਾਹਮਣੇ ਵਰਤੋਂ-ਹੀਣ ਪਈ ਪਾਰਕਿੰਗ ਨੂੰ ਢਾਹ ਕੇ ਯਾਤਰੂਆਂ ਦੀਆਂ ਕਾਰਾਂ ਦੇ ਆਉਣ-ਜਾਣ ਲਈ ਬਹੁ-ਸੜਕੀ ਪ੍ਰਬੰਧ ਦੀ ਉਸਾਰੀ ਕੀਤੀ ਜਾਵੇ।

ਅੰਮ੍ਰਿਤਸਰ ਸ਼ਹਿਰ ਤੋਂ ਹਵਾਈ ਅੱਡੇ ਤੱਕ ਸੜਕ ਤੇ ਰਾਤ ਸਮੇਂ ਨਿਰਵਿਘਨ ਬਿਜਲਈ-ਰੌਸ਼ਨੀ ਦਾ ਮਿਆਰੀ ਪ੍ਰਬੰਧ ਕੀਤਾ ਜਾਵੇ, ਜੋ ਇਸ ਵਕਤ ਨਾਕਸ ਹਾਲਤ ਵਿੱਚ ਹੈ। ਇਸ ਵਕਤ ਹਵਾਈ ਜਹਾਜ਼ਾਂ ਦੀ ਪਾਰਕਿੰਗ ਲਈ ਵਰਤਮਾਨ 10 “ਐਪਰਨ” ਦੀ ਗਿਣਤੀ ਵਧਾ ਕੇ 24 ਕਰਨ ਲਈ 14 ਹੋਰ ਐਪਰਨ ਦੀ ਉਸਾਰੀ ਹਵਾਈ ਉਡਾਣਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਹਵਾਈ ਅੱਡੇ ਦੀ ਜ਼ਰੂਰਤ ਹੈ। ਮੌਜੂਦਾ ਰਨਵੇ ਦੇ ਸਮਾਨੰਤਰ ਟੈਕਸੀ ਟਰੈਕ ਦੀ ਉਸਾਰੀ ਵੀ ਹਵਾਈ ਅੱਡੇ ਦੀ ਆਧੁਨਿਕ ਲੋੜ ਹੈ, ਤਾਂ ਕਿ ਆ ਰਹੇ ਹਵਾਈ ਜਹਾਜ਼ਾਂ ਲਈ ਰਨਵੇ ਜਲਦੀ ਖ਼ਾਲੀ ਕੀਤਾ ਜਾ ਸਕੇ।

ਯਾਤਰੂਆਂ ਨੂੰ ਖਾਣ-ਪੀਣ ਅਤੇ ਉਡੀਕ ਸਮੇਂ ਨੂੰ ਸੁਖਦਾਇਕ ਬਤੀਤ ਕਰਨ ਲਈ ਆਧੁਨਿਕ ਅਤੇ ਮਿਆਰੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੁਖਤਾ ਇੰਤਜ਼ਾਮ ਕੀਤੇ ਜਾਣ। ਟਰਮੀਨਲ ਇਮਾਰਤ ਦੇ ਪ੍ਰਸਤਾਵਿਤ ਵਾਧੇ ਨੂੰ ਯਾਤਰੂਆਂ ਦੀ ਵੱਧਦੀ ਗਿਣਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਉਸਾਰਿਆ ਜਾਵੇ। ਇਨ੍ਹਾਂ ਸਾਰੀਆਂ ਜ਼ਰੂਰਤਾਂ ਦੀ ਪੂਰਤੀ ਲਈ ਤੁਰੰਤ ਕਾਰਵਾਈ ਕਰਨ ਲਈ ਡਾਇਰੈਕਟਰ ਸਾਹਿਬ ਨੇ ਸਹਿਮਤੀ ਪ੍ਰਗਟਾਈ।

ਡਾਇਰੈਕਟਰ ਸਾਹਿਬ ਨੇ ਇਹ ਦੱਸਿਆ ਕਿ ਮੁੱਖ ਸੜਕ ਤੋਂ ਹਵਾਈ ਅੱਡਾ ਗੇਟ ਤੱਕ ਪਹੁੰਚ-ਸੜਕ ਦੇ ਸੁੰਦਰੀਕਰਨ ਲਈ ਕਾਰਪੋਰੇਸ਼ਨ ਹਸਪਤਾਲ ਨਾਲ ਸਮਝੌਤਾ ਕੀਤਾ ਗਿਆ ਹੈ, ਤੇ ਸੜਕ-ਸੁੰਦਰੀਕਰਨ ਦਾ ਕੰਮ ਸ਼ੁਰੂ ਵੀ ਹੋ ਗਿਆ ਹੈ। ਮੁੱਖ ਟਰਮੀਨਲ ਦੀ ਸਾਹਮਣੀ ਵਰਤੋਂ-ਹੀਣ ਪਾਰਕਿੰਗ ਦੇ ਨਵੀਨੀਕਰਨ ਲਈ ਪ੍ਰਵਾਨਗੀ ਲਈ ਉੱਚ ਅਧਿਕਾਰੀਆਂ ਨੂੰ ਲਿਖਿਆ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *