ਪੰਤਗ ਉਡਾਉਂਦੇ ਸਮੇਂ ਵਰਤੋ ਸਾਵਧਾਨੀ –ਸਿਵਲ ਸਰਜਨ ਡਾ. ਬਲਵੰਤ ਸਿੰਘ
ਫਗਵਾੜਾ 5 ਜਨਵਰੀ (ਚੇਤਨ ਸ਼ਰਮਾ) ਲੋਹੜੀ-ਮਾਘੀ ਅਤੇ ਬਸੰਤ ਦੇ ਤਿਉਹਾਰ ਦੇ ਨਜ਼ਦੀਕ ਆਉਂਦਿਆਂ ਹੀ ਬੱਚਿਆਂ ਵਿੱਚ ਪਤੰਗਬਾਜ਼ੀ ਦਾ ਵੱਧਦਾ ਉਤਸਾਹ ਆਮ ਵੇਖਣ ਵਿੱਚ ਨਜ਼ਰ ਆਉਂਦਾ ਹੈ।ਪਰੰਤੂ ਪਤੰਗ ਉਡਾਉਂਦੇ ਸਮੇਂ ਸਾਵਧਾਨੀ ਨਾ ਵਰਤੀ ਜਾਵੇ ਤਾਂ ਇਹ ਘਾਤਕ ਹੋ ਸਕਦਾ ਹੈ।ਅੱਜਕੱਲ ਪਤੰਗਬਾਜ਼ਾਂ ਦੁਆਰਾ ਪਤੰਗ ਉਡਾਉਣ ਲਈ ਵਰਤੀ ਜਾ ਰਹੀ ਚਾਈਨਾ ਡੋਰ ਸੰਬੰਧੀ ਡਾ.ਬਲਵੰਤ ਸਿੰਘ ਸਿਵਲ ਸਰਜਨ ਜਲੰਧਰ ਨੇ ਕਿਹਾ ਕਿ ਇਹ ਡੋਰ ਸੂਤੀ ਡੋਰ ਤੋਂ ਹੱਟ ਕੇ ਸਿੰਥੈਟਿਕ/ਪਲਾਸਟਿਕ ਦੀ ਬਣੀ ਹੋਣ ਕਰਕੇ ਬਹੁਤ ਮਜ਼ਬੂਤ ਅਤੇ ਨਾ ਗਲਣਯੋਗ / ਟੁੱਟਣਯੋਗ ਹੁੰਦੀ ਹੈ ਅਤੇ ਨਾਲ ਹੀ ਇਸ ਦੇ ਉੱਪਰ ਕੱਚ,ਲੋਹੇ ਆਦਿ ਦੀ ਪਰਤ ਚੜ੍ਹੀ ਹੁੰਦੀ ਹੈ ਇਸ ਲਈ ਇਹ ਡੋਰ ਪਲਾਂ ਵਿੱਚ ਹੀ ਪਤੰਗ ਉਡਾਉਣ ਵਾਲਿਆਂ ਦੇ ਸਰੀਰ ਦੇ ਅੰਗ,ਹੱਥ ਅਤੇ ਉਂਗਲਾਂ ਕੱਟ ਦਿੰਦੀ ਹੈ।ਇਸ ਤੋਂ ਇਲਾਵਾ ਰਾਹ ਚੱਲਦੇ ਵਿਅਕਤੀਆਂ,ਸਾਈਕਲ-ਸਵਾਰਾਂ ਅਤੇ ਹੋਰ ਦੋ-ਪਹੀਆ ਵਾਹਨ ਚਾਲਕਾਂ ਦੇ ਗਲ ਅਤੇ ਕੰਨ ਆਦਿ ਕੱਟਣ ਦੇ ਨਾਲ-ਨਾਲ ਵਿਅਕਤੀ ਦੀ ਮੋਤ ਵੀ ਹੋ ਸਕਦੀ ਹੈ।ਜਿੱਥੇ ਇਹ ਚਾਈਨਾ ਡੋਰ ਦੀ ਵਰਤੋਂ ਮਨੁੱਖ ਲਈ ਘਾਤਕ ਹੈ ਉੱਥੇ ਇਹ ਉਡਦੇ ਪੰਛੀਆਂ ਦੀ ਜਾਨ ਲਈ ਵੀ ਖਤਰਨਾਕ ਹੈ ਕਿਉਂ ਜੋ ਉੱਡਦੇ ਸਮੇਂ ਪੰਛੀ ਇਸ ਵਿੱਚ ਫਸ ਸਕਦੇ ਹਨ।
ਸਿਵਲ ਸਰਜਨ ਡਾ.ਬਲਵੰਤ ਸਿੰਘ ਵਲੋਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਗੱਲ ਦਾ ਧਿਆਨ ਰੱਖਣ ਕੇ ਉਨਾਂ ਦੇ ਬੱਚੇ ਪਤੰਗ ਉਡਾਉਂਦੇ ਜਿਸ ਡੋਰ ਦਾ ਇਸਤਮਾਲ ਕਰ ਰਹੇ ਹਨ ਉਹ ਸਿੰਥੈਟਿਕ/ਪਲਾਸਟਿਕ ‘ਤੇ ਕੱਚ,ਲੋਹੇ ਆਦਿ ਦੀ ਪਰਤ ਚੜ੍ਹੀ ਚਾਈਨਾ ਡੋਰ ਨਾ ਹੋਵੇ ਅਤੇ ਨਾਲ ਹੀ ਉਨ੍ਹਾਂ ਵਿਕ੍ਰੇਤਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਚਾਇਨਾ ਡੋਰ ਵੇਚਣ ਤੋਂ ਪ੍ਰਹੇਜ਼ ਕਰਨ।