ਮਿਲਕੇ ਜਿੱਤਾਂਗੇ ਜਾਂ ਮਰਾਂਗੇ – ਸ਼ਰੋਮਣੀ ਅਕਾਲੀ ਦਲ (ਅ) ਯੂ.ਕੇ .ਰਜਿ.

ਇੰਗਲੈਂਡ – ਅੱਜ ਇਕ ਵਾਰੀ ਫਿਰ ਲੋਕਤੰਤ੍ਰਿਕ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਨੇ ਸਾਬਤ ਕਰ ਦਿੱਤਾ ਕਿ ਸਿਰਫ ਕੈਲੰਡਰ ਅਤੇ ਰੁੱਤਾਂ ਬਦਲਦੀਆਂ ਹਨ ਨਸੀਬ ਨਹੀਂ ਬਦਲਦੇ।ਕਿਸਾਨ ਲੋਕ ਅੰਦੋਲਨ ਕਾਰਨ ਅੰਤਰਰਾਸ਼ਟਰੀ ਪੱਧਰ ‘ਤੇ ਕਿਸਾਨਾਂ ਦੀ ਹਮਾਇਤ ਵਿੱਚ ਸਰਕਾਰ ਵਿਰੋਧੀ ਰੋਹ ਪ੍ਰਦਰਸ਼ਨ ਹੋ ਰਹੇ ਹਨ ਅਤੇ ਰਾਜਧਾਨੀ ਵਿੱਚ ਕਿਸਾਨਾਂ ਦਾ ਬੇਮਿਸਾਲ ਇਕੱਠ ਹੈ।ਇਸ ਲੋਕ ਅੰਦੋਲਨ ਦੌਰਾਨ 60 ਤੋਂ ਉੱਪਰ ਹੋਈਆਂ ਮੌਤਾਂ ਉੱਪਰ ਖ਼ਮੋਸ਼ ਪਰ ਅਮਰੀਕਾ ਵਿੱਚ ਵਾਪਰੀਆਂ ਘਟਨਾਵਾਂ ਬਾਰੇ ਚਿੰਤਾ ਪ੍ਰਗਟ ਕਰਨ ਵਾਲੇ ਪ੍ਰਧਾਨ ਮੰਤਰੀ ਅਤੇ ਸਰਕਾਰੀ ਤੰਤਰ ਵੱਲੋਂ 26 ਜਨਵਰੀ ਨੂੰ ਉਸੇ ਦਿੱਲੀ ਵਿੱਚ ਅਰਬਾਂ ਰੁਪਏ ਖਰਚ ਕੇ 71ਵਾਂ ਗਣਤੰਤਰ ਦਿਵਸ ਮਨਾਉਂਦੇ ਹੋਏ ਇਸਨੂੰ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਦੱਸਣਾਂ ਵਿਅਰਥ ਹੈ ਜਦੋਂ ਸਰਕਾਰ ਸਰਮਾਏਦਾਰਾਂ ਦੀ, ਸਰਮਾਏਦਾਰਾਂ ਲਈ ‘ਤੇ ਸਰਮਾਏਦਾਰਾਂ ਦੁਆਰਾ ਬਣ ਗਈ ਪ੍ਰਤੀਤ ਹੁੰਦੀਂ ਹੈ।ਆਪਾਂ ਸਭ ਜਾਣਦੇ ਹਾਂ ਕਿ ਕਰੀਬ 4 ਮਹੀਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਿਸਾਨ ਵਿੰਗ, ਫਿਲਮ ਜਗਤ ਨਾਲ ਸਬੰਧਿਤ ਸ: ਦੀਪ ਸਿੰਘ ਸਿੱਧੂ ‘ਤੇ ਸ: ਲੱਖਾ ਸਿੰਘ ਸਿਧਾਣਾਂ ਅਤੇ ਹੋਰ ਨੌਜਵਾਨਾਂ ਨੇ ਸੰਭੂ ਬਾਰਡਰ ਉੱਪਰ ਮੋਰਚੇ ਲਾਏ ਸਨ, ਬਹੁਤ ਸਾਰੇ ਨਾਮੀ ਕਲਾਕਾਰਾਂ ਤੋਂ ਇਲਾਵਾ ਆਮ ਲੋਕ ਖਾਸਕਰ ਨੌਜਵਾਨ ਵਰਗ ਇਨ੍ਹਾਂ ਦਾ ਭਰਪੂਰ ਸਾਥ ਦੇ ਰਿਹਾ ਹੈ। ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਚੱਲੋ ਦੇ ਨਾਅਰੇ ਉੱਪਰ ਫੁੱਲ ਚੜ੍ਹਾਉਦਿਆਂ ਇਨ੍ਹਾਂ ਸਭ ਨੇ ਦਿੱਲੀ ਵਿੱਚ ਮੋਰਚੇ ਸਾਂਭ ਲਏ।ਗੁਰੂ ਕੀਆਂ ਲਾਡਲੀਆਂ ਫੌਜਾਂ, ਧਾਰਮਿਕ, ਰਾਜਨੀਤਕ, ਤੇ ਸਮਾਜਿਕ ਸਖਸ਼ੀਅਤਾਂ ਆਪਣਾਂ ਨੈਤਿਕ ਫਰਜ਼ ਪਛਾਣਦੇ ਹੋਏ ਰਾਜਧਾਨੀ ਪੁੱਜ ਕੇ ਇਤਿਹਾਸ ਸਿਰਜ ਰਹੇ ਮੋਰਚੇ ਵਿੱਚ ਹਾਜਰੀ ਭਰ ਰਹੇ ਹਨ।ਪਾਰਟੀ ਪ੍ਰਧਾਨ ਸੂਬਾ ਸਿੰਘ ਲਿੱਤਰਾਂ, ਸੀ: ਮੀ: ਪ੍ਰਧਾਨ ਮਨਜੀਤ ਸਿੰਘ ਸਮਰਾ, ਸਕੱਤਰ ਜਨਰਲ ਸਰਬਜੀਤ ਸਿੰਘ, ਜਨਰਲ ਸਕੱਤਰ ਕੁਲਵੰਤ ਸਿੰਘ ਮੁਠੱਡਾ, ਯੂਥ ਵਿੰਗ ਪ੍ਰਧਾਨ ਸਤਿੰਦਰ ਸਿੰਘ ਮੰਗੂਵਾਲ, ਸੀ: ਮੀ: ਪ੍ਰਧਾਨ ਅਵਤਾਰ ਸਿੰਘ ਖੰਡਾ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਬਿਆਨ ਜਾਰੀ ਕਰਦੇ ਹੋਏ ਪ੍ਰੈਸ ਸਕੱਤਰ ਜਗਤਾਰ ਸਿੰਘ ਵਿਰਕ ਨੇ ਕਿਹਾ ਕਿ ਕਿਸਾਨ ਆਗੂਆਂ ਵੱਲੋਂ ਦਿੱਤੇ ਨਾਅਰੇ ਨੂੰ “ ਏਕੇ ਵਿੱਚ ਬਰਕਤ ਹੈ “ ਦੀ ਰੌਸ਼ਨੀ ਵਿੱਚ ਵੇਖਦੇ ਹੋਏ ਅਸੀਂ ਇਹੀ ਕਹਾਂਗੇ ਕਿ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਮਿਲਕੇ ਅਸੀਂ ਜਰੂਰ ਜਿੱਤਾਂਗੇ ਨਹੀਂ ਤਾਂ ਮਰਾਂਗੇ।ਬਾਰ ਬਾਰ ਸਰਕਾਰ ਵੱਲੋਂ ਕਿਸਾਨ ਆਗੂਆਂ ਨੂੰ ਮੀਟਿੰਗ ਲਈ ਬੁਲਾ ਕੇ ਉਨ੍ਹਾਂ ਦੀਆਂ ਤਰਕ ਭਰਪੂਰ ਦਲੀਲ਼ਾਂ ਨੂੰ ਅਣਸੁਣਿਆਂ ਕਰਕੇ ਆਪਣੀ ਜ਼ਿੱਦ’ਤੇ ਅੜੇ ਰਹਿਣ ਕਾਰਨ ਇਨ੍ਹਾਂ ਆਗੂਆਂ ਨੂੰ ਅਹਿਸਾਸ ਹੋ ਜਾਣਾਂ ਚਾਹੀਦਾ ਹੈ ਕਿ ਸ: ਦੀਪ ਸਿੰਘ ਸਿੱਧੂ, ਸ: ਲੱਖਾ ਸਿੰਘ ਸਿਧਾਣਾਂ ਅਤੇ ਹੋਰ ਦਰਦਮੰਦ ਸੰਸਥਾਵਾਂ ਅਤੇ ਸਖਸ਼ੀਅਤਾਂ ਵੱਲੋਂ ਦਿੱਤੇ ਜਾਂਦੇ ਸੁਹਿਰਦਤਾ ਭਰਪੂਰ ਤਰਕਸੰਗਤ ਸੁਝਾਵਾਂ ਨੂੰ ਅਤੇ ਇਨ੍ਹਾਂ ਸਖਸ਼ੀਅਤਾਂ ਨੂੰ ਨਜਰਅੰਦਾਜ਼ ਕਰਨ ਨਾਲ ਉਨ੍ਹਾਂ ਦੇ ਦਿਲ ‘ਤੇ ਕੀ ਬੀਤਦੀ ਹੋਵੇਗੀ।ਦਿਲ ਵਿੱਚੋਂ ਦਰਦ ਦੀ ਉੱਠੀ ਟੀਸ ਕਾਰਨ ਸ: ਸਿੱਧੂ ਵੱਲੋਂ ਮੀਡੀਆ ਰਾਹੀਂ ਕਿਸਾਨ ਆਗੂਆਂ ਨੂੰ ਲਿਖੀ ਗਈ ਚਿੱਠੀ ਨੂੰ ਫਰਾਖਦਿੱਲੀ ਵਿਖਾਉਂਦੇ ਹੋਏ ਸ਼ੁੱਭ ਇਛਾਵਾਂ ਸਹਿਤ ਚੁੰਮ ਕੇ ਮੱਥੇ ਨਾਲ ਲਾਉਂਦੇ ਹੋਏ ਸਭ ਨੂੰ ਗਲਵਕੜੀ ਵਿੱਚ ਲੈ ਕੇ ਚੱਲਣਾਂ ਕਿਸਾਨ ਆਗੂਆਂ ਦੀ ਨੈਤਿਕ ਜਿੰਮੇਵਾਰੀ ਅਤੇ ਤਾਨਾਸ਼ਾਹ ਹਕੂਮਤ ਵੱਲੋਂ ਜਾਰੀ ਕੀਤੇ ਗਏ ਕਾਲੇ ਕਨੂੰਨ ਰੱਦ ਕਰਵਾਉਣ ਲਈ ਜਾਰੀ ਲੋਕ ਅੰਦੋਲਨ ਦੀ ਮੁੱਖ ਜਰੂਰਤ ਹੈ। ਇਹ ਸਭ ਦੀ ਪਰਖ ਦੀ ਘੜੀ ਹੈ ਨਵਾਂ ਇਤਿਹਾਸ ਲਿਖਿਆ ਜਾ ਰਿਹਾ ਹੈ ਆਉ ਅਸੀਂ ਬੀਤੇ ਸਮੇਂ ਦੀਆਂ ਗਲਤੀਆਂ ਤੋਂ ਸਬਕ ਸਿੱਖਦੇ ਹੋਏ ਮਿਲਕੇ ਸੁਨਿਹਰਾ ਇਤਿਹਾਸ ਲਿਖਣ ਲਈ ਵਚਨਬੱਧ ਹੋਈਏ। ਇਸ ਲੋਕ ਅੰਦੋਲਨ ਵਿੱਚ ਹੋਈ ਕੋਈ ਗਲਤੀ ਨਾਂ ਸਿਰਫ ਸਾਡਾ ਨਾਮ ਕਾਲੇ ਅੱਖਰਾਂ ਵਿੱਚ ਲਿਖੇਗੀ ਬਲਕਿ ਹੋ ਸਕਦਾ ਹੈ ਫਿਰ ਕੋਈ ਲੋਕ ਅੰਦੋਲਨ ਨਾਂ ਹੋ ਸਕੇ।ਇਸ ਨਾਜਕ ਸਮੇਂ ਇਲਜਾਮ ਬਾਜੀਆਂ ਤਿਆਗ ਕੇ ਸਭ ਨੂੰ ਗਲ ਲਾ ਕੇ ਚੱਲੀਏ ਫਿਰ ਯਕੀਨਨ ਫਤਿਹ ਹੋਵੇਗੀ।

Geef een reactie

Het e-mailadres wordt niet gepubliceerd. Vereiste velden zijn gemarkeerd met *