ਐਮੀ ਵਿਰਕ ਪੰਜਾਬੀ ਸਿਨਮੇ ਦਾ ਸਟਾਰ ਕਲਾਕਾਰ ਹੈ ਜਿਸਨੇ ਲਗਾਤਾਰ ਇੱਕ ਤੋਂ ਬਾਅਦ ਇੱਕ ਹਿੱਟ ਫਿਲਮਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਤਾਜ਼ਾ ਰਿਲੀਜ਼ ਫ਼ਿਲਮ ‘ਸੌਂਕਣ-ਸੌਂਕਣੇ’ ਦੀ ਬੇਮਿਸਾਲ ਸਫ਼ਲਤਾ ਤੋਂ ਬਾਅਦ ਹੁਣ ਐਮੀ ਵਿਰਕ ਆਪਣੀ ਚਹੇਤੀ ਅਦਾਕਾਰਾ ਸੋਨਮ ਬਾਜਵਾ ਨਾਲ ਨਵੀਂ ਫ਼ਿਲਮ ‘ਸ਼ੇਰ ਬੱਗਾ’ ਲੈ ਕੇ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਫ਼ਿਲਮ ਰਾਹੀਂ ਐਮੀ ਤੇ ਸੋਨਮ ਇੱਕ ਸਾਲ ਬਾਅਦ ਇਕੱਠੇ ਪਰਦੇ ’ਤੇ ਨਜ਼ਰ ਆਉਣਗੇ।
ਲੇਖਕ ਨਿਰਦੇਸ਼ਕ ਜਗਦੀਪ ਸਿੱਧੂ ਦੀ ਇਹ ਫ਼ਿਲਮ ਉਸਦੀਆਂ ਪਹਿਲੀਆਂ ਫ਼ਿਲਮਾਂ ਤੋਂ ਬਹੁਤ ਹਟਕੇ ਇੱਕ ਨਵੇਂ ਵਿਸ਼ੇ ਅਧਾਰਤ ਹੈ। ਬੀਤੇ ਦਿਨੀਂ ‘ਸ਼ੇਰ ਬੱਗਾ’ ਦਾ ਟਰੇਲਰ ਰਿਲੀਜ਼ ਹੋਇਆ ਹੈ ਜਿਸ ਵਿੱਚ ਐਮੀ ਵਿਰਕ ਬਹੁਤ ਹੀ ਭੋਲਾ ਭਾਲਾ, ਸਾਫ਼ ਦਿਲ ਵਿਖਾਇਆ ਗਿਆ ਹੈ। ਪਿੰਡੋਂ ਵਿਦੇਸ਼ ਆ ਕੇ ਵੀ ਉਸ ਨੂੰ ਬਾਹਰਲੀ ‘ਹਵਾ’ ਨਹੀਂ ਲੱਗਦੀ। ਇਸੇ ਭੋਲੇਪਣ ਕਰਕੇ ਉਸਦੀ ਜਿੰਦਗੀ ਵਿੱਚ ਸੋਨਮ ਬਾਜਵਾ ਆਉਂਦੀ ਹੈ ਜਿਸ ਨਾਲ ਫ਼ਿਲਮ ਦੀ ਕਹਾਣੀ ਨਵੇਂ ਮੋੜ ਲੈਂਦੀ ਹੋਈ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਦੀ ਹੈ। ਪਿੰਡ ਦੇ ਹਾਣੀ ਮੁੰਡੇ ਉਸਦੇ ਭੋਲੇਪਣ ਦਾ ਅਕਸਰ ਹੀ ਮਜ਼ਾਕ ਉਡਾਉਂਦੇ ਰਹਿੰਦੇ ਸੀ ਇਸੇ ਕਰਕੇ ਉਹ ਵੱਖ-ਵੱਖ ਵਿਦੇਸ਼ੀ ਕੁੜੀਆਂ ਨਾਲ ਆਕਸ਼ਿਤ ਫੋਟੋਆਂ ਖਿੱਚਵਾ ਕੇ ਪਿੰਡ ਦੇ ਹਾਣੀਆਂ ਵਿੱਚ ਨੰਬਰ ਬਣਾਉਣ ਲਈ ਭੇਜਦਾ ਹੈ ਪਰ ਇਸ ਚੱਕਰ ’ਚ ਪੈ ਕੇ ਉਸਦੀ ਜ਼ਿੰਦਗੀ ਹੋਰ ਹਾਸੇ ਦਾ ਤਮਾਸ਼ਾ ਬਣ ਜਾਂਦੀ ਹੈ ਜਦ ਸੋਨਮ ਬਾਜਵਾ ਗਰਭਵਤੀ ਹੋ ਜਾਂਦੀ ਹੈ ਪਰ ਉਹ ਬੱਚਾ ਰੱਖਣਾ ਨਹੀਂ ਚਾਹੁੰਦੀ..ਜਦਕਿ ਐਮੀ ਆਪਣੇ ‘ਸ਼ੇਰ ਬੱਗੇ’ ਨੂੰ ਦੁਨੀਆ ਵਿਖਾਉਂਣੀ ਚਾਹੁੰਦਾ ਹੈ। ਅਖੀਰ ਇੱਕ ਸਮਝੋਤੇ ਤਹਿਤ ਉਹ ਸਹਿਮਤ ਹੋ ਜਾਂਦੀ ਹੈ। ਐਮੀ ਆਪਣੇ ਭੋਲੇ ਮਾਪਿਆਂ ਤੋਂ ‘ਆਂਡਿਆਂ’ ਦਾ ਵਪਾਰ ਕਰਨ ਬਹਾਨੇ ਪੈਸੇ ਮੰਗਵਾਉਂਦਾ ਹੈ ਪਰ ਸੋਨਮ ਦੀ ਪ੍ਰੈਗਨੈਂਸੀ ਵਾਲੀ ਅਸਲ ਕਹਾਣੀ ਨਹੀਂ ਦੱਸਦਾ। ਐਮੀ ਅਤੇ ਸੋਨਮ ਵੱਖ-ਵੱਖ ਘਰਾਂ ਵਿੱਚ ਰਹਿਣ ਦਾ ਫੈਸਲਾ ਕਰਦੇ ਹਨ ਅਤੇ ਬੱਚਾ ਐਮੀ ਦੇ ਘਰ ਜਾਵੇਗਾ ਇਹ ਤਹਿ ਕਰਦੇ ਨੇ, ਪਰ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ 9 ਮਹੀਨਿਆਂ ਦੇ ਸਮੇਂ ਦੌਰਾਨ, ਐਮੀ ਅਤੇ ਸੋਨਮ ਚੰਗਾ ਸਮਾਂ ਬਤੀਤ ਕਰਨਗੇ ਅਤੇ ਉਹ ਇੱਕ ਦੂਜੇ ਵੱਲ ਆਕਰਸ਼ਿਤ ਹੋਣਗੇ ਅਤੇ ਬੱਚੇ ਲਈ ਭਾਵਨਾਵਾਂ ਵੀ ਪੈਦਾ ਹੋਣਗੀਆਂ.. ਹੁਣ ਪ੍ਰਸ਼ੰਸ਼ਕ ਇਹ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿ ਜਦੋਂ ਬੱਚਾ ਯਾਨੀ ‘ਸ਼ੇਰ ਬੱਗਾ ’ ਉਨ੍ਹਾਂ ਦੀ ਜ਼ਿੰਦਗੀ ’ਚ ਆਵੇਗਾ ਤਾਂ ਐਮੀ ਅਤੇ ਸੋਨਮ ਇਕੱਠੇ ਹੋਣਗੇ ਜਾਂ ਨਹੀਂ। ਸ਼ੇਰ ਬੱਗਾ ਦੀ ਅਸਾਧਾਰਨ ਪ੍ਰੇਮ ਕਹਾਣੀ ਦੇ ਟਰੇਲਰ ਨੂੰ ਖੂਬਸੂਰਤ ਟਿੱਪਣੀਆਂ ਤੇ ਬਹੁਤ ਪਿਆਰ ਮਿਲ ਰਿਹਾ ਹੈ।
ਫਿਲਮ ਵਿੱਚ ਐਮੀ ਵਿਰਕ ਤੇ ਸੋਨਮ ਬਾਜਵਾ ਤੋਂ ਇਲਾਵਾ ਦੀਪ ਸਹਿਗਲ, ਨਿਰਮਲ ਰਿਸ਼ੀ, ਸਵ. ਕਾਕਾ ਕੌਤਕੀ, ਬਨਿੰਦਰ ਬੰਨੀ, ਜਸਨੀਤ ਕੌਰ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਦਲਜੀਤ ਥਿੰਦ ਅਤੇ ਐਮੀ ਵਿਰਕ ਨੇ ਇਸ ਫ਼ਿਲਮ ਦਾ ਨਿਰਮਾਣ ਕੀਤਾ ਹੈ। ‘ਕਿਸਮਤ’,‘ਛੜਾ’ ਤੇ ‘ਸੁਪਨਾ’ ਫ਼ਿਲਮਾਂ ਦੇ ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਨੇ ‘ਸ਼ੇਰ ਬੱਗਾ’ ਨੂੰ ਬਹੁਤ ਹੀ ਖੂਬਸੁਰਤੀ ਨਾਲ ਲਿਖਆ ਤੇ ਨਿਰਦੇਸ਼ਿਤ ਕੀਤਾ ਹੈ। ਇਸ ਫ਼ਿਲਮ ਨੂੰ ‘ਥਿੰਦ ਮੋਸ਼ਨ ਫਿਲਮਜ਼’ ਤੇ ਵਾਈਟ ਹਿੱਲ ਸਟੂਡੀਓ ਵੱਲੋਂ ਦੇਸ਼ ਵਿਦੇਸ਼ਾਂ ਦੇ ਸਿਨੇਮਾ-ਘਰਾਂ ਵਿੱਚ 10 ਜੂਨ 2022 ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ।
ਹਰਜਿੰਦਰ ਸਿੰਘ ਜਵੰਦਾ