ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਸੁਪਰ ਸਟਾਰ ਖਿਡਾਰੀ ਸੰਦੀਪ ਸਿੰਘ ਸੰਧੂ ਉਰਫ ਸੰਦੀਪ ਨੰਗਲ ਅੰਬੀਆਂ ਨੂੰ 14 ਮਾਰਚ ਨੂੰ ਮੱਲੀਆਂ ਪਿੰਡ ‘ਚ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸੰਦੀਪ ਦੀ ਯਾਦ ‘ਚ ਉਹਨਾਂ ਦੇ ਸੁਭਚਿੰਤਕਾਂ ਅਤੇ ਕਬੱਡੀ ਪ੍ਰੇਮੀਆਂ ਵੱਲੋਂ ਦੁਨੀਆਂ ਭਰ ਵਿੱਚ ਉਹਨਾਂ ਦੀ ਯਾਦ ਅਤੇ ਆਤਮਿਕ ਸਾਂਤੀ ਲਈ ਸਮਾਗਮ ਕਰਵਾਏ ਜਾ ਰਹੇ ਹਨ। ਇਸੇ ਲੜੀ ਤਹਿਤ ਬੈਲਜ਼ੀਅਮ ਭਰ ਦੇ ਕਬੱਡੀ ਪ੍ਰੇਮੀਆਂ ਵੱਲੋਂ ਉਹਨਾਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਬੈਲਜ਼ੀਅਮ ਦੇ ਸਭ ‘ਤੋਂ ਪੁਰਾਣੇ ਗੁਰਦਵਾਰਾ ਸੰਗਤ ਸਾਹਿਬ ਸਿੰਤਰੂਧਨ ਵਿਖੇ ਪ੍ਰਕਾਸ਼ ਕਰਵਾਏ ਗਏ। ਐਤਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਮੇਂ ਕਰਵਾਏ ਗਏ ਸ਼ਰਧਾਜਲੀ ਸਮਾਗਮ ਸਮੇ ਜਰਮਨੀ ‘ਤੋਂ ਵਿਸੇਸ਼ ਤੌਰ ਤੇ ਪਹੁੰਚੇ ਗਿਆਨੀ ਮੱਖਣ ਸਿੰਘ ਦੇ ਕਵੀਸ਼ਰੀ ਜਥੇ ਨੇ ਗੁਰ ਇਤਿਹਾਸ ਗਾਇਣ ਕੀਤਾ। ਸਮਾਗਮ ਵਿੱਚ ਮਰਹੂਮ ਸੰਦੀਪ ਨੰਗਲ ਅੰਬੀਆਂ ਦੇ ਪਰਿਵਾਰ ਵਿੱਚੋਂ ਉਹਨਾਂ ਦੀ ਪਤਨੀ ਬੀਬੀ ਰੁਪਿੰਦਰ ਕੌਰ, ਦੋਨੋ ਪੁੱਤਰ, ਉਹਨਾਂ ਦੇ ਭਰਾਤਾ ਗੁਰਜੀਤ ਸਿੰਘ, ਭੈਣ ਹਰਜੀਤ ਕੌਰ, ਚਾਚਾ ਕਸ਼ਮੀਰ ਸਿੰਘ ਸੇਰੂ ਨੇ ਇੰਗਲੈਂਡ ‘ਤੋਂ ਬੈਲਜ਼ੀਅਮ ਪਹੁੰਚ ਕੇ ਸ਼ਿਰਕਤ ਕੀਤੀ। ਬੈਲਜ਼ੀਅਮ ਦੀ ਸੰਗਤ ਵੱਲੋਂ ਅਤੇ ਗੁਰਦਵਾਰਾ ਸਾਹਿਬ ਵੱਲੋਂ ਬੀਬੀ ਰੁਪਿੰਦਰ ਕੌਰ ਨੂੰ ਸਿਰੋਪਾਉ ਦੀ ਬਖਸਿਸ਼ ਕੀਤੀ ਗਈ। ਬੀਬੀ ਰੁਪਿੰਦਰ ਕੌਰ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਜਿੱਥੇ ਬੈਲਜ਼ੀਅਮ ਦੀ ਸੰਗਤ ਦਾ ਸੰਦੀਪ ਨੂੰ ਸਮਰਪਤਿ ਸਮਾਗਮ ਕਰਵਾਉਣ ਅਤੇ ਸਨਮਾਂਨ ਲਈ ਧੰਨਵਾਦ ਕੀਤਾ ਉਥੇ ਅਪਣਾ ਦ੍ਰਿੜ ਨਿਸਚਾ ਵੀ ਦੁਹਰਾਇਆ ਕਿ ਉਹ ਸੰਦੀਪ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਸੰਘਰਸ਼ ਜਾਰੀ ਰੱਖਣਗੇ। ਸੰਦੀਪ ਦੇ ਮਾਮਾ ਮੁਖਤਿਆਰ ਸਿੰਘ ਅਤੇ ਅਤੇ ਉਹਨਾਂ ਦੇ ਨਜਦੀਕੀ ਰਿਸਤੇਦਾਰ ਬਲਜਿੰਦਰ ਸਿੰਘ ਬਾਜ ਵੱਲੋਂ ਆਈਆਂ ਸੰਗਤਾਂ ਦਾ, ਵਿਦੇਸੋਂ ਪਹੁੰਚੇ ਪਰਿਵਾਰ ਦਾ ਅਤੇ ਸ਼ੇਰੇ ਪੰਜਾਬ ਸਪੋਰਟਸ਼ ਕਲੱਬ ਬੈਲਜ਼ੀਅਮ ਦਾ ਇਸ ਸਮਾਗਮ ਲਈ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ ਗਿਆ। ਸਟੇਜ ਸਕੱਤਰ ਦੀ ਸੇਵਾ ਕੁਲਵਿੰਦਰ ਸਿੰਘ ਮਿੰਟਾ ਨੇ ਬਾਖੂਬੀ ਨਿਭਾਈ।