ਪੰਜਾਬ ਦੀ ਮਕਬੂਲ ਦੋਗਾਣਾ ਗਾਇਕ ਜੋੜੀ ਮੁਹੰਮਦ ਸਦੀਕ ਤੇ ਬੀਬਾ ਰਣਜੀਤ ਕੌਰ ਦੇ ਪ੍ਰਸਿੱਧ ਗੀਤ ‘ਮੈਨੂੰ ਟੈਲੀਵਿਜਨ ਲੈ ਦੇ ਵੇ, ਤਸਵੀਰਾਂ
ਬੋਲਦੀਆਂ’ ਆਪਣੇ ਆਪ ਵਿੱਚ ਹੀ ਟੈਲੀਵਿਜਨ ਦੀ ਮਹੱਤਤਾ ਵੱਲ ਇਸ਼ਾਰਾ ਕਰਦਾ ਹੈ। ਟੈਲੀਵਿਜਨ ਮੀਡੀਆ ਦੀ ਸਭਤੋਂ ਪ੍ਰਮੁੱਖ ਤਾਕਤ ਦੇ ਰੂਪ
ਵਿੱਚ ਉਭਰਿਆ ਹੈ। ਪਹਿਲੀ ਵਾਰ 1907 ਵਿੱਚ ਟੈਲੀਵਿਜਨ ਸ਼ਬਦ ਹੋਂਦ ਵਿੱਚ ਆਇਆ ਅਤੇ ਡਿਕਸ਼ਨਰੀ ਵਿੱਚ ਜੋੜਿਆ ਗਿਆ। ਟੈਲੀਵਿਜਨ
ਦਾ ਸੰਖੇਪ ਸ਼ਬਦ ਟੀਵੀ ਪਹਿਲੀ ਵਾਰ 1948 ਵਿੱਚ ਇਸਤੇਮਾਲ ਕੀਤਾ ਗਿਆ।
ਸੰਯੁਕਤ ਰਾਸ਼ਟਰ ਸੰਘ ਦੀ ਮਹਾਂਸਭਾ ਦੁਆਰਾ 17 ਦਸੰਬਰ 1996 ਵਿੱਚ 21 ਨਵੰਬਰ ਨੂੰ ਕੌਮਾਂਤਰੀ ਟੈਲੀਵਿਜਨ ਦਿਵਸ ਦੇ ਰੂਪ ਵਿੱਚ
ਮਨਾਉਣ ਦੀ ਘੋਸ਼ਣਾ ਕੀਤੀ। ਸੰਯੁਕਤ ਰਾਸ਼ਟਰ ਨੇ ਸਾਲ 1996 ਵਿੱਚ 21 ਅਤੇ 22 ਨਵੰਬਰ ਨੂੰ ਵਿਸ਼ਵ ਦੇ ਪਹਿਲੇ ਕੌਮਾਂਤਰੀ ਟੈਲੀਵਿਜਨ
ਫੋਰਮ ਦਾ ਆਯੋਜਨ ਕੀਤਾ ਸੀ। ਟੈਲੀਵਿਜਨ ਲੋਕਾਂ ਦੇ ਮਨੋਰੰਜਨ ਅਤੇ ਗਿਆਨ ਵਿੱਚ ਵਾਧਾ ਕਰਨ ਵਿੱਚ ਸਹਾਈ ਹੋਇਆ ਹੈ। ਸਕਾਟਲੈਂਡ
ਇੰਜੀਨੀਅਰ ਜਾੱਨ ਲੋਗੀ ਬੇਅਰਡ ਨੇ ਟੈਲੀਵਿਜਨ ਦੀ ਖੋਜ 1924 ਵਿੱਚ ਕੀਤੀ। ਯੂਨੈਸਕੋ ਨੇ ਟੈਲੀਵਿਜਨ ਨੂੰ ਸੰਚਾਰ ਅਤੇ ਸੂਚਨਾ ਦਾ ਇੱਕ
ਮਹੱਤਵਪੂਰਨ ਸਾਧਨ ਦੇ ਰੂਪ ਵਿੱਚ ਪਹਿਚਾਣਿਆ ਹੈ।
ਭਾਰਤ ਵਿੱਚ ਪਹਿਲੀ ਵਾਰ ਟੀ.ਵੀ. 15 ਸਤੰਬਰ 1959 ਨੂੰ ਆਇਆ। ‘ਦੂਰਦਰਸ਼ਨ’ ਦਾ ਪਹਿਲਾ ਪ੍ਰਸਾਰਣ ਪ੍ਰਯੋਗੀ ਆਧਾਰ ਤੇ ਅੱਧੇ ਘੰਟੇ ਲਈ
ਸਿੱਖਿਅਕ ਅਤੇ ਵਿਕਾਸ ਕਾਰਜਕਰਮਾਂ ਦੇ ਰੂਪ ਵਿੱਚ ਸ਼ੁਰੂ ਕੀਤਾ ਗਿਆ। ਸ਼ੁਰੂਆਤੀ ਸਮੇਂ ਦੂਰਦਰਸ਼ਨ ਦਾ ਪ੍ਰਸਾਰਣ ਹਫਤੇ ਵਿੱਤ ਕੇਵਲ ਤਿੰਨ
ਦਿਨ ਅੱਧੇ-ਅੱਧੇ ਘੰਟੇ ਲਈ ਹੁੰਦਾ ਸੀ, ਉਦੋਂ ਇਸ ਨੂੰ ਟੈਲੀਵਿਜਨ ਇੰਡੀਆ ਨਾਮ ਦਿੱਤਾ ਗਿਆ ਸੀ ਅਤੇ ਬਾਦ ਵਿੱਚ 1975 ਵਿੱਚ ਇਸਦਾ ਹਿੰਦੀ
ਨਾਮਕਰਨ ‘ਦੂਰਦਰਸ਼ਨ’ ਰੱਖਿਆ ਗਿਆ। ਸਾਲ 1991 ਵਿੱਚ ਹੋਏ ਆਰਥਿਕ ਸੁਧਾਰਾਂ ਤੱਕ ‘ਦੂਰਦਰਸ਼ਨ’ ਇਕੱਲਾ ਹੀ ਰਾਸ਼ਟਰੀ ਚੈਨਲ
ਬਣਿਆ ਰਿਹਾ।
‘ਦੂਰਦਰਸ਼ਨ’ ਦੀ ਦੇਸ਼ ਦੇ ਮਹਾਂਨਾਗਰਾਂ ਦਿੱਲੀ ਵਿੱਚ 9 ਅਗਸਤ 1984 ਨੂੰ, ਮੁੰਬਈ ਵਿੱਚ 1 ਮਈ 1985 ਨੂੰ, ਚੇਨੱਈ ਵਿੱਚ 19 ਨਵੰਬਰ
1987 ਨੂੰ ਅਤੇ ਕਲਕੱਤੇ ਵਿੱਚ 1 ਜੁਲਾਈ 1988 ਨੂੰ ਸ਼ੁਰੂਆਤ ਕੀਤੀ ਗਈ। 26 ਜਨਵਰੀ 1993 ਨੂੰ ਮੈਟਰੋ ਚੈਨਲ ਸ਼ੁਰੂ ਕਰਨ ਦੇ ਲਈ ਇੱਕ
ਦੂਜੇ ਚੈਨਲ ਦੀ ਨੈੱਟਵਰਕਿੰਗ ਹੋਈ। 14 ਮਾਰਚ 1995 ਨੂੰ ਅੰਤਰਰਾਸ਼ਟਰੀ ਚੈਨਲ ਡੀਡੀ ਇੰਡੀਆ ਦੀ ਸ਼ੁਰੂਆਤ ਹੋਈ। 23 ਨਵੰਬਰ 1997
ਨੂੰ ਪ੍ਰਸਾਰ ਭਾਰਤੀ ਦਾ ਗਠਨ (ਭਾਰਤੀ ਪ੍ਰਸਾਰਣ ਨਿਗਮ) ਹੋਇਆ। ਡੀਡੀ ਪੰਜਾਬੀ ਦੀ ਸ਼ੁਰੂਆਤ ਸਾਲ 1998 ਵਿੱਚ ਕੀਤੀ ਗਈ ਅਤੇ 18
ਮਾਰਚ 1999 ਨੂੰ ਖੇਡ ਚੈਨਲ ਡੀਡੀ ਸਪੋਰਟਸ ਦੀ ਸ਼ੁਰੂਆਤ ਹੋਈ। 3 ਨਵੰਬਰ 2002 ਨੂੰ ਚੌਵੀ ਘੰਟੇ ਖਬਰਾਂ ਵਾਲੇ ਚੈਨਲ ਡੀਡੀ ਨਿਊਜ਼ ਦੀ
ਸ਼ੁਰੂਆਤ ਕੀਤੀ ਗਈ। 16 ਦਸੰਬਰ 2004 ਨੂੰ ਮੁਫ਼ਤ ਡੀਟੀਐੱਚ ਸੇਵਾ ਡੀਡੀ ਡਾਇਰੈਕਟ ਦੀ ਸ਼ੁਰੂਆਤ ਕੀਤੀ ਗਈ।
1991 ਦੇ ਬਾਦ ਨਿੱਜੀ ਅਤੇ ਵਿਦੇਸੀ ਪ੍ਰਸਾਰਕਾਂ ਨੂੰ ਸੀਮਿਤ ਸੰਚਾਲਨ ਵਿੱਚ ਸ਼ਾਮਿਲ ਹੋਣ ਦੀ ਆਗਿਆ ਦਿੱਤੀ ਗਈ। ਵਰਤਮਾਨ ਸਮੇਂ ਵਿੱਚ
ਬਹੁਤ ਹੀ ਚੈਨਲ ਲੋਕਾਂ ਦੀ ਕਚਹਿਰੀ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਭਾਰਤੀ ਟੈਲੀਵਿਜਨ ਦੇ ਸਭ ਤੋਂ ਵੱਧ ਮਸ਼ਹੂਰ ਪ੍ਰੋਗਰਾਮਾਂ ਵਿੱਚ ਹਮ
ਲੋਗ, ਬੁਨਿਆਦ, ਰਾਮਾਇਣ, ਮਹਾਂਭਾਰਤ, ਸ਼੍ਰੀ ਕ੍ਰਿਸ਼ਨਾ, ਮਾਲਗੁੱਡੀ ਡੇਜ਼, ਸ਼ਕਤੀਮਾਨ ਆਦਿ ਰਹੇ ਹਨ।
1936 ਤੱਕ ਦੁਨੀਆਂ ਵਿੱਚ ਲਗਭੱਗ 200 ਟੈਲੀਵਿਜਨ ਸੈੱਟ ਇਸਤੇਮਾਲ ਹੋਣ ਲੱਗੇ ਸੀ ਅਤੇ 12 ਇੰਚ ਦੀ ਟੀਵੀ ਸਕਰੀਨ ਦੇ ਨਾਲ ਵੱਡੇ ਵੱਡੇ
ਉਪਕਰਨ ਆਉਂਦੇ ਸੀ। ਪੂਰੀ ਤਰ੍ਹਾਂ ਨਾਲ ਰੰਗਦਾਰ ਟੀਵੀ ਪ੍ਰਸਾਰਣ 1953 ਵਿੱਚ ਅਮਰੀਕਾ ਵਿੱਚ ਸ਼ੁਰੂ ਹੋਇਆ। ਰਾਬਰਟ ਐਡਲਰ ਨੇ ਪਹਿਲਾ
ਰਿਮੋਟ ਕੰਟਰੋਲ 1956 ਵਿੱਚ ਬਣਾਇਆ।
1973 ਵਿੱਚ ਟੀਵੀ ਦੀ ਸਕਰੀਨ ਨੂੰ ਹੋਰ ਵੱਡਾ ਕੀਤਾ ਗਿਆ ਅਤੇ ਇਸ ਸਮੇਂ ਟੀਵੀ ਦੀ ਵਜਨ ਕਾਫੀ ਹੁੰਦਾ ਸੀ। ਸਾਲ 1980
ਵਿੱਚ ਟੀਵੀ ਦੇ ਨਾਲ ਵੀ.ਸੀ.ਆਰ. ਵੀਡੀਓ ਗੇਮਜ ਆਉਣ ਲੱਗੀਆਂ ਅਤੇ ਇਸ ਨਾਲ ਟੀਵੀ ਦੀ ਪ੍ਰਸਿੱਧੀ ਹੋਰ ਵਧਦੀ ਗਈ ਅਤੇ ਫਿਰ ਰਿਮੋਟ
ਵਾਲੇ ਟੀਵੀ ਨੇ ਦਸਤਕ ਦਿੱਤੀ। ਸਮੇਂ ਨਾਲ ਟੀਵੀ ਵਿੱਚ ਬਹੁਤ ਬਦਲਾਅ ਆਏ, ਟੀਵੀ ਦੇ ਸਾਇਜ ਅਤੇ ਗੁਣਵੱਤਾ ਵਧੀਆ ਹੋਈ, ਐੱਲ.ਸੀ.ਡੀ
ਅਤੇ ਪਲਾਜਮਾ ਵਰਗੀ ਟੈਕਨੋਲੋਜੀ ਦੀ ਵਰਤੋਂ ਸ਼ੁਰੂ ਹੋਈ ਅਤੇ ਵਰਤਮਾਨ ਸਮਾਂ ਸਮਾਰਟ ਟੀਵੀ ਦਾ ਹੈ।
ਗੋਬਿੰਦਰ ਸਿੰਘ ਢੀਂਡਸਾ