ਖੇਤੀ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਮੁੱਖ ਮੰਗ-ਨਵਤੇਜ ਸਿੰਘ ਚੀਮਾ

*ਦੋ ਰੋਜ਼ਾ ਜ਼ਿਲ੍ਹਾ ਪੱਧਰੀ ਪਸ਼ੂ ਧਨ ਸ਼ੋਅ ਅਤੇ ਦੁੱਧ ਚੁਆਈ ਮੁਕਾਬਲਿਆਂ ਦਾ ਆਗਾਜ਼

*ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਅੱਜ ਕਰਨਗੇ ਜੇਤੂਆਂ ਨੂੰ ਇਨਾਮਾਂ ਦੀ ਵੰਡ

ਕਪੂਰਥਲਾ, 3 ਅਕਤੂਬਰ :ਇੰਦਰਜੀਤ ਸਿੰਘ  – ਹਲਕਾ ਵਿਧਾਇਕ ਸੁਲਤਾਨਪੁਰ ਲੋਧੀ ਸ. ਨਵਤੇਜ ਸਿੰਘ ਚੀਮਾ ਨੇ ਕਿਸਾਨੀ ਨੂੰ ਦਰਪੇਸ਼ ਸਮੱਸਿਆਵਾਂ ਅਤੇ ਡਾਵਾਂਡੋਲ ਆਰਥਿਕਤਾ ਦੇ ਮੱਦੇਨਜ਼ਰ ਕਿਸਾਨਾਂ ਨੂੰ ਖੇਤੀ ਸਹਾਇਕ ਧੰਦੇ ਅਪਨਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਨ੍ਹਾਂ ਧੰਦਿਆਂ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਮੁੱਖ ਮੰਗ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਵੱਲ ਵਿਸ਼ੇਸ਼ ਤਵੱਜੋਂ ਦਿੱਤੇ ਜਾਣ ਨਾਲ ਕਿਸਾਨਾਂ ਦੀ ਆਰਥਿਕਤਾ ਨੂੰ ਨਵੀਂ ਮਜ਼ਬੂਤੀ ਦਿੱਤੀ ਜਾ ਸਕੇਗੀ ਇਸ ਲਈ ਕਿਸਾਨਾਂ ਨੂੰ ਇਹ ਧੰਦੇ ਅਪਣਾਉਣੇ ਚਾਹੀਦੇ ਹਨ।  ਅੱਜ ਪਿੰਡ ਧਾਲੀਵਾਲ ਦੋਨਾ ਵਿਖੇ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਪਸ਼ੂ ਧਨ ਸ਼ੋਅ ਅਤੇ ਦੁੱਧ ਚੁਆਈ ਮੁਕਾਬਲਿਆਂ ਦਾ ਆਗਾਜ਼ ਕਰਦਿਆਂ ਕਿਸਾਨਾਂ ਨੂੰ ਸੰਬੋਧਿਤ ਹੁੰਦਿਆਂ ਸ. ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਸਹਾਇਕ ਧੰਦੇ ਅਤੇ ਫ਼ਸਲੀ ਵਿਭਿੰਨਤਾ ਅਪਨਾਉਣਾ ਸਮੇਂ ਦੀ ਮੁੱਖ ਲੋੜ ਹੈ ਜਿਸ ਲਈ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੀਆਂ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਸਾਨਾਂ ਨੂੰ ਸੂਰ ਪਾਲਣ, ਬੱਕਰੀ ਪਾਲਣ, ਮੱਛੀ ਪਾਲਣ, ਮੁਰਗੀ ਪਾਲਣ, ਮੱਖੀ ਪਾਲਣ ਤੇ ਖਾਸ ਨਸਲਾਂ ਵਾਲੀਆਂ ਮੱਝਾਂ-ਗਾਵਾਂ ਰੱਖਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਨ੍ਹਾਂ ਧੰਦਿਆਂ ਨਾਲ ਜੁੜ ਕੇ ਜਿਥੇ ਕਿਸਾਨ ਫ਼ਸਲੀ ਚੱਕਰ ’ਚੋਂ ਨਿਕਲ ਸਕਦੇ ਹਨ ਉਥੇ ਵਧੇਰੇ ਮੁਨਾਫ਼ਾ ਵੀ ਕਮਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਧੰਦਿਆਂ ਨਾਲ ਧਰਤੀ ਦੀ ਉਪਜਾਊ ਸ਼ਕਤੀ ਵੀ ਬਰਕਰਾਰ ਰਹਿ ਸਕਦੀ ਹੈ ਅਤੇ ਪਾਣੀ ਦਾ ਪੱਧਰ ਵੀ ਠੀਕ ਰਹਿ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਇਨ੍ਹਾਂ ਪਸ਼ੂ ਮੁਕਾਬਲਿਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਡੇਅਰੀ ਫਾਰਮਿੰਗ ਸਬੰਧੀ ਆਧੁਨਿਕ ਸਾਜ਼ੋ-ਸਾਮਾਨ ਅਤੇ ਔਜ਼ਾਰਾਂ ਦੀ ਪ੍ਰਦਰਸ਼ਨੀਆਂ ਦਾ ਮੁਆਇਨਾ ਵੀ ਕੀਤਾ।   ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ ਨੇ ਆਪਣੇ ਸੰਬੋਧਨ ਵਿਚ ਪੰਜਾਬ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਮੇਲਿਆਂ ਰਾਹੀਂ ਕਿਸਾਨਾਂ ਨੂੰ ਜਾਗਰੂਕਤਾ ਦੇ ਨਾਲ-ਨਾਲ ਖੇਤੀ ਆਧਾਰਿਤ ਸਹਾਇਕ ਧੰਦਿਆਂ ਦੀਆਂ ਨਵੀਆਂ ਜਾਣਕਾਰੀਆਂ ਉਪਲਬੱਧ ਹੋ ਰਹੀਆਂ ਹਨ, ਜਿਸ ਦਾ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ।   ਇਸ ਮੌਕੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਕਪੂਰਥਲਾ ਡਾ. ਸੁੱਚਾ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਮੱਝਾਂ, ਗਾਵਾਂ, ਭੇਡਾਂ, ਬੱਕਰੀਆਂ ਆਦਿ ਦੀਆਂ ਵੱਖ-ਵੱਖ ਨਸਲਾਂ ਦੇ ਦਿਲ ਖਿੱਚਵੇਂ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੇਲੇ ਵਿਚ ਘੋੜਿਆਂ ਅਤੇ ਵਿਲੱਖਣ ਨਸਲਾਂ ਦੇ ਕੁੱਤਿਆਂ ਦੇ ਮੁਕਾਬਲੇ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਹੋਏ ਹਨ। ਉਨ੍ਹਾਂ ਦੱਸਿਆ ਕਿ ਕੁਲ ਵੱਖ-ਵੱਖ ਵਰਗਾਂ ਦੇ 55 ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂਆਂ ਨੂੰ 7 ਲੱਖ ਰੁਪਏ ਦੇ ਇਨਾਮ ਵੀ ਤਕਸੀਮ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਭਲਕੇ 4 ਅਕਤੂਬਰ ਨੂੰ ਬਾਅਦ ਦੁਪਹਿਰ 2 ਵਜੇ ਇਨਾਮ ਵੰਡ ਸਮਾਰੋਹ ਹੋਵੇਗਾ, ਜਿਸ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਬਿਜਲੀ ਤੇ ਸਿੰਚਾਈ ਵਿਭਾਗ ਪੰਜਾਬ ਰਾਣਾ ਗੁਰਜੀਤ ਸਿੰਘ ਹੋਣਗੇ ਅਤੇ ਵਿਧਾਇਕ ਹਲਕਾ ਖਡੂਰ ਸਾਹਿਬ ਸ. ਰਮਨਜੀਤ ਸਿੰਘ ਸਿੱਕੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।  ਇਸ ਮੌਕੇ ਡਿਪਟੀ ਡਾਇਰੈਕਟਰ ਡੇਅਰੀ ਬਲਵਿੰਦਰਜੀਤ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਜ¦ਧਰ ਡਾ ਇਕਬਾਲ ਸਿੰਘ, ਐਸ ਈ ਓ ਫਗਵਾੜਾ ਡਾ ਰਣਜੀਤ ਸਿੰਘ ਸੰਧੂ, ਐਸ ਈ ਓ ਕਪੂਰਥਲਾ ਡਾ ਰਜਿੰਦਰ ਵਾਸਦੇਵ, ਸਹਾਇਕ ਡਾਇਰੈਕਟਰ ਡਾ ਦਵਿੰਦਰ ਆਨੰਦ, ਮੁੱਖ ਕਾਰਜਕਾਰੀ ਅਧਿਕਾਰੀ ਡੇਅਰੀ ਦਵਿੰਦਰ ਸਿੰਘ, ਪ੍ਰਧਾਨ ਵੈਟਰਨਰੀ ਐਸੋਸੀਏਸ਼ਨ ਕਪੂਰਥਲਾ ਡਾ ਰਘਬੀਰ ਸਿੰਘ, ਪ੍ਰਧਾਨ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਕਪੂਰਥਲਾ ਸ੍ਰੀ ਮੋਹਨ ਲਾਲ, ਦੀਪਕ ਧੀਰ, ਸੰਜੀਵ ਕੁਮਾਰ ਮਰਵਾਹਾ, ਹਰਚਰਨ ਸਿੰਘ ਬੱਗਾ, ਜਸਵੰਤ ਸਿੰਘ ਲਾਖੋਵਰਿਆਂ, ਸਤਿੰਦਰ ਸਿੰਘ ਚੀਮਾ, ਬੱਗਾ ਸਿੰਘ ਮਿਆਣੀ, ਜਗਜੀਤ ਸਿੰਘ ਚੰਦੀ, ਰਵਿੰਦਰ ਰਵੀ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।  ਤਸਵੀਰ-3ਕੇਪੀਟੀ ਇੰਦਰਜੀਤ-1,2,3ਪਿੰਡ ਧਾਲੀਵਾਲ ਦੋਨਾ ਵਿਖੇ  ਦੋ ਰੋਜ਼ਾ ਜ਼ਿਲ੍ਹਾ ਪੱਧਰੀ ਪਸ਼ੂ ਧਨ ਸ਼ੋਅ ਅਤੇ ਦੁੱਧ ਚੁਆਈ ਮੁਕਾਬਲਿਆਂ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਸੁਲਤਾਨਪੁਰ ਲੋਧੀ ਨਵਤੇਜ ਸਿੰਘ ਚੀਮਾ, ਵਧੀਕ ਡਿਪਟੀ ਕਮਿਸ਼ਨਰ ਅਵਤਾਰ ਸਿੰਘ ਭੁੱਲਰ ਆਦਿ, ਮੇਲੇ ਦੌਰਾਨ ਪਸ਼ੂਆਂ ਨੂੰ ਦੇਖਦੇ ਹੋਏ ਵਿਧਾਇਕ ਚੀਮਾ ਤੇ ਹੋਰ ਅਤੇ ਵਿਧਾਇਕ ਚੀਮਾ ਨੂੰ ਸਨਮਾਨਿਤ ਕਰਦੇ ਹੋਏ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ।

Geef een reactie

Het e-mailadres wordt niet gepubliceerd. Vereiste velden zijn gemarkeerd met *