ਨਾਮਧਾਰੀਆਂ ਦਾ ਪੂਰਨ ਬਾਈਕਾਟ ਕਰੇ ਸਿੱਖ ਸੰਗਤ : ਸਿੱਖ ਕੋਆਰਡੀਨੇਸ਼ਨ ਕਮੇਟੀ

ਆਰਐਸਐਸ ਦਾ ਸਮਾਗਮ ਪੂਰਨ ਰੂਪ ਵਿਚ ਫਲਾਪ ਹੋਇਆ : ਹਿੰਮਤ ਸਿੰਘ
ਨਿਊਯਾਰਕ 26 ਅਕਤੂਬਰ
ਅਮਰੀਕਾ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਜਥੇਬੰਦੀਆਂ ਵੱਲੋਂ ਬਣਾਈ ਗਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਨੇ ਅੱਜ ਸਿੱਖ ਸੰਗਤ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਆਰਐਸਐਸ ਦੀ ਜਥੇਬੰਦੀ ਰਾਸ਼ਟਰੀ ਸਿੱਖ ਸੰਗਤ ਦੇ ਦਿਲੀ ਵਿਚ ਕਰਾਏ ਗਏ ਸਮਾਗਮ ਵਿਚ ਭਾਗ ਨਹੀਂ ਲਿਆ। ਇਸ ਸਬੰਧੀ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ ਨੇ ਕਿਹਾ ਹੈ ਕਿ ਆਰਐਸਐਸ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਦਿਹਾੜੇ ਤੇ ਕਰਾਇਆ ਸਮਾਗਮ ਨਿਰਾ ਹੀ ਫਲਾਪ ਸਾਬਤ ਹੋਇਆ, ਸਿੱਖ ਸੰਗਤ ਸਮਝਦੀ ਹੈ ਕਿ ਆਰਐਸਐਸ ਸਿੱਖਾਂ ਦੀ ਦੁਸ਼ਮਣ ਜਮਾਤ ਹੈ ਜੋ ਸਿੱਖਾਂ ਦੇ ਗੁਰੂਆਂ ਨੂੰ ਦੇਸ਼ ਭਗਤ ਸਾਬਤ ਕਰਨਾ ਚਾਹੁੰਦੀ ਹੈ। ਜਦ ਕਿ ਸਾਡੇ ਗੁਰੂ ਸਾਹਿਬਾਨ ਸਾਡੇ ਰਹਿਬਰ ਰੱਬ ਹਨ।
ਬਿਆਨ ਜਾਰੀ ਕਰਦਿਆਂ ਸ. ਹਿੰਮਤ ਸਿੰਘ, ਤੇ ਹੋਰ ਆਗੂ ਕੇਵਲ ਸਿੰਘ ਸਿੱਧੂ, ਹਰਜਿੰਦਰ ਸਿੰਘ ਪਾਈਨਹਿੱਲ, ਵੀਰ ਸਿੰਘ ਮਾਂਗਟ ਅਤੇ ਦਵਿੰਦਰ ਸਿੰਘ ਦਿਓ ਨੇ ਕਿਹਾ ਕਿ ਨਾਮਧਾਰੀ ਸੰਸਥਾ ਦੇ ਜੋ ਵੀ ਆਗੂ ਤੇ ਹੋਰ ਉੱਥੇ ਪੁੱਜੇ ਸਨ ਉਹ ਅਸਲ ਵਿਚ ਪਹਿਲਾਂ ਹੀ ਆਰਐਸਐਸ ਦੇ ਕਬਜ਼ੇ ਹੇਠ ਹਨ, ਉਹ ਡੇਰੇ ਸਿਰਸੇ ਦੇ ਅਸਾਧ ਨੂੰ ਵੀ ਸਨਮਾਨਿਤ ਕਰਕੇ ਆਏ ਸਨ ਤੇ ਅੱਜ ਉਹ ਵੀ ਜੇਲ੍ਹ ਵਿਚ ਬੰਦ ਹੈ, ਇਸੇ ਤਰ੍ਹਾਂ ਇਨ੍ਹਾਂ ਨੇ ਆਰ ਐਸਐਸ ਦੇ ਇਸ ਸਮਾਗਮ ਵਿਚ ਭਾਗ ਲੈ ਕੇ ਸਾਬਤ ਕਰ ਦਿੱਤਾ ਹੈ ਕਿ ਇਹ ਸਿੱਖ ਨਹੀਂ ਹਨ ਸਗੋਂ ਸਿੱਖਾਂ ਦੇ ਭੇਸ ਵਿਚ ਸਿੱਖਾਂ ਦੇ ਗ਼ੱਦਾਰ ਹਨ। ਇਨ੍ਹਾਂ ਦਾ ਸਾਰੀ ਸਿੱਖ ਸੰਗਤ ਨੂੰ ਬਾਈਕਾਟ ਕਰਨਾ ਚਾਹੀਦਾ ਹੈ। ਜੇਕਰ ਕਿਤੇ ਵੀ ਇਹ ਆਉਂਦੇ ਹਨ ਤਾਂ ਸਿੱਖ ਸੰਗਤ ਇਨ੍ਹਾਂ ਨੂੰ ਮੂੰਹ ਨਾ ਲਾਵੇ ਕਿਉਂਕਿ ਇਹ ਸਾਡੇ ਗੁਰੂ ਦੇ ਦੋਖੀ ਹਨ। ਉਨ੍ਹਾਂ ਕਿਹਾ ਕਿ ਗਿਆਨੀ ਇਕਬਾਲ ਸਿੰਘ ਦੇ ਪੁੱਜਣ ਬਾਰੇ ਅਜੇ ਵੀ ਭੰਬਲਭੂਸਾ ਬਣਿਆ ਹੋਇਆ ਹੈ, ਕੁੱਝ ਅਖ਼ਬਾਰਾਂ ਵਿਚ ਉਸ ਦੇ ਇਸ ਸਮਾਗਮ ਵਿਚ ਪੁੱਜਣ ਦੀ ਖ਼ਬਰ ਹੈ ਪਰ ਕੁੱਝ ਅਖ਼ਬਾਰਾਂ ਵਿਚ ਕੁੱਝ ਵੀ ਨਹੀਂ ਲਿਖਿਆ ਗਿਆ, ਇਸ ਗੱਲ ਦੀ ਪੜਤਾਲ ਕੀਤੀ ਜਾ ਰਹੀ ਹੈ, ਪਰ ਜੇਕਰ ਉਹ ਇਸ ਸਮਾਗਮ ਵਿਚ ਪੁੱਜੇ ਹਨ ਤਾਂ ਉਨ੍ਹਾਂ ਖ਼ਿਲਾਫ਼ ਵੀ ਸਿੱਖ ਸੰਗਤ ਬਾਈਕਾਟ ਦਾ ਮਤਾ ਪਾਵੇਗੀ। ਪਰ ਜੋ ਸਿੱਖ ਉੱਥੇ ਨਹੀਂ ਪੁੱਜੇ ਉਨ੍ਹਾਂ ਦਾ ਕੋਟਿ ਕੋਟਿ ਧੰਨਵਾਦ ਕੀਤਾ ਜਾਂਦਾ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *